ਕਸ਼ਮੀਰ ਵਾਦੀ ਵਿੱਚ ਸਿੱਖ ਬੱਚੀਆਂ ਦੀ ਧਰਮ ਤਬਦੀਲੀ ਬਾਰੇ ਪਿਛਲੇ ਦਿਨੀ ਵੱਡੀ ਬਹਿਸ ਚਲਦੀ ਰਹੀ ਹੈੈ। ਭਾਰਤੀ ਮੀਡੀਆ ਨੇ ਇਸ ਮੌਕੇ ਨੂੰ ਇੱਕ ਵੱਡੀ ਪਰਾਪਤੀ ਵੱਜੋਂ ਦੇਖਦਿਆਂ ਸਿੱਖਾਂ ਅਤੇ ਮੁਸਲਮਾਨਾਂ ਦਰਮਿਆਨ ਪਾੜ ਪਾਉਣ ਦਾ ਸਹੀ ਮੌਕਾ ਜਾਣਿਆਂ। ਭਾਰਤੀ ਟੀ.ਵੀ. ਚੈਨਲਾਂ ਵੱਲੋਂ ਇਸ ਬਾਰੇ ਵੱਡੀ ਕਵਰੇਜ਼ ਕੀਤੀ ਗਈ। ਖ਼ੈਰ ਉਨ੍ਹਾਂ ਨੇ ਤਾਂ ਅਜਿਹਾ ਕਰਨਾ ਹੀ ਸੀ। ਉਹ ਨਫਰਤ ਦੇ ਵਣਜਾਰੇ ਜੋ ਹੋਏ।

ਇਸ ਮੌਕੇ ਤੇ ਇਹ ਗੱਲ ਸਪਸ਼ਟ ਕਰਨੀ ਬਹੁਤ ਜਰੂਰੀ ਹੈ ਕਿ ਗੁਰੂ ਸਾਹਿਬ ਨੇ ਸਿੱਖਾਂ ਨੂੰ ਸਰਬੱਤ ਦੇ ਭਲੇ ਲਈ ਸੋਚਣ ਅਤੇ ਯਤਨ ਕਰਨ ਦੀ ਤਾਕੀਦ ਕੀਤੀ ਹੈ। ਸਾਡੇ ਲਈ ਨਾ ਹਿੰਦੂ ਵੈਰੀ ਹਨ ਅਤੇ ਨਾ ਮੁਸਲਮਾਨ ਜਾਂ ਈਸਾਈ ਨਾ ਕੋਈ ਹੋਰ ਧਰਮ ਵਾਲਾ ਬੇਗਾਨਾ ਹੈੈ। ਧਾਰਮਕ ਤੌਰ ਤੇ ਖਾਲਸਾ ਜੀ ਲਈ ਸਾਰੀ ਮਨੁੱਖਤਾ ਸਤਿਕਾਰਯੋਗ ਹੈੈ। ਗੁਰੂ ਸਾਹਿਬ ਨੇ ਸਾਨੂੰ ਜਿੱਥੇ ਸਭ ਧਰਮਾਂ ਦਾ ਸਤਕਾਰ ਕਰਨ ਦਾ ਸੰਦੇਸ਼ ਦਿੱਤਾ ਹੈ ਉੱਥੇ ਹੀ ਸਾਰੇ ਧਰਮਾਂ ਦੇ ਨਿਆਰੇਪਣ ਅਤੇ ਅਜ਼ਾਦ ਹਸਤੀ ਦਾ ਵੀ ਸਤਕਾਰ ਕਰਨ ਦਾ ਸੰਦੇਸ਼ ਸਿੱਖ ਲਈ ਹੈੈ। ਭਾਈ ਮਰਦਾਨਾ ਸਾਰੀ ਉਮਰ ਗੁਰੂ ਨਾਨਕ ਦੇਵ ਜੀ ਨਾਲ ਇੱਕ ਸੱਚੇ ਸਿੱਖ ਵਾਂਗ ਰਿਹਾ ਪਰ ਉਸਨੇ ਹਮੇਸ਼ਾ ਆਪਣਾਂ ਧਰਮ ਕਰਨ ਵੀ ਨਿਭਾਇਆ। ਪੰਜੇ ਵਕਤ ਨਮਾਜ਼ ਉਹ ਹਮੇਸ਼ਾ ਪੜ੍ਹਦਾ ਰਿਹਾ। ਕਿਸੇ ਵੀ ਕੌਮ ਦੀ ਧਾਰਮਕ ਅਤੇ ਕੌਮੀ ਅਜ਼ਾਦ ਹਸਤੀ ਦਾ ਸਤਕਾਰ ਸਿੱਖਾਂ ਦਾ ਪਹਿਲਾ ਫਰਜ਼ ਹੈੈ। ਸਿੱਖਾਂ ਨੇ ਕਿਸੇ ਨੂੰ ਵੀ ਧੱਕੇ ਨਾਲ ਜਾਂ ਜਬਰ ਨਾਲ ਆਪਣੇ ਧਰਮ ਵਿੱਚ ਸ਼ਾਮਲ ਨਹੀ ਕਰਨਾ। ਨਾ ਹੀ ਇਨਸਾਨੀ ਚਤੁਰਾਈ ਨਾਲ ਜਾਂ ਕਿਸੇ ਦੀਆਂ ਇਮਾਨਦਾਰ ਭਾਵਨਾਵਾਂ ਦਾ ਸ਼ੋਸ਼ਣ ਕਰਕੇ ਕਿਸੇ ਨੂੰ ਸਿੱਖ ਧਰਮ ਦਾ ਹਿੱਸਾ ਬਣਾਉਣਾਂ ਹੈੈੈ।

