ਲਗਭਗ ਇੱਕ ਮਹੀਨੇ ਤੋਂ ਪੰਜਾਬ ਵਿੱਚ ਮੋਰਚੇ ਲੱਗੇ ਹੋਏ ਹਨ। ਗੱਲ ਤਾਂ ਕਿਸਾਨੀ ਨੂੰ ਅਮੀਰ ਵਪਾਰੀਆਂ ਦੇ ਅਧੀਨ ਕਰਨ ਵਾਲੇ ਨਵੇਂ ਕਨੂੰਨਾਂ ਤੋਂ ਸ਼ੁਰੂ ਹੋਈ ਸੀ ਪਰ ਵਧਦੀ ਵਧਦੀ ਹੁਣ ਇਹ ਪੰਜਾਬ ਦੇ ਸਿਆਸੀ ਹੱਕਾਂ ਹਿੱਤਾਂ ਜਾਂ ਕਹਿ ਲਵੋਂ ਕਿ ਖੁਦਮੁਖਤਾਰੀ ਵਾਲੇ ਪਾਸੇ ਚੱਲਣ ਲੱਗੀ ਹੈੈ। ਬੇਸ਼ੱਕ ਹਾਲ ਦੀ ਘੜੀ ਖੁਦਮੁਖਤਾਰੀ ਵਾਲੇ ਪਾਸੇ ਵੱਡੀ ਸਰਗਰਮੀ ਅਰੰਭ ਨਹੀ ਹੋਈ ਪਰ ਇਸ ਸਬੰਧੀ ਬਹੁਤ ਸਾਰੀਆਂ ਥਾਵਾਂ ਤੇ ਗੱਲ ਸ਼ੁਰੂ ਹੋ ਗਈ ਹੈੈ। ਗੱਲ ਦਾ ਸ਼ੁਰੂ ਹੋਣਾਂ ਵੀ ਅਸੀਂ ਸਮਝਦੇ ਹਾਂ ਕਿ ਇੱਕ ਪ੍ਰਾਪਤੀ ਹੈ ਕਿਉਂਕਿ ਸਰਗਰਮੀ ਤੋਂ ਪਹਿਲਾਂ ਨਿਸ਼ਾਨੇ ਬਾਰੇ ਨਿੱਠ ਕੇ ਵਿਚਾਰ ਹੋਣਾਂ ਚਾਹੀਦਾ ਹੈੈੈ। ਵਿਚਾਰ ਖੁਦਮੁਖਤਾਰੀ ਬਾਰੇ ਜਜਬੇ ਅਤੇ ਚੇਤਨਾ ਦੇ ਪੈਦਾ ਹੋਣ ਤੋਂ ਬਿਨਾ ਨਹੀ ਹੋਵੇਗਾ। ਕਿਸਾਨੀ ਮੋਰਚੇ ਦਾ ਇੱਕ ਸਕਾਰਾਤਮਕ ਪਹਿਲੂ ਇਹੋ ਹੀ ਹੈ ਕਿ ਇਸ ਨੇ ਪੰਜਾਬ ਵਿੱਚ ਸਿਆਸੀ ਖੁਦਮੁਖਤਾਰੀ ਦੀ ਤਰੰਗ ਛੇੜ ਦਿੱਤੀ ਹੈੈੈ।
ਹੁਣ ਜਦੋਂ ਇੱਕ ਮਹੀਨੇ ਤੋਂ ਵੱਧ ਹੋ ਗਿਆ ਹੈ ਮੋਰਚੇ ਲੱਗਿਆਂ ਨੂੰ ਤਾਂ ਬਹੁਤ ਸਾਰੇ ਸੁਹਿਰਦ ਵੀਰ ਅਕਸਰ ਇਹ ਪੁੱਛ ਲੈਂਦੇ ਹਨ ਕਿ ਕੀ ਮੋਰਚੇ ਸਫਲ ਹੋਣਗੇ? ਇਨ੍ਹਾਂ ਨਾਲ ਸਾਨੂੰ ਕੁਝ ਮਿਲੂ?
