ਇਹਨਾਂ ਸ਼ਬਦਾਂ ਦੀ ਕੋਈ ਅਵਾਜ਼ ਨਹੀਂ
ਸ਼ਬਦਾਂ ਦਾ ਤੂਫਾਨ, ਬੱਸ
ਅੱਗ ਦਾ ਗੋਲਾ
ਇਕ ਸੂਰਜ ਦੀ ਤਲਾਸ਼ ਹ
ਇਹ ਤਪਸ਼ ਹੈ ਉਸ ਦੀਆਂ ਅੱਖਾਂ ਵਿਚ
ਮੇਰੇ ਸ਼ਬਦ ਹੀ ਮੇਰਾ ਬ੍ਰਹਿਮੰਡ
ਜ਼ਿੰਦਾ ਹੋ ਜਾਵੇਗਾ ਸੱਚ
ਜਿਨੀ ਦੇਰ ਸੂਰਜ ਹੈ ਮੇਰੀਆਂ ਅੱਖਾਂ ਵਿਚ
(ਦਿਲ ਬਰੀਨ ਤਾਗਟ)

ਸਥਿਤੀ ਦੀ ਵਿਡੰਬਣਾ ਹੈ ਕਿ ਆਲਮੀ ਪੱਧਰ ਉਪਰ ਹੀ ਤਾਨਾਸ਼ਾਹੀ ਰਾਜਨੀਤੀ ਆਪਣੇ ਪੈਰ ਪਸਾਰ ਰਹੀ ਹੈ। ਜਮਹੂਰੀਅਤ ਨੂੰ ਹਾਸ਼ੀਏ ਵੱਲ ਧੱਕਣ ਲਈ ਪ੍ਰੈਸ ਦੀ ਅਜ਼ਾਦੀ ਨੂੰ ਲਿਤਾੜਿਆ ਜਾ ਰਿਹਾ ਹੈ। ਜਿਸ ਦਾ ਸਭ ਤੋਂ ਵਿਕਰਾਲ ਰੂਪ ਇਰਾਨ ਵਿਚ ਵੇਖਿਆ ਜਾ ਸਕਦਾ ਹੈ। ਜਿੱਥੇ ਮਹਿਲਾ ਪੱਤਰਕਾਰਾਂ ਨੂੰ ਇਸ ਲਈ ਜੇਲ਼੍ਹਾਂ ਵਿਚ ਬੰਦ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਔਰਤ ਦੀ ਅਜ਼ਾਦੀ, ਉਹਨਾਂ ਨਾਲ ਹੋ ਰਹੇ ਅਤਿਆਚਾਰਾਂ, ਪਹਿਰਾਵੇ ਪ੍ਰਤੀ ਅਤੇ ਹਿਜਾਬ ਵਿਰੁੱਧ ਅਵਾਜ਼ ਬੁਲੰਦ ਕੀਤੀ ਸੀ। ਨੀਲੋਫਰ ਹਮੀਦੀ, ਨਰਗਿਸ ਮੁਹੰਮਦੀ ਅਤੇ ਇਲਾਹੇ ਮੁਹੰਮਦੀ ਪੱਤਕਾਰਾਂ
ਦੁਨੀਆਂ ਦੇ ਸਭ ਤੋਂ ਵੱਧ ਦਹਿਸ਼ਤ ਹੇਠ ਜੀਵਣ ਬਤੀਤ ਕਰਨ ਵਾਲਿਆਂ ਚੋਂ ਹਨ। ਬੇਸ਼ੱਕ ਸੰਯੁਕਤ ਰਾਸ਼ਟਰ ਵੱਲੋਂ ਇਸ ਵਾਰ ਵਿਸ਼ਵ ਪ੍ਰੈਸ ਦੀ ਆਜ਼ਾਦੀ ਦਾ ਪਹਿਲਾ ਸਭ ਤੋਂ ਵੱਡਾ ਪੁਰਸਕਾਰ ਇਹਨਾਂ ਨੂੰ ਦਿੱਤਾ ਗਿਆ ਹੈ।

ਨੀਲੋਫਰ ਹਮੀਦੀ ਨੇ ੨੨ ਸਾਲਾ ਅਮੀਨੀ, ਜਿਸ ਨੂੰ ਹਿਜਾਬ ਸਹੀ ਤਰੀਕੇ ਨਾਲ ਨਾ ਪਹਿਨਣ ਕਰਕੇ ਹਿਰਾਸਤ ਵਿਚ ਲਿਆ ਗਿਆ ਸੀ ਤੇ ਇੱਥੇ ਹੀ ਤਸ਼ੱਦਦ ਦੌਰਾਨ ਉਸ ਦੀ ਮੌਤ ਹੋ ਗਈ ਸੀ, ਦੀ ਮੌਤ ਦੀ ਖਬਰਾਂ ਰਾਹੀਂ ਜਾਣਕਾਰੀ ਦਿੱਤੀ। ਅਮੀਨੀ ਦੀ ਅੰਤਮ ਯਾਤਰਾ ਸਮੇਂ ਇਲਾਹੇ ਮੁਹੰਮਦੀ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਔਰਤਾਂ ਦੀ ਅਜ਼ਾਦੀ ਦਾ ਆਖਰੀ ਜਨਾਜ਼ਾ ਉੱਠਣ ਜਾ ਰਿਹਾ ਹੈ। ਲ਼ੱਖਾਂ ਲੋਕਾਂ ਨੇ ਸਰਕਾਰ ਖਿਲ਼ਾਫ ਰੋਸ ਮੁਜ਼ਾਹਰੇ ਕੀਤੇ ਅਤੇ ਵਿਸ਼ਵ ਮੀਡੀਆ ਦਾ ਧਿਆਨ ਖਿੱਚਿਆ। ਪੱਛਮੀ ਮੀਡੀਆ ਨੇ ਪੂਰੀ ਦੁਨੀਆਂ ਵਿਚ ਹਿਜਾਬ ਖਿਲਾਫ ਮਾਹੌਲ ਸਿਰਜਿਆ ਅਤੇ ਲੱਖਾਂ ਔਰਤਾਂ ਨੇ ਹਿਜਾਬ ਸਾੜੇ। ਲੇਕਿਨ ਇਸ ਆਲਮੀ ਵਿਰੋਧ ਪ੍ਰਦਰਸ਼ਨਾਂ ਕਾਰਨ ਇਹਨਾਂ ਤਿੰਨਾਂ ਨੂੰ ਤਸ਼ੱਦਦ ਦਾ ਸਾਹਮਣਾ ਵੀ ਕਰਨਾ ਪਿਆ।

ਨਰਗਿਸੀ ਮੁਹੰਮਦੀ… ਜੇਲ੍ਹ ਤੋਂ ਖਬਰਾਂ ਭੇਜਦੀ ਹੈ। ਉਸ ਦੀ ਕਿਤਾਬ ਵਾਈਟ ਟਾਰਚਰ ਵਿਚ ਉਸ ਨੇ ਕੈਦੀ ਮਹਿਲਾਵਾਂ ਦੀਆਂ ਇੰਟਰਵਿਊਜ਼ ਕਰਕੇ ਉਨ੍ਹਾਂ ਦੇ ਹੋ ਰਹੇ ਸ਼ੋਸ਼ਣ ਦਾ ਪਾਜ ਉਧੇੜਿਆ ਹੈ। ਉਹ ਲਿਖਦੀ ਹੈ ਕਿ ਈਰਾਨ ਹੁਣ ਔਰਤਾਂ ਦੇ ਰਹਿਣ ਦੀ ਜਗ੍ਹਾ ਨਹੀਂ ਹੈ ਅਤੇ ਇਹ ਸਮਾਂ ਬਗਾਵਤੀ ਅਵਾਜ਼ਾਂ (ਨਿਜ਼ਾਮ ਖਿਲਾਫ ਅਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰ) ਨੂੰ ਬਚਾਉਣ ਦਾ ਸਮਾਂ ਹੈ।

ਸੋ ਇਹ ਸਮੇਂ ਦਾ ਸੱਚ ਹੈ ਕਿ ਮਾਨਵਤਾ ਦਾ ਨਾਅਰਾ ਬਲੰਦ ਕਰਨ ਲਈ ਜੇਲ੍ਹ ਵਿਚ ਰਹਿਣ ਵਾਲੇ ਸੰਘਰਸ਼ੀ ਯੋਧਿਆਂ ਦੀ ਕਹਾਣੀ ਵੱਖਰੀ ਹੈ। ਇਹ ਭ੍ਰਿਸ਼ਟ ਅਤੇ ਤਾਨਾਸ਼ਾਹੀ ਨਿਜ਼ਾਮ ਖਿਲਾਫ ਬਗਾਵਤੀ ਸੁਰਾਂ ਹੁੰਦੇ ਹਨ। ਅਤੇ ਇਹਨਾਂ ਦੀ ਕ੍ਰਾਂਤੀ ਦੀ ਅਵਾਜ਼ ਪੂਰੀ ਦੁਨੀਆਂ ਲਈ ਪ੍ਰੇਰਨਾ ਸ੍ਰੋਤ ਹੁੰਦੀ ਹੈ। ਜਿਵੇਂ ਇਹ ਤਿੰਨ ਮਹਿਲਾਵਾਂ…