ਪਿਛਲੇ ਦੋ ਸਾਲ ਤੋਂ ਜਦੋਂ ਤੋਂ ੨੦੧੪ ਦੀ ਨਵੀਂ ਸਰਕਾਰ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸੱਤਾ ਵਿੱਚ ਆਈ ਹੈ ਉਸ ਸਮੇਂ ਤੋਂ ਹੀ ਚੋਣਾਂ ਤੋਂ ਪਹਿਲਾਂ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਜੋ ਕਿ ਰਾਜਨੀਤਿਕ, ਧਾਰਮਿਕ ਤੇ ਸਾਮਜਿਕ ਪੱਖੋਂ ਇਹ ਦਰਸਾ ਰਹੀਆਂ ਹਨ ਕਿ ਭਾਰਤ ਅੰਦਰ ਅੱਜ ਸੂਝਵਾਨ ਲੋਕੀ ਆਪਣੇ ਮਨ ਦੀ ਗੱਲ ਕਰਨ ਤੋਂ ਘਬਰਾਉਂਣ ਲੱਗੇ ਹਨ। ਇਸ ਕਰਕੇ ਸ਼ਹਿਨਸ਼ੀਲਤਾ ਅਤੇ ਅਸ਼ਹਿਣਸ਼ੀਲਤਾ ਬਾਰੇ ਗੰਭੀਰ ਵਿਵਾਦ ਖੜਾ ਹੋ ਗਿਆ ਹੈ। ਇਨਾਂ ਦੋਨਾਂ ਦੇ ਪ੍ਰਭਾਵ ਅਧੀਨ ਕਈ ਸ਼ਹਿਰਾਂ ਤੇ ਕਸਬਿਆਂ ਵਿੱਚ ਸਿਆਸੀ, ਸਮਾਜਿਕ ਅਤੇ ਰਾਜਨੀਤਿਕ ਟਕਰਾ ਸਹਿਜੇ ਹੀ ਉਠ ਖੜਾ ਹੋਇਆ ਹੈ। ਇਸਦੀ ਸਭ ਤੋਂ ਗੰਭੀਰ ਦਿੱਖ ਪਿਛਲੇ ਕੁਝ ਦਿਨਾਂ ਦੌਰਾਨ ਪੱਛਮੀ ਬੰਗਾਲ ਦੇ ਇੱਕ ਕਸਬੇ ਮਾਲਦਾ ਵਿੱਚ ਸੰਪਰਦਾਇਕ ਪੱਖੋਂ ਕਾਫੀ ਵੱਡੀ ਹਿੰਸਾ ਦੇ ਰੂਪ ਵਿੱਚ ਸਾਹਮਣੇ ਆਈ ਹੈ। ਇਸਦਾ ਕਾਰਨ ਪਿਛਲੇ ਕੁਝ ਸਮੇਂ ਅੰਦਰ ਕਿਸੇ ਹਿੰਦੂ ਨੇਤਾ ਵੱਲੋਂ ਮੁਸਲਮਾਨ ਸੰਪਰਦਾ ਦੇ ਰਹਿਬਰ ਬਾਰੇ ਕੀਤੀ ਟਿੱਪਣੀ ਕਰਕੇ ਮੁਸਲਮਾਨ ਸੰਪਰਦਾਇ ਨੇ ਇੱਕ ਮੌਲਵੀ ਦੇ ਫਤਵੇ ਕਰਕੇ ਵੱਡੀ ਭੀੜ ਇੱਕਠੀ ਕਰਕੇ ਮਾਲਦਾ ਦੇ ਸਾਰੇ ਹੀ ਪ੍ਰਸਾਸ਼ਨਿਕ ਤੰਤਰ ਅਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਭਾਰੀ ਜਾਨੀ ਤੇ ਮਾਲੀ ਨੁਕਸਾਨ ਪਹੁੰਚਾਇਆ। ਇਸ ਕਰਕੇ ਸਾਰੇ ਭਾਰਤ ਅੰਦਰ ਹੀ ਥਾਂ ਥਾਂ ਤੇ ਕਿਸੇ ਇੱਕ ਦੂਜੇ ਬਾਰੇ ਸ਼ਹਿਣਸੀਲਤਾ ਤੇ ਅਸ਼ਹਿਣਸ਼ੀਲਤਾ ਦੇ ਵਿਵਾਦ ਕਰਕੇ ਕੀਤੀਆਂ ਜਾਂਦੀਆਂ ਟਿੱਪਣੀਆਂ ਕਾਰਨ-ਸੰਪਰਦਾਇਕਤਾ ਵਿੱਚ ਵੱਧ ਰਹੇ ਖਲਾਅ ਹੋਰ ਡੂੰਘੇ ਹੋ ਰਹੇ ਹਨ।

ਇਸੇ ਤਰਾਂ ਪਿਛਲੇ ਕੁਝ ਦਿਨਾਂ ਅੰਦਰ ਹੈਦਰਾਬਾਦ ਵਿਸ਼ਵਵਿਦਿਆਲਾ ਵਿੱਚ ਇੱਕ ਨੌਜਵਾਨ ਜੋ ਕਿ ਦਲਿਤ ਭਾਈਚਾਰੇ ਨਾਲ ਸਬੰਧਤ ਸੀ ਅਤੇ ਹੈਦਰਾਬਾਦ ਵਿਸ਼ਵਵਿਦਿਆਲਾ ਵਿੱਚ ਉੱਚ ਸਿੱਖਿਅ ਲੈ ਰਿਹਾ ਸੀ, ਨੂੰ ਪ੍ਰਸ਼ਾਸਨਿਕ ਦਬਾਅ ਕਰਕੇ ਅਤੇ ਜਾਤੀਵਾਦ ਦੇ ਪ੍ਰਭਾਵ ਕਰਕੇ ਖੁਦਕਸ਼ੀ ਕਰਨੀ ਪਈ ਹੈ। ਇਸ ਘਟਨਾ ਕਰਕੇ ਸਾਰੇ ਭਾਰਤ ਵਿੱਚ ਹੀ ਜਾਤੀਵਾਦ ਕਰਕੇ ਦਲਿਤ ਸਮਾਜ ਨਾਲ ਉੱਚ-ਵਿਦਿਆਲਿਆਂ ਵਿੱਚ ਭਾਰਤ ਦੀ ਅਜਾਦੀ ਤੋਂ ਬਾਅਦ ਵਖਰੇਵਿਆਂ ਦਾ ਦੌਰ ਸਮੇਂ ਨਾਲ ਇੱਕ ਗੰਭੀਰ ਵਿਸ਼ਾ ਬਣ ਗਿਆ ਹੈ ਤੇ ਇਹ ਜਾਤੀਵਾਦ ਦਾ ਪਾੜਾ ਘੁਣ ਵਾਂਗੂੰ ਭਾਰਤੀ ਸਮਾਜ ਨੂੰ ਵੰਡੀਆਂ ਅਤੇ ਹੋਰ ਸਮੱਸਿਆਵਾਂ ਵੱਲ ਧਕੇਲ ਰਿਹਾ ਹੈ।

ਭਾਰਤ ਦੀ ਅਜਾਦੀ ਤੋਂ ਬਾਅਦ ਇਹ ਜਾਤੀਵਾਦ ਦੀ ਸਮੱਸਿਆ ਹੱਲ ਹੋਣ ਦੀ ਬਜਾਇ ਆਪਣਾ ਪ੍ਰਭਾਵ ਖਾਸ ਕਰਕੇ ਸਕੂਲਾਂ ਕਾਲਜਾਂ ਵਿੱਚ ਇੱਕ ਛੂਤ ਦੀ ਬੀਮਾਰੀ ਵਾਂਗ ਚਿੰਬੜ ਗਿਆ ਹੈ। ਇਸੇ ਤਰਾਂ ਜੇ ਆਪਾਂ ਫਿਲਮੀ ਸਮਾਜ ਦੀ ਗੱਲ ਕਰ ਲਈਏ ਉਸ ਵਿੱਚ ਵੀ ਸ਼ਹਿਣਸ਼ੀਲਤਾ ਅਤੇ ਅਸ਼ਹਿਣਸ਼ੀਲਤਾ ਦੇ ਮੁੱਦੇ ਕਰਕੇ ਨਾਮਵਾਰ ਐਕਟਰਾਂ ਵੱਲੋਂ ਸਹਿਜੇ ਵਿੱਚ ਹੀ ਭਾਰਤੀ ਸਮਾਜ ਦੀ ਰੂਪ ਰੇਖਾ ਬਾਰੇ ਉਠਾਏ ਸਵਾਲ ਉਨਾਂ ਦੀ ਘੇਰਾਬੰਦੀ ਅਤੇ ਜਾਤੀ ਦੂਸ਼ਣਬਾਜੀ ਦਾ ਸਬੱਬ ਬਣ ਰਹੇ ਹਨ। ਜਿਸ ਕਰਕੇ ਇਨਾਂ ਨਾਮੀ ਹਸਤੀਆਂ ਨੂੰ ਆਪਣੇ ਸਹਿਜੇ ਹੀ ਮਨ ਦੀ ਸਥਿਤੀ ਬਾਰੇ ਉਠਾਏ ਪ੍ਰਸਨ ਉਨਾਂ ਲਈ ਜਾਨੀ ਤੇ ਮਾਲੀ ਨੁਕਸਾਨ ਦਾ ਕਾਰਨ ਤਾਂ ਬਣ ਹੀ ਰਹੇ ਹਨ ਸਗੋਂ ਉਨਾਂ ਨੂੰ ਕੁਝ ਰਾਜਨੀਤਿਕ ਹਸਤੀਆਂ ਵੱਲੋਂ ਦੇਸ਼ ਛੱਡ ਪਾਕਿਸਤਾਨ ਵਿੱਚ ਜਾਣ ਲਈ ਖੁਲੇਆਮ ਆਖਿਆ ਜਾ ਰਿਹਾ ਹੈ ਤਾਂ ਜੋ ਕੋਈ ਵੀ ਫਿਲਮ ਜਗਤ ਦੀ ਨਾਮੀ ਹਸਤੀ ਕਦੀ ਭੁੱਲ ਕੇ ਵੀ ਸਮਾਜ ਪ੍ਰਤੀ ਅਤੇ ਚੱਲ ਰਹੇ ਸ਼ਹਿਣਸ਼ੀਲਤਾ ਅਤੇ ਅਸ਼ਹਿਣਸ਼ੀਲਤਾ ਦਾ ਵਿਵਾਦ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਗੁਰੇਜ਼ ਕਰਨ। ਭਾਵੇਂ ਕਿ ਇਸ ਸ਼ਹਿਣਸ਼ੀਲਤਾ ਤੇ ਅਸ਼ਹਿਣਸ਼ੀਲਤਾ ਦੇ ਮੁੱਦੇ ਬਾਰੇ ਪਿਛਲੇ ਕੁਝ ਸਮੇਂ ਦੌਰਾਨ ਭਾਰਤੀ ਸਮਾਜ ਦੀਆਂ ਨਾਮੀ ਹਸਤੀਆਂ ਲਿਖਾਰੀਆਂ ਅਤੇ ਹੋਰ ਵਿਸ਼ਿਆਂ ਨਾਲ ਸਬੰਧਤ ਲੋਕਾਂ ਵੱਲੋਂ ਉਨਾਂ ਨੂੰ ਮਿਲੇ ਰਾਸ਼ਟਰੀ ਸਨਮਾਨ ਵੀ ਵਿਰੋਧ ਵਜੋਂ ਵਾਪਸ ਕਰ ਦਿੱਤੇ ਗਏ ਹਨ। ਪਰ ਇਸ ਸ਼ਹਿਣਸ਼ੀਲਤਾ ਤੇ ਅਸ਼ਹਿਣਸ਼ੀਲਤਾ ਦਾ ਵਿਵਾਦ ਲਗਾਤਾਰ ਜਾਰੀ ਹੈ।

ਬੀਤੇ ਕਲ ਹੀ ਇਸ ਵਿਸ਼ੇ ਸਬੰਧੀ ਤੇ ਮਨ ਦੀ ਅਜਾਦੀ ਪ੍ਰਤੀ ਇੱਕ ਨਾਮੀ ਫਿਲਮ ਸਾਜਕਾਰ ਵੱਲੋਂ ਇਹ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਕਿ ਪਤਾ ਨਹੀਂ ਮੇਰੇ ਵੱਲੋਂ ਕਹੇ ਕੁਝ ਅੱਖਰ ਜਾਂ ਬੋਲ ਮੇਰੀ ਨਿੱਜ ਦੀ ਅਜਾਦੀ ਪ੍ਰਤੀ ਰੁਕਾਵਟ ਨਾ ਬਣ ਜਾਣ ਤੇ ਪਤਾ ਨਹੀਂ ਕਦੋਂ ਮੇਰੇ ਕਹੇ ਹੋਏ ਸਹਿਜੇ ਵਿੱਚ ਹੀ ਕੁਝ ਅੱਖਰ ਮੇਰੇ ਲਈ ਕੋਈ ਕਨੂੰਨੀ ਸ਼ਿੰਕੰਜਾ ਨਾ ਬਣ ਜਾਣ। ਇੱਕ ਪਾਸੇ ਨਵੀਂ ਭਾਰਤ ਦੀ ਸਰਕਾਰ ਦੁਨੀਆਂ ਦੇ ਕੋਨੇ ਕੋਨੇ ਵਿੱਚ ਜਾ ਕੇ ਆਪਣੇ ਵੱਲੋਂ ਨਵਾਂ ਭਾਰਤ ਸਿਰਜਣ ਦੀ ਵਿਆਖਿਆ ਕਰ ਰਹੀ ਹੈ ਅਤੇ ਜੇ ਅੰਕੜਿਆਂ ਤੇ ਝਾਤ ਮਾਰੀ ਜਾਵੇ ਤਾਂ ਜਿੰਨੀ ਖੜੋਤ ਹੁਣ ਭਾਰਤ ਦੇ ਭਵਿੱਖ ਦੀਆਂ ਨੀਤੀਆਂ ਬਾਰੇ ਸਾਹਮਣੇ ਆਈ ਹੈ ਉਹ ਸ਼ਾਇਦ ਕਦੇ ਪਹਿਲੇ ਪ੍ਰਤੱਖ ਰੂਪ ਵਿੱਚ ਸਾਹਮਣੇ ਨਹੀਂ ਆਈ ਸੀ। ਇਸ ਕਰਕੇ ਨਵੇਂ ਭਾਰਤ ਦੀ ਸਿਰਜਣਾ ਤੇ ਤਰੱਕੀ ਜਿਸ ਵਿੱਚ ਸਿਰਫ ਪਿਛਲੇ ਢਾਈ ਦਹਾਇਆਂ ਤੋਂ ਕਾਰਪੋਰੇਟ ਘਰਾਣਿਆਂ, ਪੂੰਜੀਪਤੀਆਂ, ਵਪਾਰੀਆਂ, ਕਾਰੋਬਾਰੀਆਂ, ਜਗੀਰਦਾਰਾਂ, ਸੱਤਾਸ਼ੀਲ ਰਾਜਨੀਤੀਵਾਲਾ, ਉੱਚ ਅਫਸਰਸ਼ਾਹਾਂ, ਅਪਰਾਧੀ ਸਰਗਣਾ, ਵੱਡੇ ਫਿਲਮੀ ਸਿਤਾਰਿਆਂ, ਕ੍ਰਿਕਟਰਾਂ, ਨਸ਼ੇ ਤਸਕਰਾਂ ਅਤੇ ਪ੍ਰਾਪਰਟੀ ਡੀਲਰਾਂ ਦਾ ਵੱਧ ਵਿਕਾਸ ਹੋਇਆ ਹੈ ਬਾਕੀ ਦੇ ਲੋਕ ਤਾਂ ਵਿਚਾਰੇ ਇਸ ਸਰਬਪੱਖੀ ਵਿਕਾਸ ਦੇ ਨਾਮ ਹੇਠਾਂ ਗਰੀਬੀ ਦੀ ਚੱਕੀ ਵਿੱਚ ਹੀ ਦੋ ਡੰਗ ਦੀ ਰੋਟੀ ਦੀ ਤਲਾਸ਼ ਵਿੱਚ ਪੀਸੇ ਗਏ ਹਨ ਅਤੇ ਭਾਰਤੀ ਸਮਾਜ ਹਰ ਪੱਖ ਤੋਂ ਅੱਜ ਸ਼ਹਿਣਸ਼ੀਲਤਾ ਤੇ ਅਸ਼ਹਿਣਸ਼ੀਲਤਾ ਵਰਗੇ ਮੁੱਦਿਆਂ ਵਿੱਚ ਹੀ ਵੰਡਿਆ ਦਿਖਾਈ ਦੇ ਰਿਹਾ ਹੈ।