ਪਿਛਲੇ ਹਫਤੇ ਪਟਿਆਲੇ ਵਿੱਚ ਕੁਝ ਅਜਿਹਾ ਵਾਪਰਿਆ ਜੋ ਨਹੀ ਸੀ ਵਾਪਰਨਾ ਚਾਹੀਦਾ। ਕੁਝ ਸਿਰਫਿਰੇ ਆਗੂਆਂ ਨੇ ਇਹ ਐਲਾਨ ਕਰ ਦਿੱਤਾ ਕਿ ਉਹ 29 ਅਪਰੈਲ ਨੂੰ ਸਿੱਖਾਂ ਦੇ ਖਿਲਾਫ ਇੱਕ ਮੁਜਾਹਰਾ ਕਰਨਗੇ, ਉਨ੍ਹਾਂ ਦੇ ਖਿਲਾਫ ਆਪਣੀ ਨਫਰਤ ਦਾ ਪਰਗਟਾਵਾ ਕਰਨਗੇ ਅਤੇ ਉਨ੍ਹਾਂ ਨੂੰ ਸਿਧਾਂਤਕ ਤੌਰ ਤੇ ਇਹ ਚੁਣੌਤੀ ਦੇਣ ਦਾ ਯਤਨ ਕਰਨਗੇ ਕਿਹ ਹੁਣ ਪੰਜਾਬ ਵਿੱਚ ਵੀ ਸਾਡੀ ਚਲਦੀ ਹੈ, ਤੁਹਾਨੂੰ ਪੁੱਛਣ ਵਾਲਾ ਕੋਈ ਨਹੀ ਹੈ। ਤੁਸੀਂ ਜਿਹੜੇ ਆਪਣੀ ਬਹਾਦਰੀ ਅਤੇ ਅਣਖ ਦੀਆਂ ਡੀਂਗਾਂ ਮਾਰ ਰਹੇ ਹੋ ਅਤੇ ਜਿਸ ਬਹਾਦਰੀ ਦੀਆਂ ਤੁਸੀਂ ਢੱਡਾਂ ਖੜਕਾ ਰਹੇ ਹੋ ਅਸੀਂ ਸ਼ਰੇਆਮ ਉਸ ਅਣਖ ਅਤੇ ਬਹਾਦਰੀ ਨੂੰ ਚੁਣੌਤੀ ਦੇਵਾਂਗੇ ਅਤੇ ਤੁਹਾਨੂੰ ਮਾਨਸਿਕ ਤੌਰ ਤੇ ਜਲੀਲ ਕਰਨ ਦਾ ਯਤਨ ਕਰਾਂਗੇ।
ਗੁਰੂ ਗੋਬਿੰਦ ਸਿੰਘ ਜੀ ਦੇ ਕਿਸੇ ਵੀ ਸਿੱਖ ਲਈ ਇਹ ਐਲਾਨ ਅਤੇ ਦਾਅਵਾ ਚੁਣੌਤੀ ਵਰਗਾ ਸੀ ਕਿਉਂਕਿ ਉਨ੍ਹਾਂ ਦੀ ਪਿੱਠ ਤੇ ਉ੍ਹਹ ਇਤਿਹਾਸ ਖੜ੍ਹਾ ਸੀ ਜਿਸ ਨੇ ਮੱਸਾ ਰੰਘੜ ਤੋਂ ਲੈਕੇ ਜਕਰੀਆ ਖਾਨ ਵਰਗੇ ਜਾਲਮਾਂ ਨੂੰ ਚਨੇ ਚਬਾਏ ਸਨ। ਕੋਈ ਸਰਕਾਰੀ ਸ਼ਹਿ ਪ੍ਰਾਪਤ ਧਿਰ ਗੁਰੂ ਦੇ ਖਾਲਸੇ ਨੂੰ ਅਜਿਹੀ ਚੁਣੌਤੀ ਦੇ ਦੇਵੇ ਅਤੇ ਆਪਣੇ ਇਰਾਦੇ ਨੂੰ ਸਾਕਾਰ ਕਰਨ ਲਈ ਸਫਬੰਦੀ ਸ਼ੁਰੂ ਕਰ ਦੇਵੇ ਇਹ ਖਾਲਸਾ ਜੀ ਲਈ ਕਿਸੇ ਚੁਣੌਤੀ ਤੋਂ ਘੱਟ ਨਹੀ ਸੀ। ਸਰਕਾਰੀ ਸ਼ਹਿ ਪਰਾਪਤ ਕੁਝ ਮੁਜਰਮ ਕਿਸਮ ਦੇ ਲੋਕਾਂ ਦੀ ਇਸ ਚੁਣੌਤੀ ਨੂੰ ਗੈਰਤਮੰਦ ਸਿੱਖਾਂ ਨੇ ਕਬੂਲ ਕੀਤਾ ਅਤੇ ਉਸ ਗੁੰਡਾ ਗਰੋਹ ਨੂੰ ਰੋਕਣ ਲਈ ਕਮਰਕਸੇ ਕਰ ਲਏ ਜੋ ਖਾਲਸਾ ਜੀ ਨੂੰ ਚੁਣੌਤੀ ਦੇਣ ਦੇ ਐਲਾਨ ਕਰ ਰਿਹਾ ਸੀ।
