ਸਿੱਖ ਐਜੂਕੇਸ਼ਨ ਕੌਂਸਲ ਵੱਲੋਂ ਤੀਜੀ ਪੰਜਾਬੀ ਕਾਨਫਰੰਸ ਬਰਤਾਨੀਆ ਦੇ ਸ਼ਹਿਰ ਲੈਸਟਰ ਵਿਖੇ 29-30 ਜੁਲਾਈ ਨੂੰ ਕਰਵਾਈ ਗਈ। ਇਹ ਕਾਨਫਰੰਸ ਸਿੰਘ ਸਭਾ ਗੁਰਦੁਆਰਾ ਸਾਊਥਾਲ ਅਤੇ ਗੁਰੂ ਤੇਗ ਬਹਾਦਰ ਗੁਰਦੁਆਰਾ ਲੈਸਟਰ ਅਤੇ ਕੁਝ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਰੀ ਗਈ। ਇਸ ਸਬੰਧੀ ਕਾਨਫਰੰਸ ਦੇ ਪਰਬੰਧਕਾਂ ਵੱਲੋਂ ਪੰਜਾਬੀ ਦੇ ਨਾਮਵਾਰ ਸਾਹਿਤਕਾਰਾਂ ਦੇ ਸੁਨੇਹੇ ਵੀਡੀਓ ਸੰਦੇਸ਼ਾਂ ਰਾਹੀਂ ਪਰਸਾਰਤ ਕੀਤੇ ਗਏ ਜਿਨ੍ਹਾਂ ਵਿੱਚ ਸੁਰਜੀਤ ਪਾਤਰ, ਗੁਰਭਜਨ ਗਿੱਲ ਅਤੇ ਲਖਵਿੰਦਰ ਜੌਹਲ ਸ਼ਾਮਲ ਸਨ। ਪੰਜਾਬੀ ਬੋਲੀ ਦੇ ਅਮੀਰ ਵਿਰਸੇ ਅਤੇ ਇਤਿਹਾਸ ਬਾਰੇ ਇੱਕ ਦਸਤਾਵੇਜ਼ੀ ਫਿਲਮ ਵੀ ਕਾਨਫਰੰਸ ਦੇ ਅਰੰਭ ਵੇਲੇ ਵਿਖਾਈ ਗਈ।
29 ਜੁਲਾਈ ਨੂੰ ਕਾਨਫਰੰਸ ਦਾ ਪਹਿਲਾ ਭਾਗ ਇੰਗਲੈਂਡ ਵਿੱਚ ਪੰਜਾਬੀ ਪੜ੍ਹਾ ਰਹੇ ਅਧਿਆਪਕਾਂ ਦੀਆਂ ਜਰੂਰਤਾਂ ਅਤੇ ਦਰਪੇਸ਼ ਚੁਣੌਤੀਆਂ ਨੂੰ ਸਮਰਪਿਤ ਸੀ ਜਿਸ ਵਿੱਚ ਅਧਿਆਪਕਾਂ ਨੇ ਆਪਣੀ ਅਧਿਆਪਨ ਵਿਧੀ, ਇਸ ਦੀਆਂ ਵੱਖ ਵੱਖ ਵੰਨਗੀਆਂ ਬਾਰੇ ਚਾਨਣਾਂ ਪਾਇਆ ਅਤੇ ਇਸ ਪਰਬੰਧ ਨੂੰ ਹੋਰ ਸੁਧਾਰਨ ਲਈ ਆਪਣੇ ਕੀਮਤੀ ਸੁਝਾਅ ਵੀ ਦਿੱਤੇ। ਸਕੂਲ ਪੱਧਰ ਦੀ ਪੰਜਾਬੀ ਲਈ ਲੋੜੀਂਦੇ ਸਾਧਨਾਂ ਅਤੇ ਸਲੇਬਸ ਵਿੱਚ ਸੁਧਾਰ ਬਾਰੇ ਵੀ ਪੰਜਾਬੀ ਅਧਿਆਪਕਾਂ ਨੇ ਆਪਣੇ ਬਹੁਮੁੱਲੇ ਵਿਚਾਰ ਪੇਸ਼ ਕੀਤੇ।
ਦੂਜੇ ਭਾਗ ਵਿੱਚ ਪੰਜਾਬੀ ਦੀ ਤਕਨੀਕੀ ਸ਼ਬਦਾਵਲੀ ਦੀ ਉਸਾਰੀ ਸਬੰਧੀ ਡਾਕਟਰ ਬਲਦੇਵ ਸਿੰਘ ਕੋਦੋਲਾ ਨੇ ਬਹੁਤ ਹੀ ਭਾਵਪੂਰਤ ਪਰਚਾ ਪੇਸ਼ ਕੀਤਾ ਜਿਸ ਰਾਹੀਂ ਉਨ੍ਹਾਂ ਦਰਸਾਇਆ ਕਿ ਪੰਜਾਬੀ ਵਿੱਚ ਤਕਨੀਕੀ ਸ਼ਬਦਾਵਲੀ ਨੂੰ ਬਹੁਤ ਵਧੀਆ ਢੰਗ ਨਾਲ ਉਸਾਰਿਆ ਜਾ ਸਕਦਾ ਹੈ। ਉਨ੍ਹਾਂ ਪੰਜਾਬੀ ਬੋਲੀ ਦੇ ਬਾਕੀ ਬੋਲੀਆਂ ਦੇ ਸੰਦਰਭ ਵਿੱਚ ਉੱਚੇ ਸਥਾਨ ਬਾਰੇ ਵੀ ਚਾਨਣਾਂ ਪਾਇਆ। ਅਗਲਾ ਪਰਚਾ ਡਾਕਟਰ ਅਵਤਾਰ ਸਿੰਘ ਦਾ ਸੀ ਜਿਨ੍ਹਾਂ ਨੇ ਸਿੰਘ ਸਭਾ ਲਹਿਰ ਦੇ ਸਮੇਂ ਦੌਰਾਨ ਪੰਜਾਬੀ ਵਿੱਚ ਰਚੇ ਗਏ ਸਾਹਿਤ ਦਾ ਬਾਖੂਬ ਵਰਨਣ ਕੀਤਾ। ਇਤਿਹਾਸ ਦੀਆਂ ਉਦਾਹਰਨਾ ਦੇਕੇ ਉਨ੍ਹਾਂ ਦੱਸਿਆ ਕਿ ਸਿੰਘ ਸਭਾ ਲਹਿਰ ਦੇ ਸਮੇਂ ਦੌਰਾਨ ਪੰਜਾਬੀ ਦੇ ਵਿਕਾਸ ਲਈ ਬਹੁਮੁੱਲੇ ਕਾਰਜ ਕੀਤੇ ਗਏ। ਆਖਰੀ ਭਾਗ ਦੌਰਾਨ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਜਿੱਥੇ ਕਵਿਤਾਵਾਂ ਦਾ ਆਨੰਦ ਮਾਣਿਆਂ ਉੱਥੇ ਮੋਤਾ ਸਿੰਘ ਸਰਾਏ ਅਤੇ ਕਨੇਡਾ ਤੋਂ ਆਏ ਪੰਜਾਬੀ ਪਿਆਰੇ ਸੁੱਖੀ ਬਾਠ ਨੇ ਪੰਜਾਬੀ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਬਹੁਤ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸੇ ਸਮੇਂ ਦੌਰਾਨ ਦੀ ਪਰੋਫੈਸਰ ਸੁਜਿੰਦਰ ਸਿੰਘ ਸੰਘਾ ਨੇ ਵੀ ਪੰਜਾਬੀ ਬੋਲੀ ਦੇ ਇਤਿਹਾਸ ਅਤੇ ਵਿਕਾਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਬਰਤਾਨੀਆ ਵਿੱਚ ਪੰਜਾਬੀ ਬੋਲੀ ਦੇ ਵਿਕਾਸ ਲਈ ਸ਼ਿੱਦਤ ਨਾਲ ਕੰਮ ਕਰਨ ਵਾਲੇ ਕੰਵਰ ਬਰਾੜ ਨੇ ਵੀ ਇਸ ਸਮੇਂ ਦੌਰਾਨ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਦੂਜੇ ਦਿਨ ਪਹਿਲਾ ਪਰਚਾ ਬਲਵਿੰਦਰ ਸਿੰਘ ਚਾਹਲ ਦਾ ਸੀ ਜਿਨ੍ਹਾਂ ਬਰਤਾਨੀਆ ਵਿੱਚ ਰਚੇ ਜਾ ਰਹੇ ਪੰਜਾਬੀ ਸਾਹਿਤ ਬਾਰੇ ਕਾਫੀ ਖੋਜ ਭਰਪੂਰ ਜਾਣਕਾਰੀ ਦਿੱਤੀ। 1960ਵਿਆਂ ਤੋਂ ਲੈਕੇ ਹੁਣ ਤੱਕ ਬਰਤਾਨੀਆ ਵਿੱਚ ਰਚੇ ਜਾ ਰਹੇ ਸਾਹਿਤ ਬਾਰੇ ਉਨ੍ਹਾਂ ਵਿਸਥਾਰ ਨਾਲ ਦੱਸਿਆ। ਦੂਜਾ ਪਰਚਾ ਡਾਕਟਰ ਜਸਵੀਰ ਸਿੰਘ ਅਤੇ ਡਾਕਟਰ ਪਰਗਟ ਸਿੰਘ ਨੇ ਸਾਂਝੇ ਤੌਰ ਤੇ ਪੇਸ਼ ਕੀਤਾ ਜਿਸ ਵਿੱਚ ਪੰਜਾਬੀ ਵਿੱਚ ਖੋਜ ਵਿਧੀਆਂ ਅਤੇ ਇਨ੍ਹਾਂ ਖੋਜ ਵਿਧੀਆਂ ਦੀ ਦਿਸ਼ਾ ਬਾਰੇ ਗੰਭੀਰ ਸੁਆਲ ਵੀ ਉਠਾਏ ਗਏ ਅਤੇ ਪੰਜਾਬੀ ਦੀ ਖੋਜ ਕਿਸ ਦਿਸ਼ਾ ਵਿੱਚ ਹੋਣੀ ਚਾਹੀਦੀ ਹੈ ਉਸ ਬਾਰੇ ਮਾਰਗ ਸੇਧ ਵੀ ਪੇਸ਼ ਕੀਤੀ। ਦੋਵਾਂ ਵਿਦਵਾਨਾਂ ਨੇ ਇਤਿਹਾਸਕ ਪਰਿਪੇਖ ਵਿੱਚੋਂ ਇਹ ਸਿੱਧ ਕੀਤਾ ਕਿ ਬੋਲੀ ਦੇ ਵਿਕਾਸ ਅਤੇ ਬਚਾਅ ਦਾ ਸਿੱਧਾ ਸਬੰਧ ਪ੍ਰਭੂਸੱਤਾ ਨਾਲ ਜੁੜਿਆ ਹੋਇਆ ਹੈ। ਹਰ ਬੋਲੀ ਆਪਣੇ ਨਿਰੰਤਰ ਵਿਕਾਸ ਦੇ ਇੱਕ ਪੜਾਅ ਤੇ ਪ੍ਰਭੂਸੱਤਾ ਦਾ ਰਾਹ ਖੋਜਦੀ ਹੈ।
