ਭਾਰਤ ਦੀ ਰਾਜਧਾਨੀ ਦਿੱਲੀ ਦੇ ਦੁਆਲੇ ਖਾਲਸਾਈ ਫੌਜਾਂ ਨੇ ਘੇਰਾ ਘੱਤਿਆ ਹੋਇਆ ਹੈੈ। ਪਿਛਲੇ 15 ਦਿਨਾਂ ਤੋਂ ਸਿੰਘ ਸੂਰਮੇ ਆਪਣੇ ਇਤਿਹਾਸ ਤੋਂ ਪਰੇਰਨਾ ਲੈਕੇ ਉਸ ਦਿੱਲੀ ਨੂੰ ਘੇਰੀ ਬੈਠੇ ਹਨ ਜਿਸਨੂੰ ਖਾਲਸਾ ਜੀ ਨੇ ਇਤਿਹਾਸ ਵਿੱਚ 18 ਵਾਰ ਘੇਰਿਆ ਅਤੇ ਜਿੱਤਿਆ ਹੈੈ। ਦਿੱਲੀ ਨੂੰ ਪਿਆ ਮੌਜੂਦਾ ਘੇਰਾ ਖਾਲਸਾਈ ਇਤਿਹਾਸ ਦੇ ਬਲ ਅਤੇ ਪਰੇਰਨਾਮਈ ਸ਼ਕਤੀ ਕਾਰਨ ਹੀ ਸੰਭਵ ਹੋ ਸਕਿਆ ਹੈੈ। ਜਿਸ ਕਿਸਮ ਦਾ ਜਾਹੋ-ਜਲਾਲ ਉਸ ਇਲਾਕੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਉਸਨੇ ਖਾਲਸਾਈ ਕਿਰਦਾਰ ਦੇ ਪੱਲੇ ਬਹੁਤ ਸਾਰੀਆਂ ਜਿੱਤਾਂ ਪਹਿਲੋਂ ਹੀ ਪਾ ਦਿੱਤੀਆਂ ਹਨ।

ਇਹ ਸਭ ਨੂੰ ਪਤਾ ਹੈ ਕਿ ਭਾਰਤ ਦੇ ਸ਼ਾਸ਼ਕ ਸਿਰੇ ਦੇ ਤਾਨਾਸ਼ਾਹ, ਦੰਭੀ, ਕਪਟੀ ਅਤੇ ਜਾਲਮ ਹਨ। ਉਹ ਇਹ ਗੱਲ ਕਿਸੇ ਸੂਰਤ ਵਿੱਚ ਵੀ ਬਰਦਾਸ਼ਤ ਨਹੀ ਕਰ ਸਕਦੇ ਕਿ ਭਾਰਤ ਭਰ ਵਿੱਚ ਕੋਈ ਉਨ੍ਹਾਂ ਨੂੰ ਚੁਣੌਤੀ ਦੇਣ ਦੀ ਹਿਮਾਕਤ ਕਰੇ। ਇਸੇ ਲਈ ਹਾਲ ਦੀ ਘੜੀ ਉਹ ਸੰਘਰਸ਼ਸ਼ੀਲ ਧਿਰਾਂ ਦੇ ਸਬਰ ਨੂੰ ਪਰਖ ਰਹੇ ਹਨ। ਉਹ ਗੱਲ ਨੂੰ ਲਟਕਾ ਕੇ ਸੰਘਰਸ਼ਸ਼ੀਲ ਧਿਰਾਂ ਦਾ ਹੌਸਲਾ ਤੋੜਨ ਦੇ ਰੌਂਅ ਵਿੱਚ ਹਨ। ਇਸੇ ਕਰਕੇ ਕੁਝ ਹਲਕਿਆਂ ਵਿੱਚ ਇਹ ਗੱਲ ਵਿਚਾਰੀ ਜਾਣ ਲੱਗੀ ਹੈ ਕਿ ਕੀ ਮੋਰਚਾ ਸਫਲ ਹੋਵੇਗਾ ਜਾਂ ਨਹੀ? ਜਾਂ ਕੀ ਖਾਲਸਾ ਪੰਥ ਦੀ ਜਿੱਤ ਹੋਵੇਗੀ ਜਾਂ ਨਹੀ?

