ਟੁਕਟੁਕੀ ਮੰਡੋਲ ਇੱਕ ਅਜਿਹੀ ਕੂੜਾ ਚੁੱਕਣ ਵਾਲੀ ਕੁੜੀ ਹੈ ਜੋ ਅੱਜ ਇੱਕ ਖੋਜਆਰਥੀ ਹੈ ਸ਼ਹਿਰੀ ਗਰੀਬੀ ਬਾਰੇ। ਟੁਕਟੁਕੀ ਜੋ ਹੁਣ ਅਠਾਈ ਸਾਲਾਂ ਦੀ ਹੈ ਦੀ ਜਿੰਦਗੀ ਦੁਨੀਆਂ ਲਈ ਸਚਾਈ ਦਾ ਇੱਕ ਸ਼ੀਸਾ ਹੈ। ਇਸਦਾ ਬਚਪਨ ਕੂੜੇ ਵਿਚੋਂ ਹੀ ਸ਼ੁਰੂ ਹੋਇਆ ਅਤੇ ਅੱਜ ਵੀ ਕੂੜਿਆਂ ਦੇ ਢੇਰ ਵਿਚੋਂ ਕੂੜਾ ਲੱਭ-ਲੱਭ ਕੇ ਆਪਣੀ ਜਿੰਦਗੀ ਬਤੀਤ ਕਰ ਰਹੀ ਹੈ। ਟੁਕਟੁਕੀ ਦੇ ਜਨਮ ਤੋਂ ਪਹਿਲਾਂ ਹੀ ਉਸਦਾ ਬਾਪ ਗੁਜ਼ਰ ਚੁੱਕਾ ਸੀ ਤੇ ਉਸਦੀ ਮਾਂ ਉਸਦੇ ਜੰਮਣ ਤੋਂ ਚਾਰ ਮਹੀਨੇ ਬਾਅਦ ਉਸ ਨੂੰ ਆਪਣੀ ਮਾਂ (ਨਾਨੀ) ਕੋਲ ਛੱਡ ਕੇ ਕਿਸੇ ਸ਼ਹਿਰ ਕੰਮ ਕਰਨ ਚਲੀ ਗਈ।

ਟੁਕਟੁਕੀ ਦੱਖਣੀ ਕਲਕੱਤੇ ਦੇ ਬੈਲੀਗੰਜ ਰੇਲਵੇ ਸ਼ਟੇਸ਼ਨ ਨਾਲ ਬਣੀ ਝੁੱਗੀ ਝੌਂਪੜੀ ਵਿੱਚ ਜੰਮੀ ਪਲੀ ਹੈ ਤੇ ਅੱਜ ਵੀ ਉਥੇ ਹੀ ਰਹਿੰਦੀ ਹੈ। ਇਸਦੀ ਨਾਨੀ ਮਾਂ ਨੇ ਗਰੀਬੀ ਦੇ ਬਾਵਜੂਦ ਇਸਨੂੰ ਪੜਾਇਆ ਅਤੇ ਇਸਨੇ ਗਰੇਜੂਏਸ਼ਨ ਕੀਤੀ ਹੋਈ ਹੈ। ਇਸਨੇ ਆਪਣੀ ਪੜ੍ਹਾਈ ਦੌਰਾਨ ਕਦੀ ਕਿਸੇ ਨੂੰ ਆਪਣੀ ਮਾਲੀ ਸਥਿਤੀ ਤੇ ਰਹਿਣ ਸਹਿਣ ਬਾਰੇ ਪਤਾ ਨਹੀਂ ਲੱਗਣ ਦਿੱਤਾ ਅਤੇ ਸਕੂਲੋਂ ਆ ਕੇ ਆਪਣੀ ਸੜਕ ਕਿਨਾਰੇ ਬਣੀ ਝੌਂਪੜੀ ਤੋਂ ਕੋਹਾ ਦੂਰ ਜਾ ਕੂੜੇ-ਕਰਕਟ ਦੇ ਢੇਰਾਂ ਵਿਚੋਂ ਕੂੜਾ ਲੱਭ ਕੇ ਉਸਦੇ ਪੈਸੇ ਕਮਾਕੇ ਆਪਣਾ ਜੀਵਨ ਬਤੀਤ ਕਰਦੀ ਹੈ।

