ਭਾਰਤ ਦੇ ਵੱਡੇ ਰਾਜ ਮਹਾਰਾਸ਼ਟਰ ਵਿੱਚ ਪਿਛਲੇ ਦਿਨੀ ਇੱਕ ਅਜਿਹੀ ਸਿਆਸੀ ਸਰਕਸ ਦੇਖਣ ਨੂੰ ਮਿਲੀ ਜਿਸਨੇ ਭਾਰਤੀ ਜਮਹੂਰੀਅਤ ਦਾ ਅਸਲ ਚਿਹਰਾ ਸਾਹਮਣੇ ਲਿਆ ਦਿੱਤਾ। ਕੁਝ ਸਮਾਂ ਪਹਿਲਾਂ ਉਸ ਰਾਜ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸਨ। ਭਾਰਤੀ ਜਨਤਾ ਪਾਰਟੀ ਅਤੇ ਸ਼ਿਵ ਸੈਨਾ ਨੂੰ ਲਗਭਗ ਇੱਕੋ ਜਿਹੀਆਂ ਸੀਟਾਂ ਮਿਲੀਆਂ ਸਨ। ਇਸੇ ਕਰਕੇ ਸ਼ਿਵ ਸ਼ੈਨਾ ਨੇ ਇਸ ਵਾਰ ਆਪ ਰਾਜ ਦੀ ਵਾਗਡੋਰ ਸੰਭਾਲਣ ਦਾ ਐਲਾਨ ਕਰ ਦਿੱਤਾ ਅਤੇ ਭਾਜਪਾ ਨੂੰ ਆਖ ਦਿੱਤਾ ਕਿ ਉਹ, ਸ਼ਿਵ ਸ਼ੈਨਾ ਨੂੰ ਹਮਾਇਤ ਦੇਵੇ। ਪਰ ਸੱਤਾ ਦੇ ਘੋੜੇ ਤੇ ਸਵਾਰ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੂੰ ਇਹ ਮਨਜੂਰ ਨਹੀ ਸੀ। ਉਹ ਇਹ ਗੱਲ ਬਿਲਕੁਲ ਵੀ ਬਰਦਾਸ਼ਤ ਨਹੀ ਸੀ ਕਰ ਸਕਦੇ ਕਿ ਉਨ੍ਹਾਂ ਦੀ ਵਿਚਾਰਧਾਰਾ ਵਾਲੀ ਅਤੇ ਉਨ੍ਹਾਂ ਦੀ ਸਹਿਯੋਗੀ ਪਾਰਟੀ ਹੀ ਸਿਆਸਤ ਦੀ ਰੋਟੀ ਵਿੱਚੋਂ ਵੱਡਾ ਹਿੱਸਾ ਮੰਗਣ ਲੱਗ ਜਾਵੇ।

ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਵਿਰੋਧੀਆਂ ਦੇ ਵਿਧਾਇਕ ਖਰੀਦਣ ਦੀ ਆਪਣੀ ਪੁਰਾਣੀ ਆਦਤ ਅਨੁਸਾਰ, 23 ਨਵੰਬਰ ਨੂੰ ਅੱਧੀ ਰਾਤ ਵੇਲੇ ਚੱਲੇ ਇੱਕ ਸਿਆਸੀ ਡਰਾਮੇ ਵਿੱਚ ਭਾਜਪਾ ਦੇ ਨੇਤਾ ਦੇਵੇਂਦਰ ਫ਼ੜਨਵੀਸ ਨੂੰ ਮੁੱਖ ਮੰਤਰੀ ਬਣਾ ਦਿੱਤਾ ਅਤੇ ਵਿਰੋਧੀ ਪਾਰਟੀ ਦੇ ਨੇਤਾ ਅਜੀਤ ਪਵਾਰ ਨੂੰ ਉੱਪ-ਮੁੱਖ-ਮੰਤਰੀ ਬਣਾ ਦਿੱਤਾ। ਰਾਤ ਦੇ ਹਨੇਰਿਆਂ ਵਿੱਚ ਕੀਤੇ ਗਏ ਇਸ ਰਾਜ ਪਲਟੇ ਦਾ ਅਧਾਰ ਇਸ ਗੱਲ ਨੂੰ ਬਣਾਇਆ ਗਿਆ ਕਿ ਇੱਕ ਵਾਰ ਮੁੱਖ ਮੰਤਰੀ ਸਾਡਾ ਬਣ ਗਿਆ ਤਾਂ ਅਸੀਂ ਸਾਰੇ ਵਿਧਾਇਕ ਖਰੀਦ ਲਵਾਂਗੇ।