ਬੇਸ਼ੱਕ ਅਜਿਹੇ ਸੰਘਰਸ਼ਾਂ ਦੀ ਬਾਹਰਮੁਖੀ ਹਾਲਤ ਦੇ ਸਨਮੁੱਖ ਇਸ ਤਰ੍ਹਾਂ ਦੇ ਸਵਾਲ ਉੱਠਣੇ ਸੁਭਾਵਕ ਹਨ ਪਰ ਇੱਥੇ ਇਹ ਗੱਲ ਨਹੀ ਭੁੱਲਣੀ ਚਾਹੀਦੀ ਕਿ ਬਾਹਰਮੁਖੀ ਹਾਲਾਤ ਹੀ ਕਿਸੇ ਮੋਰਚੇ ਦਾ ਸਾਰਾ ਸੱਚ ਨਹੀ ਹੁੰਦਾ। ਸੰਘਰਸ਼ਾਂ ਦੀਆਂ ਕੁਝ ਅੰਤਰਮੁਖੀ ਸਥਿਤੀਆਂ ਅਤੇ ਹਾਲਾਤ ਵੀ ਹੁੰਦੇ ਹਨ ਜੋ ਉਨ੍ਹਾਂ ਨੂੰ ਇਤਿਹਾਸ ਦੇ ਕਿਸੇ ਅਜਿਹੇ ਪੜਾਅ ਵੱਲ ਲੈਕੇ ਜਾ ਰਹੇ ਹੁੰਦੇ ਹਨ ਜਿਸ ਦੀ ਕਿਆਸਅਰਾਈ ਵੀ ਸੰਘਰਸ਼ਸ਼ੀਲ ਧਿਰਾਂ ਨੂੰ ਨਹੀ ਹੁੰਦੀ।

ਇਸ ਸੰਦਰਭ ਵਿੱਚ ਜੇ ਅਸੀਂ ਮੌਜੂਦਾ ਕਿਸਾਨ ਮੋਰਚੇ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰ ਵੀ ਚੁੱਕੀਆਂ ਹਨ ਜਿਨਾਂ ਦਾ ਅਹਿਸਾਸ ਸਾਨੂੰ ਹਾਲੇ ਨਹੀ ਹੋ ਰਿਹਾ ਕਿਉਂਕਿ ਅਸੀਂ ਸਿਰਫ ਨੰਗੀ ਅੱਖ ਨਾਲ ਬਾਹਰਮੁੱਖੀ ਹਾਲਾਤ ਨੂੰ ਹੀ ਦੇਖ ਰਹੇ ਹਾਂ। ਇਸ ਮੋਰਚੇ ਦੇੇ ਕਿਸੇ ਪੜਾਅ ਉੱਤੇ ਲੱਗਣ ਤੋਂ ਪਹਿਲਾਂ ਹੀ ਖਾਲਸਾ ਪੰਥ ਦੀ ਝੋਲੀ ਵਿਚ ਬਹੁਤ ਸਾਰੀਆਂ ਅਣਮੁੱਲੀਆਂ ਜਿੱਤਾਂ ਪੈ ਚੁੱਕੀਆਂ ਹਨ।

