ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕੇਵਲ ਸਿੱਖਾਂ ਦੇ ਹੀ ਗੁਰੂ ਨਹੀ ਸਨ ਬਲਕਿ ਉਹ ਮੁਸਲਮਾਨਾਂ ਦੇ ਪੀਰ ਅਤੇ ਹਿੰਦੂਆਂ ਦੇ ਵੀ ਰੱਬੀ ਰਹਿਬਰ ਸਨ ਇਸੇ ਲਈ ਹਰ ਸੱਚੇ ਸਿੱਖ ਵਾਂਗ, ਹਰ ਸੱਚਾ ਹਿੰਦੂ ਅਤੇ ਹਰ ਸੱਚਾ ਮੁਸਲਮਾਨ ਗੁਰੂ ਨਾਨਕ ਦੇਵ ਜੀ ਦੇ ਇਲਾਹੀ ਸੰਦੇਸ਼ ਦੀ ਖੁਸ਼ਬੋ ਨਾ ਕੇਵਲ ਆਪ ਮਾਣਦਾ ਹੈ ਬਲਕਿ ਇਸਨੂੰ ਚਹੁੰ ਕੁੰਟਾਂ ਤੱਕ ਪਹੰੁਚਾਉਣ ਦਾ ਉਪਰਾਲਾ ਵੀ ਕਰਦਾ ਹੈੈ।
ਇਸ ਵਰ੍ਹੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦੀ 550ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈੈ। ਭਾਰਤ ਦੀ ਹੱਦ ਨਾਲ ਲਗਦੇ ਪਾਕਿਸਤਾਨ ਵਾਲੇ ਪਾਸੇ ਰਹਿ ਗਏ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰਿਆਂ ਲਈ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਨੇ ਯਤਨ ਅਰੰਭ ਦਿੱਤੇ ਹਨ। ਜਿੱਥੇ ਸਰਕਾਰਾਂ ਨੇ ਆਪੋ ਆਪਣੀ ਜਿੰਮੇਵਾਰੀ ਨਿਭਾਉਣੀ ਅਰੰਭ ਕਰ ਦਿੱਤੀ ਹੈ ਉੱਥੇ, ਸ੍ਰੀ ਕਰਤਾਰਪੁਰ ਸਾਹਿਬ ਦੇ ਨੇੜੇ ਰਹਿਣ ਵਾਲੀ ਇੱਕ ਮੁਸਲਿਮ ਔਰਤ ਬੀਬੀ ਕਾਮਨਾ ਜੋ ਕਿ ਲਹਿੰਦੇ ਪੰਜਾਬ ਦੀ ਅਸੰਬਲੀ ਮੈੈਬਰ ਹੈ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸ੍ਰੀ ਕਰਤਾਰਪੁਰ ਸਾਹਿਬ ਨਾਲ ਆਪਣੇ ਰੁਹਾਨੀ ਰਿਸ਼ਤੇ ਦਾ ਕਰਜ਼ ਅਦਾ ਕਰਨ ਦਾ ਮਮੂਲੀ ਜਿਹਾ ਯਤਨ ਵੀ ਅਰੰਭ ਕਰ ਦਿੱਤਾ ਹੈੈ।
ਇਸ ਬੀਬੀ ਨੇ ਪੰਜਾਬ ਅਸੰਬਲੀ ਵਿੱਚ ਇੱਕ ਮਤਾ ਲਿਆਂਦਾ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਪਾਕਿਸਤਾਨ ਸਰਕਾਰ ਸ੍ਰੀ ਕਰਤਾਰਪੁਰ ਸਾਹਿਬ ਦੇ ਸੁੰਦਰੀਕਰਨ ਦੀ ਯੋਜਨਾ ਨੂੰ ਇਸ ਢੰਗ ਨਾਲ ਵਿਉਂਤੇ ਕਿ ਗੁਰੂ ਸਾਹਿਬ ਦੇ ਹੱਥਾਂ ਦੀ ਛੋਹ ਪ੍ਰਾਪਤ ਉਸ ਧਰਤੀ ਨਾਲ ਕੋਈ ਛੇੜਛਾੜ ਨਾ ਹੋਵੇ ਜਿੱਥੇ ਗੁਰੂ ਬਾਬਾ ਜੀ ਆਪ ਕਿਰਤ ਕਰਦੇ ਸਨ ਅਤੇ ਗੁਰਬਾਣੀ ਦਾ ਸੰਦੇਸ਼ ਸਮੁੱਚੀ ਕਾਇਨਾਤ ਲਈ ਫਿਜ਼ਾ ਵਿੱਚ ਬਿਖੇਰਦੇ ਸਨ। ਉਸ ਪੰਜਾਬੀ ਔਰਤ ਦਾ ਕਹਿਣਾਂ ਹੈ ਕਿ ਅਕਸਰ ਵੱਡੇ ਪੈਗੰਬਰਾਂ ਦੀਆਂ ਥਾਵਾਂ ਨੂੰ ਆਧੁਨਿਕ ਸੈਰ-ਸਪਾਟੇ ਵਾਲੀਆਂ ਥਾਵਾਂ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਅਤੇ ਫਿਰ ਉਸ ਥਾਂ ਦਾ ਵਪਾਰੀਕਰਨ ਤਾਂ ਕਾਫੀ ਹੋ ਜਾਂਦਾ ਹੈ ਪਰ ਉਸਦੀ ਰੁਹਾਨੀ ਅਤੇ ਧਾਰਮਕ ਕਦਰ ਨੂੰ ਵੱਟਾ ਲਗਦਾ ਹੈੈ।
ਵੈਸੇ ਤਾਂ ਇੱਕ ਸਿੱਖ ਹੋਣ ਦੇ ਨਾਤੇ ਹਰ ਗੁਰੂ ਨਾਨਕ ਨਾਮ ਲੇਵਾ ਵਾਂਗ ਸਾਨੂੰ ਵੀ ਉਸ ਮੁਸਲਿਮ ਪੰਜਾਬੀ ਔਰਤ ਦੇ ਇਸ ਯਤਨ ਦੀ ਗੰਭੀਰਤਾ ਨੇ ਕਾਫੀ ਪ੍ਰਭਾਵਿਤ ਕੀਤਾ ਸੀ ਪਰ ਜਦੋਂ ਪਿਛਲੇ ਦਿਨੀ ਉਨ੍ਹਾਂ ਦੀ ਇੱਕ ਪੰਜਾਬੀ ਰੇਡੀਓ ਨਾਲ ਮੁਲਾਕਾਤ ਸੁਣੀ ਤਾਂ ਮਨ ਜਿੱਥੇ ਬੇਹੱਦ ਖੁਸ਼ ਹੋਇਆ ਉੱਥੇ ਆਪਣੀ ਕੌਮ ਦੇ ਰਹਿਬਰਾਂ ਦੀ ਸੀਮਤ ਸੋਚ ਤੇ ਅਫਸੋਸ ਵੀ ਹੋਇਆ।
ਬਰਮਿੰਘਮ ਦੇ ਇੱਕ ਰੇਡੀਓ ਸਟੇਸ਼ਨ ਨਾਲ ਲਗਭਗ ਅੱਧੇ ਘੰਟੇ ਦੀ ਆਪਣੀ ਮੁਲਾਕਾਤ ਦੌਰਾਨ ਬਹੁਤ ਹੀ ਖੂਬਸੂਰਤ ਪੰਜਾਬੀ ਬੋਲ ਰਹੀ ਉਸ ਮੁਸਲਿਮ ਔਰਤ ਨੇ ਆਖਿਆ ਕਿ ਮੈਂ ਬਚਪਨ ਤੋਂ ਹੀ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਜਾ ਰਹੀ ਹਾਂ। ਸਾਡਾ ਪਰਿਵਾਰ ਮੁੱਢ ਤੋਂ ਹੀ ਉਸ ਅਗੰਮੀ ਅਸਥਾਨ ਨਾਲ ਜੁੜਿਆ ਹੋਇਆ ਹੈ ਜਿਸ ਥਾਂ ਤੇ ਗੁਰੂ ਬਾਬਾ ਨਾਨਕ ਜੀ ਨੇ ਰੁਹਾਨੀਅਤ ਦਾ ਸੰਦੇਸ਼ ਦਿੱਤਾ। ਉਸ ਆਖਿਆ ਕਿ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦੀ ਫਿਜ਼ਾ ਵਿੱਚ ਇੱਕ ਅਗੰਮੀ ਅਤੇ ਰੁਹਾਨੀ ਵਰਤਾਰਾ ਘੁਲਿਆ ਹੋਇਆ ਹੈੈ। ਜਿਸ ਨੂੰ ਮੈਂ ਅੱਜ ਵੀ ਮਹਿਸੂਸ ਕਰ ਰਹੀ ਹਾਂ। ਇਸ ਫਿਜ਼ਾ ਵਿੱਚ ਅਗੰਮੀ ਬਰਕਤ ਵਰਤ ਰਹੀ ਹੈ ਜਿਸ ਨੂੰ ਛੇੜਿਆ ਨਹੀ ਜਾਣਾਂ ਚਾਹੀਦਾ । ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸੰਸਾਰ ਰੁਹਾਨੀਅਤ ਦਾ ਅਜਿਹਾ ਕੇਂਦਰ ਹੈ ਜਿਸਦੀ ਖੂਬਸੂਰਤੀ ਇਸਦੀ ਨਿਰਮਲ ਸਾਦਗੀ ਵਿੱਚ ਹੀ ਫਬਦੀ ਅਤੇ ਪੋਂਹਦੀ ਹੈੈ। ਉਸ ਮੁਸਲਿਮ ਔਰਤ ਨੇ ਆਖਿਆ, ਕਿ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਨਾਲ ਬਚਪਨ ਤੋਂ ਜੁੜੀ ਹੋਣ ਕਰਕੇ, ਇੱਥੇ ਸੇਵਾ ਕਰਨ ਕਰਕੇ ਅਤੇ ਇੱਥੋਂ ਦਾ ਲੰਗਰ ਛਕਣ ਕਰਕੇ ਮੈਂ ਮਹਿਸੂਸ ਕਰਦੀ ਹਾਂ ਕਿ ਗੁਰੂ ਸਾਹਿਬ ਦੇ ਦਰਬਾਰ ਦਾ ਬਹੁਤ ਸਾਰਾ ਕਰਜ਼ ਮੇਰੇ ਸਿਰ ਤੇ ਹੈ ਜਿਸਨੂੰ ਮੈਂ ਅਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਗੁਰੂ ਬਾਬੇ ਦੀਆਂ ਅਸੀਸਾਂ ਅਤੇ ਬਖਸ਼ਿਸ਼ਾਂ ਸਾਡੇ ਤੇ ਅਗਲੀਆਂ ਪੀੜ੍ਹੀਆਂ ਦਾ ਕਰਜ਼ ਹੈ ਜਿਸਨੂੰ ਕਿਸੇ ਨਾ ਕਿਸੇ ਢੰਗ ਨਾਲ ਉਤਾਰਿਆ ਜਾਣਾਂ ਚਾਹੀਦਾ ਹੈ ਤਾਂਕਿ ਅਸੀਂ ਜੰਨਤ ਵਿੱਚ ਸੁਰਖਰੂ ਹੋ ਕੇ ਜਾ ਸਕੀਏ।
ਉਨ੍ਹਾਂ ਆਖਿਆ ਕਿ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦੀ ਰੁਹਾਨੀ ਸੁੰਦਰਤਾ ਨੂੰ ਆਧੁਨਿਕਤਾ ਦੇ ਹਮਲੇ ਤੇ ਬਚਾਉਣ ਦਾ ਮੇਰਾ ਯਤਨ ਗੁਰੂ ਬਾਬਾ ਜੀ ਦੇ ਉਸ ਕਰਜ਼ ਨੂੰ ਉਤਾਰਨ ਦਾ ਬਹੁਤ ਛੋਟਾ ਜਿਹਾ ਉਪਰਾਲਾ ਹੈ ਤਾਂ ਕਿ ਮੈਂ ਗੁਰੂ ਬਾਬਾ ਜੀ ਪ੍ਰਤੀ ਆਪਣੀ ਬਣਦੀ ਅਕੀਦਤ ਭੇਟ ਕਰ ਸਕਾਂ।
ਲਗਭਗ ਅੱਧੇ ਘੰਟੇ ਲਈ ਉਹ ਪੰਜਾਬੀ ਮੁਸਲਿਮ ਔਰਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਅਗੰਮੀ ਬਖਸ਼ਿਸ਼ਾਂ ਬਾਰੇ ਏਨੇ ਸਬਰ, ਸੰਤੋਖ, ਭਰੋਸੇ ਅਤੇ ਰਵਾਨਗੀ ਨਾਲ ਬੋਲੀ ਕਿ ਜੀਅ ਕਰਦਾ ਸੀ ਕਿ ਉਸਦੇ ਬੋਲਾਂ ਨੂੰ ਕੋਈ ਟੋਕੇ ਨਾ ਬਸ ਸੁਣਦੇ ਹੀ ਜਾਈਏ। ਬੇਸ਼ੱਕ ਪੱਤਰਕਾਰ ਉਨ੍ਹਾਂ ਨੂੰ ਸਵਾਲ ਕਰ ਰਹੇ ਸਨ ਉਹ ਜਿਸ ਰਵਾਨਗੀ ਨਾਲ ਗੁਰੂ ਸਾਹਿਬ ਦੀ ਮਹਿਮਾ ਵਿੱਚ ਭਿੱਜਕੇ ਬੋਲ ਰਹੇ ਸਨ ਉਸਨੂੰ ਸ਼ਾਇਦ ਸ਼ਬਦਾਂ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ।
ਗੁਰੂ ਸਾਹਿਬ ਨਾਲ ਜਿਨ੍ਹਾਂ ਬਚਪਨ ਤੋਂ ਆਪਣੀ ਪ੍ਰੀਤ ਜੋੜੀ ਹੋਈ ਹੈ ਉਹ ਗੁਰੂ ਸਾਹਿਬ ਦੇ ਸੰਦੇਸ਼ ਨੂੰ ਕਿੰਨੇ ਪਾਕੀਜ਼ ਢੰਗ ਨਾਲ ਸੁਣ ਰਹੇ ਹਨ। ਸਚਮੁੱਚ ਗੁਰੂ ਨਾਨਕ ਦੇਵ ਜੀ ਦੇ ਰੁਹਾਨੀ ਸੰਦੇਸ਼ ਦੀ ਪਵਿੱਤਰਤਾ ਧਰਮਾਂ, ਕੌਮਾਂ ਅਤੇ ਨਸਲਾਂ ਦੀਆਂ ਵਲਗਣਾਂ ਤੋਂ ਬਹੁਤ ਉਚੇਰੀ ਅਤੇ ਪਵਿੱਤਰ ਹੈੈ। ਜਿਸਨੂੰ ਬੁਝਣ ਲਈ ਨਿਵਣਾਂ ਪੈਂਦਾ ਹੈੈ।