ਪੰਜਾਬ ਵਿੱਚ ਧਰਮ ਤਬਦੀਲੀ ਅਤੇ ਡੇਰਾਵਾਦ ਦਾ ਵੱਡਾ ਜਾਲ ਫੈਲਿਆ ਹੋਇਆ ਹੈ। ਸਿੱਖਾਂ ਦੇ ਗੁਰਧਾਮਾਂ ਅਤੇ ਸੰਸਥਾਵਾਂ ਦੇ ਮੁਕਾਬਲੇ ਪਾਖੰਡੀਆਂ ਦੇ ਡੇਰੇ ਉਸਾਰਨੇ ਅਤੇ ਇਨ੍ਹਾਂ ਡੇਰਿਆਂ ਦਾ ਮਾਧਿਅਮ ਰਾਹੀਂ ਭੋਲੇ ਭਾਲੇ ਸਿੱਖਾਂ ਨੂੰ ਆਪਣੇ ਧਰਮ ਦੇ ਰਸਤੇ ਤੋਂ ਭਟਕਾਉਣ ਦੇ ਯਤਨ ਕਈ ਦਹਾਕਿਆਂ ਤੋਂ ਹੋ ਰਹੇ ਹਨ। ਪੰਜਾਬ ਅਜਿਹੀਆਂ ਧਰਮ ਵਿਰੋਧੀ ਸਰਗਰਮੀਆਂ ਕਰਨ ਵਾਲਿਆਂ ਦਾ ਸਭ ਤੋਂ ਪਸੰਦੀਦਾ ਸਥਾਨ ਬਣਿਆ ਹੋਇਆ ਹੈ। ਸਮੁੱਚੇ ਭਾਰਤ ਵਿੱਚੋਂ ਉੱਠਕੇ ਕੁਝ ਲੋਕ ਜਿਨ੍ਹਾਂ ਨੂੰ ਨਿਰਸੰਦੇਹ ਸਿਆਸੀ ਸ਼ਹਿ ਪਰਾਪਤ ਹੁੰਦੀ ਹੈ ਉਹ ਪੰਜਾਬ ਵਿੱਚ ਆਪਣੇ ਅੱਡੇ ਸਥਾਪਤ ਕਰਦੇ ਹਨ ਅਤੇ ਫਿਰ ਆਪਣੀ ਸ਼ੋਸ਼ਣ ਦੀ ਰਾਜਨੀਤੀ ਅਰੰਭ ਕਰ ਦਿੰਦੇ ਹਨ। ਇਨ੍ਹਾਂ ਡੇਰਿਆਂ ਦੇ ਅਸਲ ਸ਼ਿਕਾਰ ਗਰੀਬ ਸਿੱਖ ਅਤੇ ਹਿੰਦੂ ਪਰਵਾਰ ਹੁੰਦੇ ਹਨ। ਉਨ੍ਹਾਂ ਪਰਵਾਰਾਂ ਦੇ ਆਪਣੇ ਆਰਥਕ ਮਸਲੇ ਹੁੰਦੇ ਹਨ ਜੋ ਬਹੁਤ ਵਿਕਰਾਲ ਰੂਪ ਅਖਤਿਆਰ ਕਰ ਜਾਂਦੇ ਹਨ ਅਤੇ ਉਸ ਆਰਥਕ ਸੰਕਟ ਤੋਂ ਖਹਿੜਾ ਛੁਡਾਉਣ ਲਈ ਇਨ੍ਹਾਂ ਗਰੀਬ ਪਰਵਾਰਾਂ ਨੂੰ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਕੋਈ ਡੇਰੇਦਾਰ ਜਾਂ ਨਵੇਂ ਧਰਮ-ਗੁਰੂ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੱਢ ਲੈਣਗੇ। ਗਰੀਬ ਲੋਕਾਂ ਦੀ ਇਸ ਮਜਬੂਰੀ ਦਾ ਫਾਇਦਾ ਉਠਾਕੇ ਫਿਰ ਇਹ ਡੇਰੇਦਾਰ ਉਨ੍ਹਾਂ ਨੂੰ ਮਾਨਸਕ ਤੌਰ ਤੇ ਆਪਣੇ ਵਸ ਵਿੱਚ ਕਰ ਲੈਂਦੇ ਹਨ ਅਤੇ ਸਾਲਾਂ ਤੱਕ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ। ਉਨ੍ਹਾਂ ਗਰੀਬ ਪਰਵਾਰਾਂ ਦਾ ਆਰਥਕ ਛੁਟਕਾਰਾ ਤਾਂ ਨਹੀ ਹੁੰਦਾ ਪਰ ਇਨ੍ਹਾਂ ਤੋਂ ਪੈਸੇ ਉਗਰਾਹ ਕੇ ਡੇਰੇਦਾਰ ਮਾਲਾਮਾਲ ਹੋ ਜਾਂਦੇ ਹਨ। ਇਸ ਮਲਾਈਦਾਰ ਵਪਾਰ ਵਿੱਚ ਸਰਕਾਰ,ਪੁਲਸ, ਰਾਜਨੇਤਾ ਅਤੇ ਅਫਸਰਸ਼ਾਹੀ ਇਨ੍ਹਾਂ ਡੇਰੇਦਾਰਾਂ ਦੀ ਸਹਾਇਕ ਬਣਦੀ ਹੈ।
ਭਾਵੇਂ ਉਹ ਨਿਰੰਕਾਰੀ ਹੋਣ,ਰਾਧਾਸੁਆਮੀ,ਸਿਰਸੇਵਾਲਾ,ਜਾਂ ਫਰਿੱਜ ਵਿੱਚ ਲੱਗਾ ਡੇਰੇਦਾਰ ਜਾਂ ਹੁਣ ਈਸਾਈ ਪਾਸਟਰ ਇਨ੍ਹਾਂ ਸਾਰਿਆਂ ਦਾ ਮੁੱਖ ਨਿਸ਼ਾਨਾ ਗਰੀਬ ਸਿੱਖਾਂ ਦਾ ਸ਼ੋਸ਼ਣ ਕਰਨ ਦਾ ਹੁੰਦਾ ਹੈ। ਦੂਸਰਾ ਕਿਸੇ ਰਾਜਨੀਤਕ ਸਾਜਿਸ਼ ਤਹਿਤ ਵੀ ਪੰਜਾਬ ਨੂੰ ਇਸ ਕੰਮ ਲਈ ਚੁਣਿਆ ਜਾਂਦਾ ਹੈ। ਕਿਉਂਕਿ ਸਮੁੱਚੀ ਭਾਰਤੀ ਸਥਾਪਤੀ ਨੂੰ ਇਸ ਗੱਲ ਦਾ ਭੈਅ ਖਾ ਰਿਹਾ ਹੈ ਕਿ ਜਿਨ੍ਹਾਂ ਰਾਜਗੱਦੀਆਂ ਤੇ ਬੈਠ ਕੇ ਉਹ ਐਸ਼ਾਂ ਕਰ ਰਹੇ ਹਨ ਅਸਲ ਵਿੱਚ ਉਹ ਸਿੱਖਾਂ ਦੀਆਂ ਕੁਰਬਾਨੀਆਂ ਦਾ ਹੀ ਸਿੱਟਾ ਹੈ। ਇਸ ਲਈ ਜਿਹੜੇ ਸਿੱਖ ਭਿਅੰਕਰ ਮੁਗਲਾਂ ਤੇ ਅੰਗਰੇਜ਼ਾਂ ਨੂੰ ਹਰਾ ਸਕਦੇ ਹਨ ਉਹ ਕਿਸੇ ਦਿਨ ਹਿੰਦੂ ਹਾਕਮਾਂ ਨੂੰ ਵੀ ਤੋੜ ਦੇਣਗੇ। ਭਾਰਤੀ ਸਥਾਪਤੀ ਇਸੇ ਲਈ ਪੰਜ ਦਹਾਕਿਆਂ ਤੋਂ ਪੰਜਾਬ ਵਿੱਚ ਡੇਰੇਵਾਦ ਅਤੇ ਧਰਮ ਤਬਦੀਲੀ ਦੇ ਅਣਥੱਕ ਯਤਨ ਕਰ ਰਹੀ ਹੈ। ਕਿਉਂਕਿ ਇਸ ਸਰਗਰਮੀ ਨੂੰ ਸਰਕਾਰੀ ਸ਼ਹਿ ਪਰਾਪਤ ਹੈ ਇਸ ਲਈ ਜਦੋਂ ਵੀ ਸਿੱਖਾਂ ਵੱਲੋਂ ਇਸ ਸਰਗਰਮੀ ਖਿਲਾਫ ਅਵਾਜ਼ ਉਠਾਈ ਜਾਂਦੀ ਹੈ ਤਾਂ ਇਸ ਨੂੰ ਅਮਨ ਕਨੂੰਨ ਦਾ ਮਸਲਾ ਬਣਾ ਕੇ ਦਹਿਸ਼ਤ ਪਾਉਣ ਦਾ ਯਤਨ ਕੀਤਾ ਜਾਂਦਾ ਹੈ। ਜਦੋਂ ਡੇਰੇਦਾਰ ਸਿੱਖਾਂ ਬਾਰੇ ਗਲਤ ਬਿਆਨੀਆਂ ਕਰਕੇ ਸਿੱਖਾਂ ਦੇ ਸੀਨੇ ਵਿੱਚ ਖੰਜਰ ਖੋਭਦੇ ਹਨ ਉਸ ਵੇਲੇ ਸਾਰੀ ਸਥਾਪਤੀ ਸਿੱਖਾਂ ਤੇ ਹਸ ਰਹੀ ਹੁੰਦੀ ਹੈ। ਸਿਰਫ ਸਿੱਖਾਂ ਦੇ ਵਿਰੋਧ ਨੂੰ ਹੀ ਸਰਕਾਰੀ ਦਹਿਸ਼ਤ ਨਾਲ ਦਬਾਉਣ ਦਾ ਦਾ ਯਤਨ ਕੀਤਾ ਜਾਂਦਾ ਹੈ।
ਧਰਮ ਤਬਦੀਲੀ ਦੀ ਇਹ ਸਮੱਸਿਆ ਕਮਜ਼ੋਰ ਮਾਨਸਿਕਤਾ ਦੀ ਨਿਸ਼ਾਨੀ ਹੈ। ਜਜਬੇ ਵਾਲਾ ਸਿੱਖ ਭਾਵੇਂ ਉਹ ਗਰੀਬ ਹੈ ਜਾਂ ਅਮੀਰ ਆਪਣੇ ਗੁਰੂ ਤੋਂ ਹੀ ਬਖਸ਼ਿਸ਼ਾਂ ਮੰਗਦਾ ਹੈ। ਪਰ ਹਰ ਸਮਾਜ ਵਿੱਚ ਸਾਰੇ ਸੱਜਣ ਇੱਕੋ ਪਰਤੀਬੱਧਤਾ ਵਾਲੇ ਨਹੀ ਹੁੰਦੇ ਇਸਦਾ ਫਾਇਦਾ ਡੇਰੇਦਾਰ ਉਠਾਉਂਦੇ ਹਨ। ਇਹ ਡੇਰੇਦਾਰ ਕਿਉਂਕਿ ਸਰਕਾਰੀ ਸ਼ਹਿ ਤੇ ਫੁੜਕਦੇ ਹਨ ਇਸ ਲਈ ਇਨ੍ਹਾਂ ਦੇ ਖਿਲਾਫ ਚਲਾਈ ਜਾਣ ਵਾਲੀ ਸਿੱਖੀ ਦੀ ਮੁਹਿੰਮ ਵਿੱਚ ਧਰਮ ਪਰਚਾਰ ਦੇ ਨਾਲ ਨਾਲ ਗੜ੍ਹਕਾ ਵੀ ਚਾਹੀਦਾ ਹੈ। ਇਹ ਲੋਕ ਕਿਉਂਕਿ ਝੂਠ ਦੇ ਸੌਦਾਗਰ ਹੁੰਦੇ ਹਨ ਇਸ ਲਈ ਉਨਾਂ ਚਿਰ ਹੀ ਆਪਣੀ ਦੁਕਾਨਦਾਰੀ ਅੱਗੇ ਵਧਾ ਸਕਦੇ ਹਨ ਜਿੰਨਾ ਚਿਰ ਸਿੱਖ ਕਨੂੰਨ ਦਾ ਭੈਅ ਮੰਨਕੇ ਚੁੱਪ ਬੈਠੇ ਰਹਿੰਦੇ ਹਨ। ਜਦੋਂ ਖਾਲਸਾ ਆਪਣੇ ਜਲਾਲ ਵਿੱਚ ਆਕੇ ਆਪਣੇ ਸ਼ਹੀਦਾਂ ਦੀ ਬਾਤ ਪਾਕੇ ਧਰਮ ਪਰਚਾਰ ਕਰਦਾ ਹੈ ਉਸ ਵੇਲੇ ਇਨ੍ਹਾਂ ਦੀ ਡਰਪੋਕ ਮਾਨਸਿਕਤਾ ਤਾਰ ਤਾਰ ਹੋ ਜਾਂਦੀ ਹੈ।
ਇਸ ਲਈ ਸਿੱਖੀ ਦੇ ਪਰਚਾਰ ਵਿੱਚ ਰਵਾਇਤੀ ਕਥਾਕਾਰਾਂ ਅਤੇ ਕੀਰਤਨੀ ਸਿੰਘਾਂ ਤੋਂ ਹਟਕੇ ਸ਼ਹੀਦਾਂ ਦੀ ਇਰਬਾਰਤ, ਇੱਕ ਗੜ੍ਹਕਾ, ਅਤੇ ਕੌਮੀ ਜਜਬੇ ਦੇ ਤੱਤ ਸ਼ਾਮਲ ਹੋਣੇ ਚਾਹੀਦੇ ਹਨ। ਸਿੱਖਾਂ ਦੇ ਰਵਾਇਤੀ ਧਰਮ ਪਰਚਾਰ ਨੂੰ ਇਹ ਵਿਗੜੇ ਹੋਏ ਡੇਰੇਦਾਰ ਕੁਝ ਨਹੀ ਸਮਝਦੇ। ਜਿਨਾਂ ਚਿਰ ਇਨ੍ਹਾਂ ਨੂੰ ਸਿੱਧੇ ਮੂੰਹ ਟੱਕਰਿਆ ਨਹੀ ਜਾਂਦਾ ਇਹ ਰਵਾਇਤ ਪੰਜਾਬ ਵਿੱਚੋਂ ਖਤਮ ਨਹੀ ਹੋਵੇਗੀ। ਇਹ ਲੋਕ ਬਹੁਤ ਕਮਜੋਰ ਹਨ। ਸਿਰਫ ਸਰਕਾਰ ਦੀ ਸੁਰੱਖਿਆ ਜਾਂ ਸ਼ਹਿ ਤੇ ਹੀ ਕੰਮ ਕਰ ਰਹੇ ਹਨ। ਜਦੋਂ ਸਿੱਖੀ ਜਜਬੇ ਨਾਲ ਇਨ੍ਹਾਂ ਨੂੰ ਟੱਕਰਿਆ ਜਾਵੇਗਾ ਇਹ ਭੱਜ ਜਾਣਗੇ।