ਕਿਸੇ ਵੀ ਫਲਸਫੇ ਜਾਂ ਕਿਸੇ ਰਾਜਨੀਤਕ ਗੱਠਜੋੜ ਦੀ ਪਰਖ ਹਮੇਸ਼ਾ ਸੰਕਟ ਵੇਲੇ ਹੋਇਆ ਕਰਦੀ ਹੈ। ਜਦੋਂ ਤੱਕ ਕਿਸੇ ਸਿਧਾਂਤ ਜਾਂ ਦੇਸ਼ ਜਾਂ ਦੇਸ਼ਾਂ ਦੇ ਸਮੂਹ ਤੇ ਸੰਕਟ ਨਹੀ ਮੰਡਰਾਉਂਦਾ ਉਦੋਂ ਤੱਕ ਹਰ ਦੇਸ਼ ਅਤੇ ਹਰ ਫਲਸਫਾ ਬਹੁਤ ਉਚੀਆਂ ਅਤੇ ਰੁਹਾਨੀਅਤ ਵਰਗੀਆਂ ਗੱਲਾਂ ਕਰਦਾ ਰਹਿੰਦਾ ਹੈ। ਖਾਸ ਕਰਕੇ ਬਹੁਤੇ ਮੁਲਕ ਅਤੇ ਉਨ੍ਹਾਂ ਦੀਆਂ ਸਰਕਾਰਾਂ ਆਪਣੇ ਸ਼ਹਿਰੀਆਂ ਨੂੰ ਇਹ ਹੀ ਪਾਠ ਪੜ੍ਹਾਉਂਦੀਆਂ ਰਹਿੰਦੀਆਂ ਹਨ ਕਿ ਦੁਨੀਆਂ ਦੇ ਸਾਰੇ ਮਨੁੱਖ ਬਰਾਬਰ ਹਨ ਅਤੇ ਅਸੀਂ ਸਾਰੀ ਮਨੁੱਖਤਾ ਦਾ ਭਲਾ ਕਰਨ ਲਈ ਆਪਣੇ ਦੇਸ਼ ਨੂੰ ਚਲਾਉਣਾਂ ਹੈ ਅਤੇ ਦੇਸ਼ ਦੀਆਂ ਸਮੁੱਚੀਆਂ ਨੀਤੀਆਂ ਮਨੁੱਖਤਾ ਦੇ ਭਲੇ ਲਈ ਚਲਾਈਆਂ ਜਾਣਗੀਆਂ। ਪਰ ਜਿਉਂ ਹੀ ਕਿਸੇ ਫਲਸਫੇ ਜਾਂ ਮੁਲਕ ਤੇ ਸੰਕਟ ਪੈਦਾ ਹੁੰਦਾ ਹੈ ਉਸ ਵੇਲੇ ਉਹ ਮਨੁੱਖਤਾ ਦੀਆਂ ਕਥਾ ਕਹਾਣੀਆਂ ਛੱਡ ਕੇ ਆਪਣੇ ਅਸਲੇ ਦੇ ਦਰਸ਼ਨ ਕਰਵਾਉਣ ਲੱਗ ਜਾਂਦਾ ਹੈ। ਮੀਡੀਆ ਰਾਹੀਂ ਜਾਂ ਆਪਣੀਆਂ ਨੀਤੀਆਂ ਰਾਹੀਂ ਆਪਸੀ ਪ੍ਰੇਮ ਜਾਂ ਭਾਈਚਾਰੇ ਦਾ ਸੰਦੇਸ਼ ਦੇਣ ਵਾਲੇ ਮੁਲਕ ਕਿਵੇਂ ਸੰਕਟ ਸਮੇਂ ਆਪਣੇ ਅੰਦਰ ਪਲ ਰਹੀ ਨਫਰਤ ਨੂੰ ਉਜਾਗਰ ਕਰ ਦੇਂਦੇ ਹਨ ਇਸਦੀ ਮਿਸਾਲ ਅੱਜਕੱਲ਼੍ਹ ਯੂਰਪ ਦੇ ਰਿਹਾ ਹੈ।

ਉਹ ਹੀ ਯੂਰਪ ਜੋ ਦੁਨੀਆਂ ਨੂੰ ਇਹ ਦਰਸਾਉਂਦਾ ਰਿਹਾ ਹੈ ਕਿ ਅਸੀਂ ਆਪਣੀਆਂ ਹੱਦਾਂ ਸਰਹੱਦਾਂ ਖਤਮ ਕਰਕੇ ਹਰ ਕਿਸੇ ਦੀ ਅਜ਼ਾਦ ਆਵਾਜਾਈ ਦੇ ਦਰਵਾਜ਼ੇ ਖੋਲ਼੍ਹ ਦਿੱਤੇ ਹਨ ਅਤੇ ਹਰ ਕਿਸੇ ਨੂੰ ਕਿਤੇ ਵੀ ਰਹਿਣ ਜਾਂ ਕੰਮ ਕਰਨ ਦੇ ਮੌਕੇ ਪ੍ਰਦਾਨ ਕਰ ਦਿੱਤੇ ਹਨ। ਉਹ ਯੂਰਪ ਅੱਜ ਮਨੁੱਖਤਾ ਵਿਰੋਧੀ ਬਿਆਨਾਂ ਅਤੇ ਫਾਸ਼ੀਵਾਦੀ ਰੁਚੀਆਂ ਵਾਲੀਆਂ ਕਾਰਵਾਈਆਂ ਨਾਲ ਉਬਲ ਰਿਹਾ ਹੈ। ਮਨੁੱਖਤਾ ਵਿਰੋਧੀ ਅਪਰਾਧ, ਤਸ਼ੱਦਦ ਵਿਰੋਧੀ ਸਮਝੌਤੇ ਅਤੇ ਜੰਗਾਂ ਯੁੱਧਾਂ ਦਰਮਿਆਨ ਘਰੋਂ ਬੇਘਰ ਹੋਏ ਲੋਕਾਂ ਨੂੰ ਮੁੜ ਵਸੇਬਾ ਦੇਣ ਵਰਗੀਆਂ ਸੰਧੀਆਂ ਨੂੰ ਬਣਾਉਣ ਵਿੱਚ ਅਤੇ ਪੂਰੀ ਦੁਨੀਆਂ ਵਿੱਚ ਲਾਗੂ ਕਰਵਾਉਣ ਵਾਲਾ ਯੂਰਪ, ਸੰਕਟ ਮੂੰਹ ਆਈ ਮਨੁੱਖਤਾ ਨੂੰ ਨਾ ਤਾਂ ਪਨਾਹ ਦੇਣ ਲਈ ਰਾਜ਼ੀ ਹੈ ਅਤੇ ਨਾ ਹੀ ਉਨ੍ਹਾਂ ਦੇ ਦੁਖ ਦਰਦ ਵਿੱਚ ਭਾਈਵਾਲ ਬਣਨ ਦੀ ਇੱਛਾ ਰੱਖ ਰਿਹਾ ਹੈ। ਸੰਕਟ ਮੂੰਹ ਆਈ ਮਨੁੱਖਤਾ ਨੂੰ ਯੂਰਪ ਦਾ ਵੱਡਾ ਹਿੱਸਾ ਪੂਰੀ ਤਰ੍ਹਾਂ ਫਾਸ਼ੀਵਾਦੀ ਸ਼ੀਸ਼ੇ ਵਿੱਚੋਂ ਦੇਖ ਰਿਹਾ ਹੈ। ਕਿਹੜੀ ਮਨੁੱਖਤਾ, ਕਿਹੜੀ ਜਮਹੂਰੀਅਤ, ਕਿਹੜੀ ਯੂਰਪੀ ਯੂਨੀਅਨ ਇਸ ਸਭ ਕਾਸੇ ਦੀ ਅਸਲੀਅਤ ਇਸ ਵੇਲੇ ਯੂਰਪ ਦੇ ਵੱਡੇ ਹਿੱਸੇ ਵਿੱਚ ਦੇਖੀ ਜਾ ਸਕਦੀ ਹੈ।

ਗੱਲ ਸੀਰੀਆ ਦੀ ਜੰਗ ਦੀ ਹੈ। ਪਿਛਲੇ ੪ ਸਾਲਾਂ ਤੋਂ ਲੱਗੀ ਜੰਗ ਨੇ ਜਿੱਥੇ ਲੱਖਾਂ ਲੋਕਾਂ ਦੀ ਜਿੰਦਗੀ ਤਬਾਹ ਕਰ ਦਿੱਤੀ ਹੈ ਉ%ਥੇ ਕਰੋੜਾਂ ਲੋਕਾਂ ਨੂੰ ਆਪਣੇ ਘਰ ਛੱਡਕੇ ਕੇ ਭੱਜਣਾਂ ਪੈ ਰਿਹਾ ਹੈ। ਹਜਾਰਾਂ ਲੋਕ ਜਿਨ੍ਹਾਂ ਵਿੱਚ ਛੋਟੇ ਛੋਟੇ ਮਾਸੂਮ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ ਤੁਰਕੀ ਤੇ ਮੈਸੇਡੋਨੀਆ ਰਾਹੀਂ ਸਰਬੀਆ, ਗਰੀਸ, ਆਸਟਰੀਆ, ਹੰਗਰੀ ਅਤੇ ਹੋਰ ਯੂਰਪੀ ਮੁਲਕਾਂ ਵਿੱਚ ਸ਼ਰਨ ਲੈਣ ਲਈ ਪਹੁੰਚ ਰਹੇ ਹਨ। ਸੈਂਕੜੇ ਮੀਲ ਰੇਲ ਪਟੜੀਆਂ ਤੇ ਤੁਰਦੇ ਭੁਖ਼ਣ ਭਾਣੇ ਛੋਟੇ ਬੱਚੇ, ਬਜ਼ੁਰਗ ਔਰਤਾਂ ਅਤੇ ਮਰਦ ਇਸ ਸੰਕਟ ਦੀ ਘੜੀ ਕਿਸੇ ਤਿਨਕੇ ਦੇ ਸਹਾਰੇ ਦੀ ਉਡੀਕ ਵਿੱਚ ਮਨੁੱਖਤਾ ਦਾ ਘਰ ਸਮਝੇ ਜਾਂਦੇ ਯੂਰਪ ਵੱਲ ਨੂੰ ਆ ਰਹੇ ਹਨ। ਕੋਈ ਤੁਰਕੇ ਆ ਰਿਹਾ ਹੈ ਕੋਈ ਰੇਲ ਗੱਡੀ ਰਾਹੀਂ ਕੋਈ ਕਿਸ਼ਤੀਆਂ ਰਾਹੀਂ। ਹਜਾਰਾਂ ਲੋਕ ਕਿਸ਼ਤੀਆਂ ਉਲਟਣ ਨਾਲ ਆਪਣੀ ਜਾਨ ਤੋਂ ਵੀ ਹੱਥ ਧੋ ਬੈਠੇ ਹਨ।

ਮਨੁੱਖਤਾ ਸਾਹਮਣੇ ਦਰਪੇਸ਼ ਇਸ ਵੱਡੇ ਸੰਕਟ ਵੇਲੇ ਜਿਸ ਵੇਲੇ ਲੋੜ ਇਨ੍ਹਾਂ ਬੇਘਰ ਹੋਏ ਲੋਕਾਂ ਨੂੰ ਸਹਾਰਾ ਦੇਣ ਅਤੇ ਘਰ ਵਰਗਾ ਮਹੌਲ ਦੇਣ ਦੀ ਸੀ ਉਸ ਵੇਲੇ ਜਰਮਨੀ ਤੋਂ ਬਿਨਾ ਸਭ ਨੇ ਆਪਣੇ ਦਰਵਾਜ਼ੇ ਬੰਦ ਕਰ ਲਏ ਹਨ। ਸਿਰਫ ਦਰਵਾਜ਼ੇ ਹੀ ਬੰਦ ਨਹੀ ਕੀਤੇ ਬਲਕਿ ਉਨ੍ਹਾਂ ਬੇਘਰ ਹੋਏ ਲੋਕਾਂ ਲਈ ਬਹੁਤ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦੀ ਅਗਵਾਈ ਉਹ ਦੇਸ਼ ਕਰ ਰਿਹਾ ਹੈ ਜਿਸਨੂੰ ਸ਼ਾਇਦ ਸਭ ਤੋਂ ਜਿਆਦਾ ਨੋਬਲ ਇਨਾਮ ਮਿਲੇ ਹਨ। ਹੰਗਰੀ ਇਸ ਵੇਲੇ ਯੂਰਪ ਵਿੱਚ ਪੈਦਾ ਹੋ ਰਹੀ ਨਵ-ਫਾਸ਼ੀਵਾਦੀ ਮੁਹਿੰਮ ਦੀ ਅਗਵਾਈ ਕਰ ਰਿਹਾ ਹੈ। ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਾਨ ਨੇ ਸ਼ਪਸ਼ਟ ਸ਼ਬਦਾਂ ਵਿੱਚ ਆਖ ਦਿੱਤਾ ਹੈ ਕਿ ਉਹ ਕਿਸੇ ਇੱਕ ਵੀ ਮੁਸਲਮਾਨ ਨੂੰ ਆਪਣੇ ਦੇਸ਼ ਵਿੱਚ ਸਿਆਸੀ ਪਨਾਹ ਨਹੀ ਦੇਵੇਗਾ। ਉਸਨੇ ਸ਼ਪਸ਼ਟ ਆਖਿਆ ਕਿ ਜੇ ਸੀਰੀਆ ਤੋਂ ਆਉਣ ਵਾਲੇ ਲੋਕ ਇਸਾਈ ਹਨ ਤਾਂ ਉਹ ਹੰਗਰੀ ਵਿੱਚ ਰਹਿ ਸਕਦੇ ਹਨ ਮੁਸਲਮਾਨ ਨਹੀ। ਇਸਦੇ ਨਾਲ ਹੀ ਸਲੋਵਾਕੀਆ, ਪੋਲ਼ੈਂਡ ਅਤੇ ੬ ਹੋਰ ਯੂਰਪੀ ਮੁਲਕਾਂ ਨੇ ਇਹ ਸਟੈਡ ਸਪਸ਼ਟ ਤੌਰ ਤੇ ਲੈ ਲਿਆ ਹੈ ਕਿ ਕੋਈ ਵੀ ਮੁਸਲਮਾਨ ਰਿਫਊਜੀ ਉਨ੍ਹਾਂ ਦੇ ਮੁਲਕ ਵਿਚ ਨਹੀ ਵਸਾਇਆ ਜਾਵੇਗਾ। ਵਿਕਟਰ ਓਬਰਾਨ ਨੇ ਤਾਂ ਯੂਰਪੀ ਯੂਨੀਅਨ ਦੇ ਪ੍ਰਧਾਨ ਨੂੰ ਸਪਸ਼ਟ ਕਹਿ ਦਿੱਤਾ ਹੈ ਕਿ ਅਸੀਂ ਤੁਹਾਡੇ ਹੁਕਮ ਮੰਨਣ ਲਈ ਪਾਬੰਦ ਨਹੀ ਹਾਂ ਅਸੀਂ ਆਪਣੇ ਮੁਲਕ ਦੀ ਸੁਰੱਖਿਆ ਲਈ ਵੱਧ ਫਿਕਰਮੰਦ ਹਾਂ। ਇੱਕ ਪਾਸੇ ਜਿੱਥੇ ਯੂਰਪੀ ਯੂਨੀਅਨ ਦੀ ਇਸ ਸਬੰਧੀ ਜਰੂਰੀ ਮੀਟਿੰਗ ਹੋ ਰਹੀ ਹੈ ਉ%ਥੇ ਹੀ ਹੰਗਰੀ, ਚੈਕ ਗਣਰਾਜ, ਸਲੋਵਾਕੀਆ, ਪੋਲ਼ੈਂਡ ਅਤੇ ਹੋਰ ਮੁਲਕਾਂ ਨੇ ਆਪਣਾਂ ਗਰੁੱਪ ਬਣਾ ਕੇ ਗੈਰ-ਇਸਾਈ ਅਬਾਦੀ ਨੂੰ ਆਪਣੇ ਦੇਸ਼ ਵਿੱਚ ਵੜਨ ਤੋਂ ਸਪਸ਼ਟ ਮਨ੍ਹਾਂ ਕਰ ਦਿੱਤਾ ਹੈ। ਸਿਰਫ ਜਰਮਨੀ ਨੇ ਆਪਣੀਆਂ ਬਾਹਾਂ ਖੋਲ਼੍ਹਕੇ ੮ ਲੱਖ ਰਿਫਊਜੀਆਂ ਨੂੰ ਵਸਾਉਣ ਦਾ ਐਲਾਨ ਕੀਤਾ ਹੈ। ਰੇਲਵੇ ਸਟੇਸ਼ਨਾਂ ਤੇ ਉਤਰ ਰਹੇ ਸੈਕੜੇ ਰਿਫਊਜੀਆਂ ਦਾ ਜਰਮਨ ਲੋਕਾਂ ਵੱਲ਼ੋਂ ਭਰਵਾ ਸਵਾਗਤ ਹੋ ਰਿਹਾ ਹੈ।