ਸਭ ਤੋਂ ਪਹਿਲੀ ਜਿੱਤ ਇਸ ਗੱਲ ਦੀ ਹੈ ਕਿ ਏਨੇ ਘੋਰ ਤਸ਼ੱਦਦ ਦੇ ਬਾਵਜੂਦ ਵੀ ਖਾਲਸਾ ਜੀ ਦੇ ਇਸ ਦਿ੍ਰੜ ਨਿਸ਼ਚੇ ਨੂੰ ਕੋਈ ਤੋੜ ਨਹੀ ਸਕਿਆ ਕਿ ਅਸੀਂ ਜਿੱਤਕੇ ਹੀ ਵਾਪਸ ਮੁੜਾਂਗੇ। ਗੁਰੂ ਸਾਹਿਬ ਵੱਲੋਂ ਜੋ ਸਦੀਵੀ ਜਿੱਤ ਦੀ ਕਿਰਪਾ ਖਾਲਸਾ ਜੀ ਉੱਤੇ ਕੀਤੀ ਗਈ ਹੈ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਵੀ ਉਸ ਕਿਰਪਾ ਤੇ ਏਨਾ ਵਿਸ਼ਵਾਸ਼ ਹੋਣਾਂ ਖਾਲਸਾ ਜੀ ਦੀ ਆਤਮਕ ਜਿੱਤ ਦੀ ਨਿਸ਼ਾਨੀ ਹੈੈ। ਮਾਨਸਕ ਤੌਰ ਤੇ ਜਿੱਤ ਦੇ ਜਜਬੇ ਨਾਲ ਭਰਪੂਰ ਹੋਣਾਂ ਜੰਗ ਨੂੰ ਜਿੱਤਣ ਲਈ ਬਹੁਤ ਵੱਡਾ ਬਲ ਬਖਸ਼ਦਾ ਹੈੈ।

ਇਸ ਮੋਰਚੇ ਦੀ ਦੂਸਰੀ ਜਿੱਤ ਭਾਰਤੀ ਸਿਸਟਮ ਦੇ ਉਸ ਕੂੜ ਪਰਚਾਰ ਦਾ ਬੁਰੀ ਤਰ੍ਹਾਂ ਅਸਫਲ ਹੋਣਾਂ ਹੈ ਕਿ ਪੰਜਾਬ ਵਾਲੇ ਤਾਂ ਅੱਤਵਾਦੀ ਹਨ। ਜਿਸ ਬ੍ਰਹਮ ਅਸਤਰ ਨੂੰ ਦਿੱਲੀ ਸਾਡੇ ਖਿਲਾਫ ਪਿਛਲੇ 70 ਸਾਲਾਂ ਤੋਂ ਵਰਤਦੀ ਆ ਰਹੀ ਸੀ ਉਹ ਗੁਰੂ ਦੀ ਕਿਰਪਾ ਨਾਲ ਮੂੰਧੇ ਮੂੰਹ ਜਾ ਪਿਆ ਹੈੈ। ਅੱਜ ਦੇਸ਼ ਦਾ ਹਰ ਦੱਬਿਆ ਕੁਚਲਿਆ ਆਖ ਰਿਹਾ ਹੈ ਕਿ ਅਸੀਂ ਵੀ ਖਾਲਸਤਾਨੀ ਹਾਂ। ਕਪਟੀ ਹਾਕਮਾਂ ਦੀ ਸਮੁੱਚੀ ਪਰਚਾਰ ਮਸ਼ਨੀਰੀ ਸਿੱਖਾਂ ਨੂੰ ਅੱਤਵਾਦੀ ਦਾ ਲੇਬਲ ਲਾਉਣ ਦੀ ਜੰਗ ਵਿੱਚ ਹਾਰ ਜਾਣ ਤੋਂ ਬਾਅਦ ਹੁਣ ਇਹ ਖਬਰਾਂ ਦਿਖਾ ਰਹੀ ਹੈ ਕਿ ਕਿਸਾਨਾਂ ਨੇ ਆਲੇ ਦੁਆਲੇ ਸਫਾਈ ਬਹੁਤ ਰੱਖੀ ਹੋਈ ਹੈ ਅਤੇ ਕਿਸਾਨਾਂ ਨੇ ਸਰਕਾਰ ਦਾ ਖਾਣਾਂ ਦੁਰਕਾਰ ਕੇ ਆਪਣੇ ਸਵੈਮਾਣ ਦਾ ਪਰਗਟਾਵਾ ਕੀਤਾ ਹੈੈ।

