ਮੀਡੀਆ ਨੂੰ ਜਮਹੂਰੀਅਤ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ। ਕਿਸੇ ਵੀ ਕਿਸਮ ਦਾ ਜਮਹੂਰੀ ਢਾਂਚਾ ਮਜ਼ਬੂਤ ਅਤੇ ਨਿਰਪੱਖ ਮੀਡੀਆ ਤੋਂ ਬਿਨਾ ਨਾ ਤਾਂ ਚਿਤਵਿਆ ਜਾ ਸਕਦਾ ਹੈ ਅਤੇ ਨਾ ਹੀ ਇਹ ਵਿਕਾਸ ਕਰ ਸਕਦਾ ਹੈ। ਮੀਡੀਆ ਨੇ ਉਨ੍ਹਾਂ ਲੋਕਾਂ ਦੀ ਅਵਾਜ਼ ਬਣਨਾ ਹੁੰਦਾ ਹੈ ਜਿਨ੍ਹਾਂ ਦੀ ਅਵਾਜ਼ ਅਕਸਰ ਸਿਆਸੀ ਰੌਲੇ ਰੱਪੇ ਵਿੱਚ ਗੁਆਚ ਜਾਂਦੀ ਹੈ। ਜਾਂ ਫਿਰ ਕਰੋੜਾਂ ਲੋਕਾਂ ਦੀ ਅਵਾਜ਼ ਬਾਰੇ ਕੋਈ ਖਬਰ ਵੀ ਨਹੀ ਛਪਦੀ। ਸਰਕਾਰਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਸਾਡੇ ਸਮਾਜ ਵਿੱਚ ਕਿਸ ਤਰ੍ਹਾਂ ਦੇ ਪ੍ਰਭਾਵ ਛੱਡ ਰਹੀਆਂ ਹਨ ਇਸ ਬਾਰੇ ਸਿਹਤਮੰਦ ਮੀਡੀਆ ਵਿੱਚ ਲਗਾਤਾਰ ਚਰਚਾ ਹੁੰਦੀ ਰਹਿੰਦੀ ਹੈ। ਇਹ ਚਰਚਾ ਤਾਂ ਹੀ ਪਾਏਦਾਰ ਹੋ ਸਕਦੀ ਹੈ ਜੇ ਮੀਡੀਆ ਆਪਣੀ ਮੜਕ, ਆਪਣਾਂ ਕਿਰਦਾਰ ਅਤੇ ਆਪਣੀ ਰੁਹਾਨੀ ਸੋਚਣੀ ਦਾ ਝੰਡਾ ਹਮੇਸ਼ਾ ਉਚਾ ਰੱਖੇ।

ਵੀਹਵੀਂ ਸਦੀ ਵਿੱਚ ਮੀਡੀਆ ਨੇ ਬਹੁਤ ਹੀ ਜ਼ੋਖਮ ਭਰੇ ਹਾਲਾਤਾਂ ਵਿੱਚ ਕੰਮ ਕੀਤਾ। ਦੋ ਸੰਸਾਰ ਜੰਗਾਂ ਦੇ ਕਵਰੇਜ਼, ਹਿਟਲਰ ਦੀ ਤਾਨਾਸ਼ਾਹੀ ਦਾ ਅੰਤ ਅਤੇ ਯਹੂਦੀਆਂ ਦਾ ਬੇਕਿਰਕ ਕਤਲੇਆਮ, ਮੀਡੀਆ ਨੇ ਇਸ ਸਭ ਨੂੰ ਆਪਣੀ ਗੈਰਤ ਦਾ ਸਵਾਲ ਬਣਾਕੇ ਰਿਪੋਰਟ ਕੀਤਾ ਅਤੇ ਸਮਾਜ ਨੂੰ ਬਹੁਤ ਅਣਮੁੱਲੇ ਗਿਆਨ ਨਾਲ ਮਾਲਾਮਾਲ ਕੀਤਾ। ਮੀਡੀਆ ਦੀ ਇਹ ਘਾਲਣਾਂ ਮਨੁੱਖੀ ਸੱਭਿਅਤਾ ਦੇ ਇਤਿਹਾਸ ਦਾ ਸੁਨਹਿਰੀ ਅੰਗ ਬਣ ਗਈ ਹੈ।

