ਆਖਰ ਬਹੁਤ ਸਾਰੀਆਂ ਔਕੜਾਂ ਅਤੇ ਅੜਿੱਕਿਆਂ ਦੇ ਚਲਦਿਆਂ ਪਾਕਿਸਤਾਨ ਦੀ ਧਰਤੀ ਤੇ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਖੁਲੇ੍ਹ ਦਰਸ਼ਨ ਦੀਦਾਰਿਆਂ ਦੀ ਸਿੱਖਾਂ ਦੀ ਮੰਗ ਪੂਰੀ ਹੋਣ ਜਾ ਰਹੀ ਹੈੈ। 9 ਨਵੰਬਰ ਨੂੰ ਦੋਵਾਂ ਪਾਸਿਆਂ ਦੀਆਂ ਸਰਕਾਰਾਂ ਵੱਲੋਂ ਡੇਰਾ ਬਾਬਾ ਨਾਨਕ ਵਾਲੀ ਸਰਹੱਦ ਉੱਤੇ ਸਥਿਤ ਲਾਂਘੇ ਨੂੰ ਰਸਮੀ ਤੌਰ ਤੇ ਖੋਲ੍ਹ ਦਿੱਤਾ ਗਿਆ ਹੈੈ।

ਬਹੁਤ ਲੰਬੇ ਸਮੇ ਤੋਂ ਸਿੱਖਾਂ ਦੀ ਇਹ ਰੀਝ ਅਤੇ ਅਰਦਾਸ ਸੀ ਕਿ ਉਹ ਅਸਥਾਨ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਉਮਰ ਦੇ ਆਖਰੀ 18 ਸਾਲ ਗੁਜ਼ਾਰੇ, ਉਸ ਅਸਥਾਨ ਦੇ ਦੀਦਾਰਿਆਂ ਦਾ ਮੌਕਾ ਬਣ ਜਾਵੇ। ਕਿਉਂਕਿ ਉਹ ਥਾਂ ਇਸ ਵੇਲੇ ਦੇ ਪਾਕਿਸਤਾਨ ਵਿੱਚ ਸਥਿਤ ਹੈ ਅਤੇ ਦੋਵਾਂ ਮੁਲਕਾਂ ਦਰਮਿਆਨ ਰਾਜਸੀ ਸਬੰਧ ਬਹੁਤੇ ਵਧੀਆ ਨਹੀ ਸਨ ਇਸ ਲਈ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਸਿੱਖਾਂ ਦੀ ਰੀਝ ਲਗਾਤਾਰ ਦੂਰ ਹੁੰਦੀ ਜਾ ਰਹੀ ਸੀ।

ਹੁਣ ਵੀ ਭਾਵੇਂ ਦੋਵਾਂ ਮੁਲਕਾਂ ਦਰਮਿਆਨ ਸਬੰਧ ਠੀਕ ਨਹੀ ਹਨ ਪਰ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਸਦਕਾ ਇਹ ਲਾਂਘਾ ਖੁਲ੍ਹ ਗਿਆ ਹੈ ਅਤੇ ਸਿੱਖ ਸੰਗਤਾਂ ਦੀ ਆਵਾਜਾਈ ਤੁਰ ਪਈ ਹੈੈ। 9 ਨਵੰਬਰ ਨੂੰ ਸਰਹੱਦ ਦੇ ਦੋਵੇਂ ਪਾਸੇ ਜਿਸ ਕਿਸਮ ਦੇ ਸਮਾਗਮ ਧਾਰਮਕ ਸ਼ਰਧਾ ਨਾਲ ਜਥੇਬੰਦ ਕੀਤੇ ਗਏ ਉਹ ਆਪਣੇ ਆਪ ਵਿੱਚ ਮਿਸਾਲ ਸਨ। ਸਿੱਖ ਸੰਗਤਾਂ ਦਾ ਦੋਵੇਂ ਪਾਸੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਾਂ, ਅਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਉਤਾਵਲਾਪਣ, 550 ਸਾਲ ਬਾਅਦ ਵੀ ਆਪਣੇ ਰਹਿਬਰ ਨਾਲ ਸਿੱਖਾਂ ਦੀ ਸਾਂਝ ਦੀ ਬਾਤ ਪਾਉਂਦਾ ਹੈੈ।