ਪਰ ਭਾਰਤੀ ਰਾਜਨੀਤੀ ਦੇ ਕਥਿਤ ਚਾਣਕਿਆ, ਅਮਿਤ ਸ਼ਾਹ ਦੀ ਪੁਰਾਣੀ ਚਾਲ ਇਸ ਵਾਰ ਨਾ ਚੱਲੀ ਅਤੇ ਉਹ ਸਿਆਸਤ ਦੇ ਮੈਦਾਨ ਵਿੱਚ ਮੂੰਧੇ ਮੂੰਹ ਡਿਗ ਪਿਆ। ਭਾਰਤੀ ਸੁਪਰੀਮ ਕੋਰਟ ਨੇ ਜਦੋਂ ਪਾਰਦਰਸ਼ੀ ਢੰਗ ਨਾਲ, ਕੈਮਰੇ ਦੇ ਸਾਹਮਣੇ ਅਤੇ ਸਪਸ਼ਟ ਰੂਪ ਵਿੱਚ ਵੋਟ ਪਵਾ ਕੇ, ਭਰੋਸੇ ਦਾ ਵੋਟ ਲੈਣ ਦੇ ਆਦੇਸ਼ ਦੇ ਦਿੱਤੇ ਤਾਂ, ਭਾਜਪਾ ਦੇ ਹੋਸ਼ ਉਡ ਗਏ। ਉਨ੍ਹਾਂ ਨੂੰ ਤਾਂ ਇਹ ਹੀ ਉਮੀਦ ਸੀ ਕਿ ਜਿਵੇਂ ਅੱਗੇ ਚਲਦਾ ਹੈ, ਗੁਪਤ ਰੂਪ ਵਿੱਚ ਵੋਟਿੰਗ ਹੋਵੇਗੀ ਅਤੇ ਉਹ ਖਰੀਦੇ ਹੋਏ ਵਿਧਾਇਕਾਂ ਦੇ ਸਹਾਰੇ ਜਿੱਤ ਜਾਣਗੇ। ਭਾਰਤੀ ਸੰਵਿਧਾਨ ਦੇ ਕਿਸੇ ਜਾਗਦੀ ਜਮੀਰ ਵਾਲੇ ਰਾਖੇ ਨੇ ਇਹ ਕੁਕਰਮ ਹੋਣ ਤੋਂ ਬਚਾ ਲਿਆ। ਅਤੇ ਮੁੱਖ-ਮੰਤਰੀ ਨੂੰ ਅਸਤੀਫਾ ਦੇਣਾ ਪਿਆ। ਇਹ ਕਾਲਮ ਲਿਖੇ ਜਾਣ ਵੇਲੇ ਤੱਕ ਸ਼ਿਵ ਸੈਨਾ ਦੇ ਮੁਖੀ ਉਧਵ ਠਾਕਰੇ ਮਹਾਰਸ਼ਾਟਰਾ ਦੇ ਮੁੱਖ ਮੰਤਰੀ ਬਣਨ ਲਈ ਅੱਗੇ ਵਧ ਰਹੇ ਹਨ।

ਮਹਾਰਾਸ਼ਟਰ ਦੇ ਇਸ ਸਿਆਸੀ ਡਰਾਮੇ ਨੇ ਇਹ ਦਰਸਾ ਦਿੱਤਾ ਹੈ ਕਿ ਭਾਰਤੀ ਸਿਆਸਤ ਕਿੰਨੀ ਮਲੀਨ ਹੋ ਚੁੱਕੀ ਹੈੈ। ਹਰ ਸੱਤਾਧਾਰੀ ਇਹ ਸਮਝਦਾ ਹੈ ਕਿ ਦੇਸ਼ ਦੇ ਲੋਕ, ਵਿਧਾਇਕ, ਅਦਾਲਤਾਂ ਅਤੇ ਫੌਜ, ਮੀਡੀਆ ਉਸਦੇ ਹੱਥ ਵਿੱਚ ਹਨ ਜਿਨ੍ਹਾਂ ਦੇ ਸਹਿਯੋਗ ਨਾਲ ਉਹ ਕੋਈ ਵੀ ਗਲਤ ਕੰਮ ਕਰ ਸਕਦਾ ਹੈੈ।

ਅਸਲ ਵਿੱਚ ਜਿਹੜਾ ਜਮਹੂਰੀ ਪਰਬੰਧ ਭਾਰਤ ਅਪਨਾ ਕੇ ਚੱਲ ਰਿਹਾ ਹੈ ਉਹ ਉਸ ਦੇਸ਼ ਦੀ ਧਰਤੀ ਦੇ ਹਾਣ ਦਾ ਨਹੀ ਹੈੈ। ਇਹ ਪੱਛਮੀ ਪਰਬੰਧ ਹੈ ਜਿਸਦੀਆਂ ਜੜਾਂ ਧੱਕੇ ਨਾਲ ਭਾਰਤ ਦੀ ਧਰਤੀ ਵਿੱਚ ਲਾਈਆਂ ਗਈਆਂ ਹਨ। ਭਾਰਤੀ ਪਰਬੰਧ ਵਿੱਚ ਵੋਟ ਰਾਜਨੀਤੀ ਦਾ ਕੋਈ ਮਤਲਬ ਨਹੀ ਹੈੈੈ। ਇੱਥੇ ਸਦੀਆਂ ਤੋਂ ਉੱਚੇ ਸੁਚੇ ਕਿਰਦਾਰ ਵਾਲੇ ਲੋਕਾਂ ਨੂੰ ਅੱਗੇ ਲਿਆਉਣ ਦੀ ਰਵਾਇਤ ਸੀ ਜਿਸਨੂੰ ਅੱਗੇ ਵਧਾਉਣਾਂ ਚਾਹੀਦਾ ਸੀ।

