ਦੋ ਵਿਦਿਆਰਥੀ ਲਹਿਰਾਂ ਨੂੰ ਪੰਜਾਬ ਦੇ ਇਤਿਹਾਸ ਵਿੱਚ ਮਾਣ ਨਾਲ ਦੇਖਿਆ ਜਾਂਦਾ ਹੈ। ਬਿਲਕੁਲ ਹੀ ਵੱਖਰੀ ਵਿਚਾਰਧਾਰਾ ਰੱਖਣ ਵਾਲੀਆਂ ਇਨ੍ਹਾਂ ਵਿਦਿਆਰਥੀ ਲਹਿਰਾਂ ਨੇ ਪੰਜਾਬ ਦੀ ਜਵਾਨੀ ਨੂੰ ਜਿਵੇਂ ਵੱਡੀ ਪੱਧਰ ਤੇ ਹਲੂਣਿਆਂ ਅਤੇ ਉਸ ਹਲੂਣੇ ਨੇ ਜਿਸ ਕਿਸਮ ਦੇ ਸਿਆਸੀ ਭੁਚਾਲ ਪੰਜਾਬ ਵਿੱਚ ਲਿਆਂਦੇ ਉਹ ਪੰਜਾਬ ਦੇ ਅਜੋਕੇ ਇਤਿਹਾਸ ਦਾ ਇੱਕ ਅਨਿੱਖੜਵਾਂ ਅੰਗ ਹਨ । ਪੰਜਾਬ ਦੀਆਂ ਇਨ੍ਹਾਂ ਦੋ ਵਿਦਿਆਰਥੀ ਲਹਿਰਾਂ ਤੋਂ ਸਾਡੀ ਮੁਰਾਦ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ ਹੈੈ। ਪੰਜਾਬ ਸਟੂਡੈਂਟਸ ਯੂਨੀਅਨ 60ਵੇਂ ਦਹਾਕੇ ਦੌਰਾਨ ਜਿਸ ਸਿਦਕਦਿਲੀ ਅਤੇ ਵਿਚਾਰਧਾਰਕ ਸਪਸ਼ਟਤਾ ਨਾਲ ਪੰਜਾਬ ਵਿੱਚ ਉਸਰੀ ਅਤੇ ਤੋੜ ਚੜ੍ਹੀ ਉਸਨੇ ਪੰਜਾਬ ਦੇ ਇਤਿਹਾਸ ਵਿੱਚ ਆਪਣਾਂ ਨਾ ਮਾਣ ਵਾਲੇ ਅੱਖਰਾਂ ਵਿੱਚ ਲਿਖਵਾਇਆ ਹੈੈ। ਉਸ ਲਹਿਰ ਨੇ ਪੰਜਾਬ ਨੂੰ ਸਿਆਸੀ ਤੌਰ ਤੇ ਚੇਤੰਨ ਅਤੇ ਦ੍ਰਿੜ ਲੀਡਰਸ਼ਿੱਪ ਦਿੱਤੀ ਜੋ ਭਵਿੱਖ ਦੇ ਪੰਜਾਬ ਨੂੰ ਸਿਆਸੀ ਤੌਰ ਤੇ ਸੰਭਾਲਣ ਦੀ ਯੋਗਤਾ ਰੱਖਦੀ ਸੀ। ਬੇਸ਼ੱਕ ਬਾਅਦ ਵਿੱਚ ਜਾ ਕੇ ਪੰਜਾਬ ਸਟੂਡੈਂਟਸ ਯੂਨੀਅਨ ਵਿੱਚ ਕੁਝ ਅਜਿਹੇ ਹਲਕੀ ਸੋਚ ਵਾਲੇ ਤੱਤ ਆ ਘੁਸੇ ਜਿਨ੍ਹਾਂ ਦਾ ਉਸ ਵਿਦਿਆਰਥੀ ਜਥੇਬੰਦੀ ਨਾਲ ਕੋਈ ਸਬੰਧ ਨਹੀ ਸੀ ਪਰ ਆਪਣੇ ਜਨਮ ਅਤੇ ਵਿਕਾਸ ਦੌਰਾਰ ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਨੂੰ ਸਿਆਸੀ ਅਤੇ ਸਮਾਜੀ ਤੌਰ ਤੇ ਕਾਫੀ ਪ੍ਰੋੜ ਸੋਚ ਨਾਲ ਲੈਸ ਕੀਤਾ।

