ਖਾਲਸਾ ਪੰਥ ਨੂੰ ਗੁਰੂ ਸਾਹਿਬਾਨ ਨੇ ਪਾਤਸ਼ਾਹੀ ਦਾਵਾ ਬਖਸ਼ਿਸ਼ ਕੀਤਾ ਹੈੈ। ਖਾਲਸਾ ਜੀ ਦੀ ਸਿਰਜਣਾਂ ਇੱਕ ਅਜਿਹੇ ਸੰਸਾਰ ਨੂੰ ਹੋਂਦ ਵਿੱਚ ਲਿਆਉਣ ਲਈ ਹੋਈ ਹੈ ਜਿੱਥੇ ਕੋਈ ਵੀ ਮਨੁੱਖ ਕਿਸੇ ਨੂੰ ਮਹਿਜ਼ ਇਸ ਗੱਲ ਕਾਰਨ ਨਫਰਤ ਨਾ ਕਰੇ ਕਿ ੳਹ ਕਿਸੇ ਹੋਰ ਧਰਮ, ਜਤ, ਨਸਲ ਜਾਂ ਬੋਲੀ ਨਾਲ ਸਬੰਧ ਰੱਖਦਾ ਹੈੈ। ਦੁਨਿਆਵੀ ਬਾਦਸ਼ਾਹੀਆਂ ਜਿੱਥੇ ਹਰ ਕਦਮ ਅਤੇ ਹਰ ਚਾਲ ਮਨੁੱਖਤਾ ਨੂੰ ਗੁਲਾਮ ਬਣਾਉਣ ਲਈ ਚੱਲੀ ਜਾਂਦੀ ਉਸ ਦੇ ਮੁਕਾਬਲੇ ਖਾਲਸਾ ਪੰਥ ਨੂੰ ਬਖਸ਼ਿਸ਼ ਕੀਤੀ ਹੋਈ ਪਾਤਸ਼ਾਹੀ ਕਿਤੇ ਵੱਡੇ ਰੁਹਾਨੀ ਅਰਥ ਰੱਖਦੀ ਹੈੈ। ਇਤਿਹਾਸ ਗਵਾਹ ਹੈ ਕਿ ਜਦੋਂ ਜਦੋਂ ਵੀ ਖਾਲਸਾ ਜੀ ਨੇ ਸੱਚੇ ਪਾਤਸ਼ਾਹ ਵੱਲੋਂ ਬਖਸ਼ੇ ਉਸ ਪਾਤਸ਼ਾਹੀ ਦਾਵੇ ਨੂੰ ਉਸਦੀ ਸਹੀ ਰੂਹ ਵਿੱਚ ਉਜਾਗਰ ਕੀਤਾ ਹੈ ਤਾਂ ਦੁਨੀਆਂ ਭਰ ਦੀਆਂ ਸਲਤਨਤਾਂ, ਖਾਲਸਾ ਜੀ ਦੇ ਚਰਨਾ ਵਿੱਚ ਢਹਿ ਪਈਆਂ ਹਨ। ਇਸੇ ਲਈ ਖਾਲਸਾ ਜੀ ਨੇ ਕਦੇ ਵੀ ਦੁਨਿਆਵੀ ਰਾਜ ਦੀਆਂ ਉਹੋ ਜਿਹੀਆਂ ਲਾਲਸਾਵਾਂ ਨਹੀ ਕੀਤੀਆਂ ਜਿਹੋ ਜਿਹੀਆਂ ਲਾਲਸਾਵਾਂ ਫਾਸ਼ੀ ਤਾਕਤਾਂ ਹਮੇਸ਼ਾ ਰੱਖਦੀਆਂ ਹਨ।
ਅੱਜ ਬੇਸ਼ੱਕ ਅਸੀਂ ਪੰਥਕ ਦਰਦ ਰੱਖਣ ਵਾਲੇ ਇਸ ਗੱਲੋਂ ਝੋਰਾ ਕਰਦੇ ਹਾਂ ਕਿ ਖਾਲਸਾ ਪੰਥ ਆਪਣੇ ਗੁਰੂ ਸਾਹਿਬ ਜੀ ਦੀਆਂ ਸਿਖਿਆਵਾਂ ਤੋਂ ਮੂੰਹ ਮੋੜਕੇ ਬਿਪਰਨ ਕੀ ਰੀਤ ਨੂੰ ਅਪਨਾਉਂਦਾ ਜਾ ਰਿਹਾ ਹੈ ਪਰ ਪਿਛਲੇ ਦਿਨੀ ਪੰਜਾਬ ਵਿੱਚ ਅਤੇ ਪੰਜਾਬ ਤੋਂ ਬਾਹਰ ਖਾਲਸਾ ਜੀ ਨੇ ਆਪਣੇ ਪਾਤਸ਼ਾਹੀ ਦਾਵੇ ਨੂੰ ਜਿਵੇਂ ਉਜਾਗਰ ਕੀਤਾ ਹੈ ਉਸ ਨਾਲ ਨਾ ਕੇਵਲ ਖਾਲਸਾ ਜੀ ਦੇ ਕੌਮੀ ਚਰਿੱਤਰ ਤੇ ਮਾਣ ਮਹਿਸੂਸ ਹੋਇਆ ਬਲਕਿ ਇਹ ਗੱਲ ਵੀ ਸਿੱਧ ਹੋਈ ਕਿ ਖਾਲਸਾ ਜੀ ਦਾ ਹਿੰਦੂ ਕੌਮ ਨਾਲ ਕੁਝ ਵੀ ਸਾਂਝਾ ਨਹੀ ਹੈ। ਖਾਲਸਾ ਜੀ ਦੀ ਸੋਚਣੀ, ਕਹਿਣੀ, ਰਹਿਣੀ ਅਤੇ ਬਹਿਣੀ ਬਿਲਕੁਲ ਖਾਲਸਾਈ ਹੈ ਅਤੇ ਪੂਰੀ ਤਰ੍ਹਾਂ ਭਾਰੂ ਹਿੰਦੂ ਬਹੁ-ਗਿਣਤੀ ਨਾਲੋਂ ਵੱਖਰੀ ਹੈੈ। ਬੇਸ਼ੱਕ ਵਕਤੀ ਤੌਰ ਤੇ ਖਾਲਸਾ ਜੀ ਦੇ ਜੀਵਨ ਵਿੱਚ ਕੁਝ ਬਿਪਰਵਾਦੀ ਅਲਾਮਤਾਂ ਆ ਗਈਆਂ ਹੋਣ ਪਰ ਖਾਲਸਾ ਜੀ ਦੇ ਦਾਮਨ ਨੂੰ ਅੱਜ ਵੀ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੀ ਰੂਹ ਵੱਡੀ ਪੱਧਰ ਤੇ ਅਗਵਾਈ ਦੇ ਰਹੀ ਹੈੈ। ਖਾਲਸਾ ਜੀ ਪੂਰੀ ਤਰ੍ਹਾਂ ਆਪਣੇ ਜਨਮ ਦਾਤਾ ਪੈਗੰਬਰਾਂ ਦੇ ਸੰਦੇਸ਼ ਤੋਂ ਵਿਰਵਾ ਨਹੀ ਹੋਇਆ ਹੈੈ।
ਸਮੁੱਚੇ ਭਾਰਤ ਵਿੱਚ ਪਿਛਲੇ ਦਿਨੀ ਹਿੰਦੂ ਭੀੜਾਂ ਨੇ ਕਸ਼ਮੀਰ ਤੋਂ ਪੜ੍ਹਨ ਆਏ ਵਿਦਿਆਰਥੀਆਂ ਨੂੰ ਆਪਣੇ ਰੋਹ ਦਾ ਨਿਸ਼ਾਨਾ ਬਣਾਕੇ ਆਪਣੀ ਸਦੀਆਂ ਪੁਰਾਣੀ ਆਦਤ ਦਾ ਮੁਜਾਹਰਾ ਕੀਤਾ। ਲਾਚਾਰ, ਬੇਵਸ ਅਤੇ ਵਕਤ ਦੇ ਅੜਿੱਕੇ ਆਏ ਹੋਏ ਮਜਲੂਮਾਂ ਨੂੰ ਆਪਣੇ ਜਬਰ ਦਾ ਨਿਸ਼ਾਨਾ ਬਣਾਉਣਾਂ ਬਹੁ-ਗਿਣਤੀ ਦੇ ਵੱਡੇ ਹਿੱਸੇ ਦਾ ਸੁਭਾਅ ਹੈੈ। ਇਹ ਸੁਭਾਅ ਅਤੇ ਆਦਤ ਇਤਿਹਾਸਕ ਹੈੈ। ਇਸੇ ਲਈ ਕਸ਼ਮੀਰ ਵਿੱਚ ਕੋਈ ਬੰਬ ਧਮਾਕਾ ਹੋਣ ਦੀ ਵਜਾਹ ਕਰਕੇ ਹਿੰਦੂ ਭੀੜਾਂ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਨਾ ਕੇਵਲ ਆਪਣੇ ਜਬਰ ਦਾ ਨਿਸ਼ਾਨਾ ਬਣਾਇਆ ਬਲਕਿ ਉਨ੍ਹਾਂ ਨੂੰ ਇਹ ਸੰਦੇਸ਼ ਵੀ ਦਿੱਤਾ ਕਿ ਭਾਰਤ ਵਿੱਚ ਕਿਤੇ ਵੀ ਉਨ੍ਹਾਂ ਲਈ ਕੋਈ ਥਾਂ ਨਹੀ ਹੈੈ।
ਕਸ਼ਮੀਰੀ ਵਿਦਿਆਰਥੀਆਂ ਖਿਲਾਫ ਜਬਰ ਦੀ ਇਹ ਮੁਹਿੰਮ ਕਈ ਦਿਨ ਚਲਦੀ ਰਹੀ। ਵਿਚਾਰੇ ਕਈ ਦਿਨ ਆਪਣੀ ਜਾਨ ਨੂੰ ਬਚਾਉਣ ਲਈ ਜਬਰ ਨਾਲ ਮੱਥਾ ਲਾਉਂਦੇ ਰਹੇ। ਇਸ ਸਮੇਂ ਦੌਰਾਨ ਕੋਈ ਵੀ ਧਰਮ-ਨਿਰਪੱਖ ਹਿੰਦੂ ਜਾਂ ਅਖੌਤੀ ਕਾਮਰੇਡ ਜਬਰ ਸਹਿ ਰਹੇ ਕਸ਼ਮੀਰੀਆਂ ਦੇ ਹੱਕ ਵਿੱਚ ਨਹੀ ਆਇਆ।
ਪਰ ਗੁਰੂ ਸਾਹਿਬ ਦੇ ਪਾਤਸ਼ਾਹੀ ਦਾਵੇ ਨਾਲ ਓਤਪੋਤ ਸਿੱਖ ਕੌਮ ਨੇ ਆਪਣੀ ਜਾਨ ਤੇ ਖੇਡਕੇ ਨਾ ਕੇਵਲ ਕਸ਼ਮੀਰੀ ਵਿਦਿਆਰਥੀਆਂ ਦੀ ਰਾਖੀ ਕੀਤੀ ਬਲਕਿ ਵੱਡੀ ਪੱਧਰ ਤੇ ਉਨ੍ਹਾਂ ਨੂੰ ਸੁਰੱਖਿਅਤ ਆਪੋ ਆਪਣੇ ਘਰਾਂ ਵਿੱਚ ਪਹੁੰਚਾ ਕੇ ਇਹ ਦਰਸਾ ਦਿੱਤਾ ਕਿ 18ਵੀਂ ਸਦੀ ਦੇ ਇਤਿਹਾਸ ਨੂੰ ਆਪਣੀ ਕੌਮੀ ਰਵਾਇਤ ਸਮਝਣ ਅਤੇ ਮੰਨਣ ਵਾਲੇ ਗੁਰੂ ਜੀ ਦੇ ਖਾਲਸੇ ਅੱਜ ਵੀ ਜਿੰਦਾ ਹਨ। ਮਤ ਕੋਈ ਸੋਚੇ ਕਿ ਹਿੰਦੂਆਂ ਦੀਆਂ ਬਹੂ-ਬੇਟੀਆਂ ਨੂੰ ਜਾਲਮਾਂ ਕੋਲੋਂ ਛੁਡਵਾ ਕੇ ਘਰੋ-ਘਰੀ ਪਹੁੰਚਾਉਣ ਵਾਲੇ ਸੂਰਮੇ ਬੀਤੇ ਇਤਿਹਾਸ ਦੀਆਂ ਗੱਲਾਂ ਹਨ ਪਰ 21ਵੀਂ ਸਦੀ ਵਿੱਚ ਵੀ ਖਾਲਸਾ ਜੀ ਨੇ ਆਪਣੇ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨੂੰ ਮੁੜ ਤੋਂ ਸੁਰਜੀਤ ਕਰ ਦਿੱਤਾ।
ਇੱਕ ਪਾਸੇ ਜਦੋਂ ਸਮੁੱਚਾ ਭਾਰਤ ਕਸ਼ਮੀਰੀਆਂ ਖਿਲਾਫ ਨਫਰਤ ਦੇ ਅੰਗਾਰ ਉਗਲ ਰਿਹਾ ਸੀ ਉਸ ਵੇਲੇ ਖਾਲਸਾ ਜੀ, ਦੁਨਿਆਵੀ ਬਾਦਸ਼ਾਹੀਆਂ ਨਾਲ ਮੱਥਾ ਲਾ ਕੇ ਸਮੁੱਚੇ ਹਿੰਦੂ ਜਗਤ ਦੀ ਨਫਰਤ ਦਾ ਪਾਤਰ ਬਣਕੇ ਵੀ ਆਪਣੇ ਇਤਿਹਾਸ ਅਤੇ ਰਵਾਇਤਾਂ ਉੱਤੇ ਪਹਿਰਾ ਦੇ ਰਿਹਾ ਸੀ।
ਜਿਸ ਕਿਸਮ ਦੇ ਮਨੁੱਖੀ-ਭਾਵਨਾਵਾਂ ਨਾਲ ਅਤੇ ਇੱਜਤ ਨਾਲ ਭਰੇ ਹੋਏ ਸੰਦੇਸ਼ ਕਸ਼ਮੀਰੀ ਵਿਦਿਆਰਥੀਆਂ ਨੇ ਆਪਣੀ ਘਰ ਪਹੁੰਚ ਕੇ ਖਾਲਸਾ ਜੀ ਦੇ ਸਤਿਕਾਰ ਵਿੱਚ ਭੇਜੇ ਹਨ ਉਸਨੇ ਸਿੱਧ ਕਰ ਦਿੱਤਾ ਹੈ ਕਿ ਦੁਨਿਆਵੀ ਬਾਦਸ਼ਾਹੀਆਂ ਦੇ ਮੁਕਾਬਲੇ ਖਾਲਸਾ ਜੀ ਦਾ ਪਾਤਸ਼ਾਹੀ ਦਾਵਾ ਅੱਜ ਵੀ ਆਪਣੇ ਜਲੌਅ ਬਿਖੇਰ ਰਿਹਾ ਹੈੈ।
ਭਾਰਤੀ ਸਰਕਾਰ ਵੱਲੋਂ ਕਸ਼ਮੀਰ ਵਿੱਚ ਸਿੱਖ ਫੌਜੀਆਂ ਨੂੰ ਤਸ਼ੱਦਦ ਵਾਲੀ ਮਸ਼ੀਨ ਦੇ ਪੁਰਜੇ ਬਣਾਕੇ ਜਿਵੇਂ ਕਸ਼ਮੀਰੀਆਂ ਅਤੇ ਖਾਲਸਾ ਜੀ ਦਰਮਿਆਨ ਦੁਸ਼ਮਣੀ ਪਾਉਣ ਦੇ ਯਤਨ ਹੋ ਰਹੇ ਸਨ, ਖਾਲਸਾ ਜੀ ਦੇ ਇੱਕੋ ਕਦਮ ਨੇ ਸਾਰੇ ਘਟੀਆ ਹੱਥਕੰਡੇ ਨਕਾਰ ਕੇ ਰੱਖ ਦਿੱਤੇ ਹਨ।
ਸ਼ੱਚਮੁੱਚ ਇਹ ਹੈ ਸੱਚੇ ਗੁਰੂ ਦੀ ਸੱਚੀ ਪਾਤਸ਼ਾਹੀ ਦਾ ਜਲਵਾ।