ਮਹਾਰਾਸ਼ਟਰ ਦੇ ਸਰਕਸ ਨੇ ਇੱਕ ਹੋਰ ਗੱਲ ਸਾਹਮਣੇ ਲਿਆਂਦੀ ਹੈ ਕਿ ਜੇ ਭਾਰਤੀ ਅਦਾਲਤਾਂ ਸਹੀ ਸਟੈਂਡ ਲੈਣ ਤਾਂ ਬਹੁਤ ਸਾਰੇ ਸਿਆਸੀ ਅਨਰਥ ਰੋਕੇ ਜਾ ਸਕਦੇ ਹਨ। ਇਸ ਸਰਕਸ ਦਾ ਤੀਜਾ ਪਹਿਲੂ ਇਹ ਹੈ ਕਿ, ਪਹਿਲੀ ਵਾਰ ਬਰਾਹਮਣ ਹੀ ਬਰਾਹਮਣ ਨਾਲ ਲੜੇ ਪਿਆ ਹੈੈੈ। ਹੁਣ ਤੱਕ ਇਹ ਉੱਚੀ ਜਾਤ ਵਾਲੇ ਰਲ ਕੇ ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਕੁੱਟਦੇ ਮਾਰਦੇ ਰਹੇ ਸਨ।

ਇੱਕ ਕਹਾਵਤ ਹੈ ਕਿ ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈੈ। ਜਿਸ ਪਾਪ ਨਾਲ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਭਾਰਤ ਦੀ ਸੱਤਾ ਸੰਭਾਲੀ ਅਤੇ ਜਿਸ ਤੇਜ਼ੀ ਨਾਲ ਉਹ ਦੇਸ਼ ਦੇ ਸਿਆਸੀ ਦ੍ਰਿਸ਼ ਨੂੰ ਭਰਿਸ਼ਟ ਕਰਨ ਵੱਲ ਵਧ ਰਹੇ ਸਨ, ਮਹਾਰਾਸ਼ਟਰ ਦੇ ਘਟਨਾਕ੍ਰਮ ਨੇ ਉਸ ਦੌੜ ਨੂੰ ਹਾਲ ਦੀ ਘੜੀ ਰੋਕ ਦਿੱਤਾ ਹੈੈ। ਇਸ ਸਰਕਸ ਨੇ ਸੰਘ ਪਰਿਵਾਰ ਦੇ ਉਸ ਦਾਅਵੇ ਨੂੰ ਵੀ ਨਕਾਰ ਦਿੱਤਾ ਹੈ ਕਿ ਉਹ ਆਪਣੇ ਵਰਕਰਾਂ ਨੂੰ ਉੱਚੇ ਚਰਿੱਤਰ ਦਾ ਪਾਠ ਪੜ੍ਹਾਉਂਦੇ ਹਨ। ਜੇ 95 ਸਾਲਾਂ ਤੋਂ ਉੱਚੇ ਚਰਿੱਤਰ ਦਾ ਪਾਠ ਪੜ੍ਹਾਉਣ ਦੇ ਬਾਵਜੂਦ ਵੀ ਅਜਿਹੇ ਲੋਕ ਸਾਹਮਣੇ ਆਉਣੇ ਸਨ ਤਾਂ ਇਸਦੀ ਅਣਹੋਂਦ ਵਿੱਚ ਦੇਸ਼ ਦਾ ਕੀ ਬਣਨਾ ਸੀ, ਜਰਾ ਸੋਚ ਕੇ ਦੇਖੋ।

ਬਰਹਾਲ ਮਹਾਰਾਸ਼ਟਰ ਦੇ ਘਟਨਾਕ੍ਰਮ ਨੇ ਇੱਕ ਸਿੱਧ ਕਰ ਦਿੱਤਾ ਹੈ ਕਿ ਭਾਰਤ ਇੱਕ ਬਹੁਤ ਖਤਰਨਾਕ ਦਿਸ਼ਾ ਵੱਲ ਵਧ ਰਿਹਾ ਹੈੈ। ਜੇ ਕਿਸੇ ਸਿਆਣੇ ਆਗੂ ਦਾ ਆਗਾਜ਼ ਨਾ ਹੋਇਆ ਤਾਂ ਉਸ ਦੇਸ਼ ਦਾ ਭਵਿੱਖ ਬਹੁਤ ਖਤਰਨਾਕ ਹੋ ਸਕਦਾ ਹੈੈ।