ਲਹਿੰਦੇ ਪੰਜਾਬ ਤੋਂ ਆਏ ਵਿਦਵਾਨਾਂ ਨੇ ਜਿੱਥੇ ਪੰਜਾਬੀ ਬੋਲੀ ਦੇ ਇਤਿਹਾਸਕ ਮਹੱਤਵ ਸਬੰਧੀ ਖੋਜ ਭਰਪੂਰ ਪਰਚੇ ਪੜ੍ਹੇ ਉਥੇ ਦੂਜੇ ਪਰਚੇ ਦੌਰਾਨ ਉਨ੍ਹਾਂ ਜਪੁਜੀ ਸਾਹਿਬ ਦੇ ਪਰਸੰਗ ਵਿੱਚ ਮਨੁੱਖੀ ਸੱਭਿਅਤਾ ਦੇ ਵਿਕਾਸ ਦਾ ਮਾਡਲ ਪੇਸ਼ ਕੀਤਾ। ਲਹਿੰਦੇ ਪੰਜਾਬ ਦੇ ਕਲਾਕਾਰਾਂ ਵੱਲੋਂ ਮਾਂ ਬੋਲੀ ਪੰਜਾਬੀ ਨਾਲ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੋਇਆ ਇੱਕ ਨਾਟਕ ਵੀ ਪੇਸ਼ ਕੀਤਾ ਗਿਆ।
ਕੁਲ ਮਿਲਾ ਕੇ ਇਹ ਦੋ ਦਿਨਾ ਪੰਜਾਬੀ ਕਾਨਫਰੰਸ ਬੋਲੀ ਦੇ ਹੋਂਦ ਨਾਲ ਜੁੜੇ ਸੁਆਲ ਨੂੰ ਉਘਾੜਨ ਵਿੱਚ ਕਾਮਯਾਬ ਰਹੀ। ਜਿੱਥੇ ਡਾਕਟਰ ਪਰਗਟ ਸਿੰਘ ਅਤੇ ਡਾਕਟਰ ਜਸਵੀਰ ਸਿੰਘ ਨੇ ਬੋਲੀ ਨੂੰ ਪ੍ਰਭੂਸੱਤਾ ਅਤੇ ਹੋਂਦ ਦੇ ਸੁਆਲ ਵੱਜੋਂ ਪੇਸ਼ ਕੀਤਾ ਗਿਆ ਉੱਥੇ ਮੋਤਾ ਸਿੰਘ ਸਰਾਏ ਨੇ ਵੀ ਆਪਣੇ ਭਾਸ਼ਣ ਦੌਰਾਨ ਅਹਿਮਦ ਸ਼ਾਹ ਅਬਦਾਲੀ ਵੱਲੋਂ ਪਹਿਲੀ ਜਿੱਤ ਤੋਂ ਬਾਅਦ ਹਾਸਲ ਕੀਤੇ ਸਬਕ ਨੂੰ ਯਾਦ ਕੀਤਾ। ਉਨ੍ਹਾਂ ਦੱਸਿਆ ਕਿ ਹਕੂਮਤਾਂ ਆਪਣੀ ਚੌਧਰ ਬਰਕਰਾਰ ਰੱਖਣ ਲਈ ਕੌਮਾਂ ਨੂੰ ਉਨ੍ਹਾਂ ਦੇ ਇਤਿਹਾਸਕ ਸੋਮਿਆਂ ਨਾਲੋਂ ਤੋੜਦੀਆਂ ਹਨ। ਅਬਦਾਲੀ ਵੱਲੋਂ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਪੂਰਨਾ ਅਤੇ ਉੱਥੇ ਕਬਜਾ ਜਮਾਕੇ ਸਿੱਖਾਂ ਨੂੰ ਆਪਣੀ ਪਰੇਰਨਾ ਦੇ ਸੋਮੇਂ ਤੋਂ ਤੋੜਨ ਦਾ ਇਤਿਹਾਸ ਇਹ ਹੀ ਦਰਸਾਉਂਦਾ ਹੈ। ਉਨ੍ਹਾਂ ਆਖਿਆ ਕਿ ਬੋਲੀ ਅਤੇ ਇਤਿਹਾਸ ਨਾਲ ਜੁੜੇ ਰਹਿਣਾਂ ਸਾਡੀ ਹੋਂਦ ਨਾਲ ਜੁੜਿਆ ਹੋਇਆ ਹੈ।