ਸਿੱਖਾਂ ਦੀ ਤੀਜੀ ਜਿੱਤ ਇਸ ਗੱਲੋਂ ਹੋਈ ਹੈ ਕਿ ਭਾਰਤ ਦੇ ਸਮੁੱਚੇ ਦੱਬੇ ਕੁਚਲੇ ਵਰਗਾਂ ਨੂੰ ਇਹ ਸਪਸ਼ਟ ਸੁਨੇਹਾ ਪਹੁੰਚ ਗਿਆ ਹੈ ਕਿ ਵਕਤ ਦੇ ਤਾਨਾਸ਼ਾਹਾਂ ਦੀ ਧੌਣ ਨੂੰ ਜੇ ਕੋਈ ਹੱਥ ਪਾ ਸਕਦਾ ਹੈ ਉਹ ਗੁਰੂ ਦਾ ਖਾਲਸਾ ਹੀ ਹੈੈ। ਹੁਣ ਤੱਕ ਹੰਕਾਰੀ ਹਾਕਮਾਂ ਨੇ ਇਹ ਮਹੌਲ ਬਣਾ ਰੱਖਿਆ ਸੀ ਕਿ ਉਨ੍ਹਾਂ ਨੂੰ ਚੁਣੌਤੀ ਦੇਣ ਵਾਲਾ ਕੋਈ ਨਹੀ ਹੈੈ। ਪਰ ਖਾਲਸਾ ਜੀ ਦੇ ਕਿਸਾਨ ਮੋਰਚੇ ਨੇ ਜਿੱਥੇ ਹਾਕਮਾਂ ਦਾ ਹੰਕਾਰ ਤੋੜ ਦਿੱਤਾ ਹੈ ਉੱਥੇ ਭਾਰਤ ਦੇ ਸਮੁੱਚੇ ਦੱਬੇ ਕੁਚਲੇ ਲੋਕਾਂ ਵਿੱਚ ਇਹ ਅਹਿਸਾਸ ਅਤੇ ਆਸ ਪੈਦਾ ਕਰ ਦਿੱਤੀ ਹੈ ਕਿ ਖਾਲਸਾਈ ਰਾਹ ਰਾਹੀਂ ਮਿਲੀ ਅਜ਼ਾਦੀ ਹੀ ਉਨ੍ਹਾਂ ਦੇ ਸਾਰੇ ਬੰਧਨ ਕੱਟ ਸਕਦੀ ਹੈੈ।

ਇਸ ਮੋਰਚੇ ਦੀ ਚੌਥੀ ਵੱਡੀ ਜਿੱਤ ਇਹ ਹੋਈ ਹੈ ਕਿ ਹੰਕਾਰ ਅਤੇ ਨਫਰਤ ਦੀ ਮਾਂ ਸਮਝੀ ਜਾਂਦੀ ਸੰਘ ਪਰਿਵਾਰ ਦੀ ਲਾਬੀ ਵੱਲੋਂ ਪਿਛਲੇ 70 ਸਾਲਾਂ ਤੋਂ ਪੰਜਾਬ ਵਿੱਚ ਕੀਤੀ ਗਈ ਮਿਹਨਤ, ਲਗਾਏ ਗਏ ਮਣਾਂ ਮੂੰਹੀ ਪੈਸੇ, ਖਰੀਦੇ ਗਏ ਲੀਡਰ ਅਤੇ ਸੰਸਥਾਵਾਂ ਇਸ ਮੋਰਚੇ ਦੀ ਸੁਨਾਮੀ ਅੱਗੇ ਢਹਿ ਢੇਰੀ ਹੋ ਗਈਆਂ ਹਨ। ਵਿਚਾਰੇ ਪਿਛਲੇ 70 ਸਾਲਾਂ ਤੋਂ ਸਿਖਾਂ ਦੇ ਇਤਿਹਾਸ ਬਾਰੇ, ਗੁਰਬਾਣੀ ਬਾਰੇ ਅਤੇ ਸਿੱਖ ਪਰੰਪਰਾਵਾਂ ਬਾਰੇ ਪਿੰਡਾਂ ਤੋਂ ਲੈਕੇ ਯੂਨੀਵਰਸਿਟੀਆਂ ਤੱਕ ਘਾੜਤਾਂ ਘੜ ਰਹੇ ਸਨ। ਖਾਲਸਾਈ ਜਲਾਲ ਦੇ ਇੱਕੋ ਹੱਲੇ ਨੇ ਉਨ੍ਹਾਂ ਦੀਆਂ ਸਾਰੀਆਂ ਯੋਜਨਾਵਾਂ ਖਤਮ ਕਰ ਦਿੱਤੀਆਂ ਹਨ।

