ਖੇਡਾਂ ਦਾ ਸਿਧਾਂਤਕ ਤੌਰ ਤੇ ਨਫਰਤ ਨਾਲ ਕੋਈ ਰਿਸ਼ਤਾ ਨਹੀ ਹੈ। ਬਲਕਿ ਖੇਡਾਂ ਤਾਂ ਖੇਡੀਆਂ ਹੀ ਨਫਰਤ ਘਟਾਉਣ ਲਈ ਜਾਂਦੀਆਂ ਹਨ। ਵੱਖ ਵੱਖ ਕੌਮਾਂ ਦਰਮਿਆਨ ਸੰਸਾਰ ਦੀ ਰਾਜਨੀਤੀ ਵਿੱਚ ਹੋਈ ਉਥਲ ਪੁਥਲ ਕਾਰਨ ਜੋ ਦੂਰੀਆਂ ਵਧ ਗਈਆਂ ਸਨ ਅਤੇ ਜੋ ਕੁੜਿੱਤਣਾਂ ਪੈਦਾ ਹੋ ਗਈਆਂ ਸਨ, ਖੇਡਾਂ ਇਨ੍ਹਾਂ ਕੁੜਿਤਣਾਂ ਨੂੰ ਦੂਰ ਕਰਨ ਲਈ ਹੀ ਖੇਡੀਆਂ ਜਾਣ ਲੱਗੀਆਂ ਸਨ, ਖਾਸ ਕਰਕੇ ਕੌਮੀ ਅਤੇ ਕੌਮਾਂਤਰੀ ਖੇਡਾਂ। ਬਹੁਤ ਲੰਬੇ ਸਮੇਂ ਤੋਂ ਦੁਨੀਆਂ ਵਿੱਚ ਜੋ ਨਸਲੀ ਵਿਤਕਰੇ ਦਾ ਇਤਿਹਾਸ ਰਿਹਾ ਸੀ ਉਸਨੇ ਵੱਖ ਵੱਖ ਕੌਮਾਂ ਦੇ ਮਨਾਂ ਵਿੱਚ ਨਫਰਤ ਪੈਦਾ ਕਰ ਦਿੱਤੀ ਸੀ। ਕੌਮਾਂਤਰੀ ਖੇਡ ਮੇਲੇ ਉਨ੍ਹਾਂ ਨਫਰਤਾਂ ਨੂੰ ਘਟਾਉਣ ਲਈ ਅਰੰਭ ਕੀਤੇ ਗਏ ਸਨ।

ਚਾਹੀਦਾ ਤਾਂ ਇਹ ਸੀ ਕਿ ਮਨੁੱਖ ਦੇ ਵਿਕਸਿਤ ਹੋਣ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਪੈਦਾ ਹੋਈ ਨਸਲੀ ਨਫਰਤ ਘਟਦੀ ਪਰ ਹਾਲੇ ਅਜਿਹਾ ਨਹੀ ਹੋ ਰਿਹਾ। ਬਹੁਤ ਸਾਰੀਆਂ ਕੌਮਾਂ ਅਤੇ ਨਸਲਾਂ ਦਰਮਿਆਨ 21ਵੀਂ ਸਦੀ ਵਿੱਚ ਵੀ ਇਹ ਨਫਰਤਾਂ ਦੇਖੀਆਂ ਜਾ ਸਕਦੀਆਂ ਹਨ।

ਇਹ ਨਫਰਤਾਂ ਗਰੀਬ ਅਤੇ ਵਿਕਾਸਸ਼ੀਲ ਆਖੇ ਜਾਂਦੇ ਮੁਲਕਾਂ ਵਿੱਚ ਹੀ ਨਹੀ ਹਨ ਬਲਕਿ ਆਪਣੇ ਆਪ ਨੂੰ ਦੁਨੀਆਂ ਦੀ ਸੱਭਿਅਤਾ ਦੇ ਮੋਹਰੇ ਅਖਵਾਉਣ ਵਾਲੇ ਇੰਗਲੈਂਡ ਵਿੱਚ ਅੱਜ ਵੀ ਇਹ ਨਫਰਤ ਉਵੇਂ ਹੀ ਦੇਖੀ ਜਾ ਸਕਦੀ ਹੈ। ਅੱਜ ਵੀ ਇੰਗਲੈਂਡ ਦੀ ਫੁੱਟਬਾਲ ਟੀਮ ਵਿੱਚ ਖੇਡਦੇ ਦੋ ਕਾਲੀ ਨਸਲ ਦੇ ਖਿਡਾਰੀ ਨਿਰੰਤਰ ਨਸਲੀ ਵਿਤਕਰੇ ਦਾ ਸ਼ਿਕਾਰ ਹੁੰਦੇ। ਸਟਰਲੰਗ ਅਤੇ ਰੈਸ਼ਫੋਰਡ ਨਾਅ ਦੇ ਇਹ ਖਿਡਾਰੀ ਸਭ ਤੋਂ ਵੱਧ ਗੋਰੀ ਨਸਲ ਦੇ ਲੋਕਾਂ ਦੀ ਨਫਰਤ ਦਾ ਸ਼ਿਕਾਰ ਹੁੰਦੇ ਹਨ। ਜੇ ਕਿਸੇ ਕੌਮਾਂਤਰੀ ਮੁਕਾਬਲੇ ਵਿੱਚ ਇਨ੍ਹਾਂ ਤੋਂ ਕੋਈ ਗਲਤੀ ਹੋ ਜਾਵੇ ਤਾਂ ਸ਼ੋਸ਼ਲ ਮੀਡੀਆ ਤੇ ਇਨ੍ਹਾਂ ਦੀ ਕਿਰਦਾਰਕੁਸ਼ੀ ਦਾ ਤੁਫਾਨ ਆ ਜਾਂਦਾ ਹੈ। ਕਈ ਕਈ ਦਿਨ ਬਦਤਮੀਜ਼ੀ ਦਾ ਇਹ ਤੂਫਾਨ ਠੱਲ੍ਹਦਾ ਨਹੀ ਹੈ।

ਅਜਿਹਾ ਹੀ ਭਾਰਤ ਵਿੱਚ ਹੁੰਦਾ ਹੈ। ਜਿਵੇਂ ਇੰਗਲੈਂਡ ਵਿੱਚ ਕਾਲੀ ਨਸਲ ਦੇ ਖਿਡਾਰੀਆਂ ਨੂੰ ਨਫਰਤ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ ਉਵੇਂ ਹੀ ਭਾਰਤ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਨੂੰ ਨਫਰਤ ਨਾਲ ਦੇਖਿਆ ਜਾਂਦਾ ਹੈ। ਭਾਰਤੀ ਕ੍ਰਿਕਟ ਟੀਮ ਵਿੱਚ ਜੇ ਕੋਈ ਮੁਸਲਿਮ ਜਾਂ ਸਿੱਖ ਖਿਡਾਰੀ ਆ ਜਾਵੇ ਤਾਂ ਉਸ ਲਈ ਖੇਡਣਾਂ ਅਸਹਿ ਕਰ ਦਿੱਤਾ ਜਾਂਦਾ ਹੈ। ਉਸਦੇ ਹਰ ਕਦਮ ਤੇ ਪੈਨੀ ਨਜ਼ਰ ਰੱਖੀ ਜਾਂਦੀ ਹੈ ਅਤੇ ਮੌਕਾ ਆਉਣ ਤੇ ਉਸਨੂੰ ਦੇਸ਼ ਧਰੋਹੀ ਗਰਦਾਨ ਦਿੱਤਾ ਜਾਂਦਾ ਹੈ।

ਨੌਜਵਾਨ ਕ੍ਰਿਕਟ ਖਿਡਾਰੀ ਅਰਸ਼ਦੀਪ ਸਿੰਘ ਨਾਲ ਵੀ ਅਜਿਹਾ ਹੀ ਹੋਇਆ ਹੈ। ਪਾਕਿਸਤਾਨ ਖਿਲਾਫ ਮੁਕਾਬਲੇ ਦੌਰਾਨ ਉਸਤੋਂ ਇੱਕ ਕੈਚ ਤਾਂ ਕੀ ਛੁੱਟਿਆ ਕਿ ਬਹੁਗਿਣਤੀ ਨੇ ਉਸਨੂੰ ਖਾਲਿਸਤਾਨੀ, ਪਾਕਿਸਤਾਨੀ ਅਤੇ ਦੇਸ਼-ਧਰੋਹੀ ਦੇ ਲਕਬ ਦੇਕੇ ਉਸਦੇ ਚਰਿੱਤਰ ਤੇ ਕਈ ਸੁਆਲ ਉਠਾ ਦਿੱਤੇ।

ਭਾਰਤ ਦੀ ਬਹੁ-ਗਿਣਤੀ ਕਿੰਨੀ ਅਸਹਿਣਸ਼ੀਲ ਹੋ ਗਈ ਹੈ ਇਸਦਾ ਮੁਜਾਹਰਾ ਉਹ ਵਾਰ ਵਾਰ ਵਰਦੀ ਆ ਰਹੀ ਹੈ। ਕਦੇ ਮੁਸਲਿਮ ਕਲਾਕਾਰਾਂ ਖਿਲਾਫ ਤੁਫਾਨੇ ਬਦਤਮੀਜ਼ੀ ਖੜਾ ਕਰ ਦਿੱਤਾ ਜਾਂਦਾ ਹੈ ਅਤੇ ਕਦੇ ਸਿੱਖ ਖਿਡਾਰੀਆਂ ਖਿਲਾਫ। ਬਹੁ-ਗਿਣਤੀ ਆਪੋ ਸਿਰਜੇ ਅਸੁਰੱਖਿਆ ਦੇ ਜਾਲ ਵਿੱਚ ਅਜਿਹਾ ਘਿਰ ਗਈ ਮਹਿਸੂਸ ਹੋ ਰਹੀ ਹੈ ਕਿ ਖੇਡ ਦੇ ਮੈਦਾਨ ਵਿੱਚ ਹੋਈ ਛੋਟੀ ਜਿਹੀ ਹਾਰ ਤੋਂ ਹੀ ਉਸਨੂੰ ਇਹ ਲਗਦਾ ਹੈ ਕਿ ਸਾਡਾ ਦੇਸ਼ ਹੁਣ ਵੀ ਟੁੱਟਿਆ ਤੇ ਹੁਣ ਵੀ ਟੁੱਟਿਆ। ਬਹੁਗਿਣਤੀ ਨਾ ਸਿੱਖਾਂ ਨੂੰ ਬਰਦਾਸ਼ਤ ਕਰਨਾ ਚਾਹੁੰਦੀ ਹੈ ਅਤੇ ਨਾ ਮੁਸਲਮਾਨਾਂ ਨੂੰ। ਵਿਦੇਸ਼ਾਂ ਵਿੱਚ ਵੱਡੇ ਅਹੁਦਿਆਂ ਤੇ ਪਹੁੰਚਿਆ ਹਰ ਸਿੱਖ ਇਨ੍ਹਾਂ ਲਈ ਅੱਤਵਾਦੀ ਬਣ ਜਾਂਦਾ ਹੈ। ਇਹ ਕਿਸੇ ਕੌਮ ਦੀ ਅੰਦਰੂਨੀ ਕੰਬਣੀ ਅਤੇ ਅਸੁਰੱਖਿਆ ਨੂੰ ਉਜਾਗਰ ਕਰਦੀ ਹੈ। ਰਾਜ ਕਰ ਰਹੀ ਕੌਮ ਅੰਦਰੋਂ ਕਿੰਨੀ ਡਰੀ ਹੋਈ ਹੈ, ਉਨ੍ਹਾਂ ਦੀ ਨਫਰਤ ਇਸਦਾ ਹੀ ਮੁਜਾਹਰਾ ਕਰਦੀ ਹੈ।

ਬਾਕੀ ਸਿੱਖਾਂ ਨੂੰ ਅਜਿਹੇ ਨਸਲੀ ਵਿਤਕਰੇ ਨੂੰ ਕਿਸੇ ਸੁਗਾਤ ਵਾਂਗ ਲੈਣਾਂ ਚਾਹੀਦਾ ਹੈ। ਜਿੰਨਾ ਬਹੁਗਿਣਤੀ ਆਪਣਾਂ ਇਹ ਘਟੀਆ ਰੂਪ ਦਿਖਾਵੇਗੀ ਓਨਾ ਹੀ ਅਮੀਰ ਸਿੱਖਾਂ ਨੂੰ ਅਹਿਸਾਸ ਹੋਵੇਗਾ ਕਿ ਸਾਡੀ ਥਾਂ ਇਸ ਦੇਸ਼ ਵਿੱਚ ਕੀ ਹੈ। ਹਾਲੇ ਸਿੱਖਾਂ ਦਾ ਅਮੀਰ ਵਰਗ ਅਤੇ ਈਲੀਟ ਵਰਗ ਇਹ ਸਮਝਦਾ ਹੈ ਕਿ ਦਰਦਮੰਦ ਸਿੱਖ ਜੋ ਵਿਤਕਰੇ ਦਾ ਰੌਲਾ ਪਾ ਰਹੇ ਹਨ ਉਹ ਝੂਠ ਬੋਲ ਰਹੇ ਹਨ। ਸਿੱਖਾਂ ਨਾਲ ਦੇਸ਼ ਵਿੱਚ ਕੋਈ ਵਿਤਕਰਾ ਨਹੀ ਹੁੰਦਾ। ਜਦੋਂ ਹੁਣ ਸੇਕ ਅਮੀਰ ਵਰਗ ਤੱਕ ਪਹੁੰਚੇਗਾ ਤਾਂ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਬਹੁਗਿਣਤੀ ਦੇ ਮਨਾਂ ਵਿੱਚ ਨਸਲਘਾਤੀ ਬਿਰਤੀ ਪੈਦਾ ਹੋ ਗਈ ਹੈ ਇਸ ਲਈ ਸਾਨੂੰ ਆਪਣੀ ਕੌਮ ਨਾਲ ਖੜ੍ਹਨਾ ਚਾਹੀਦਾ ਹੈ।

ਜੋ ਕੁਝ ਕ੍ਰਿਕਟ ਖਿਡਾਰੀ ਅਰਸ਼ਦੀਪ ਸਿੰਘ ਨਾਲ ਹੋਇਆ ਹੈ ਜੇ ਇਸ ਤਰ੍ਹਾਂ ਅਮੀਰ ਸਿੱਖਾਂ ਨਾਲ ਹੁੰਦਾ ਰਹੇ ਤਾਂ ਕੌਮ ਆਪਣੀਆਂ ਜੜ੍ਹਾਂ ਵੱਲ ਪਰਤ ਆਵੇਗੀ ਅਤੇ ਉਸਦੇ ਬਹੁਤ ਸਾਰੇ ਭੁਲੇਖੇ ਦੂਰ ਹੋ ਜਾਣਗੇ।