ਇਸਲਾਮ ਵਿੱਚ ਇਹ ਰਵਾਇਤ ਸ਼ੁਰੂ ਤੋਂ ਹੀ ਰਹੀ ਹੈ ਕਿ ਉਹ ਤਲਵਾਰ ਦੇ ਵਾਰ ਨਾਲ ਜਾਂ ਕਿਸੇ ਦੇ ਸਤਕਾਰ ਦਾ ਨਜਾਇਜ ਫਾਇਦਾ ਉਠਾਕੇ ਉਸਨੂੰ ਆਪਣੇ ਧਰਮ ਵਿੱਚ ਸ਼ਾਮਲ ਕਰਦੇ ਰਹੇ ਹਨ। ਔਰੰਗਜ਼ੇਬ ਦੀ ਉਦਾਹਰਨ ਸਾਡੇ ਸਾਹਮਣੇ ਹੈੈ। ਇਹ ਗੱਲ ਠੀਕ ਹੈ ਕਿ ਕਸ਼ਮੀਰ ਵਿੱਚ ਮੁਸਲਮਾਨ ਅਤੇ ਸਿੱਖ ਇਕੱਠੇ ਰਹਿੰਦੇ ਹਨ। ਦੋਵਾਂ ਕੌਮਾਂ ਦਰਮਿਆਨ ਕੋਈ ਬਹੁਤ ਵੱਡਾ ਸੰਕਟ ਨਹੀ ਹੈੈ। ਪਰ ਮੁਸਲਮਾਨ ਕੌਮ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਦੀ ਅਜ਼ਾਦ ਹਸਤੀ ਦਾ ਉਵੇਂ ਹੀ ਸਤਕਾਰ ਕਰਨ ਜਿਵੇਂ ਸਿੱਖ ਹਿੰਦੂਆਂ ਅਤੇ ਮੁਸਲਮਾਨਾਂ ਦੀ ਅਜ਼ਾਦ ਹਸਤੀ ਦਾ ਸਤਕਾਰ ਕਰਦੇ ਹਨ। ਜਦੋਂ ਸਮੁੱਚੇ ਭਾਰਤ ਵਿੱਚ ਕਸ਼ਮੀਰੀਆਂ ਦੇ ਖਿਲਾਫ ਅੱਗ ਉਗਲੀ ਜਾ ਰਹੀ ਸੀ ਉਸ ਵੇਲੇ ਸਿੱਖਾਂ ਨੇ ਕਸ਼ਮੀਰੀ ਬੱਚੇ ਬੱਚੀਆਂ ਦੀ ਬਾਂਹ ਫੜਕੇ ਉਨ੍ਹਾਂ ਨੂੰ ਸਤਕਾਰ ਨਾਲ ਘਰ ਪਹੁੰਚਾਇਆ ਸੀ। ਕਿਸੇ ਤੇ ਇਹ ਦਬਾਅ ਨਹੀ ਪਾਇਆ ਗਿਆ ਕਿ ਸਿੱਖਾਂ ਦੀ ਇਸ ਸੇਵਾ ਬਦਲੇ ਉਹ ਆਪਣਾਂ ਧਰਮ ਛੱਡਕੇ ਸਿੱਖ ਧਰਮ ਅਪਣਾ ਲੈਣ। ਇਸੇ ਤਰ੍ਹਾਂ ਮੁਸਲਮਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਸਿੱਖਾਂ ਨਾਲ ਬਰਾਬਰ ਦਾ ਹੀ ਰਿਸ਼ਤਾ ਰੱਖਣ ਨਾ ਕਿ ਦੂਜੇ ਦਰਜੇ ਦੇ ਸ਼ਹਿਰੀਆਂ ਦਾ। ਕਸ਼ਮੀਰ ਦੇ ਸਿੱਖ ਬੱਚੇ ਬੱਚੀਆਂ ਨੇ ਸ਼ੋਸ਼ਲ ਮੀਡੀਆ ਉੱਤੇ ਜੋ ਆਪਣੇ ਵਿਚਾਰ ਦਿੱਤੇ ਹਨ ਉਸ ਤੋਂ ਪਤਾ ਲਗਦਾ ਹੈ ਕਿ ਕਸ਼ਮੀਰ ਵਿੱਚ ਮੁਸਲਮ ਬਹੁਗਿਣਤੀ ਦਾ ਇੱਕ ਹਿੱਸਾ ਸਿੱਖ ਬੱਚੇ ਬੱਚੀਆਂ ਤੇ ਮਾਨਸਕ ਤਸ਼ੱਦਦ ਕਰ ਰਿਹਾ ਹੈੈੈ। ਜੋੋ ਬਿਲਕੁਲ ਬੰਦ ਹੋਣਾਂ ਚਾਹੀਦਾ ਹੈੈ। ਕਸ਼ਮੀਰ ਵਿੱਚ ਬਹੁ-ਗਿਣਤੀ ਹੋਣ ਦਾ ਇਹ ਮਤਲਬ ਨਹੀ ਹੈ ਕਿ ਸਿੱਖ ਘੱਟ-ਗਿਣਤੀ ਦਾ ਸ਼ੋਸ਼ਣ ਕੀਤਾ ਜਾਵੇ। ਜੇ ਕੋਈ ਧਰਮ ਤਬਦੀਲੀ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਮਾਜ ਦੇ ਸਤਕਾਰਯੋਗ ਸੱਜਣਾਂ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈੈ।

