ਸੰਸਾਰ ਭਰ ਵਿੱਚ ਇਸ ਵੇਲੇ ਕਰੋਨਾ ਨਾ ਦੇ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈੈੈ। ਚੀਨ ਤੋਂ ਸ਼ੁਰੂ ਹੋਈ ਇਸ ਬੀਮਾਰੀ ਨੇ ਸੰਸਾਰ ਭਰ ਵਿੱਚ ਹੁਣ ਤੱਕ ਲਗਭਗ 10 ਹਜ਼ਾਰ ਜਾਨਾ ਲੈ ਲਈਆਂ ਹਨ। ਦੁਨੀਆਂ ਦੇ ਲਗਭਗ ਸਾਰੇ ਹੀ ਮੁਲਕਾਂ ਵਿੱਚ ਇਹ ਬੀਮਾਰੀ ਫੈਲ ਗਈ ਹੈ ਅਤੇ ਤੇਜ਼ੀ ਨਾਲ ਫੈਲ ਵੀ ਰਹੀ ਹੈੈ। ਹਰ ਇਨਸਾਨ ਇਸ ਬੀਮਾਰੀ ਕਾਰਨ ਡਰਿਆ ਹੋਇਆ ਮਹਿਸੂਸ ਕਰ ਰਿਹਾ ਹੈ ਅਤੇ ਆਪਣੇ ਬਚਾਅ ਲਈ ਯਤਨ ਕਰ ਰਿਹਾ ਹੈੈੈ।

ਜਿੱਥੇ ਇਸ ਬੀਮਾਰੀ ਨੇ ਸੰਸਾਰ ਭਰ ਵਿੱਚ ਆਪਣੀ ਦਹਿਸ਼ਤ ਪੈਦਾ ਕੀਤੀ ਹੋਈ ਹੈ ਉੱਥੇ 21ਵੀਂ ਸਦੀ ਦੇ ‘ਸਿਆਣੇ’ ਮਨੁੱਖ ਨੇ ਵੀ ਮੀਡੀਆ ਰਾਹੀਂ ਇਸ ਬੀਮਾਰੀ ਤੋਂ ਵੀ ਜਿਆਦਾ ਦਹਿਸ਼ਤ ਪੈਦਾ ਕਰ ਰੱਖੀ ਹੈ। ਪੱਛਮ ਦਾ ਮੀਡੀਆ ਪਿਛਲੇ 15 ਦਿਨਾਂ ਤੋਂ ਇਸੇ ਬੀਮਾਰੀ ਦਾ ਸ਼ਿਕਾਰ ਹੋ ਰਿਹਾ ਹੈੈ। ਸ਼ੋਸ਼ਲ ਮੀਡੀਆ ਤੇ ਬੈਠੇ ਦੁਨੀਆਂ ਭਰ ਦੇ ਵਿਹਲੇ ਧੁਨੰਤਰਾਂ ਨੇ ਵੀ ਇਸ ਬੀਮਾਰੀ ਬਾਰੇ ਆਪਣੇ ਆਪਣੇ ਨੁਸਖੇ ਵੇਚਣੇ ਸ਼ੁਰੂ ਕਰ ਦਿੱਤੇ ਹਨ।