ਪਰੋਫੈਸਰ ਸੁਜਿੰਦਰ ਸਿੰਘ ਸੰਘਾ ਨੇ ਵੀ ਦਰਸਾਇਆ ਕਿ ਕਿਵੇ 1960ਵਿਆਂ ਦੌਰਾਨ ਪੰਜਾਬ ਦੇ ਸਰਕਾਰੀ ਅਫਸਰਾਂ ਨੇ ਸਿੱਖਾਂ ਦੀ ਬੋਲੀ ਪੰਜਾਬੀ ਅਤੇ ਹਿੰਦੂਆਂ ਦੀ ਬੋਲੀ ਹਿੰਦੀ ਆਪਣੇ ਆਪ ਹੀ ਲਿਖ ਦਿੱਤੀ ਜਾਂਦੀ ਸੀ।
ਬੋਲੀ ਅਤੇ ਪ੍ਰਭੂਸੱਤਾ ਦੇ ਇਸ ਸੰਦੇਸ਼ ਨੂੰ ਪੱਤਰਕਾਰ ਅਵਤਾਰ ਸਿੰਘ ਨੇ ਉਸ ਵੇਲੇ ਹੋਰ ਉਜਾਗਰ ਕਰ ਦਿੱਤਾ ਜਦੋਂ ਉਨ੍ਹਾਂ ਦੱਸਿਆ ਕਿ ਸਮੇਂ ਦੀ ਸਰਕਾਰ ਪੰਜਾਬੀ ਯੂਨੀਵਰਸਿਟੀ ਵਿੱਚੋਂ ਪੰਜਾਬੀ ਬੋਲੀ ਦੀ ਪੜ੍ਹਾਈ ਹੌਲੀ ਹੌਲੀ ਖਤਮ ਕਰਨ ਜਾ ਰਹੀ ਹੈ ਕਿਉਂਕਿ ਉਹ ਸਮਝਦੀ ਹੈ ਕਿ ਪੰਜਾਬੀ ਦੇ ਵਿਕਾਸ ਨਾਲ ਅੱਤਵਾਦ ਪੈਦਾ ਹੁੰਦਾ ਹੈ। ਉਨ੍ਹਾਂ ਆਖਿਆ ਕਿ ਦੁਸ਼ਮਣ ਸਾਡੇ ਬੂਹੇ ਤੇ ਖੜ੍ਹਕੇ ਲਲਕਾਰੇ ਮਾਰਨ ਲੱਗਾ ਹੈ ਇਸ ਲਈ ਆਪਾਂ ਆਪਣੇ ਛੋਟੇ ਮੋਟੇ ਵਖਰੇਵੇਂ ਭੁੱਲ ਕੇ ਪੰਜਾਬੀ ਦੀ ਰਾਖੀ ਨੂੰ ਆਪਣੀ ਹੋਂਦ ਦੀ ਰਾਖੀ ਦੇ ਸੁਆਲ ਨਾਲ ਜੋੜ ਕੇ ਦੇਖੀਏ।
ਇਸ ਸਮਾਗਮ ਵਿੱਚ ਪੜ੍ਹੇ ਗਏ ਖੋਜ ਪੱਤਰਾਂ ਦੇ ਟੈਕਸਟ ਦੇ ਹੇਠਾਂ ਲੁਕੇ ਅਰਥਾਂ ਨੂੰ ਜਾਣ ਸਮਝ ਕੇ ਸਿੱਖਾਂ ਦੀ ਬੋਲੀ ਦੀ ਹੋਣੀ ਬਾਰੇ ਵਿਰੋਧੀਆਂ ਅਤੇ ਆਪਣਿਆਂ ਵੱਲੋਂ ਅਣਦਿਖਦੇ ਖਤਰਿਆਂ ਬਾਰੇ ਥਾਹ ਪਾਈ ਜਾ ਸਕਦੀ ਹੈ। ਉਸ ਕਾਨਫਰੰਸ ਦੌਰਾਨ ਆਮ ਗੱਲਬਾਤ ਦੌਰਾਨ ਇਹ ਸੁਆਲ ਫਿਰ ਉਭਰ ਕੇ ਸਾਹਮਣੇ ਆਇਆ ਕਿ ਪੰਜਾਬੀ ਬੋਲੀ ਸਿੱਖਾਂ ਦੀ ਬੋਲੀ ਨਹੀ ਹੈ ਬਲਕਿ ਹੋਰ ਧਰਮਾਂ ਦੇ ਲੋਕ ਵੀ ਇਸ ਨੂੰ ਬੋਲਦੇ ਹਨ। ਇਸ ਸਮੇਂ ਸੁਹਿਰਦ ਪੰਜਾਬੀ ਪਿਆਰਿਆਂ ਨੇ ਇਨ੍ਹਾਂ ਭੱਦਰ ਪੁਰਸ਼ਾਂ ਨੂੰ ਦੱਸਿਆ ਕਿ ਜੇ ਸਿੱਖ ਆਪਣੀ ਬੋਲੀ ਅਤੇ ਗੁਰਮੁਖੀ ਲਿੱਪੀ ਲਈ ਫਿਕਰਮੰਦ ਹਨ। ਇਸਦੀ ਰਾਖੀ ਲਈ ਆਪਣੇ ਸਾਰੇ ਵਸੀਲੇ ਝੋਕ ਰਹੇ ਹਨ, ਆਪਣੇ ਗੁਰੂ ਦੇ ਮੁੱਖ ਤੋਂ ਉਚਰੇ ਅੱਖਰਾਂ ਦੀ ਸਲਾਮਤੀ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹਨ ਤਾਂ ਉਹ ਆਪਣੇ ਇਨ੍ਹਾਂ ਅੱਖਰਾਂ ਤੇ ਆਪਣਾਂ ਦਾਅਵਾ ਤਾਂ ਜਤਾਉਣਗੇ ਹੀ ।
ਕੁਝ ਸਿੱਖ ਕਾਰਕੁੰਨ ਇਹ ਵਿਚਾਰ ਕਰਦੇ ਵੀ ਸੁਣੇ ਗਏ ਕਿ, ਬੋਲੀ ਅਤੇ ਲਿੱਪੀ ਨੂੰ ਵਾਰਸ ਚਾਹੀਦੇ ਹੁੰਦੇ ਹਨ ਜਿਨ੍ਹਾਂ ਤੋਂ ਬਿਨਾ ਇਨ੍ਹਾਂ ਦਾ ਬਚਣਾਂ ਅਸੰਭਵ ਹੁੰਦਾ ਹੈ। ਗੁਰਮੁੱਖੀ ਦੇ ਵਾਰਸ ਸਿੱਖ ਹਨ ਅਤੇ ਸਿੱਖਾਂ ਨੂੰ ਇਹ ਦਾਅਵਾ ਨਿਝੱਕ ਕਰਨਾ ਚਾਹੀਦਾ ਹੈ।
ਇਸ ਦੋ ਰੋਜ਼ਾ ਕਾਨਫਰੰਸ ਲਈ ਜਿਨ੍ਹਾਂ ਸੱਜਣਾਂ ਨੇ ਬਹੁਤ ਮਿਹਨਤ ਕੀਤੀ ਉਨ੍ਹਾਂ ਵਿੱਚ ਵੀਰ ਹਰਵਿੰਦਰ ਸਿੰਘ,ਬਲਵਿੰਦਰ ਸਿੰਘ ਚਾਹਲ, ਕੰਵਰ ਬਰਾੜ, ਭੈਣ ਰੂਪ ਦੇਵਿੰਦਰ ਅਤੇ ਦੋਵਾਂ ਗੁਰੂਘਰਾਂ ਦੀਆਂ ਪਰਬੰਧਕ ਕਮੇਟੀਆਂ।