ਪੰਜਾਬ ਸਟੂਡੈਂਟਸ ਯੂਨੀਅਨ ਦਾ ਗੰਭੀਰ ਹਿੱਸਾ ਰਹੇ ਇੱਕ ਨੌਜਵਾਨ ਜੋ ਹੁਣ ਢਲਦੀ ਉਮਰ ਵਿੱਚ ਹਨ ਨੇ 50 ਸਾਲਾਂ ਬਾਅਦ ਉਸ ਵਿਦਿਆਰਥੀ ਜਥੇਬੰਦੀ ਦੇ ਇਤਿਹਾਸ ਬਾਰੇ ਇੱਕ ਕਿਤਾਬ ਲਿਖੀ ਹੈ। ਦਰਸ਼ਨ ਬਾਗੀ ਦੇ ਨਾਅ ਨਾਲ ਜਾਣੇ ਜਾਂਦੇ ਇਸ ਸਖਸ਼ ਨੇ ਆਪਣੇ ਵਿਦਿਆਰਥੀ ਜੀਵਨ ਦੌਰਾਨ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਮ ਅਤੇ ਵਿਕਾਸ਼ ਦੇ ਨਾਲ ਨਾਲ ਉਸਦੇ ਕਿਰ ਜਾਣ ਦੀ ਕਹਾਣੀ ਲਿਖੀ ਹੈੈ। ਆਪਣੀ ਕਿਤਾਬ ਵਿੱਚ ਦਰਸ਼ਨ ਬਾਗੀ ਲਿਖਦੇ ਹਨ ਕਿ ਉਸ ਵਿਦਿਆਰਥੀ ਜਥੇਬੰਦੀ ਨੇ ਜਿਸ ਕਿਸਮ ਦਾ ਸਿਆਸੀ ਮਹੌਲ ਪੰਜਾਬ ਵਿੱਚ ਸਿਰਜ ਲਿਆ ਸੀ ਉਹ ਬਹੁਤ ਮੂੰਹਜੋਰ ਸੀ ਅਤੇ ਕੋਈ ਵੀ ਸਿਆਸੀ ਧਿਰ ਉਸਦੇ ਮੁਕਾਬਲੇ ਤੇ ਖੜ ਨਹੀ ਸੀ ਰਹੀ।

ਪਰ ਉਸ ਵਿਦਿਆਰਥੀ ਜਥੇਬੰਦੀ ਦੀ ਸਮੁੱਚੀ ਲੀਡਰਸ਼ਿੱਪ ਦੇ ਹਥਿਆਰਾਂ ਦੇ ਰਾਹ ਪੈ ਜਾਣ ਨਾਲ ਪੰਜਾਬ ਵਿੱਚ ਉਸਰ ਰਹੀ ਇੱਕ ਨਵੀਂ ਸਿਆਸੀ ਸੋਚ ਅਤੇ ਸਫਬੰਦੀ ਨੂੰ ਜੋ ਨੁਕਸਾਨ ਪਹੁੰਚਿਆ ਉਸਦਾ ਦਰਸ਼ਨ ਬਾਗੀ ਨੇ ਗੰਭੀਰ ਮੁਤਾਲਿਆ ਕੀਤਾ ਹੈੈੈ। ਦਰਸ਼ਨ ਬਾਗੀ ਦਾ ਕਹਿਣਾਂ ਹੈ ਕਿ 1968 ਵਿੱਚ ਕਿਸੇ ਸਰਗਰਮੀ ਕਾਰਨ ਗ੍ਰਿਫਤਾਰ ਹੋ ਜਾਣ ਕਾਰਨ ਉਹ ਇੱਕ ਸਾਲ ਪੰਜਾਬ ਸਟੂਡੈਂਟਸ ਯੂਨੀਅਨ ਦੀਆਂ ਸਰਗਰਮੀਆਂ ਤੋਂ ਟੁੱਟੇ ਰਹੇ ਪਰ ਜਦੋਂ ਇੱਕ ਸਾਲ ਬਾਅਦ ਉਹ ਜੇਲ੍ਹ ਤੋਂ ਬਾਹਰ ਆਏ ਤਾਂ, ਵਿਦਿਆਰਥੀ ਜਥੇਬੰਦੀ ਦੀ ਸਾਰੀ ਲੀਡਰਸ਼ਿੱਪ ਹਥਿਆਰਾਂ ਦੇ ਰਾਹ ਪੈ ਚੁੱਕੀ ਸੀ ਅਤੇ ਨਕਸਲਬਾੜੀ ਲਹਿਰ ਵਿੱਚ ਕੁੱਦ ਚੁੱਕੀ ਸੀ। ਦਰਸ਼ਨ ਬਾਗੀ ਨੇ ਲਿਖਿਆ ਹੈ ਕਿ ਉਹ ਕਾਫੀ ਦਿਨਾਂ ਤੱਕ ਯੂਨੀਅਨ ਦੀ ਲੀਡਰਸ਼ਿੱਪ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਪਰ ਗੁਰਬਿੰਦਰ ਸਿੰਘ ਜਿਨ੍ਹਾਂ ਨੂੰ ਹੁਣ ਸ੍ਰ ਅਜਮੇਰ ਸਿੰਘ ਦੇ ਨਾਅ ਨਾਲ ਜਾਣਿਆਂ ਜਾਂਦਾ ਹੈ, ਵਰਗੇ ਨੌਜਵਾਨ ਵੀ ਰੂਪੋਸ਼ ਹੋ ਚੁੱਕੇ ਸਨ। ਉਹ ਆਖਦਾ ਹੈ ਕਿ ਹੱਥਾਂ ਨਾਲ ਸਿਰਜੀ ਜਥੇਬੰਦੀ ਨੂੰ ਉਸਨੇ ਆਪਣੀਆਂ ਅੱਖਾਂ ਸਾਹਮਣੇ ਤੀਲਾ ਤੀਲਾ ਹੁੰਦਾ ਦੇਖਿਆ ਹੈੈ।

ਜੇ ਅਸੀਂ ਪੰਜਾਬ ਦੇ ਅਗਲੇ ਇਤਿਹਾਸ ਤੇ ਨਿਗਾਹ ਮਾਰੀਏ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਵਰਗਾ ਹੀ ਹਾਲ ਸਿੱਖ ਲਹਿਰ ਦੇ ਹਰਿਆਵਲ ਦਸਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਹੋਇਆ। ਪੰਜਾਬ ਵਿੱਚ ਕੇਸਰੀ ਇਨਕਲਾਬ ਦੀ ਸਿਰਜਕ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਵੀ ਆਪਣੇ ਇਤਿਹਾਸ ਦੌਰਾਨ ਸਿੱਖ ਕੌਮ ਨੂੰ ਅਜਿਹੀ ਲੀਡਰਸ਼ਿੱਪ ਪ੍ਰਦਾਨ ਕੀਤੀ ਜਿਸ ਤੇ ਕੋਈ ਵੀ ਕੌਮ ਮਾਣ ਕਰ ਸਕਦੀ ਹੈੈ। ਭਾਈ ਅਮਰੀਕ ਸਿੰਘ, ਭਾਈ ਗੁਰਜੀਤ ਸਿੰਘ, ਭਾਈ ਦਲਜੀਤ ਸਿੰਘ, ਭਾਈ ਰਣਜੀਤ ਸਿੰਘ ਕੁੱਕੀ, ਭਾਈ ਚਰਨਜੀਤ ਸਿੰਘ ਤਲਵੰਡੀ, ਭਾਈ ਬਰਜਿੰਦਰ ਸਿੰਘ ਪੰਜਵੜ, ਭਾਈ ਸਤਪਾਲ ਸਿੰਘ ਢਿੱਲੋਂ ਵਰਗੇ ਸੈਂਕੜੇ ਨਹੀ ਹਜਾਰਾਂ ਗੁਰਸਿੱਖ ਜੋ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਾਫਲੇ ਦਾ ਹਿੱਸਾ ਬਣੇ ਉਹ ਸਿੱਖ ਕੌਮ ਦੀ ਅਜਿਹੀ ਦਰਦਮੰਦ ਲੀਡਰਸ਼ਿੱਪ ਦਾ ਅਕਸ ਪੇਸ਼ ਕਰਦੇ ਸਨ ਜਿਨ੍ਹਾਂ ਲਈ ਪੰਥ ਅਤੇ ਪੰਜਾਬ ਪਹਿਲਾਂ ਸੀ ਬਾਕੀ ਸਭ ਕੁਝ ਬਾਅਦ ਵਿੱਚ, ਜੋ ਪੰਥ ਲਈ ਜੀਅ ਰਹੇ ਸਨ ਅਤੇ ਪੰਥ ਲਈ ਆਪਾ ਕੁਰਬਾਨ ਕਰਨ ਲਈ ਵੀ ਤਿਆਰ ਸਨ। ਅਤੇ ਇਨ੍ਹਾਂ ਵਿੱਚੋਂ ਬਹੁਤਿਆਂ ਨੇ ਪੰਥ ਲਈ ਅਤੇ ਪੰਜਾਬ ਲਈ ਆਪਾ ਕੁਰਬਾਨ ਕਰ ਵੀ ਦਿੱਤਾ।

ਪੰਜਾਬ ਸਟੂਡੈਂਟਸ ਯੂਨੀਅਨ ਵਾਂਗ ਹੀ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਦੁਖਾਂਤ ਵੀ ਇਹ ਹੀ ਵਾਪਰਿਆ ਕਿ ਇਸਨੂੰ ਵੀ ਭਾਰਤੀ ਸਟੇਟ ਨੇ ਰੂਪੋਸ਼ ਜਥੇਬੰਦੀ ਵਿੱਚ ਹੀ ਬਦਲ ਦਿੱਤਾ ਤਾਂ ਕਿ ਸਿੱਖ ਕੌਮ ਦੀ ਨਵੀਂ ਪੀੜ੍ਹੀ ਦੀ ਲੀਡਰਸ਼ਿੱਪ ਨੂੰ ਅਸਾਨੀ ਨਾਲ ਖਤਮ ਕੀਤਾ ਜਾ ਸਕੇ। ਸਿਆਸੀ ਧਰਾਤਲ ਉੱਤੇ ਵਿਚਰਦੀ ਫੈਡਰੇਸ਼ਨ ਦੀ ਲੀਡਰਸ਼ਿੱਪ ਨੂੰ ਜਾਣ ਬੁੱਝ ਕੇ ਸਟੇਟ ਨੇ ਹਥਿਆਰਾਂ ਦੇ ਰਾਹ ਪਾ ਦਿੱਤਾ। ਅਤੇ ਦੇਖਦਿਆਂ ਹੀ ਦੇਖਦਿਆਂ ਸਿੱਖਾਂ ਦੀ ਉਹ ਅਮੋੜ ਜਥੇਬੰਦੀ ਵੀ ਵਕਤ ਦੇ ਸਫੇ ਤੋਂ ਕਿਰ ਗਈ। ਹਲਾਂਕਿ ਭਾਈ ਦਲਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਅੰਤ ਤੱਕ, 1992 ਤੱਕ ਇਹ ਕੋਸ਼ਿਸ਼ਾਂ ਜਾਰੀ ਰੱਖੀਆਂ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਰੂਪੋਸ਼ ਜਥੇਬੰਦੀ ਨਾ ਬਣਨ ਦਿੱਤਾ ਜਾਵੇ। ਪਰ 1986 ਤੋਂ ਬਾਅਦ ਜਦੋਂ ਭਾਈ ਗੁਰਜੀਤ ਸਿੰਘ ਨੇ ਫੈਡਰੇਸ਼ਨ ਦੀ ਵਾਗਡੋਰ ਸੰਭਾਲੀ ਉਹ ਰੂਪੋਸ਼ ਹੋ ਚੁੱਕੇ ਸਨ। ਭਾਈ ਚਰਨਜੀਤ ਸਿੰਘ ਤਲਵੰਡੀ ਨੇ ਵੀ ਵਾਰ ਵਾਰ ਕੋਸ਼ਿਸ ਕੀਤੀ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਸਿਆਸੀ ਵਿੰਗ ਦੇ ਤੌਰ ਤੇ ਹੀ ਕਾਇਮ ਰੱਖਿਆ ਜਾਵੇ। ਪਰ ਉਸ ਵੇਲੇ ਚੱਲ ਰਹੀ ਜੰਗ ਦੀ ਅਮੋੜਤਾ ਹੀ ਅਜਿਹੀ ਸੀ ਕਿ ਫੈਡਰੇਸ਼ਨ ਦੀ ਲੀਡਰਸ਼ਿੱਪ ਦੇ ਲੱਖਾਂ ਯਤਨਾਂ ਦੇ ਬਾਵਜੂਦ ਵੀ ਫੈਡਰੇਸ਼ਨ ਨੂੰ ਉਸਦੀ ਅਸਲ ਹਾਲਤ ਵਿੱਚ ਸੁਰਜੀਤ ਨਾ ਰੱਖਿਆ ਜਾ ਸਕਿਆ।

ਅੱਜ ਅਸੀਂ ਦੇਖ ਰਹੇ ਹਾਂ ਕਿ ਕਿਸ ਕਿਸਮ ਦੇ ਲੋਕ ਪੰਜਾਬ ਦੇ ਸਿਆਸੀ ਨੇਤਾ ਬਣੇ ਹੋਏ ਹਨ। ਪੰਜਾਬ ਸਟੂਡੈਂਟਸ ਯੂਨੀਅਨ ਵਾਂਗ ਹੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਦੁਖਾਂਤ ਨੇ ਪੰਜਾਬ ਨੂੰ ਸਿਆਸੀ ਤੌਰ ਤੇ ਯਤੀਮ ਕਰ ਦਿੱਤਾ ਹੈੈ।