ਜਿੱਥੇ ਇਸ ਬੀਮਾਰੀ ਨੇ ਮਨੁੱਖ ਨੂੰ ਆਪਣੇ ਬਚਾਅ ਲਈ ਸੁਚੇਤ ਕਰ ਦਿੱਤਾ ਹੈ ਉੱਥੇ ਇਸ ਵਿਕਸਿਤ ਕਹੀ ਜਾਂਦੀ ਸਦੀ ਵਿੱਚ ਵੀ ਮਨੁੱਖ ਦੇ ਅੰਦਰ ਬੈਠੇ ਅਸੱਭਿਅਕ ਅਚੇਤ ਨੂੰ ਵੀ ਉਜਾਗਰ ਕਰ ਦਿੱਤਾ ਹੈੈ। ਦੁਨੀਆਂ ਭਰ ਵਿੱਚ ਘਰ ਦੀਆਂ ਜਰੂਰੀ ਚੀਜਾਂ ਹੱਦ ਤੋਂ ਵੱਧ ਜਮ੍ਹਾਂ ਕਰਨ ਦੀ ਜੋ ਦੌੜ ਲੱਗ ਗਈ ਹੈ ਅਤੇ ਜਿਵੇਂ ਆਪਣੇ ਨਿੱਜ ਦੀਆਂ ਗਰਜਾਂ ਪੂਰੀਆਂ ਕਰਨ ਲਈ ਮਨੁੱਖ ਬਹੁਤ ਸਾਰੀਆਂ ਥਾਵਾਂ ਤੇ ਮਾਰਾ-ਮਰਾਈ ਤੇ ਵੀ ਉਤਰ ਆਇਆ ਹੈ ਉਸਨੇ ਸੱਭਿਅਤਾ ਦੇ ਪਰੋੜ ਹੋਣ ਸਾਹਮਣੇ ਸੁਆਲੀਆ ਚਿੰਨ੍ਹ ਲਗਾ ਦਿੱਤਾ ਹੈੈ। ਪੱਛਮੀ ਲੋਕ ਜੋ ਹਰ ਗੱਲ ਵਿੱਚ ਆਪਣੇ ਆਪ ਨੂੰ ਵੱਧ ਸੱਭਿਅਕ ਸਮਝਦੇ ਹਨ, ਉਨ੍ਹਾਂ ਨੇ ਵੀ ਦਿਖਾ ਦਿੱਤਾ ਹੈ ਕਿ ਉਨ੍ਹਾਂ ਦਾ ਖਹਿੜਾ ਹਾਲੇ ਵੀ ਜੰਗਲੀ ਵਿਵਸਥਾ ਨਾਲੋਂ ਛੁੱਟਿਆ ਨਹੀ ਹੈੈ। ਇਸ ਬੀਮਾਰੀ ਨੂੰ ਲੈ ਕੇ ਪੱਛਮੀ ਮੁਲਕਾਂ ਵਿੱਚ ਜੋ ਘੜਮੱਸ ਦੇਖਣ ਨੂੰ ਮਿਲਿਆ ਹੈ ਉਸਨੇ ਦਰਸਾ ਦਿੱਤਾ ਹੈ ਕਿ ਸਿਰਫ ਵੱਡੀਆਂ ਵੱਡੀਆਂ, ਉੱਚੀਆਂ ਇਮਾਰਤਾਂ ਉਸਾਰ ਕੇ, ਉਨ੍ਹਾਂ ਵਿੱਚ ਬਹਿਕੇ ਗਿਆਨ-ਧਿਆਨ ਦੀਆਂ ਗੱਲਾਂ ਕਰਨ ਨਾਲ ਹੀ ਕੋਈ ਸੱਭਿਅਕ ਨਹੀ ਬਣ ਜਾਂਦਾ ਬਲਕਿ ਸੱਭਿਅਕ ਹੋਣ ਲਈ ਜੀਵਨ ਦੇ ਮਿਆਰ ਉੱਚੇ ਚੁੱਕਣੇ ਪੈਂਦੇ ਹਨ।