ਭਾਵੇਂ ਟੁਕਟੁਕੀ ਮੁਸਲਮ ਧਰਮ ਨਾਲ ਸਬੰਧਤ ਹੈ ਪਰ ਇਸਨੇ ਆਪਣਾ ਵਿਆਹ ਇੱਕ ਹਿੰਦੂ ਧਰਮ ਦੇ ਬੰਦੇ ਨਾਲ ਕੀਤਾ। ਜਿਸ ਕਰਕੇ ਇਸਨੂੰ ਸਮਾਜਕ ਵਿਤਕਰੇ ਦਾ ਵਿਦਰੋਹ ਵੀ ਸਹਿਣਾ ਪੈ ਰਿਹਾ ਹੈ। ਇਸਦੇ ਕੰਮ ਬਾਰੇ ਕਲਕੱਤਾ ਦੀ ਇੱਕ ਖੋਜਆਰਥੀ ਸੰਸਥਾ (ੰਛ੍ਰਘ) ਦੀ ਨਿਗਾ ਪਈ ਅਤੇ ਉਨਾਂ ਨਾਲ ਰਲ ਕੇ ਇਸਨੇ ਸ਼ਹਿਰੀ ਗਰੀਬੀ ਬਾਰੇ ਇੱਕ ਖੋਜ ਭਰਪੂਰ ਵਿਸ਼ਥਾਰਕ ਲੇਖ ਲਿਖਿਆ। ਜਿਸਨੂੰ ਬਹੁਤ ਸਲਾਇਆ ਗਿਆ ਕਿਉਂਕਿ ਉਸ ਵਿੱਚ ਭਾਰਤ ਦੀ ਅਤੇ ਖਾਸ ਕਰਕੇ ਕਲਕੱਤੇ ਦੀ ਸ਼ਹਿਰੀ ਗਰੀਬੀ ਬਾਰੇ ਛੁਪੇ ਹੋਏ ਤੱਥ ਉਜਾਗਰ ਕੀਤੇ ਗਏ ਸਨ।

ਹੁਣ ਇਸਨੇ ਇਸ ਸੰਸਥਾ ਤੋਂ ਜਦੋਂ ਤੋਂ ਇਸਦੇ ਆਪਣੇ ਘਰ ਬੇਟੀ ਪੈਦਾ ਹੋਈ ਹੈ ਤਾਂ ਛੁੱਟੀ ਲਈ ਹੋਈ ਹੈ ਤੇ ਕਿਹਾ ਹੈ ਕਿ ਜਦੋਂ ਇਹ ਬੱਚੀ ਤੁਰਨ-ਫਿਰਨ ਲੱਗੇਗੀ ਉਸ ਵਕਤ ਮੈਂ ਫਿਰ ਇਸੇ ਸੰਸਥਾ ਨਾਲ ਜੁੜ ਕੇ ਭਾਰਤ ਅੰਦਰ ਵੱਧ ਰਹੀ ਸ਼ਹਿਰੀ ਗਰੀਬੀ ਬਾਰੇ, ਉਸਦੇ ਕਾਰਨਾ ਤੇ ਸਮਾਜ ਤੇ ਉਸਦੇ ਅਸਰ ਬਾਰੇ ਹੋਰ ਖੋਜ ਕਰਾਂਗੀ ਤਾਂ ਜੋ ਭਾਰਤ ਦਾ, ਤੇ ਖਾਸ ਕਰਕੇ ਕਲਕੱਤੇ ਦਾ ਜਿਥੇ ਲੱਖਾਂ ਦੀ ਤਾਦਾਦ ਵਿੱਚ ਗਰੀਬੀ ਹੈ, ਬਾਰੇ ਪੱਖ ਲੋਕਾਂ ਸਾਹਮਣੇ ਲਿਆਂਦਾ ਜਾ ਸਕੇ।

ਟੁਕਟੁਕੀ ਵਰਗੀਆਂ ਔਰਤਾਂ ਦੁਨੀਆਂ ਲਈ ਇੱਕ ਚਾਨਣ ਮੁਨਾਰਾ ਹਨ ਭਾਵੇਂ ਆਪ ਉਹ ਹਨੇਰਿਆ ਵਿੱਚ ਹੀ ਰਹਿੰਦੇ ਹਨ। ਟੁਕਟੁਕੀ ਨੌਜਵਾਨ ਵਰਗ ਲਈ ਵੀ ਇੱਕ ਪ੍ਰੇਰਨਾ ਸ੍ਰੋਤ ਹੈ। ਅੱਜ ਦੇ ਜੀਵਨ ਵਿੱਚ ਇੱਕ ਜਿਉਂਦੀ ਜਾਗਦੀ ਦੁਨੀਆਂ ਦੀ ਤਸਵੀਰ ਆਪਣੇ ਅੰਦਰ ਲਈ ਬੈਠੀ ਹੈ।