ਮੀਡੀਆ ਕਰਮੀਆਂ ਨੂੰ ਵੀਹਵੀਂ ਸਦੀ ਵਿੱਤ ਬਹੁਤ ਜੋਖਮ ਭਰੇ ਹਾਲਾਤ ਵਿੱਚ ਕੰਮ ਕਰਨਾ ਪਿਆ ਜੋ ਉਨ੍ਹਾਂ ਨੇ ਆਪਣੀ ਜਾਨ ਨੂੰ ਮੌਤ ਦੇ ਮੂੰਹ ਵਿੱਚ ਪਾਕੇ ਵੀ ਕੀਤਾ। ੨੧ਵੀਂ ਸਦੀ ਵਿੱਚ ਮੀਡੀਆ ਕਰਮੀਆਂ ਅਤੇ ਪੱਤਰਕਾਰਾਂ ਲਈ ਜੋ ਚੁਣੌਤੀਆਂ ਪੇਸ਼ ਹੋ ਰਹੀਆਂ ਹਨ ਉਸਨੇ ਜਮਹੂਰੀਅਤ ਦੇ ਅਸਲ ਖਾਸੇ ਤੇ ਹੀ ਸੁਆਲੀਆ ਨਿਸ਼ਾਨ ਲਗਾ ਦਿੱਤੇ ਹਨ। ੨੧ਵੀ ਸਦੀ ਦੀ ਸਟੇਟ ਜਿੰਨੀ ਕਠੋਰ ਬਣ ਰਹੀ ਹੈ ਉਸਨੇ ਪੱਤਰਕਾਰਾਂ ਲਈ ਬਹੁਤ ਵੱਡੀਆਂ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਹਨ। ੨੦ਵੀਂ ਸਦੀ ਦੀਆਂ ਜੰਗਾਂ ਨੂੰ ਆਪਣੀ ਜਾਨ ਜੋਖਮ ਵਿੱਚ ਪਾਕੇ ਰਿਪੋਰਟ ਕਰਨ ਵਾਲੇ ਪੱਤਰਕਾਰਾਂ ਲਈ ੨੧ਵੀਂ ਸਦੀ ਦੀਆਂ ਜੰਗਾਂ ਨੂੰ ਰਿਪੋਰਟ ਕਰਨਾ ਔਖਾ ਹੋ ਰਿਹਾ ਹੈ।

ਪਿਛਲੇ ੩ ਸਾਲ ਤੋਂ ਸੀਰੀਆ ਵਿੱਚ ਚੱਲ ਰਹੀ ਜੰਗ ਦੌਰਾਨ ਹੁਣ ਤੱਕ ੬੦ ਮੀਡੀਆ ਕਰਮੀ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਲੰਡਨ ਤੋਂ ਛਪਦੇ ਦੀ ਟਾਈਮਜ਼ ਦੇ ਸੀਨੀਅਰ ਰਿਪੋਰਟਰ ਦੀ ਪਿਛਲੇ ਸਾਲ ਮੌਤ ਹੋ ਗਈ ਸੀ। ਇਟਲੀ ਦੇ ਇੱਕ ਸੀਨੀਅਰ ਪੱਤਰਕਾਰ ਪਿਛਲੇ ਦਿਨੀ ਸੀਰੀਆ ਵਿੱਚ ਆਪਣੀ ਜਾਨ ਤੋਂ ਹੱਥ ਧੋ ਬੈਠੇ, ਦੀ ਟਾਈਮਜ਼ ਦੇ ਸੀਨੀਅਰ ਸਟਾਫ ਰਿਪੋਰਟ ਐਂਥਨੀ ਲਾਇਡ ਸੀਰੀਆ ਵਿੱਚੋਂ ਮਸਾਂ ਆਪਣੀ ਜਾਨ ਬਚਾਕੇ ਬਾਹਰ ਆਏ ਹਨ। ਇਸੇ ਤਰ੍ਹਾਂ ਮਿਸਰ ਵਿੱਚ ਅਲ-ਜ਼ਜ਼ੀਰਾ ਦੇ ਤਿੰਨ ਪੱਤਰਕਾਰਾਂ ਨੂੰ ਲੰਬੀਆਂ ਸਜ਼ਾਵਾਂ ਦੇਕੇ ਉਨ੍ਹਾਂ ਦੀ ਜ਼ੁਬਾਨ ਬੰਦ ਕਰਨ ਦਾ ਯਤਨ ਕੀਤਾ ਗਿਆ ਹੈ।