ਇਸ ਸੰਦਰਭ ਵਿੱਚ ਬਰਤਾਨੀਆ ਦੀ ਭੂਮਿਕਾ ਵੀ ਬਹੁਤ ਖਰਾਬ ਆਖੀ ਜਾ ਸਕਦੀ ਹੈ। ਇਸੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਵੀ ਵੱਡੀ ਗਿਣਤੀ ਵਿੱਚ ਰਿਫਊਜੀਆਂ ਨੂੰ ਲੈਣ ਤੋਂ ਨਾਹ ਕਰ ਦਿੱਤੀ ਹੈ। ਉਸਦਾ ਆਖਣਾਂ ਹੈ ਕਿ ਅਸੀਂ ਤਾਂ ਸੀਰੀਆ ਵਿੱਚ ਹਾਲਾਤ ਠੀਕ ਕਰਨ ਨੂੰ ਤਰਜੀਹ ਦੇਵਾਂਗੇ। ਰਿਫਊਜੀਆਂ ਨੂੰ ਵਸੁਉਣ ਨਾਲ ਸਮੱਸਿਆ ਹੱਲ ਨਹੀ ਹੋਵੇਗੀ।

ਬੇਸ਼ੱਕ ਡੇਵਿਡ ਕੈਮਰੂਨ ਨੇ ਸ਼ਪਸ਼ਟ ਤੌਰ ਤੇ ਉਹ ਭਾਸ਼ਾ ਨਹੀ ਵਰਤੀ ਪਰ ਅਸਲ ਵਿੱਚ ਬਰਤਾਨਵੀ ਸਰਕਾਰ ਦਾ ਮਨਸ਼ਾ ਵੀ ਇਹੋ ਹੀ ਹੈ ਕਿ ਬਰਤਾਨੀਆ ਵਿੱਚ ਬਹੁਤੀ ਮੁਸਲਿਮ ਅਬਾਦੀ ਨੂੰ ਨਾ ਵਸਾਇਆ ਜਾਵੇ। ਇਹ ਇੱਕ ਤਰਾਂ੍ਹ ਨਾਲ ਖਾਮੋਸ਼ ਫਾਸ਼ੀਵਾਦ ਹੀ ਹੈ।

ਬਰਤਾਨੀਆ ਦੀਆਂ ਪਿਛਲੇ ੧੦ ਸਾਲਾਂ ਦੀਆਂ ਇਮੀਗਰੇਸ਼ਨ ਨੀਤੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਉਹ ਯੂਰਪੀ ਯੂਨੀਅਨ ਤੋਂ ਆਉਣ ਵਾਲੀ ਈਸਾਈ ਅਬਾਦੀ ਨੂੰ ਤਾਂ ਰੱਖਣ ਲਈ ਰਾਜ਼ੀ ਹੈ ਪਰ ਏਸ਼ੀਆ ਅਤੇ ਅਫਰੀਕਾ ਦੇ ਲੋਕਾਂ ਲਈ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਕਰ ਰਿਹਾ ਹੈ।

ਇਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਜਰਮਨੀ ਤੋਂ ਬਿਨਾ ਯੂਰਪ ਦੇ ਵੱਡੇ ਹਿੱਸੇ ਵਿੱਚ ਸਮੇਤ ਬਰਤਾਨੀਆ ਦੇ ਫਾਸ਼ੀਵਾਦੀ ਰੁਚੀਆਂ ਜੋ ਬਹੁਤ ਦੇਰ ਤੋਂ ਦੱਬੀਆਂ ਪਈਆਂ ਸਨ ਹੁਣ ਮੁੜਕੇ ਉਭਰ ਰਹੀਆਂ ਹਨ।