29 ਅਪਰੈਲ ਨੂੰ ਕੁਝ ਸਿੱਖ ਪਟਿਆਲੇ ਵਿਖੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਉਸ ਬੇਹੂਦਗੀ ਨੂੰ ਰੋਕਣ ਲਈ ਯਤਨ ਸ਼ੁਰੂ ਕਰ ਦਿੱਤੇ। ਬੇਸ਼ੱਕ ਸਿੱਖ ਨੌਜਵਾਨ ਡੰਡਿਆਂ ਅਤੇ ਤਲਵਾਰਾਂ ਨਾਲ ਲੈਸ ਸਨ ਪਰ ਉਨ੍ਹਾਂ ਕਿਸੇ ਵੀ ਰਾਹਗੀਰ ਤੇ ਕੋਈ ਹਮਲਾ ਨਹੀ ਕੀਤਾ। ਉਹ ਸ਼ਾਂਤਮਈ ਢੰਗ ਨਾਲ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਯਤਨਸ਼ੀਲ ਰਹੇ। ਜਿਲ੍ਹੇ ਦੇ ਸੂਝਵਾਨ ਪੁਲਸ ਮੁਖੀ ਨਾਨਕ ਸਿੰਘ ਨੇ ਸਥਿਤੀ ਨੂੰ ਬਹੁਤ ਸੂਝ ਬੂਝ ਨਾਲ ਨਜਿੱਠਿਆ ਅਤੇ ਕੋਈ ਜਾਨੀ ਨੁਕਸਾਨ ਨਹੀ ਹੋਣ ਦਿੱਤਾ। ਪਰ ਪੰਜਾਬ ਪੁਲਸ ਨੇ ਹੁਣ ਕੁਝ ਸਿੱਖਾਂ ਨੂੰ ਹੀ ਹਿੰਸਾ ਭੜਕਾਉਣ ਦੇ ਦੋਸ਼ ਹੇਠ ਗਰਿਫਤਾਰ ਕਰ ਲਿਆ ਹੈ, ਉਨ੍ਹਾਂ ਤੇ ਤਸ਼ੱਦਦ ਹੋਣ ਦੀਆਂ ਵੀ ਖਬਰਾਂ ਨੇ। ਪੁਲਸ ਨਾਲ ਹਮਬਿਸਤਰ ਮੀਡੀਆ ਦਾ ਹਿੱਸਾ ਵੀ ਇੱਕ ਵਾਰ ਫਿਰ ਸਿੱਖਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਮੁਜਰਮਾਨਾ ਬਿਰਤੀ ਵਾਲੇ ਲੋਕਾਂ ਵੱਲੋਂ ਸਿੱਖਾਂ ਖਿਲਾਫ ਮੁਜਾਹਰਾ ਕਰਨ ਦੇ ਐਲਾਨ ਤੋਂ ਬਾਅਦ ਬਹੁਤ ਮੁਹਤਬਰ ਸਿੱਖਾਂ ਨੇ ਜਿਲ੍ਹਾ ਪਰਸ਼ਾਸ਼ਨ ਨੂੰ ਮਿਲਕੇ ਅਪੀਲ ਕੀਤੀ ਸੀ ਕਿ ਇਸ ਮੁਜਾਹਰੇ ਨੂੰ ਰੋਕਿਆ ਜਾਵੇ ਤਾਂ ਕਿ ਸਿੱਖਾਂ ਅਤੇ ਹਿੰਦੂਆਂ ਦਰਮਿਆਨ ਬਣੀ ਹੋਈ ਆਪਸੀ ਸਾਂਝ ਨਾ ਟੁੱਟੇ। ਕਈ ਯਾਦ ਪੱਤਰ ਦੇਣ ਤੋਂ ਬਾਅਦ ਵੀ ਪਰਸ਼ਾਸ਼ਨ ਨੇ ਉਨ੍ਹਾਂ ਅਨਸਰਾਂ ਨੂੰ ਨਾ ਰੋਕਿਆ ਅਤੇ ਨਾ ਹੀ ਗਰਿਫਤਾਰ ਕੀਤਾ।
ਹੁਣ ਇੱਕ ਅੰਗਰੇਜ਼ੀ ਅਖਬਾਰ ਨੇ ਖਬਰ ਪਰਕਾਸ਼ਤ ਕੀਤੀ ਹੈ ਕਿ 27 ਅਪਰੈਲ ਨੂੰ ਬਹੁਤ ਹੀ ਮੋਹਤਬਰ ਹਿੰਦੂ ਨੇਤਾ ਪੰਜਾਬ ਪੁਲਸ ਦੇ ਮੁਖੀ ਨੂੰ ਮਿਲੇ ਸਨ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਦੇ ਹੀ ਕੁਝ ਸਾਥੀ ਪੰਜਾਬ ਦਾ ਮਹੌਲ ਖਰਾਬ ਕਰਨ ਦੇ ਯਤਨ ਕਰ ਰਹੇ ਹਨ ਇਸ ਲਈ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਅਪੀਲ ਦੇ ਬਾਵਜੂਦ ਵੀ ਪੁਲਸ ਨੇ ਕੋਈ ਅਤਿਆਤੀ ਕਦਮ ਨਹੀ ਚੁੱਕਿਆ। ਹੁਣ ਇੱਕ ਪਰਮੁੱਖ ਸਿੱਖ ਨੌਜਵਾਨ ਭਾਈ ਬਰਜਿੰਦਰ ਸਿੰਘ ਪਰਵਾਨਾ ਤੇ ਹਿੰਸਾ ਭੜਕਾਉਣ ਅਤੇ ਮੰਦਰ ਤੇ ਹਮਲਾ ਕਰਨ ਦੇ ਦੋਸ਼ ਲਗਾ ਕੇ ਉਨ੍ਹਾਂ ਨੂੰ ਗਰਿਫਤਾਰ ਕਰ ਲਿਆ ਗਿਆ ਹੈੈ।
ਮੰਦਰ ਤੇ ਹਮਲਾ ਕਰਨ ਵਾਲੀ ਘਟਨਾ ਦਾ ਵੀ ਇੱਕ ਹੋਰ ਅੰਗਰੇਜ਼ੀ ਅਖਬਾਰ ਨੇ ਪਾਜ ਉਘਾੜ ਦਿੱਤਾ ਹੈ। ਉਸ ਅਖਬਾਰ ਨੇ ਸਬੰਧਤ ਮੰਦਰ ਦੇ ਪਰਬੰਧਕਾਂ ਨਾਲ ਗੱਲ ਕਰਨ ਤੋਂ ਬਾਅਦ ਖਬਰ ਪਰਕਾਸ਼ਤ ਕੀਤੀ ਹੈ ਕਿ ਕੋਈ ਵੀ ਸ਼ਖਸ਼ 29 ਅਪਰੈਲ ਨੂੰ ਨਾ ਤਾਂ ਮੰਦਰ ਦੇ ਅੰਦਰ ਦਾਖਲ ਹੋਇਆ ਅਤੇ ਨਾ ਹੀ ਕਿਸੇ ਨੇ ਮੰਦਰ ਤੇ ਹਮਲਾ ਕੀਤਾ। ਇੱਕ ਪਾਸੇ ਨਿਰਪੱਖ ਸੋਚਣ ਵਾਲੇ ਇਮਾਨਦਾਰ ਲੋਕ ਹਨ ਜੋ ਆਪਣੀ ਪੱਤਰਕਾਰੀ ਰਾਹੀਂ ਇਹ ਦੱਸ ਰਹੇ ਹਨ ਕਿ ਪਰਸ਼ਾਸ਼ਨ ਨੇ ਨਾ ਹਿੰਦੂ ਆਗੂਆਂ ਦੀ ਸੁਣੀ ਅਤੇ ਨਾ ਹੀ ਸਿੱਖ ਆਗੂਆਂ ਦੀ। ਪਰ ਪਰਸ਼ਾਸ਼ਨ ਤਾਂ 40 ਸਾਲਾਂ ਤੋਂ ਚਲੀ ਆਉਂਦੀ ਰਵਾਇਤ ਦਾ ਹੀ ਪਾਲਣ ਕਰ ਰਿਹਾ ਹੈ। ਪੰਜਾਬ ਪੁਲਸ ਨੂੰ ਦੱਸਿਆ ਅਤੇ ਸਿਖਾਇਆ ਗਿਆ ਹੈ ਕਿ ਪੰਜਾਬ ਵਿੱਚ ਜੇ ਕੋਈ ਜੁਰਮ ਕਰਨ ਵਾਲੀ ਕੌਮ ਹੈ ਤਾਂ ਉਹ ਸਿੱਖ ਹੀ ਹਨ। ਭਾਵੇਂ ਉਨ੍ਹਾਂ ਨੇ ਕੋਈ ਜੁਰਮ ਕੀਤਾ ਹੈ ਜਾਂ ਨਹੀ ਪਰ ਕੇਸ ਸਿੱਖਾਂ ਤੇ ਹੀ ਪਾਉਣੇ ਹਨ ਅਤੇ ਮੀਡੀਆ ਵਿੱਚ ਵੀ ਸਿੱਖਾਂ ਨੂੰ ਹੀ ਮੁਜਰਮ ਠਹਿਰਾਉਣਾਂ ਹੈ।
ਇਹ 21ਵੀ ਸਦੀ ਦੇ ਭਾਰਤ ਦਾ ਇਨਸਾਫ ਹੈ ਜੋ ਲਗਾਤਾਰ ਘੱਟ ਗਿਣਤੀਆਂ ਨੂੰ ਆਪਣੀ ਦਹਿਸ਼ਤ ਹੇਠ ਦਬਾ ਕੇ ਰੱਖਣਾਂ ਚਾਹੁੰਦਾ ਹੈੈ।