ਜੂਨ ਮਹੀਨੇ ਦਾ ਪਹਿਲਾ ਅਤੇ ਦੂਜਾ ਹਫਤਾ ਸਿੱਖ ਇਤਿਹਾਸ ਦਾ ਇੱਕ ਫੈਸਲਾਕੁੰਨ ਸਮਾਂ ਬਣ ਚੁੱਕਿਆ ਹੈ। ਹਰ ਸਾਲ ਜਦੋਂ ਜੂਨ ਮਹੀਨਾ ਚੜ੍ਹਦਾ ਹੈ ਤਾਂ ਸਿੱਖ ਪੰਥ ਦੇ ਮਨ ਮਸਤਕ ਵਿੱਚ ਉਨ੍ਹਾਂ ਮਰਜੀਵੜਿਆਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ ਜਿਨ੍ਹਾਂ ਨੇ ਆਪਣੇ ਪੰਥ, ਆਪਣੀ ਕੌਮ ਅਤੇ ਅਤੇ ਆਪਣੇ ਆਪੇ ਦੀ ਚੜ੍ਹਦੀਕਲਾ ਲਈ ਆਪਣਾਂ ਨਿੱਜ ਕੁਰਬਾਨ ਕਰ ਦਿੱਤਾ।

੧੯੮੪ ਦੇ ਜੂਨ ਮਹੀਨੇ ਨੇ ਸਿੱਖਾਂ ਨੂੰ ਆਪਣੀ ਨਿਆਰੀ ਹਸਤੀ ਅਤੇ ਹੋਂਦ ਦੀ ਸੋਝੀ ਦਿੱਤੀ। ਇਸੇ ਮਹੀਨੇ ਦੌਰਾਨ ਹੀ ਸਟੇਟ ਅਤੇ ਕੌਮ ਦੀ ਜੰਗ ਦੇ ਨਜ਼ਾਰੇ ਸਾਰੀ ਦੁਨੀਆਂ ਨੇ ਦੇਖੇ। ਦੋ ਤਖਤਾਂ ਅਤੇ ਦੋ ਵਿਚਾਰਧਾਰਾਵਾਂ ਇਸ ਸਮੇਂ ਦੌਰਾਨ ਆਪਣੀ ਹਸਤੀ ਦੇ ਬਚਾਅ ਲਈ ਮੈਦਾਨ ਵਿੱਚ ਨਿੱਤਰੀਆਂ। ਇੱਕ ਸ਼ਕਤੀ ਨੂੰ ਆਪਣੀ ਤਕਨੀਕੀ ਮੁਹਾਰਤ, ਆਪਣੇ ਆਧੁਨਿਕ ਹਥਿਆਰਾਂ ਅਤੇ ਵੱਡੀਆਂ ਤੋਪਾਂ ਤੇ ਮਾਣ ਸੀ ਪਰ ਦੂਜੇ ਪਾਸੇ ਜਿਨ੍ਹਾਂ ਦੇ ਧੜ ਤੇ ਸੀਸ ਸੀ ਉਨ੍ਹਾਂ ਨੂੰ ਆਪਣੇ ਗੁਰੂ ਦੀ ਬਖਸ਼ਿਸ਼ ਦਾ ਮਾਣ ਸੀ। ਲੜਾਈ ਬਿਲਕੁਲ ਅਸਾਵੀਂ ਸੀ ਪਰ ਇਸ ਅਸਾਵੀਂ ਲੜਾਈ ਵਿੱਚ ਵੀ ਸੀਸ ਤਲੀ ਤੇ ਧਰਕੇ ਲੜਨ ਵਾਲੇ ਸੂਰਮੇ ਇਤਿਹਾਸ ਵਿੱਚ ਆਪਣੀਆਂ ਪੈੜਾਂ ਪਾ ਗਏ ਸਨ। ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਹੇਠ ਆਪਣੀ ਹੋਂਦ ਦੀ ਰਾਖੀ ਲਈ ਲੜਨ ਵਾਲੇ ਬੀਰ ਜੁਝਾਰੂ ਇਨ੍ਹਾਂ ਦਿਨਾਂ ਦੌਰਾਨ ਕੌਮ ਲਈ ਆਪਣੀ ਜਿੰਮੇਵਾਰੀ ਨਿਭਾ ਗਏ ਸਨ। ਉਨ੍ਹਾਂ ਕਲਗੀਆਂ ਵਾਲੇ ਪਾਤਸ਼ਾਹ ਦੀ ਬਖਸ਼ਿਸ਼ ਨੂੰ ਆਪਣੇ ਅੰਗ ਸੰਗ ਮਾਣਿਆਂ ਅਤੇ ਦਿੱਲੀ ਤੋਂ ਚੜ੍ਹਕੇ ਆਈਆਂ ਵਹੀਰਾਂ ਨੂੰ ਖਾਲਸਾਈ ਜਲਾਲ ਦੇ ਦਰਸ਼ਨ ਕਰਵਾਏ।

ਜੂਨ ਮਹੀਨੇ ਦੇ ਇਨ੍ਹਾਂ ਦਿਨਾਂ ਦੌਰਾਨ ਹੀ ਸਿੱਖ ਗੁਰਧਾਮਾਂ ਦੇ ਦਰਸ਼ਨ ਕਰਨ ਆਏ ਹਜਾਰਾਂ ਸ਼ਰਧਾਲੂ ਸਟੇਟ ਦੀ ਨਫਰਤ ਦਾ ਸ਼ਿਕਾਰ ਹੋਕੇ ਸ਼ਹੀਦ ਹੋ ਗਏ। ਇਸੇ ਲਈ ਕੌਮ ਉਨ੍ਹਾਂ ਦੀ ਸ਼ਹਾਦਤ ਨੂੰ ਉਦਾਸ ਮਨ ਨਾਲ ਯਾਦ ਕਰਦੀ ਹੈ ਪਰ ਜਿਨ੍ਹਾਂ ਨੇ ਗੁਰੂ ਨਾਲ ਕੀਤੇ ਹੋਏ ਆਪਣੇ ਪ੍ਰਣ ਨਿਭਾਏ ਉਨ੍ਹਾਂ ਸੂਰਬੀਰਾਂ ਨੂੰ ਕੌਮ ਨਤਮਸਤਕ ਹੁੰਦੀ ਹੈ।

ਜੂਨ ੧੯੮੪ ਦੌਰਾਨ ਆਪਣੀ ਹੋਂਦ ਅਤੇ ਹਸਤੀ ਨੂੰ ਜਿੰਦਾ ਰੱਖਣ ਦੇ ਮਨਸ਼ੇ ਨਾਲ ਆਪਣਾਂ ਜੀਵਨ ਵਾਰ ਗਏ ਸਿੰਘ ਸਿੰਘਣੀਆਂ ਨੇ ਗੁਰੂ ਨਾਲ ਕੀਤੇ ਆਪਣੇ ਵਾਅਦੇ ਅਤੇ ਪ੍ਰਣ ਜਿੰਮੇਵਾਰੀ ਨਾਲ ਨਿਭਾ ਦਿੱਤੇ ਹਨ।

ਭਾਈ ਬਲਵੰਤ ਸਿੰਘ ਪ੍ਰੇਮੀ ਨੇ ਸਿੰਘ ਸ਼ਹੀਦਾਂ ਦੀ ਇਸ ਜਿੰਮੇਵਾਰੀ ਨੂੰ ਬਹੁਤ ਭਾਵੁਕ ਸ਼ਬਦਾਂ ਵਿੱਚ ਬਿਆਨ ਕੀਤਾ ਸੀ-
ਜੋ ਪ੍ਰਣ ਅਸਾਂ ਨੇ ਕੀਤਾ ਸੀ, ਉਹ ਸਿਰ ਦੇ ਨਾਲ ਨਿਭਾ ਚੱਲੇ
ਬਸ ਜਾਂਦੀ ਵਾਰੀ ਸਿੰਘ ਵੀਰੋ ਅਸੀਂ ਆਖਰੀ ਫਤਿਹ ਬੁਲਾ ਚੱਲੇ।

ਇਸਦੇ ਨਾਲ ਹੀ ਭਾਈ ਬਲਵੰਤ ਸਿੰਘ ਪ੍ਰੇਮੀ ਨੇ ਉਨ੍ਹਾਂ ਸ਼ਹੀਦਾਂ ਵੱਲੋਂ ਕੌਮ ਸਿਰ ਪਾਈ ਜਿੰਮੇਵਾਰੀ ਦਾ ਵੀ ਵਰਨਣ ਕੀਤਾ ਸੀ ਕਿ ਅਸੀਂ ਆਪਣੀ ਜਿੰਮੇਵਾਰੀ ਨਿਭਾ ਚੱਲੇ ਹਾਂ ਅਤੇ ਹੁਣ ਕੌਮ ਦੀ ਵਾਗਡੋਰ ਤੁਹਾਨੂੰ ਫੜਾ ਚੱਲੇ ਹਾਂ।

੧੯੮੪ ਦੇ ਸ਼ਹੀਦਾਂ ਦੀ ਵਿਰਾਸਤ ਅਤੇ ਜਿੰਮੇਵਾਰੀ ਹੁਣ ਸਿੱਖ ਕੌਮ ਦੀਆਂ ਅਗਲੀਆਂ ਪੀੜ੍ਹੀਆਂ ਤੇ ਹੈ। ਸਾਡੇ ਸਾਰਿਆਂ ਤੇ ਹੈ। ਅਸੀਂ ਸ਼ਹੀਦ ਸਿੰਘਾਂ ਦੇ ਪਾਏ ਪੂਰਨਿਆਂ ਤੇ ਚੱਲਕੇ ਉਸ ਮਸ਼ਾਲ ਨੂੰ ਜਗਾਈ ਰੱਖਣਾਂ ਹੈ ਜਿਸ ਨੂੰ ਸਲਾਮਤ ਰੱਖਣ ਲਈ ਸ਼ਹੀਦ ਸਿੰਘਾਂ ਨੇ ਆਪਣੀ ਜਾਨ ਦੇ ਦਿੱਤੀ ਸੀ। ਉਨ੍ਹਾਂ ਨੇ ਜਿਸ ਕਿਸਮ ਦੇ ਭਵਿੱਖ ਦੀ ਕਾਮਨਾ ਲਈ ਆਪਣੀ ਜਾਨ ਵਾਰੀ ਉਹ ਕੌਮੀ ਇੱਕਜੁੱਟਤਾ ਅਤੇ ਏਕਤਾ ਸੀ। ਸਾਨੂੰ ਆਪਣੀ ਸ਼ਹਾਦਤ ਨਾਲ ਸ਼ਹੀਦ ਸਿੰਘਾਂ ਨੇ ਇਹ ਜਿੰਮੇਵਾਰੀ ਸੌਂਪੀ ਸੀ ਕਿ ਕੌਮ ਨੇ ਆਪਣੀ ਸਾਰੀ ਸਰਗਰਮੀ ਕੌਮ ਵਿੱਚ ਏਕਤਾ ਬਣਾਈ ਰੱਖਣ ਲਈ ਕਰਨੀ ਹੈ। ਬੇਸ਼ੱਕ ਕੌਮ ਵਿੱਚ ਵੱਖ ਵੱਖ ਜਥੇਬੰਦੀਆਂ ਅਤੇ ਸੰਸਥਾਵਾਂ ਦੀ ਹੋਂਦ ਮੌਜੂਦ ਹੈ ਪਰ ਇਸਦੇ ਬਾਵਜੂਦ ਵੀ ਸ਼ਹੀਦ ਸਿੰਘਾਂ ਦੀ ਸ਼ਹਾਦਤ ਇਹ ਸੰਦੇਸ਼ ਦੇ ਰਹੀ ਹੈ ਕਿ ਕੌਮੀ ਕਾਜ ਦੀ ਪ੍ਰਾਪਤੀ ਲਈ ਅਸੀਂ ਆਪਣੇ ਨਿੱਕੇ ਮੋਟੇ ਮੱਤਭੇਦ ਭੁਲਾ ਕੇ ਇੱਕਜੁਟ ਰਹਿਣਾਂ ਹੈ। ਸਾਡੀਆਂ ਅੱਖਾਂ ਵਿੱਚ ਮੱਤਭੇਦ ਨਹੀ ਤੈਰਨੇ ਚਾਹੀਦੇ ਬਲਕਿ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਦਾ ਅਹਿਸਾਸ ਤੈਰਨਾ ਚਾਹੀਦਾ ਹੈ। ਸ਼ਹੀਦਾਂ ਦਾ ਸੰਦੇਸ਼ ਏਨਾ ਮਹਾਨ ਅਤੇ ਮਜਬੂਤ ਹੈ ਕਿ ਭਾਵੇਂ ਉਸ ਨੂੰ ਯਾਦ ਰੱਖਣ ਵਾਲੇ ਵਕਤ ਪਾਕੇ ਥੋੜ੍ਹੇ ਵੀ ਰਹਿ ਜਾਣ ਪਰ ਉਸਦੀ ਖੂਬਸੂਰਤੀ ਖਤਮ ਨਹੀ ਹੋਣੀ ਚਾਹੀਦੀ। ਕਿਉਂਕਿ ੧੯੮੪ ਦੇ ਸ਼ਹੀਦਾਂ ਨੇ ਲੱਖਾਂ ਦੀ ਗਿਣਤੀ ਵਿੱਚ ਚੜ੍ਹਕੇ ਆਈ ਫੌਜ ਨਾਲ ਮੁਕਾਬਲਾ ਕਰਕੇ ਦਿਖਾ ਦਿੱਤਾ ਹੈ ਕਿ ਕੌਮੀ ਕਾਜ ਦੀ ਪ੍ਰਾਪਤੀ ਲਈ ਗਿਣਤੀ ਕੋਈ ਅਰਥ ਨਹੀ ਰੱਖਦੀ ਬਲਕਿ ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਮਹਾਨ ਹੁੰਦੀ ਹੈ। ਕੌਮੀ ਕਾਜ ਦੀ ਪ੍ਰਾਪਤੀ ਦਾ ਸੰਘਰਸ਼ ਗਿਣਤੀਆਂ ਮਿਣਤੀਆਂ ਦਾ ਮੁਥਾਜ ਨਹੀ ਹੁੰਦਾ ਬਲਕਿ ਇਸ ਨੂੰ ਇੱਕ ਅਜਿਹੀ ਅਗੰਮੀ ਅਤੇ ਰੁਹਾਨੀ ਸ਼ਕਤੀ ਚਲਾ ਰਹੀ ਹੁੰਦੀ ਹੈ ਜੋ ਗਿਣਤੀਆਂ ਤੋਂ ਬਹੁਤ ਪਾਰ ਹੁੰਦੀ ਹੈ। ਇਸ ਲਈ ੧੯੮੪ ਦੇ ਸ਼ਹੀਦਾਂ ਦਾ ਇਹ ਸੰਦੇਸ਼ ਸਾਨੂੰ ਸਾਰੇ ਦਰਦਮੰਦ ਸਿੱਖਾਂ ਨੂੰ ਯਾਦ ਰੱਖਣਾਂ ਚਾਹੀਦਾ ਹੈ।