ਕੌਮਾਂ ਜਦੋਂ ਆਪਣੀ ਹੋਂਦ ਅਤੇ ਹੋਣੀ ਦੇ ਸੰਘਰਸ਼ ਲੜਦੀਆਂ ਹਨ ਤਾਂ ਜਮਹੂਰੀ ਢਾਂਚੇ ਵਿੱਚ ਲੜੇ ਜਾਣ ਵਾਲੇ ਸੰਘਰਸ਼ਾਂ ਵਿੱਚ ਕਿਤੇ ਨਾ ਕਿਤੇ, ਕੋਈ ਨਾ ਕੋਈ ਉਣਤਾਈ ਜਰੂਰ ਰਹਿ ਜਾਂਦੀ ਹੈੈੈ। ਇਸਦੇ ਕਈ ਕਾਰਨ ਹੁੰਦੇ ਹਨ। ਇੱਕ ਤਾਂ ਲੀਡਰਸ਼ਿੱਪ ਦਾ ਸੰਘਰਸ਼ ਦੀ ਸੋਚ ਅਤੇ ਸੁਰਤ ਦੀ ਹਾਣ ਦਾ ਨਾ ਹੋਣਾਂ, ਦੂਜਾ ਲੀਡਰਸ਼ਿੱਪ ਨੂੰ ਵੱਡੇ ਸੰਘਰਸ਼ਾਂ ਦਾ ਤਜਰਬਾ ਨਾ ਹੋਣਾਂ ਅਤੇ ਤੀਜਾ ਲੀਡਰਸ਼ਿੱਪ ਵਿੱਚ ਉਹ ਤਾਣ ਨਾ ਹੋਣਾਂ ਜੋ ਕਿਸੇ ਹੋਂਦ-ਹਸਤੀ ਵਾਲੇ ਸੰਘਰਸ਼ ਨੂੰ, ਵਕਤ ਦੇ ਹਾਕਮਾਂ ਅੱਗੇ ਧੱਕਣ ਲਈ ਜਰੂਰੀ ਹੁੰਦਾ ਹੈੈੈ।
ਭਾਰਤ ਦੇ ਤਾਨਾਸ਼ਾਹ ਹਾਕਮਾਂ ਖਿਲਾਫ ਕਿਸਾਨੀ ਸੰਘਰਸ਼ ਦੇ ਨਾਅ ਹੇਠ ਜੋ ਬਗਾਵਤ ਪੁੰਗਰ ਰਹੀ ਹੈ ਉਸ ਵਿੱਚ ਵੀ ਕਈ ਵਾਰ ਅਜਿਹੀਆਂ ਗਲਤੀਆਂ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਬਾਰੇ ਸਿੱਖ ਸੰਗਤ ਪਹਿਲੋਂ ਸੁਚੇਤ ਨਹੀ ਹੁੰਦੀ। ਪਿਛਲੇ ਦਿਨੀ ਸਿੱਖਾਂ ਦੇ ਕੌਮੀ ਨਿਸ਼ਾਨਾਂ ਨੂੰ ਹਟਾਉਣ ਬਾਰੇ ਜੋ ਕਿਸਾਨ ਲੀਡਰਸ਼ਿੱਪ ਨੇ ਟਿੱਪਣੀ ਕੀਤੀ। ਉਹ ਮੰਦਭਾਗੀ ਸੀ। ਇਸਦੇ ਨਾਲ ਹੀ ਖਰੀ ਗੱਲ ਇਹ ਹੋਈ ਕਿ ਮੋਰਚੇ ਦੀ ਤਾਣ-ਸ਼ਕਤੀ ਬਣੀ ਸਿੱਖ ਸੰਗਤ ਦੇ ਵਿਰੋਧ ਤੋਂ ਬਾਅਦ ਉਹ ਗਲਤੀ ਸੁਧਾਰ ਲਈ ਗਈ।