੨੧ਵੀਂ ਸਦੀ ਵਿੱਚ ਹੋਣਾਂ ਤਾਂ ਇਹ ਚਾਹੀਦਾ ਸੀ ਕਿ ਸਟੇਟ ਵੱਧ ਜਮਹੂਰੀ ਅਤੇ ਖੁੱਲ਼੍ਹਦਿਲੀ ਹੁੰਦੀ ਪਰ ਹੋ ਇਹ ਰਿਹਾ ਹੈ ਕਿ ਇਸ ਸਦੀ ਵਿੱਚ ਸਟੇਟ ਵੱਧ ਖਤਰਨਾਕ ਅਤੇ ਗੈਰ-ਜਮਹੂਰੀ ਹੋ ਰਹੀ ਹੈ। ਉਹ ਆਪਣੇ ਖਿਲਾਫ ਇੱਕ ਸ਼ਬਦ ਵੀ ਸੁਣਨਾ ਨਹੀ ਚਾਹੁੰਦੀ। ਸਟੇਟ ਜਾਂ ਤਾਂ ਪੱਤਰਕਾਰਾਂ ਨੂੰ ਆਪਣੀ ਰਖੇਲ ਬਣਨ ਲਈ ਮਜਬੂਰ ਕਰ ਰਹੀ ਹੈ ਜਾਂ ਹਾਸ਼ੀਏ ਤੋਂ ਬਾਹਰ ਧੱਕ ਦੇਣ ਲਈ ਯਤਨਸ਼ੀਲ ਹੈ।

ਸੀਰੀਆ ਵਿੱਚ ਇੱਕ ਖਾੜਕੂ ਗਰੁੱਪ ਦੀ ਚੁੰਗਲ ਵਿੱਚੋਂ ਆਪਣੀ ਜਾਨ ਬਚਾਕੇ ਵਾਪਸ ਪਰਤੇ, ਦੀ ਟਾਈਮਜ਼ ਦੇ ਪੱਤਰਕਾਰ, ਐਂਥਨੀ ਲਾਇਡ ਦਾ ਕਹਿਣਾਂ ਹੈ ਕਿ ੨੧ਵੀਂ ਸਦੀ ਦੀ ਸਟੇਟ ਦਾ ਪ੍ਰਗਟ ਹੋ ਰਿਹਾ ਨਵਾਂ ਚਿਹਰਾ ਜਮਹੂਰੀਅਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਬੀ.ਬੀ.ਸੀ. ਨਾਲ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਆਪਣੇ ਉਤੇ ਪਈ ਬਿਪਤਾ ਦਾ ਵਰਨਣ ਕੀਤਾ ਅਤੇ ਦੱਸਿਆ ਕਿ ਕਿਵੇਂ ਉਹ ਆਪਣੇ ਬਹੁਤ ਲੱਬੇ ਸਮੇਂ ਤੋਂ ਵਿਸ਼ਵਾਸ਼ਪਾਤਰ ਰਹੇ, ਅਲੈਪੋ ਸ਼ਹਿਰ ਦੇ ਸਥਾਨਕ ਖਾੜਕੂ ਆਗੂ ਦਾ ਮਨ ਬੇਈਮਾਨ ਹੋ ਜਾਣ ਕਾਰਨ ਪੈਦਾ ਹੋਏ ਹਾਲਾਤ ਵਿੱਚੋਂ ਜ਼ਖਮੀ ਹਾਲਤ ਵਿੱਚ ਦੇਸ਼ ਵਿੱਚੋਂ ਬਾਹਰ ਨਿਕਲੇ। ਖਾੜਕੂਆਂ ਦੀ ਕੈਦ ਵਿੱਚੋਂ ਨਿਕਲਣ ਦਾ ਯਤਨ ਕਰਨ ਦੌਰਾਨ ਉਨ੍ਹਾਂ ਦੇ ਪੈਰਾਂ ਵਿੱਤ ਗੋਲੀਆਂ ਮਾਰ ਦਿੱਤੀਆਂ ਗਈਆਂ ਪਰ ਇਸਦੇ ਬਾਵਜੂਦ ਉਹ ਵਾਪਸ ਪਰਤ ਆਏ।

ਹਮੇਸ਼ਾ ਚੁਣੌਤੀਆਂ ਦਾ ਟਾਕਰਾ ਕਰਨ ਦਾ ਸ਼ੌਕ ਰੱਖਣ ਵਾਲੇ ਐਂਥਨੀ ਲਾਇਡ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਉਹ ਦੁਬਾਰਾ ਸੀਰੀਆ ਜਾਣ ਬਾਰੇ ਸੋਚ ਸਕਦਾ ਹੈ ਤਾਂ ਉਸਨੇ ਇਸਦਾ ਉਤਰ ਹਾਂ ਵਿੱਚ ਦਿੱਤਾ। ਉਸਨੇ ਆਖਿਆ ਕਿ ਜੰਗ ਦੇ ਮੋਰਚੇ ਤੋਂ ਰਿਪੋਰਟਿੰਗ ਕਰਨੀ ਸਾਡਾ ਧਰਮ ਹੈ, ਇਸਦੀ ਪਾਲਣਾਂ ਕਰਨਾ ਸਾਡਾ ਫਰਜ਼ ਹੈ।

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਮਿਸਰ ਜਾਣ ਬਾਰੇ ਸੋਚ ਸਕਦੇ ਹਨ? ਤਾਂ ਐਂਥਨੀ ਨੇ ਇਸਦਾ ਉਤਰ ਨਾਂਹ ਵਿੱਚ ਦਿੱਤਾ। ਉਨ੍ਹਾਂ ਨੇ ਆਖਿਆ ਕਿ ਨਿੱਜੀ ਅੱਤਵਾਦ ਨਾਲੋਂ ਸਰਕਾਰੀ ਅੱਤਵਾਦ ਵੱਧ ਖਤਰਨਾਕ ਹੈ। ਮਿਸਰ ਦੀ ਸਰਕਾਰ ਸਾਡੀ ਅਵਾਜ਼ ਬੰਦ ਕਰਨੀ ਚਾਹੁੰਦੀ ਹੈ। ਉਹ ਸਾਨੂੰ ਸਰਕਾਰੀ ਬੋਲੀ ਬੋਲਣ ਲਈ ਮਜਬੂਰ ਕਰ ਰਹੀ ਹੈ, ਜਿਸਦੀ ਸਾਡੀ ਜ਼ਮੀਰ ਇਜਾਜਤ ਨਹੀ ਦੇਂਦੀ। ਇਸ ਲਈ ਸਰਕਾਰਾਂ ਵੱਲੋਂ ਫੈਲਾਇਆ ਜਾ ਰਿਹਾ ਅੱਤਵਾਦ, ਨਿੱਜੀ ਫੋਰਸਾਂ ਦੇ ਅੱਤਵਾਦ ਨਾਲੋਂ ਵੱਧ ਖਤਰਨਾਕ ਹੈ।

ਐਂਥਨੀ ਲਾਇਡ ਦੀਆਂ ਇਨ੍ਹਾਂ ਟਿੱਪਣੀਅਂ ਦੇ ਸੰਦਰਭ ਵਿੱਚ ਪੱਤਰਕਾਰਤਾ ਦੇ ਭਵਿੱਖ ਅਤੇ ਜੀਵਨ ਉਤੇ ਮੰਡਰਾ ਰਹੀਆਂ ਜੁਲਮ ਦੀਆਂ ਕਾਲੀਆਂ ਘਟਾਵਾਂ ਨੂੰ ਸਹਿਜੇ ਹੀ ਪਹਿਚਾਣਿਆ ਜਾ ਸਕਦਾ ਹੈ।