ਦੁਨੀਆਂ ਦੇ ਇਤਿਹਾਸ ਵਿੱਚ ਫੌਜੀ ਜਰਨੈਲਾਂ ਦਾ ਨਾਅ ਸਤਿਕਾਰ ਨਾਲ ਲਿਆ ਜਾਂਦਾ ਹੈ। ਕੌਮਾਂ ਆਪਣੇ ਨਾਇਕਾਂ (ਜਰਨੈਲਾਂ) ਤੇ ਸਦੀਆਂ ਤੱਕ ਮਾਣ ਕਰਦੀਆਂ ਹਨ। ੁuਨ੍ਹਾਂ ਦੇ ਕਾਰਨਾਮਿਆਂ ਅਤੇ ਫੌਜੀ ਮੁਹਿੰਮਾਂ ਨੂੰ ਪੀੜ੍ਹੀ ਦਰ ਪੀੜ੍ਹੀ ਪੜਾਇਆ ਜਾਂਦਾ ਹੈ। ਉਨ੍ਹਾਂ ਵਰਗੇ ਬਣਨ ਦੀ ਤੀਬਰ ਇੱਛਾ ਕੌਮਾਂ ਦੇ ਮਨ ਵਿੱਚ ਭਰੀ ਜਾਂਦੀ ਹੈ। ਕਿਉਂਕਿ ਜਰਨੈਲ ਸਿਰਫ ਆਪਣੀਆਂ ਫੌਜੀ ਮੁਹਿੰਮਾਂ ਕਾਰਨ ਹੀ ਨਹੀ ਜਾਣੇ ਜਾਂਦੇ ਬਲਕਿ ਉਨ੍ਹਾਂ ਦਾ ਉਚਾ ਸੁੱਚਾ ਜੀਵਨ, ਭੋਲਾਪਣ, ਛਲ ਕਪਟ ਤੋਂ ਰਹਿਤ ਜਿੰਦਗੀ ਅਤੇ ਆਪਣੇ ਅਕੀਦੇ ਲਈ ਜਾਨ ਦੇ ਦੇਣ ਦੀ ਤੀਬਰ ਇੱਛਾ ਅਤੇ ਸਭ ਤੋਂ ਵਧਕੇ ਆਪਣੇ ਨਾਲ ਦੇ ਸਾਥੀਆਂ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਨ ਦਾ ਜਜਬਾ ਉਨ੍ਹਾਂ ਨੂੰ ਮਹਾਨ ਜਰਨੈਲਾਂ ਦੀ ਸ਼੍ਰੇਣੀ ਵਿੱਚ ਲੈ ਆਉਂਦਾ ਹੈ।

ਇਤਿਹਾਸ ਵਿੱਚ ਕੁਝ ਜਰਨੈਲ ਅਜਿਹੇ ਹੁੰਦੇ ਹਨ ਜੋ ਟੀਸੀ ਦੇ ਬੇਰ ਤੋੜਨ ਲਈ ਜਾਣੇ ਜਾਂਦੇ ਹਨ, ਕੁਦਰਤ ਅਜਿਹੇ ਜਰਨੈਲਾਂ ਤੇ ਏਨੀ ਮਿਹਰਬਾਨ ਹੁੰਦੀ ਹੈ ਕਿ ਹਾਲਾਤ ੁuਨ੍ਹਾਂ ਦੀ ਦ੍ਰਿੜਤਾ ਦੇ ਅੱਗੇ ਵਿਛਦੇ ਜਾਂਦੇ ਹਨ, ਉਹ ਜੋ ਕੁਝ ਵੀ ਚਿਤਵਦੇ ਹਨ ਉਸਨੂੰ ਧੁਰ ਤੱਕ ਤੋੜ ਨਿਭਾ ਦੇਂਦੇ ਹਨ।