ਹੁਣ ਸੁਆਲ ਇਹ ਉਠਦਾ ਹੈ ਕਿ ਕਿਸਾਨ ਲੀਡਰਸ਼ਿੱਪ ਨੂੰ ਉਹ ਟਿੱਪਣੀ ਕਰਨ ਦੀ ਲੋੜ ਕਿਉਂ ਪਈ? ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਇੱਕ ਭਾਰਤੀ ਟੀ.ਵੀ. ਚੈਨਲ ਸਿੱਖਾਂ ਦੇ ਨਿਸ਼ਾਨ ਸਾਹਿਬ ਦਾ ਹਵਾਲਾ ਦੇ ਕੇ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਕਰਕੇ ਉਨ੍ਹਾਂ ਨੇ ਕਿਸੇ ਵੱਡੇ ਪੁਆੜੇ ਨੂੰ ਟਾਲਣ ਲਈ ਇਹ ਗੱਲ ਆਖ ਦਿੱਤੀ।
ਹੁਣ ਇੱਥੇ ਬਲਬੀਰ ਸਿੰਘ ਰਾਜੇਵਾਲ ਦਾ ਤਰਕ ਸਮਝ ਆਉਂਦਾ ਹੈੈ ਅਤੇ ਨਾਲ ਹੀ ਉਨ੍ਹਾਂ ਦੀ ਲੀਡਰਸ਼ਿੱਪ ਦੀ ਸੀਮਤਾਈ ਵੀ। ਬਲਬੀਰ ਸਿੰਘ ਰਾਜੇਵਾਲ ਇੱਕ ਕਿਸਾਨ ਲੀਡਰ ਹੈ। ਉਸਦੀਆਂ ਆਪਣੀਆਂ ਸੀਮਤਾਈਆਂ ਹਨ। ਪਰ ਦਿੱਲੀ ਨੂੰ ਜੋ ਘੇਰ ਕੇ ਬੈਠੇ ਹਨ ਉਹ ਸਿਰਫ ਕਿਸਾਨ ਨਹੀ ਹਨ। ਨਾ ਹੀ ਉਹ ਕੇਵਲ ਕਿਸਾਨੀ ਮੰਗਾਂ ਮਨਾਉਣ ਆਏ ਹਨ। ਜੋ ਅੱਜ ਦਿੱੱਲੀ ਨੂੰ ਘੇਰ ਕੇ ਬੈਠੇ ਹਨ ਕਦੇ ਉਨ੍ਹਾਂ ਅਬਦਾਲੀ ਨੂੰ ਭਾਜੜਾਂ ਪਵਾਈਆਂ ਅਤੇ ਕਦੇ ਨਾਦਰ ਕਦੇ ਔਰੌਗੇ ਨੂੰ। ਇਹ ਉਹ ਹੀ ਹਨ ਜਿਨ੍ਹਾਂ ਜਮਰੌਦ ਦਾ ਕਿਲਾ ਸਰ ਕੀਤਾ ਅਤੇ ਜਿਨ੍ਹਾਂ ਤਿੱਬਤ ਤੱਕ ਖਾਲਸਾ ਰਾਜ ਦੇ ਝੰਡੇ ਝੁਲਾਏ। ਬੇਸ਼ੱਕ ਅੱਜ ਉਹ ਆਪਣੇ ਮਨ ਵਿੱਚ ਉਬਲਦਾ ਤੂਫਾਨ ਕਾਬੂ ਕਰਕੇ ਕਿਸਾਨਾ ਦੇ ਰੂਪ ਵਿੱਚ ਬੈਠੇ ਹਨ ਪਰ ਇਹ, ਉਹ ਹੀ ਹਨ ਜਿਨ੍ਹਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਸੀ। ਪੰਜਾਬ ਵਿੱਚ ਵਾਰ ਵਾਰ ਉਠਦੇ ਰੋਹ ਅਸਲ ਵਿੱਚ 1984 ਤੋਂ ਬਾਅਦ ਪੈਦਾ ਹੋਏ ਦਰਦ ਦੀ ਹੂਕ ਹੀ ਹੈੈੈ। ਕਦੇ ਉਹ ਸਰਬੱਤ ਖਾਲਸਾ ਦੇ ਰੂਪ ਵਿੱਚ ਪਰਗਟ ਹੁੰਦਾ ਹੈ, ਕਦੇ ਬਰਗਾੜੀ ਮੋਰਚੇ ਦੇ ਰੂਪ ਵਿੱਚ ਅਤੇ ਕਦੇ ਇਹ ਰੋਹ ਏਨਾ ਸ਼ਾਂਤ ਵਗਦਾ ਹੈ ਕਿ ਚੁਪ-ਚੁਪੀਤੇ ਹੀ ਹਿੰਦੂਵਾਦ ਦੀ ਹਨੇਰੀ ਨੂੰ ਗਲਾਮਿਓਂ ਫੜਕੇ ਚਾਰ ਅਜਿਹੇ ਮੈਂਬਰ ਪਾਰਲੀਮੈਂਟ ਜਿਤਾ ਦੇਂਦਾ ਹੈ ਜਿਨ੍ਹਾਂ ਬਾਰੇ ਕਿਸੇ ਨੂੰ ਉਮੀਦ ਵੀ ਨਹੀ ਸੀ।
ਸੋ, ਕਿਸਾਨ ਮੋਰਚੇ ਨੂੰ ਸਿਰਫ ਕਿਸਾਨ ਮੋਰਚੇ ਤੱਕ ਸੀਮਤ ਕਰਕੇ ਦੇਖਣਾਂ ਇਤਹਾਸ ਨਾਲ ਵਫਾਦਾਰੀ ਨਹੀ ਹੋਵੇਗੀ। ਇਹ ਉਹ ਲੋਕ ਹਨ ਜਿਨ੍ਹਾਂ ਦਾ ਆਪਣਾਂ ਨਿਆਰਾ ਅਤੇ ਵੱਖਰਾ ਕੌਮੀ ਜਜਬਾ ਹੈ ਅਤੇ ਜਿਹੜੇ ਭਾਰੂ ਬਹੁ-ਗਿਣਤੀ ਦੀ ਸਿਆਸੀ ਹੈਂਕੜ ਆਪਣੇ ਨਿਆਰੇਪਣ ਦੇ ਸਬਰ ਨਾਲ ਭੰਨਣ ਆਏ ਹਨ।
ਉਨ੍ਹਾਂ ਕੋਲ ਸਭ ਕੁਝ ਆਪਣਾਂ ਹੈੈ। ਨਿਆਰਾ, ਸ਼ੁਧ ਅਤੇ ਪਵਿੱਤਰ। ਆਪਣਾਂ ਇਤਿਹਾਸ, ਆਪਣਾਂ ਗਰੰਥ, ਆਪਣੀਆਂ ਰਵਾਇਤਾ, ਆਪਣੀ ਬੋਲੀ ਆਪਣਾਂ ਸੱਭਿਆਚਾਰ। ਕਿਸੇ ਸੰਘਰਸ਼ ਨੂੰ ਲੜਨ ਲਈ ਇਨ੍ਹਾਂ ਲੋਕਾਂ ਕੋਲ ਆਪਣੇ ਸਭ ਹਥਿਆਰ ਹਨ। ਆਪਣੇ ਆਵਾਜਾਈ ਦੇ ਸਾਧਨ, ਆਪਣਾਂ ਲੰਗਰ,ਆਪਣਾਂ ਜਿਸਮਾਨੀ ਜੋਰ, ਆਪਣੀ ਦਿ੍ਰੜਤਾ, ਆਪਣੇ ਲੋਕ ਅਤੇ ਆਪਣਾਂ ਮੀਡੀਆ। ਇਹ ਲੋਕ ਜੋ ਦਿੱਲੀ ਨੂੰ ਘੇਰ ਕੇ ਬੈਠੇ ਹਨ ਕੋਈ ਗੂੰਗੇ ਬਹਿਰੇ,ਅੰਗਹੀਣ ਜਾਂ ਨਾਅਹਿਲ ਨਹੀ ਹਨ। ਇਹ ਪੂਰੇ ਸੂਰੇ ਸੰਪੂਰਨ ਮਨੁੱਖ ਹਨ।
ਅਜਿਹੇ ਸੰਪੂਰਨ ਮਨੁੱਖਾਂ ਬਾਰੇ ਦੁਸ਼ਮਣ ਦਾ ਮੀਡੀਆ,ਵਿਦਵਾਨ ਜਾਂ ਸਿਆਸਤਦਾਨ ਕੀ ਕਹਿੰਦੇ ਹਨ ਇਨ੍ਹਾਂ ਨੂੰ ਕੋਈ ਪਰਵਾਹ ਨਹੀ ਹੈੈ। ਇਹ ਤਾਂ ਆਪਣੇ ਗੁਰੂ ਕੀਆਂ ਲਾਡਲੀਆਂ ਫੌਜਾਂ ਹਨ। ਇਹ ਆਪਣੇ ਨਾਲ ਪੰਜਾਬ ਤੋਂ ਆਪਣੀ ਸੰਪੂਰਨ ਸੱਭਿਅਤਾ ਲੈ ਕੇ ਆਏ ਹਨ।
ਇਹ ਬੇਗਾਨਿਆਂ ਦੇ ਹਥਿਆਰਾਂ ਨਾਲ ਜੰਗ ਲੜਨ ਨਹੀ ਆਏ। ਅਤੇ ਨਾ ਹੀ ਇਹ ਪਰਵਾਹ ਕਰਦੇ ਹਨ ਕਿ ਬੇਗਾਨੇ ਅਤੇ ਦੁਸ਼ਮਣ ਇਨ੍ਹਾਂ ਬਾਰੇ ਕੀ ਕਹਿੰਦੇ ਸੁਣਦੇ ਹਨ। ਇਹ ਅਜ਼ਾਦ ਮਨੁੱਖ ਹਨ, ਅਲਬੇਲੇ, ਬੇਪਰਵਾਹ। ਭਾਵੇ ਆਪਣੀ ਹੋਂਦ ਦੀ ਲੜਾਈ ਲੜਨ ਆਏ ਹਨ ਪਰ ਇਸ ਤਰ੍ਹਾਂ ਝੂਮਦੇ ਫਿਰਦੇ ਹਨ ਜਿਵੇਂ ਮੇਲੇ ਆਏ ਹੋਣ। ਵਾਰ ਵਾਰ ਦੁਸ਼ਮਣ ਨੂੰ ਲਲਕਾਰਦੇ ਵੀ ਹਨ।ਸ਼ਾਂਤੀ ਦੇ ਪੁੰਜ ਵੀ ਹਨ, ਦਲੇਰ ਵੀ ਹਨ ਅਤੇ ਮਸਤ ਵੀ ਹਨ।
ਸੋ ਅਸੀਂ ਸਮਝਦੇ ਹਾਂ ਕਿ ਕਿਸਾਨ ਲੀਡਰਸ਼ਿੱਪ ਨੂੰ ਇਸ ਸੰਘਰਸ਼ ਦੀ ਆਤਮਾ ਦੀ ਸਮਝ ਨਹੀ ਹੈੈ। ਇਨ੍ਹਾਂ ਲੋਕਾਂ ਦੇ ਅੰਦਰ ਕਿਸ ਤਰ੍ਹਾਂ ਦਾ ਤੂਫਾਨ ਖੌਲ ਰਿਹਾ ਹੈ, ਕਿਸਾਨ ਲੀਡਰਸ਼ਿੱਪ ਨੂੰ ਉਸਦੀ ਥਹੁ ਨਹੀ ਹੈੈੈ। ਇਸੇ ਕਰਕੇ ਉਹ ਦੁਸ਼ਮਣ ਦੀਆਂ ਟਿੱਪਣੀਆਂ ਤੋਂ ਡਰ ਜਾਂਦੀ ਹੈੈੈ।
ਇਹ ਲੋਕ ਆਪਣੇ ਸੰਸਕਾਰਾਂ ਅਤੇ ਆਪਣੇ ਹਥਿਆਰਾਂ ਨਾਲ ਜੰਗ ਲੜਨ ਆਏ ਹਨ। ਸਿਰਫ ਲੜਨ ਹੀ ਨਹੀ ਆਏ ਬਲਕਿ ਜਿੱਤਣ ਦੇ ਦਿ੍ਰੜ ਇਰਾਦੇ ਆਪਣੇ ਪੱਲੇ ਬੰਨ੍ਹੀ ਫਿਰਦੇ ਹਨ। ਦੁਸ਼ਮਣ ਦਾ ਮੀਡੀਆ ਅਤੇ ਫੌਜ ਇਨ੍ਹਾਂ ਨੂੰ ਡਰਾ ਨਹੀ ਸਕੇਗੀ। ਕਲਗੀਆਂ ਵਾਲੇ ਦੀ ਅਗੰਮੀ ਮਿਹਰ ਦਾ ਦਰਿਆ ਇਨ੍ਹਾਂ ਵਿੱਚ ਵਗ ਰਿਹਾ ਹੈੈੈ।