ਗੁਰੂ ਬਾਬਾ ਜੀ ਨੇ ਜਿਸ ਧਰਮ ਅਤੇ ਜਿਸ ਰੁਹਾਨੀ ਕੌਮ ਦਾ ਆਗਾਜ਼ ਕੀਤਾ ਉਸਦੀਆਂ ਧਾਰਮਕ,ਸਮਾਜਕ ਅਤੇ ਰਾਜਸੀ ਉਡਾਰੀਆਂ ਮਨੁੱਖੀ ਸਮਝ ਤੋਂ ਬਾਹਰ ਹਨ। ਬੇਸ਼ੱਕ ਦੁਨੀਆਂ ਦੀਆਂ ਯੂਨੀਵਰਸਿਟੀਆਂ ਵਿੱਚ ਗੁਰੂ ਬਾਬਾ ਨਾਨਕ ਸਾਹਿਬ ਜੀ ਦੇ ਵਿਚਾਰਾਂ ਨੂੰ ਜਾਨਣ ਲਈ ਕਾਫੀ ਯਤਨ ਹੋ ਰਹੇ ਹਨ, ਪਰ ਉਨ੍ਹਾਂ ਦੀ ਘਾਲਣਾਂ ਨੂੰ ਇੱਕ ਸੱਚਾ ਸਿੱਖ ਹੀ ਮਹਿਸੂਸ ਕਰ ਸਕਦਾ ਹੈੈ। ਗੁਰੂ ਬਾਬਾ ਜੀ ਦੇ ਵਿਚਾਰ ਆਮ ਗਿਆਨ ਧਿਆਨ ਦੀਆਂ ਕਿਤਾਬਾਂ ਵਾਂਗ ਕੋਈ ਸਮਝਣ ਸਮਝਾਉਣ ਵਾਲੇ ਵਿਚਾਰ ਨਹੀ ਹਨ ਬਲਕਿ ਉਨ੍ਹਾਂ ਦੇ ਰੁਹਾਨੀ ਸਫਰ ਨੂੰ ਤਾਂ ਸਿੱਖ ਹੋਕੇ ਮਹਿਸੂਸਿਆ ਹੀ ਜਾ ਸਕਦਾ ਹੈੈ।

ਇਸੇ ਲਈ ਅੱਜ ਦੁਨੀਆਂ ਭਰ ਵਿੱਚ ਬੈਠਾ ਗੁਰੂ ਨਾਨਕ ਨਾਮ ਲੇਵਾ ਉਸ ਘੜੀ ਦੀ ਉਡੀਕ ਕਰ ਰਿਹਾ ਹੈ ਜਿਸ ਘੜੀ ਉਹ ਉਡ ਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਲਵੇ।

ਦੂਜੇ ਪਾਸੇ ਜਿਹੜੇ ਸਿੱਖ ਪਰਿਵਾਰਾਂ ਵਿੱਚ ਪੈਦਾ ਨਹੀ ਹੋਏ ਉਨ੍ਹਾਂ ਨੂੰ ਹਰ ਪਾਸੇ ਸਾਜਿਸ਼ਾਂ ਹੀ ਨਜ਼ਰ ਆ ਰਹੀਆਂ ਹਨ। ਗੁਰੂ ਸਾਹਿਬ ਦੇ ਰੁਹਾਨੀ ਵਿਚਾਰਾਂ ਦੀ ਉਹ ਲੋਕ ਥਾਹ ਨਹੀ ਪਾ ਸਕਦੇ ਜਿਹੜੇ ਦੁਨਿਆਵੀ ਗਿਣਤੀਆਂ ਮਿਣਤੀਆਂ ਵਿੱਚ ਘਿਰੇ ਹੋਏ ਹਨ। ਜਿਹੜੇ ਦੇਸ਼ਾਂ ਦੀਆਂ ਵਲਗਣਾਂ ਵਿੱਚ ਫਸੇ ਹੋਏ ਹਨ, ਜਿਹੜੇ ਧਰਮਾਂ ਦੀ ਚਾਰ-ਦੀਵਾਰੀ ਵਿੱਚ ਕੈਦ ਹਨ ਜਿਹੜੇ ਨਫਰਤ ਦੀ ਚੱਕੀ ਗੇੜ ਰਹੇ ਹਨ।

ਦਰਸ਼ਨ ਦੀਦਾਰਿਆਂ ਦੇ ਇਸ ਰੁਹਾਨੀ ਸਫਰ ਨੂੰ ਗੁਰੂ ਦਾ ਸਿੱਖ ਹੀ ਸਮਝ ਤੇ ਮਹਿਸੂਸ ਕਰ ਸਕਦਾ ਹੈੈ। ਕਿਸੇ ਤਕਨੀਕੀ ਕਾਰਨ ਕਰਕੇ ਜਦੋਂ ਕੋਈ ਸਿੱਖ ਲਾਂਘਾ ਪਾਰ ਕਰਨ ਤੋਂ ਰਹਿ ਜਾਂਦਾ ਹੈ ਤਾਂ ਉਸਦੇ ਦਰਦ ਨੂੰ ਵੀ ਸਿੱਖ ਬਣਕੇ ਹੀ ਮਹਿਸੂਸਿਆ ਜਾ ਸਕਦਾ ਹੈੈ।

ਵਕਤ ਦੇ ਹਾਕਮ ਹਾਲੇ ਵੀ ਬਹੁਤ ਕੁਝ ਬੋਲ-ਦੱਸ ਰਹੇ ਹਨ। ਸਿੱਖਾਂ ਬਾਰੇ ਅਸਿੱਧੇ ਅਤੇ ਸਿੱਧੇ ਤੌਰ ਤੇ ਬਹੁਤ ਕੁਝ ਮੀਡੀਆ ਰਾਹੀਂ ਪਰਚਾਰਿਆ ਜਾ ਰਿਹਾ ਹੈ ਪਰ ਗੁਰੂ ਨਾਨਕ ਨਾਮ ਲੇਵਾ ਇਨ੍ਹਾਂ ਸੌੜੀਆਂ ਵਲਗਣਾਂ ਤੋਂ ਉੱਪਰ ਉੱਠ ਗਿਆ ਹੈ ਅਤੇ ਉਸਦੀ ਰੀਝ ਤਾਂ ਆਪਣੇ ਗੁਰੂ ਪਿਆਰੇ ਦੇ ਚਰਨਾ ਵਿੱਚ ਆਪਣਾਂ ਸੀਸ ਭੇਟ ਕਰਨ ਦੀ ਹੈੈੈ। ਸਮੇਂ ਦੇ ਹਾਕਮ ਜਾਂ ਉਨ੍ਹਾਂ ਦੇ ਲਾਏ ਹੋਏ ਸੂਬੇਦਾਰ ਭਾਵੇਂ ਜੋ ਵੀ ਬੋਲੀ ਜਾਣ ਗੁਰੂ ਦਾ ਖਾਲਸਾ ਆਪਣੇ ਅਤੇ ਗੁਰੂ ਦੇ ਰਾਹ ਵਿੱਚ ਕਿਸੇ ਅੜਿੱਕੇ ਦੀ ਪਰਵਾਹ ਨਹੀ ਕਰਦਾ।

ਅਸੀਂ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬਾਂ ਦੀ ਕਿਰਪਾ ਸਦਕਾ, ਸਮੁੱਚੀ ਸਿੱਖ ਕੌਮ ਦੀਆਂ ਅਰਦਾਸਾਂ ਸੰਪੂਰਨ ਹੋਣ ਅਤੇ ਵਿਛੜੇ ਹੋਏ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰੇ ਕੌਮ ਨੂੰ ਨਸੀਬ ਹੋਣ।