ਭਾਈ ਗੁਰਜੰਟ ਸਿੰਘ ਬੁਧਸਿੰਘਵਾਲਾ। ਸਿੱਖ ਇਤਿਹਾਸ ਦਾ ਬੇਖੌਫ ਜਰਨੈਲ। ੨੦ਵੀਂ ਸਦੀ ਦੇ ਇਤਿਹਾਸ ਨੇ ਜਿਸ ਅੱਗੇ ਗੋਡੇ ਟੇਕ ਦਿੱਤੇ ਸਨ ਉਹ ਜਿਸ ਪਾਸੇ ਵੀ ਵਿਚਰਦਾ ਸੀ ਕੁਦਰਤ ਉਸ ਨੂੰ ਆਪਣੇ ਬਹਾਦਰ ਸਪੂਤ ਵਾਂਗ ਰਾਹ ਦੇਂਦੀ ਸੀ। ਬਹੁਤ ਹੌਲੀ ਹੌਲੀ ਬੋਲਣ ਵਾਲਾ, ਸ਼ਰਮੀਲਾ ਅਤੇ ਨੀਵੀਂ ਪਾ ਕੇ ਵਿਚਰਨ ਵਾਲਾ ਸਿੱਖ ਲਹਿਰ ਦਾ ਇਹ ਮਹਾਨ ਜਰਨੈਲ ਜਦੋਂ ਰਣ ਤੱਤੇ ਵਿੱਚ ਉਤਰਦਾ ਸੀ ਤਾਂ ਸਾਰੀਆਂ ਔਕੜਾਂ ਆਪਣੇ ਆਪ ਦੂਰ ਹੋ ਜਾਂਦੀਆਂ ਸਨ। ਐਕਸ਼ਨ ਉਸਦੇ ਲਹੂ ਵਿੱਚ ਸਮਾਏ ਹੋਏ ਸਨ। ਉਹ ਅਤੇ ਐਕਸ਼ਨ ਇੱਕਮਿੱਕ ਹੋ ਗਏ ਸਨ। ਗੁਰਜੰਟ ਸਿੰਘ ਦੀ ਹੋਂਦ ਹੀ ਐਕਸ਼ਨਾਂ ਨਾਲ ਸੀ। ਪੰਥ ਦੇ ਦੁਸ਼ਮਣ ਉਸਦੀ ਰੂਹ ਵਿੱਚ ਉਤਰੇ ਹੋਏ ਸਨ। ਹਰ ਕਿਸੇ ਨਾਲ ਇਨਸਾਫ ਕਰਨ ਦੀ ਉਸਦੀ ਰੁਚੀ ਅਤੇ ਤੀਬਰਤਾ ਉਸਦੇ ਇਲਾਹੀ ਗੁਣ ਸਨ। ਹਰ ਵੱਡੀ ਕਾਰਵਾਈ ਵਿੱਚ ਉਹ ਆਪ ਸ਼ਾਮਲ ਹੁੰਦਾ ਸੀ। ਐਕਸ਼ਨ ਦੀ ਨੀਤੀ ਗੁਰਜੰਟ ਸਿੰਘ ਆਪ ਵਿਉਂਤਦਾ ਸੀ, ਸਾਥੀਆਂ ਨੂੰ ਉਨ੍ਹਾਂ ਦੀ ਜਿੰਮੇਵਾਰੀ ਦੱਸਦਾ ਸੀ, ਐਕਸ਼ਨ ਦਾ ਇੱਕ ਇੱਕ ਪਲ ਉਸਦੇ ਜਿਹਨ ਵਿੱਚ ਹੁੰਦਾ ਸੀ। ਜੇ ਐਕਸ਼ਨ ਸਫਲ ਨਾ ਹੋਇਆ ਤਾਂ ਕੀ ਰਣਨੀਤੀ ਹੋਵੇਗੀ ਉਹ ਵੀ ਉਸਦੇ ਮਨ ਵਿੱਚ ਹੁੰਦੀ ਸੀ।

ਲੁਧਿਆਣੇ ਦੀਆਂ ਗਲੀਆਂ ਵਿੱਚ ਸਾਇਕਲ ਤੇ ਦੁਧ ਪਾਉਣ ਵਾਲੀ ਡਰੰਮੀ ਬੰਨ੍ਹ ਕੇ ਉਹ ਕੌਮ ਦੋਖੀਆਂ ਲਈ ਮੌਤ ਬਣਕੇ ਵਿਚਰਦਾ ਸੀ। ਗੁਰਜੰਟ ਸਿੰਘ ਦੀ ਖਾਸੀਅਤ ਇਹ ਸੀ ਕਿ ਉਹ ਕਦੇ ਵੀ ਆਪਣੇ ਸਾਥੀਆਂ ਨੂੰ ਐਕਸ਼ਨ ਦੀ ਭੱਠੀ ਵਿੱਚ ਝੋਕ ਕੇ ਆਪ ਪਾਸਾ ਨਹੀ ਸੀ ਵੱਟਦਾ, ਹਰ ਐਕਸ਼ਨ ਵਿੱਚੋਂ ਉਹ ਸਭ ਤੋਂ ਬਾਅਦ ਆਪ ਬਾਹਰ ਨਿਕਲਦਾ ਸੀ। ਆਪਣੇ ਸਾਥੀਆਂ ਨੂੰ ਉਹ ਆਪਣੇ ਬੱਚਿਆਂ ਵਾਂਗ ਪਿਆਰ ਕਰਦਾ ਸੀ। ਇੱਕ ਪਿਓ ਜਿਵੇਂ ਆਪਣੇ ਬੱਚਿਆਂ ਨੂੰ ਸਾਂਭ ਸਾਂਭ ਰੱਖਦਾ ਹੈ ਇਸੇ ਤਰ੍ਹਾਂ ਗੁਰਜੰਟ ਸਿੰਘ ਆਪਣੇ ਸਾਥੀਆਂ ਨੂੰ ਮਾਂ-ਬਾਪ ਵਾਂਗ ਸਾਂਭਦਾ ਸੀ। ਸਾਰੇ ਸਾਥੀਆਂ ਦੇ ਸੁਰੱਖਿਅਤ ਬਾਹਰ ਨਿਕਲ ਜਾਣ ਤੋਂ ਬਾਅਦ ਹੀ ਉਹ ਆਪਣੇ ਟਿਕਾਣੇ ਵੱਲ ਰਵਾਨਾ ਹੁੰਦਾ ਸੀ। ਜਦੋਂ ਉਸਦੇ ਸਾਥੀ ਇੱਕ ਟਿਕਾਣੇ ਤੇ ਕਦੇ ਕਦੇ ਇਕੱਠੇ ਹੁੰਦੇ ਤਾਂ ਦਸਦੇ ਹਨ ਕਿ ਸਾਰੀ ਰਾਤ ਉਠ-ਉਠ ਕੇ ਉਨ੍ਹਾਂ ਤੇ ਰਜਾਈਆਂ ਦੇਂਦਾ ਰਹਿੰਦਾ ਸੀ।

ਸਿੱਖ ਲਹਿਰ ਦਾ ਚੜ੍ਹਦਾ ਸੂਰਜ ਸੀ ਭਾਈ ਗੁਰਜੰਟ ਸਿੰਘ। ਸਿੱਖੀ ਦਾ ਦਰਦ ਉਸਦੇ ਰੋਮ ਰੋਮ ਵਿੱਚ ਵਸਿਆ ਹੋਇਆ ਸੀ। ਏਨਾ ਵੱਡਾ ਜਰਨੈਲ ਹੋਣ ਦੇ ਬਾਵਜੂਦ ਵੀ ਉਸਦੇ ਵਿੱਚ ਕਦੇ ਮਾਣ ਜਾਂ ਆਕੜ ਵਾਲਾ ਕਣ ਨਜ਼ਰ ਨਹੀ ਸੀ ਆਇਆ। ਉਹ ਅਜਿਹਾ ਜਰਨੈਲ ਸੀ ਜੋ ਦਰਿਆਵਾਂ ਦੇ ਮੂੰਹ ਮੋੜਨ ਦੀ ਸਮਰਥਾ ਰੱਖਦਾ ਸੀ, ਜੋ ਪਹਾੜਾਂ ਦੇ ਸੀਨੇ ਪਾੜ ਸਕਦਾ ਸੀ। ਜਦੋਂ ਕਦੇ ਵੀ ਸਿੱਖ ਲਹਿਰ ਦੇ ਕੁਝ ਚੋਟੀ ਦੇ ਲੀਡਰਾਂ ਦੀ ਸ਼ਹਾਦਤ ਕਾਰਨ ਲਹਿਰ ਦਾ ਰੌਂਅ ਮੱਠਾ ਪੈਣ ਲਗਦਾ ਉਹ ਇੱਕੋ ਐਕਸ਼ਨ ਨਾਲ ਸਾਰੀ ਦਰਿਅਵਾਂ ਦੇ ਮੂੰਹ ਮੋੜ ਦੇਂਦਾ ਸੀ। ੁuਸਦੀ ਨਿੱਜੀ ਜਿੰਦਗੀ ਏਨੀ ਬੁਲੰਦ ਸੀ ਕਿ ਉਹ ਕਿਸੇ ਵੀ ਸਾਥੀ ਉ%ਤੇ ਆਪਣੀ ਮਰਜੀ ਥੋਪਦਾ ਨਹੀ ਸੀ, ਇਸੇ ਲਈ ਕਦੇ ਵੀ ਕਿਸੇ ਸਾਥੀ ਨੇ ਉਸਦੀ ਸਲਾਹ ਦਾ ਵਿਰੋਧ ਨਹੀ ਸੀ ਕੀਤਾ। ਉਸਦੇ ਸਾਥੀ ਵੀ ਉਸਦਾ ਪਿਤਾ ਵਾਂਗ ਸਤਿਕਾਰ ਕਰਦੇ ਸਨ ਇਸੇ ਲਈ ਵੱਡੇ ਵੱਡੇ ਜਰਨੈਲ ਉਸਦੀ ਕਮਾਨ ਹੇਠ ਕੰਮ ਕਰਨ ਨੂੰ ਆਪਣਾਂ ਚੰਗਾ ਭਾਗ ਸਮਝਦੇ ਸਨ। ਭਾਈ ਗੁਰਜੰਟ ਸਿੰਘ ਕੋਲ ਹੀ ਜਰਨੈਲਾਂ ਦੀ ਇੱਕ ਅਜਿਹੀ ਸੁਲਝੀ ਹੋਈ ਟੀਮ ਸੀ ਜੋ ਸਾਰੇ ਭਾਰਤ ਵਿੱਚ ਕਾਰਵਾਈਆਂ ਕਰਨ ਦੀ ਸਮਰਥਾ ਰੱਖਦੀ ਸੀ। ਡਾਕਟਰ ਪ੍ਰੀਤਮ ਸਿੰਘ ਸੇਖੋਂ, ਭਾਈ ਨਵਨੀਤ ਸਿੰਘ ਕਾਦੀਆਂ, ਭਾਈ ਦਇਆ ਸਿੰਘ ਲਹੌਰੀਆ, ਭਾਈ ਮਨਜਿੰਦਰ ਸਿੰਘ ਈਸੀ, ਭਾਈ ਮਨੋਹਰ ਸਿੰਘ ਧੀਰਾ, ਭਾਈ ਦੇਵਿੰਦਰਪਾਲ ਸਿੰਘ, ਭਾਈ ਦੇਵਪਾਲ ਸਿੰਘ, ਭਾਈ ਅਵਤਾਰ ਸਿੰਘ ਤਾਰੀ,ਡਾਕਟਰ ਦਰਸ਼ਪ੍ਰੀਤ ਸਿੰਘ ਰੂਮੀ ਅਤੇ ਸੈਂਕੜੇ ਹੋਰ ਜੋ ਆਪਣੀ ਕੌਮ ਤੋਂ ਸਭ ਕੁਝ ਵਾਰਨ ਦੀ ਸਮਰਥਾ ਰੱਖਦੇ ਸਨ। ਏਨੇ ਵੱਡੇ ਇਰਾਦਿਆਂ ਵਾਲਾ ਕੌਮ ਦਾ ਇਹ ਜਰਨੈਲ ਆਪਣੇ ਭੋਲੇਪਣ ਕਾਰਨ ਕੁਲਦੀਪ ਮਾਣਕ ਦਾ ਬਹੁਤ ਵੱਡਾ ਪ੍ਰਸੰਸਕ ਸੀ। ਮਾਣਕ ਦੇ ਅਖਾੜੇ ਨੂੰ ਸੁਣਨਾ ਉਸਦਾ ਸ਼ੌਕ ਸੀ, ਮਾਣਕ ਨੂੰ ਵੀ ਪਤਾ ਹੁੰਦਾ ਸੀ ਕਿ ਅੱਜ ਉਹ ਆਏ ਹੋਏ ਹਨ ਉਸ ਵੇਲੇ ਉਹ ਵੀ ਜਰਨੈਲਾਂ ਦੀਆਂ ਵਾਰਾਂ ਨਾਲ ਨਿਹਾਲ ਕਰ ਦੇਂਦਾ ਸੀ। ਪੰਜਾਬ ਦੀ ਧਰਤੀ ਦੇ ਚੱਪੇ ਚੱਪੇ ਦਾ ਵਾਕਿਫ ਸੀ ਭਾਈ ਗੁਰਜੰਟ ਸਿੰਘ ਇਸੇ ਲਈ ਵੱਡੇ ਮੁਕਾਬਲਿਆਂ ਵਿੱਚੋਂ ਸਾਫ ਨਿਕਲ ਜਾਣਾਂ ਉਸਦੀ ਕਰਾਮਾਤ ਹੀ ਸੀ। ਭਾਵੇਂ ਗੋਬਿੰਦ ਰਾਮ ਹੋਵੇ, ਦਲਜੀਤ ਮਾਂਗਟ ਹੋਵੇ, ਸੁਬੋਧ ਕਾਂਤ ਸਹਾਏ ਹੋਵੇ ਉਸਨੇ ਜੋ ਐਕਸ਼ਨ ਵੀ ਕੀਤੇ ਕਿਤੇ ਮਾਰ ਨਹੀ ਖਾਧੀ।

ਇਤਿਹਾਸ ਵਿੱਚ ਬਹੁਤ ਘੱਟ ਜਰਨੈਲ ਹੁੰਦੇ ਹਨ ਜੋ ਪੈਦਾ ਹੋਈ ਸਥਿਤੀ ਦਾ ਮੂੰਹ ਮੋੜ ਦੇਣ ਦੀ ਸਮਰੱਥਾ ਰੱਖਦੇ ਹੁੰਦੇ ਹਨ ਭਾਈ ਗੁਰਜੰਟ ਸਿੰਘ ਵਿੱਚ ਇਹ ਸਮਰਥਾ ਕੁਦਰਤ ਨੇ ਭਰੀ ਹੋਈ ਸੀ। ਇਸੇ ਲਈ ਜਦੋਂ ਉਨ੍ਹਾਂ ਦੀ ਸੰਘਰਸ਼ ਲਈ ਲੋੜ ਨੂੰ ਮੁਖ ਰੱਖਦਿਆਂ ਉਨ੍ਹਾਂ ਦੇ ਸਾਥੀਆਂ ਨੇ ਕੁਝ ਸਮੇਂ ਲਈ ਪੰਜਾਬ ਤੋਂ ਬਾਹਰ ਟਿਕ ਜਾਣ ਦੀ ਬੇਨਤੀ ਕੀਤੀ ਤਾਂ ਆਪ ਨੇ ਬਹੁਤ ਪਿਆਰ ਨਾਲ ਉਨ੍ਹਾਂ ਨੂੰ ਜੁਆਬ ਦੇ ਦਿੱਤਾ। ਰਾਜਸਥਾਨ, ਦੇਹਰਾਦੂਨ, ਦਿੱਲੀ ਅਤੇ ਭਾਰਤ ਦੇ ਹੋਰ ਥਾਵਾਂ ਤੇ ਸਿੰਘਾਂ ਦੇ ਟਿਕਾਣੇ ਸਨ। ਸਿੱਖ ਲਹਿਰ ਦੇ ਬਹੁਤ ਸਾਰੇ ਹਮਦਰਦਾਂ ਨੇ ਵੀ ਆਪਣੀਆਂ ਸੇਵਾਵਾਂ ਭੇਟ ਕੀਤੀਆਂ ਪਰ ਭਾਈ ਗੁਰਜੰਟ ਸਿੰਘ ਇੱਕ ਅਸਲ ਜਰਨੈਲ ਸੀ ਉਸ ਲਈ ਪੰਜਾਬ ਛੱਡਣਾਂ ਬੇਦਾਵਾ ਦੇਣ ਦੇ ਬਰਾਬਰ ਸੀ। ਇਸੇ ਲਈ ਜਦੋਂ ਸਰਕਾਰੀ ਕਹਿਰ ਵਧ ਜਾਣ ਕਾਰਨ ਟੀਮ ਦੇ ਮੈਬਰ ਪੰਜਾਬ ਦੀ ਸਰਹੱਦ ਤੇ ਰਹਿਣ ਲ਼ੱਗੇ ਤਾਂ ਆਪ ਲਹਿਰ ਦੇ ਵੱਡੇ ਆਗੂਆਂ ਦੀ ਸ਼ਹਾਦਤ ਕਾਰਨ ਪਈ ਭਾਜੀ ਨੂੰ ਮੋੜ ਦੇਣ ਲਈ ਵੱਡੇ ਐਕਸ਼ਨ ਪਲਾਨ ਕਰਨ ਲ਼ੱਗੇ ਤਾਂ ਕਿ ਸਰਕਾਰੀ ਧਿਰ ਨੂੰ ਵੱਡਾ ਜੁਆਬ ਦਿੱਤਾ ਜਾ ਸਕੇ। ਅਜਿਹੇ ਹੀ ਕਿਸੇ ਵੱਡੇ ਐਕਸ਼ਨ ਦੀ ਤਿਆਰੀ ਕਰਦੇ ਹੋਏ ਸਿੱਖ ਕੌਮ ਦੇ ਜਰਨੈਲ ੩੦ ਜੁਲਾਈ ੧੯੯੨ ਨੂੰ ਸ਼ਹਾਦਤ ਦਾ ਜਾਮ ਪੀ ਗਏ।ਉਨ੍ਹਾਂ ਦੀ ਸ਼ਹਾਦਤ ਨੇ ਸਿੱਖ ਲਹਿਰ ਨੂੰ ਬਹੁਤ ਵੱਡਾ ਧੱਕਾ ਲਗਾਇਆ ਕਿਉਂਕਿ ਜਿੰਨੀ ਵੱਡੀ ਟੀਮ ਦੀ ਉਹ ਅਗਵਾਈ ਕਰ ਰਹੇ ਸਨ ਉਸਨੂੰ ਸੰਭਾਲਣ ਦੀ ਸਮਰਥਾ ਸਿਰਫ ਉਨ੍ਹਾਂ ਕੋਲ ਹੀ ਸੀ। ੁuਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਸਿੱਖ ਲਹਿਰ ਦੀ ਅਗਵਾਈ ਕਰ ਰਹੀ ਪੰਥਕ ਕਮੇਟੀ ਦਾ ਬਿਆਨ ਵੀ ਕਾਫੀ ਉਦਾਸ ਕਰ ਦੇਣ ਵਾਲਾ ਸੀ। ਖ਼ੈਰ ਆਪਣੀ ਬਹਾਦਰੀ ਦੀਆਂ ਪੈੜਾਂ ਪਾਕੇ ਸਾਡੇ ਸਮਿਆਂ ਦਾ ਇਹ ਮਹਾਨ ਜਰਨੈਲ ਗੁਰੂ ਸਾਹਿਬ ਦੀ ਗੋਦ ਵਿੱਚ ਜਾ ਬਿਰਾਜਿਆ ਅਤੇ ਕੌਮ ਦੀ ਹੋਣੀ ਸਿਰਜਣ ਦਾ ਕਾਰਜ ਅਗਲੀ ਪੀੜ੍ਹੀ ਦੇ ਸਪੁਰਦ ਕਰ ਗਿਆ।