ਇਸ ਮਾਮਲੇ ਤੇ ਸਿੱਖ ਲੀਡਰਸ਼ਿੱਪ ਨੂੰ ਵੀ ਕਾਫੀ ਚੇਤੰਨ ਰਹਿਣ ਦੀ ਲੋੜ ਹੈੈ। ਦੋਵਾਂ ਕੌਮਾਂ ਦੀ ਲੀਡਰਸ਼ਿੱਪ ਨੂੰ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈੈ।

ਦੂਸਰਾ ਨੁਕਤਾ ਇਹ ਹੈ ਕਿ ਧਰਮ ਤਬਦੀਲੀ ਕਸ਼ਮੀਰ ਨਾਲੋਂ ਪੰਜਾਬ ਵਿੱਚ ਵੱਧ ਹੋ ਰਹੀ ਹੈੈ। ਗੁਰਦਾਸਪਰ, ਅੰਮ੍ਰਿਤਸਰ ਤੋਂ ਬਾਅਦ ਇਹ ਲਹਿਰ ਹੁਣ ਦੁਆਬੇ ਤੱਕ ਵੀ ਫੈਲਣ ਲੱਗ ਪਈ ਹੈੈ। ਵੱਡੀ ਗਿਣਤੀ ਵਿੱਚ ਕਿਰਤੀ ਸਿੱਖ ਇਸਾਈ ਬਣ ਰਹੇ ਹਨ। ਸਿੱਖ ਧਾਰਮਕ ਲੀਡਰਸ਼ਿੱਪ ਨੂੰ ਇਸ ਵੱਡੀ ਧਰਮ ਤਬਦੀਲੀ ਨੂੰ ਠੱਲ੍ਹ ਪਾਉਣ ਲਈ ਸਿੱਖ ਜਾਗਰਤੀ ਮੁਹਿੰਮ ਚਲਾਉਣੀ ਚਾਹੀਦੀ ਹੈੈ।

ਮਾਲਵੇ ਵਿੱਚ ਸਿੱਖਾਂ ਦਾ ਇੱਕ ਵੱਡਾ ਹਿੱਸਾ ਆਪਣਾਂ ਧਰਮ ਤਿਆਗਕੇ ਸਿਰਸੇ ਵਾਲੇ ਡੇਰੇ ਦਾ ਪੈਰੋਕਾਰ ਬਣ ਗਿਆ ਹੈੈ। ਇਸੇ ਲਈ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਧ ਰਹੀਆਂ ਹਨ। ਸਿਰਸੇ ਵਾਲੇ ਡੇਰੇ ਨਾਲ ਜੁੜੇ ਵੀਰ-ਭੈਣਾਂ ਕੋਈ ਬੇਗਾਨੇ ਨਹੀ ਹਨ। ਆਪਣੇ ਹੀ ਹਨ। ਸਿੱਖ ਲੀਡਰਸ਼ਿੱਪ ਖਾਸ ਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਾਹੀਦਾ ਹੈ ਕਿ ਉਹ ਆਪ ਅਗਵਾਈ ਕਰਕੇ ਇਨ੍ਹਾਂ ਸਿੱਖਾਂ ਨੂੰ ਖਾਲਸਾ ਪੰਥ ਦੀ ਮੁਖਧਾਰਾ ਵਿੱਚ ਲੈ ਕੇ ਆਉਣ ਤਾਂ ਕਿ ਖਾਲਸਾ ਜੀ ਦੇ ਪਰਚਮ ਬੁਲੰਦ ਹੋ ਸਕਣ। ਸਿੱਖ ਧਰਮ ਵਿੱਚ ਜਬਰੀ ਧਰਮ ਤਬਦੀਲੀ ਬਿਲਕੁਲ ਮਨ੍ਹਾਂ ਹੈੈ। ਸਾਨੂੰ ਵੱਧ ਗਿਣਤੀ ਨਹੀ ਚਾਹੀਦੀ ਬਲਕਿ ਸੱਚੇ ਸੁੱਚੇ ਸਿਦਕ ਵਾਲੇ ਲੋਕ ਚਾਹੀਦੇ ਹਨ।