ਇਸ ਮਹਾਂਮਾਰੀ ਨੇ ਆਪਣੀ ਤਰੱਕੀ ਅਤੇ ਵਿਦਵਤਾ ਦੀਆਂ ਡੀਗਾਂ ਮਾਰਨ ਵਾਲੇ ਮਨੁੱਖ ਨੂੰ ਇਹ ਦਰਸਾ ਦਿੱਤਾ ਹੈ ਕਿ ਵਾਹਿਗੁਰੂ ਵਿੱਚ ਹਾਲੇ ਵੀ ਏਨੀ ਸ਼ਕਤੀ ਹੈ ਕਿ ਉਸਦੀ ਸਾਰੀ ਤਰੱਕੀ ਨੂੰ ਇੱਕ ਪਲ ਵਿੱਚ ਨੇਸਤੋ ਨਬੂਦ ਕਰ ਸਕਦਾ ਹੈ। ਤਕਨੀਕੀ ਵਿਕਾਸ ਦੀ ਮਦਹੋਸ਼ ਦੌੜ ਵਿੱਚ ਗੁਆਚੇ ਮਨੁੱਖ ਨੇ ਜਦੋਂ ਪਰਮਾਤਮਾ ਵੱਲੋਂ ਬਖਸ਼ੀ ਸਹਿਜ ਦੀ ਪੂੰਜੀ ਦੀ ਖਿੱਲੀ ਉਡਾਉਣੀ ਅਰੰਭ ਕਰ ਦਿੱਤੀ ਅਤੇ ਜਦੋਂ ਮਨੁੱਖ ਦੀ ਦੀ ਬੌਧਿਕ ਤਾਲ-ਬੇਤਾਲ ਹੋਣ ਲੱਗੀ ਤਾਂ ਵਾਹਿਗੁਰੂ ਨੇ ਕਰੋਨਾ ਦੇ ਰੂਪ ਵਿੱਚ ਉਸਨੂੰ ਸਬਕ ਸਿਖਾਇਆ ਹੈ ਕਿ, ਉਸ ਤੋਂ ਅੱਗੇ ਕੁਝ ਨਹੀ ਹੈ ਅਤੇ ਮਨੁੱਖ ਉਸ ਤੋਂ ਅੱਗੇ ਵਧਣ ਦੀ ਹਿਮਾਕਤ ਨਾ ਕਰੇ।

ਵਾਹਿਗੁਰੂ ਨੇ ਇਸ ਬੀਮਾਰੀ ਨਾਲ ਮਨੁੱਖ ਨੂੰ ਆਪਣੀਆਂ ਹੱਦਾਂ ਵਿੱਚ ਰਹਿਣ ਦੀ ਪੋਲੀ ਜਿਹੀ ਥਪਕੀ ਦਿੱਤੀ ਹੈੈ।

ਇਹ ਸਬਕ ਦਿੱਤਾ ਗਿਆ ਹੈ ਕਿ ਤਰੱਕੀ ਦਾ ਫਲ ਜੇ ਧਰਤੀ ਦੇ ਸਾਰੇ ਮਨੁੱਖਾਂ ਨੂੰ ਬਰਾਬਰ ਨਹੀ ਮਿਲਦਾ ਤਾਂ ਉਹ ਅਗੰਮੀ ਸ਼ਕਤੀ ਇਸ ਨੂੰ ਸਾਵਾਂ ਕਰ ਸਕਦੀ ਹੈੈ।

ਪਲ ਵਿੱਚ ਸਾਰੇ ਹਵਾਈ ਜਹਾਜ ਧਰਤੀ ਤੇ ਆ ਸਕਦੇ ਹਨ, ਸਾਰੇ ਸ਼ੇਅਰ ਬਜ਼ਾਰ ਮੂਧੇ ਮੂੰਹ ਡਿੱਗ ਸਕਦੇ ਹਨ, ਸਾਰੇ ਕਾਰੋਬਾਰ ਬੰਦ ਹੋ ਸਕਦੇ ਹਨ ਅਤੇ ਮਨੁੱਖ ਘਰਾਂ ਦੀ ਕੈਦ ਵਿੱਚ ਜਾ ਸਕਦਾ ਹੈੈ।

ਆਓ ਅਸੀਂ ਸਾਰੇ ਵਾਹਿਗੁਰੂ ਦੀ ਅਗੰਮੀ ਸ਼ਕਤੀ ਨੂੰ ਨਤਮਸਤਕ ਹੋਈਏ ਅਤੇ ਸੰਸਾਰ ਦੇ ਵਿਕਾਸ ਦਾ ਮਾਡਲ ਸਮੁੱਚੀ ਮਨੁੱਖਤਾ ਦੇ ਭਲੇ ਵਾਲਾ ਸਿਰਜੀਏ। ਇਹੋ ਹੀ ਇਸ ਮਹਾਂਮਾਰੀ ਦਾ ਸਬਕ ਹੈੈੈ।