ਸਵਾਲ ਉਨ੍ਹਾਂ ਦਾ ਜਾਇਜ ਹੈ ਪਰ ਜਵਾਬ ਏਨਾ ਸੌਖਾ ਨਹੀ ਹੈੈ। ਅਸੀਂ ਉਨ੍ਹਾਂ ਸ਼ਹੀਦਾਂ ਦੇ ਵਾਰਸ ਹਾਂ ਜਿਨ੍ਹਾਂ ਨੇ ਹੱਕ ਹਾਸਲ ਕਰਨ ਲਈ 75 ਸਾਲ ਲਗਾਤਾਰ ਘੋੜਿਆਂ ਦੀਆਂ ਕਾਠੀਆਂ ਉੱਤੇ ਗੁਜ਼ਾਰੇ। ਸਿਰਫ ਮੋਰਚਾ ਲਗਾ ਕੇ ਇੱਕ ਮਹੀਨੇ ਬਾਅਦ ਇਹ ਪੁੱਛਣ ਬਹਿ ਜਾਣਾਂ ਕਿ ਕੁਝ ਮਿਲੂ ਇਹ ਸਵਾਲ ਸਾਡੇ ਵਿਰੋਧੀ ਦੀ ਵਰਤਮਾਨ ਸ਼ਕਤੀ, ਨੀਅਤ ਅਤੇ ਰਾਜਨੀਤੀ ਦੇ ਸਾਹਮਣੇ ਕਾਫੀ ਛੋਟਾ ਹੈੈ।
ਮੋਰਚੇ ਹਮੇਸ਼ਾ ਬੁਲੰਦ ਕਿਰਦਾਰ ਅਤੇ ਉੱਚੀਆਂ ਇਖਲਾਕੀ ਕਦਰਾਂ ਕੀਮਤਾਂ ਨਾਲ ਜਿੱਤੇ ਜਾਂਦੇ ਹਨ। ਬੁਲੰਦ ਇਖਲਾਕ ਕਦੇ ਵੀ ਧਰਮੀ ਹੋਣ ਤੋਂ ਬਿਨਾ ਪੈਦਾ ਨਹੀ ਹੁੰਦਾ। ਜਿਹੜੇ 75 ਸਾਲ ਘੋੜਿਆਂ ਦੀਆਂ ਕਾਠੀਆਂ ਤੇ ਜਿੰਦਗੀ ਬਤੀਤ ਕਰਦੇ ਰਹੇ ਉਹ ਰੁਹਾਨੀਅਤ ਦੀਆਂ ਉੱਤਮ ਮੰਜਲਾਂ ਦੇ ਰਾਹੀ ਸਨ। ਗੰਦੀ ਸਿਆਸਤ ਦੀ ਮੈਲ ਨੇ ਉਨ੍ਹਾਂ ਦੇ ਕਿਰਦਾਰ ਨੂੰ ਪਲੀਤ ਨਹੀ ਸੀ ਕੀਤਾ। ਉਹ ਸਿਰਫ ਤੇ ਸਿਰਫ ਰਾਜਨੀਤਕ ਨਹੀ ਸਨ। ਉਹ ਧਾਰਮਕ ਪੁਰਸ਼ ਸਨ। ਅਜਿਹੇ ਧਾਰਮਕ ਪੁਰਸ਼ ਜਦੋਂ ਬਘੇਲ ਸਿੰਘ ਬਣਕੇ, ਹੱਥ ਵਿੱਚ ਤਲਵਾਰ ਲੈਕੇ ਲਾਲ ਕਿਲੇ ਦੇ ਅੱਗਿਓਂ ਲੰਘਦੇ ਹਨ ਤਾਂ ਲਾਲ ਕਿਲਾ ਵੀ ਉਨ੍ਹਾਂ ਨੂੰ ਝੁਕ ਕੇ ਸਲਾਮ ਕਰਦਾ ਹੈੈ। ਇਹ ਇਤਿਹਾਸ ਨੇ ਦੇਖਿਆ ਹੈੈ। ਭਾਈ ਬਘੇਲ ਸਿੰਘ ਅਤੇ ਉਨ੍ਹਾਂ ਦੇ ਸਾਥੀ ਸਿੰਘ ਸਿਰਫ ਯੋਧੇ ਹੀ ਨਹੀ ਸਨ ਬਲਕਿ ਉੱਤਮ ਦਰਜੇ ਦੇ ਸੰਤ ਸਨ।