ਰਹੀ ਗੱਲ ਦਿੱਲੀ ਵਾਲੇ ਇਸ ਮੋਰਚੇ ਦੀ ਜਿੱਤ ਹਾਰ ਦੀ। ਸਾਡਾ ਮੰਨਣਾਂ ਹੈ ਕਿ ਇਹ ਮੋਰਚਾ ਕੋਈ ਆਖਰੀ ਮੋਰਚਾ ਨਹੀ ਹੈ ਬਲਕਿ ਸ਼ੁਰੂਆਤ ਹੈੈ। ਜੇ ਦਿੱਲੀ ਵਾਲਾ ਕਿਸਾਨ ਮੋਰਚਾ ਕਿਸੇ ਗੱਲੋਂ ਹਾਰਿਆ ਤਾਂ ਉਹ ਸਿਰਫ ਅਤੇ ਸਿਰਫ ਕਿਸਾਨ ਲੀਡਰਸ਼ਿੱਪ ਦੀ ਨਾਕਾਬਲੀਅਤ ਕਾਰਨ ਹਰੇਗਾ। ਉਸ ਹਾਰ ਵਿੱਚੋਂ ਖਾਲਸਾ ਜੀ ਲਈ ਵੱਡੇ ਅਤੇ ਮੋਕਲੇ ਰਾਹ ਨਿਕਲਣਗੇ। ਪੰਜਾਬ ਦਾ ਇਸ ਗਲੀ ਸੜੀ ਕਿਸਾਨ ਲੀਡਰਸ਼ਿੱਪ ਤੋਂ ਸਦਾ ਸਦਾ ਲਈ ਖਹਿੜਾ ਛੁੱਟ ਜਾਵੇਗਾ ਜੋ ਧੰਦੇ ਦੀ ਰਾਜਨੀਤੀ ਕਰ ਰਹੀ ਹੈੈ। ਉਸ ਹਾਲਤ ਵਿੱਚ ਖਾਲਸਾ ਜੀ ਆਪਣੀ ਯੋਗ ਅਤੇ ਜੁਝਾਰੂ ਲੀਡਰਸ਼ਿੱਪ ਦੀ ਅਗਵਾਈ ਹੇਠ ਉਸ ਮੋਰਚੇ ਦੀ ਅਰੰਭਤਾ ਕਰਨਗੇ ਜਿਸਨੇ ਭਾਰਤ ਦੇ ਦੱਬੇ ਕੁਚਲੇ ਲੋਕਾਂ ਦੀ ਮੁਕਤੀ ਦੇ ਬਾਨ੍ਹਣੂੰ ਬੰਨ੍ਹਣੇ ਹਨ।

ਖਾਲਸਾ ਜੀ ਅਤੇ ਪੰਜਾਬ ਦੇ ਜੁਝਾਰੂ ਲੋਕਾਂ ਨੂੰ ਵੱਡੀ ਜਿੰਮੇਵਾਰੀ ਅਤੇ ਵੱਡੀ ਜਿੱਤ ਉਡੀਕ ਰਹੀ ਹੈੈ। ਬਸ ਖਾਲਸਾਈ ਕਿਰਦਾਰ ਤੇ ਪਹਿਰਾ ਦੇਣ ਦੀ ਲੋੜ ਹੈੈ।

ਗੁਰੂ ਸਾਹਿਬ ਮਿਹਰਾਂ ਦੀ ਰਹਿਮਤ ਕਰਨਗੇ।