ਅੱਜ ਸਾਡੀ ਕੌਮ ਦਾ ਵੱਡਾ ਹਿੱਸਾ ਅਜਿਹਾ ਰਾਜਨੀਤੀਵਾਨ ਬਣਿਆ ਹੋਇਆ ਹੈ ਜਿਸ ਕੋਲ ਉੱਤਮ ਰਾਜਨੀਤੀਵਾਨਾਂ ਵਾਲਾ ਨਾ ਤਾਂ ਸੰਜਮ ਹੈ, ਨਾ ਪ੍ਰੋੜਤਾ, ਨਾ ਗਹਿਰਾਈ ਅਤੇ ਨਾ ਹੀ ਸਹਿਜ। ਸਾਡੇ ਲਈ ਅੱਜ ਵੀ ਸੁਖਬੀਰ ਸਿੰਘ ਬਾਦਲ ਅਤੇ ਰਵਨੀਤ ਬਿੱਟੂ ਵਰਗੇ ਲੋਕ ਮਾਡਲ ਬਣੇ ਹੋਏ ਹਨ। ਸਿੱਖ ਕੌਮ ਦੀ ਮੁਕਤੀ ਸੁਖਬੀਰ ਜਾਂ ਰਵਨੀਤ ਵਾਲੇ ਸਿਆਸੀ ਮਾਡਲ ਰਾਹੀਂ ਸੰਭਵ ਨਹੀ ਹੈੈੈ। ਉਹ ਭਾਈ ਬਘੇਲ ਸਿੰਘ ਵਾਲੇ ਮਾਡਲ ਰਾਹੀਂ ਹੀ ਸੰਭਵ ਹੋ ਸਕੇਗੀ।
ਅੱੱਜ ਜੇ ਕੌਮ ਦਾ ਵੱਡਾ ਹਿੱਸਾ ਸੁਖਬੀਰ ਸਿੰਘ ਬਾਦਲ ਵਾਲੇ ਰਸਤੇ ਤੇ ਚੱਲਕੇ ਛੇਤੀ ਨਾਲ ਕੌਮ ਦੀ ਮੁਕਤੀ ਦੀ ਇੱਛਾ ਕਰ ਰਿਹਾ ਹੈ ਤਾਂ ਉਹ ਨਾ ਮੋਰਚੇ ਚਲਾ ਸਕਦਾ ਹੈ ਅਤੇ ਨਾ ਹੀ ਜਿੱਤ ਸਕਦਾ ਹੈੈ। ਜੇ ਕੌਮ ਅਕਾਲੀ ਦਲ ਜਾਂ ਕਾਂਗਰਸ ਦੀ ਰਾਜਨੀਤੀ ਦੇ ਮਾਡਲ ਰਾਹੀਂ ਕੁਝ ਪ੍ਰਾਪਤ ਕਰਨ ਦੀ ਇੱਛਾ ਕਰ ਰਹੀ ਹੈ ਤਾਂ ਇਸ ਵਿੱਚ ਕੌਮ ਦੇ ਧਾਰਮਕ ਰਹਿਬਰਾਂ ਦਾ ਵੱਡਾ ਕਸੂਰ ਹੈੈੈ।
ਸਿੱਖਾਂ ਦਾ ਮਸਲਾ ਰਾਜਨੀਤਕ ਏਨਾ ਨਹੀ ਹੈੈ ਜਿੰਨਾ ਧਾਰਮਕ ਹੈੈ। ਬਹੁਤ ਲੰਬੇ ਸਮੇਂ ਤੋਂ ਸਾਡੀਆਂ ਜਿੰਮੇਵਾਰ ਧਾਰਮਕ ਸੰਸਥਾਵਾਂ ਆਪਣੀ ਜਿੰਮੇਵਾਰੀ ਤੋਂ ਭੱਜ ਚੁੱਕੀਆਂ ਹਨ। ਉਨ੍ਹਾਂ ਨੇ ਮਾਨਸਕ ਤੌਰ ਤੇ ਬੇਜਾਰ ਹੋਈ ਕੌਮ ਦੀਆਂ ਰਗਾਂ ਵਿੱਚ ਜੀਵਨ ਦਾ ਰਾਗ ਛੇੜਨ ਲਈ ਆਪਣੀ ਜਿੰਮੇਵਾਰੀ ਨਹੀ ਨਿਭਾਈ। ਜੇ ਕੌਮ ਧਾਰਮਕ ਤੌਰ ਤੇ ਆਪਣੇ ਗੁਰੂ-ਪੈਗੰਬਰਾਂ ਦੀ ਚਰਨ ਛੋਹ ਨਾਲ ਓਤਪੋਤ ਹੁੰਦੀ ਤਾਂ ਪੰਜਾਬ ਵਿੱਚ ਕਦੇ ਅਕਾਲੀ ਅਤੇ ਕਦੇ ਕਾਂਗਰਸ ਦੀ ਖੇਡ ਨਾ ਚਲਦੀ। ਜੇ ਪਰਕਾਸ਼ ਸਿੰਘ ਬਾਦਲ ਜਾਂ ਕੈਪਟਨ ਅਮਰਿੰਦਰ ਸਿੰਘ ਵਰਗੇ ਲੋਕ ਅੱਜ ਪੰਜਾਬ ਦੇ ਹਾਕਮ ਬਣੇ ਹੋਏ ਹਨ ਤਾਂ ਇਸਦਾ ਅਸਲ ਕਾਰਨ ਇਹ ਹੈ ਕਿ ਸਿੱਖ ਕੌਮ ਦਾ ਵੱਡਾ ਹਿੱਸਾ ਧਾਰਮਕ ਤੌਰ ਤੇ ਨਿਤਾਣਾਂ ਹੋ ਗਿਆ ਹੈੈ। ਗੁਰੂ ਸਾਹਿਬ ਨਾਲ ਸਾਡਾ ਰਿਸ਼ਤਾ ਉਹ ਨਹੀ ਰਹਿ ਗਿਆ ਜੋ 75 ਸਾਲ ਘੋੜਿਆਂ ਦੀਆਂ ਕਾਠੀਆਂ ਤੇ ਲੜਨ ਵਾਲੇ ਸੰਤ-ਸਿਪਾਹੀਆਂ ਦਾ ਸੀ।
ਫਿਰ ਅਜਿਹੇ ਸੰਤ ਸਿਪਾਹੀ ਹੀ ਲਾਲ ਕਿਲੇ ਨੂੰ ਝੁਕਣ ਲਈ ਮਜਬੂਰ ਕਰ ਸਕਦੇ ਹਨ ਅਤੇ ਅਜਿਹੇ ਸੰਤ ਸਿਪਾਹੀ ਹੀ ਨਵਾਬੀਆਂ ਠੁਕਰਾ ਸਕਦੇ ਹਨ। ਅਸੀਂ ਤਾਂ ਹਰ ਪਲ ਨਵਾਬੀਆਂ ਦੇ ਪਿੱਛੇ ਤਰਲੇ ਕੱਢਦੇ ਫਿਰਦੇ ਹਾਂ। ਦੁਸ਼ਮਣ ਨੂੰ ਇਸਦਾ ਖੂਬ ਗਿਆਨ ਹੈੈ।
ਸੋ ਮੋਰਚੇ ਜੇ ਜਿੱਤਣੇ ਹਨ ਤਾਂ ਗੁਰੂ ਦੀ ਲਿਵ ਨਾਲ ਜੁੜਕੇ ਸੰਤ ਅਤੇ ਸਿਪਾਹੀ ਬਣਨਾ ਹੋਵੇਗਾ। ਬੁਲੰਦ ਕਿਰਦਾਰ ਵਾਲੇ ਹੀ ਮੋਰਚੇ ਜਿੱਤ ਸਕਦੇ ਹਨ। ਹਾਂ ਇੱਕ ਗੱਲ ਪੱਕੀ ਹੈ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ, ਚਕਰਵਰਤੀ ਰਾਜਾ ਬਣਨ ਲਈ ਨਰਿੰਦਰ ਮੋਦੀ ਨੇ ਜਿਹੜਾ ਘੋੜਾ ਭਾਰਤ ਵਿੱਚ ਖੁੱਲ੍ਹ੍ਹਾ ਛੱਡਿਆ ਹੈ ਉਸਦੀ ਲਗਾਮ ਜੇ ਕੋਈ ਥੰਮ ਸਕਦਾ ਹੈ ਉਹ ਗੁਰੂ ਨਾਨਕ ਨਾਮ ਲੇਵਾ ਹੀ ਹੈੈ।
ਵਾਹਿਗੁਰੂ ਭਲੀ ਕਰਨਗੇ।