ਪਿਛਲੇ ਕੁਝ ਹਫਤਿਆਂ ਤੋਂ ਪਾਕਿਸਤਾਨੀ ਟੀ.ਵੀ. ਚੈਨਲ ਜ਼ਿੰਦਗੀ ਤੋਂ ਇੱਕ ਕਲਪਨਾਤਮਿਕ ਲੜੀਵਾਰ ਨਾਟਕ ‘ਵਕਤ ਨੇ ਕੀਆਂ ਕਿਆ ਹਸੀਨ ਸਿਤਮ’ ਦਿਖਾਇਆ ਜਾ ਰਿਹਾ ਹੈ। ਇਸ ਲੜੀਵਾਰ ਨਾਟਕ ਨੂੰ ਮੈਂ ਵੀ ਬਹੁਤ ਰੁਚੀ ਨਾਲ ਦੇਖ ਰਿਹਾ ਹਾਂ। ਇਹ ਲੜੀਵਾਰ ਨਾਟਕ ਇੱਕ ਨਾਵਲ ‘ਬਾਨੋ’ ਤੇ ਅਧਾਰਿਤ ਹੈ। ‘ਬਾਨੋ’ ਦੀ ਮੁੱਖ ਭੂਮਿਕਾ ਇੱਕ ਆਜਿਹੀ ਮੁਸਲਮਾਨ ਕੁੜੀ ਰਾਹੀਂ ਦਿਖਾਈ ਗਈ ਹੈ ਜਿਸਨੇ ੧੯੪੭ ਵੇਲੇ ਭਾਰਤ ਪਾਕਿਸਤਾਨ ਦੀ ਵੰਡ ਸਮੇਂ ਹੋਈ ਭਿਆਨਕ ਕਤਲੋਗੈਰਤ ਦੇ ਪਲਾਂ ਵਿਚੋਂ ਗੁਜ਼ਾਰੀ ਹੋਈ ਜ਼ਿੰਦਗੀ ਦਾ ਇੱਕ ਦ੍ਰਿਸ਼ ਪੇਸ਼ ਕੀਤਾ ਗਿਆ ਹੈ। ਭਾਵੇਂ ਅੱਜ ੬੮ ਸਾਲ ਦੇ ਕਰੀਬ ਇਸ ਖੂਨੀ ਵੰਡ ਨੂੰ ਹੋਇਆ ਬੀਤ ਚੁੱਕੇ ਹਨ ਪਰ ਅੱਜ ਵੀ ਇਸ ਦੀ ਦ੍ਰਿਸ਼ਟੀ ਜਾਂ ਨਜ਼ਰੀਆ ਧਰਮ ਦੇ ਅਧਾਰ ਤੇ ਵੱਖ-ਵੱਖ ਨਜ਼ਰੀਏ ਰਾਹੀਂ ਹੀ ਉਲੀਕਿਆ ਜਾ ਰਿਹਾ ਹੈ।

ਪਿਛਲੇ ਦਿਨਾਂ ਵਿੱਚ ਈਸਾਈ ਧਰਮ ਦੇ ਮੁੱਖ ਰਹਿਨੁਮਾ ਪੋਪ ਫਰਾਂਸਿਸ ਨੇ ਆਪਣੇ ਮੁੱਖ ਕੇਂਦਰ ਵੈਟੀਕਨ ਸ਼ਹਿਰ ਵਿੱਚ ਇੱਕ ਵੱਡੀ ਜਨਸਭਾ ਦੌਰਾਨ ਸੌ ਸਾਲ ਪਹਿਲਾਂ ਵਾਪਰੇ ਅਰਮੀਨੀਅਨ ਲੋਕਾਂ ਨਾਲ ਹੋਏ ਦੁਖਾਂਤ ਨਾਲ ਸਬੰਧਤ ਘਟਨਾਵਾਂ ਬਾਰੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਜਨ-ਸਭਾ ਵਿੱਚ ਪੋਪ ਫਰਾਸ਼ਿਸ਼ ਨੇ ਅਰਮੀਨੀਅਨ ਲੋਕਾਂ ਨਾਲ ਸੌ ਸਾਲ ਪਹਿਲਾਂ ਹੋਈ ਤੁਰਕਾਂ ਵੱਲੋਂ ਕਤਲੋਗਾਰਤ ਨੂੰ ਇੱਕ ਭਿਆਨਕ ਨਸ਼ਲਕੁਸ਼ੀ ਦੱਸਿਆ ਹੈ। ਇਸ ਨਸਲਕੁਸ਼ੀ ਵਿੱਚ ਇਸਾਈ ਧਰਮ ਨਾਲ ਸਬੰਧਤ ਅਰਮੀਨੀਅਨ ਇੱਕ ਮਿਲੀਅਨ ਦੇ ਕਰੀਬ ਲੋਕ ਤੁਰਕਾਂ ਦੇ ਹੱਥੋਂ ਬਲੀ ਚੜੇ ਸਨ। ਉਸ ਵੇਲੇ ਤੁਰਕਾਂ ਵਿੱਚ ਮੁਸਲਮਾਨਾਂ ਦਾ ਰਾਜ ਸੀ ਜੋ ਅੱਜ ਵੀ ਹੈ। ਇਸੇ ਜਨਸਭਾ ਵਿੱਚ ਪੋਪ-ਫਰਾਂਸਿਸ ਨੇ ਆਪਣੀ ਸ਼ਰਧਾ ਦੇ ਫੁੱਲ ਅਰਮੀਨੀਅਨ ਲੋਕਾਂ ਪ੍ਰਤੀ ਰੱਖ ਦੇ ਹੋਏ ਪਿਛਲੀ ਇਸ ਸਦੀ ਦਾ ਜ਼ਿਕਰ ਕਰਦਿਆਂ ਇਹ ਕਿਹਾ ਹੈ ਕਿ ਹੁਣ ਤੱਕ ਇਸ ਸਦੀ ਦੌਰਾਨ ਸਭ ਤੋਂ ਪਹਿਲਾਂ ਨਸ਼ਲਕੁਸ਼ੀ ਆਰਮੀਨੀਅਨ ਲੋਕਾਂ ਨਾਲ ਹੋਈ ਸੀ ਅਤੇ ਇਸ ਤੋਂ ਬਾਅਦ ਦੂਜੀ ਵੱਡੀ ਸੰਸਾਰਕ ਜੰਗ ਦੌਰਾਨ ਜਰਮਨੀ ਵਿੱਚ ਯਹੂਦੀਆਂ ਦੀ ਹਿਟਲਰ ਵੱਲੋਂ ਕੀਤੀ ਨਸਲਕੁਸ਼ੀ ਨੂੰ ਮੰਨਿਆ ਗਿਆ ਤੇ ਤੀਜੀ ਨਸ਼ਲਕੁਸ਼ੀ ਰੂਸ ਵਿੱਚ ਸਟਾਲਿਨ ਦੇ ਸਮੇਂ ਵਿੱਚ ਹੋਈ ਕਤਲੋਗਾਰਤ ਨੂੰ ਮੰਨਿਆ ਗਿਆ।

ਪੋਪ ਫਰਾਂਸਿਸ ਦੁਨੀਆਂ ਦੇ ਚੰਦ-ਅਹਿਮ ਪ੍ਰਭਾਵਸ਼ਾਲੀ ਵਿਅਕਤੀਆਂ ਵਿੱਚ ਰੁਤਬਾ ਰੱਖਦਾ ਹੈ ਅਤੇ ਉਸ ਵੱਲੋਂ ਆਖਿਆ ਗਿਆ ਕੋਈ ਵੀ ਸ਼ਬਦ ਚਰਚਾ ਦਾ ਵਿਸ਼ਾ ਬਣਦਾ ਹੈ। ਸਿੱਖ ਹੋਣ ਦੇ ਨਾਤੇ ਮੈਂ ਸੋਚਦਾ ਹਾਂ ਕਿ ਕੀ ੧੯੪੭ ਵੇਲੇ ਹੋਏ ਦਸ ਲੱਖ ਦੇ ਕਰੀਬ ਹਿੰਦੂ, ਮੁਸਲਮਾਨ ਤੇ ਸਿੱਖਾਂ ਦਾ ਕਤਲ ਨਸਲਕੁਸ਼ੀ ਦੀ ਪ੍ਰੀਭਾਸ਼ਾ ਤੋਂ ਦੂਰ ਕਿਉਂ ਹੈ? ਜੇ ਇੰਨਾ ਵੱਡਾ ਦੁਖਾਂਤ ਜਿਸਨੂੰ ਪਾਕਿਸਤਾਨੀ ਨਾਟਕ ਮੁਸਲਮਾਨ ਧਰਮ ਨਾਲ ਜੁੜੀ ਹੋਈ ਮਾਨਸਿਕਤਾ ਨੂੰ ਅਧਾਰ ਬਣਾ ਕੇ ਦਿਲ ਟੁੰਬਵੇ ਤੇ ਮਾਨਸਿਕਤਾ ਤੇ ਪ੍ਰਭਾਵ ਪਾ ਕੇ ਇੱਕ ੬੮ ਸਾਲ ਪੁਰਾਣੇ ਜਖਮ ਨੂੰ ਉਧੇੜਦਾ ਦਰਸਾ ਰਿਹਾ ਹੈ ਜਿਸਦਾ ਅਰਥ ਅੱਜ ਭਾਰਤ, ਪਾਕਿਸਤਾਨ ਤੇ ਬੰਗਲਾ ਦੇਸ਼ ਦੀਆ ਸਰਕਾਰਾਂ ਇੰਗਲੈਂਡ ਦੀ ਸਰਕਾਰ ਤੋਂ ਅੱਜ ਤੱਕ ਪੁੱਛ ਸਕਣ ਦੀ ਹਿੰਮਤ ਨਹੀਂ ਕਰ ਸਕੀਆਂ ਤਾਂ ਹੀ ਤਾਂ ਇਸ ਕਤਲੋਗੈਰਤ ਨੂੰ ਪਿਛਲੀ ਸਦੀ ਦੇ ਵੱਡੀ ਨਸਲਕੁਸ਼ੀ (Genocide) ਦੀ ਸਮੀਖਿਆ ਵਿੱਚ ਨਹੀਂ ਕਬੂਲਿਆ ਜਾ ਰਿਹਾ ਅਤੇ ਇਸ ਜਖਮ ਨੂੰ ਲਈ ਅੱਜ ਵੀ ਭਾਰਤ ਤੇ ਪਾਕਿਸਤਾਨ ਵਿਚਾਲੇ ਖਿਚੋਤਾਣ ਰਾਜਸੀ ਵਖਰੇਵਿਆਂ ਕਰਕੇ ਚੱਲ ਰਹੀ ਹੈ। ਇਸੇ ਤਰਾਂ ਪੋਪ ਫਰਾਂਸਿਸ ਵੱਲੋਂ ਅਰਮੀਨੀਅਨ ਲੋਕਾਂ ਦੀ ਤੁਰਕਾਂ ਵੱਲੋਂ ਹੋਈ ਨਸਲਕੁਸ਼ੀ ਦੇ ਬਿਆਨ ਤੇ ਟਿੱਪਣੀ ਕਰਦਿਆਂ ਤੁਰਕੀ ਦੇ ਮੌਜੂਦਾ ਹੁਕਮਰਾਨ ਨੇ ਸਿਰੇ ਤੋਂ ਨਕਾਰਿਆ ਹੈ ਅਤੇ ਸਖਤ ਸ਼ਬਦਾਂ ਵਿੱਚ ਇਸ ਸਮੀਖਿਆ ਦੀ ਅਲੋਚਨਾ ਕਰਦਿਆ ਹੋਇਆਂ ਗਿਣਤੀਆਂ ਦੇ ਪ੍ਰਭਾਵ ਹੇਠ ਇਹ ਕਿਹਾ ਹੈ ਕਿ ਇਹ ਉਸ ਸਮੇਂ ਦੇ ਅੰਦਰੂਨੀ ਰਾਜਸੀ, ਸਮਾਜਿਕ ਤੇ ਧਾਰਮਿਕ ਟਕਰਾਅ ਵਿੱਚ ਸਿਰਫ ਦੋ ਤੋਂ ਤਿੰਨ ਲੱਖ ਅਰਮੀਨੀਆਂ ਦਾ ਕਤਲੇਆਮ ਹੋਇਆ ਸੀ ਨਾ ਕਿ ਨਸਲਕੁਸ਼ੀ! ਕਿਉਂਕਿ ਇਹ ਬਿਆਨ ਅਤੇ ਵਖਰੇਵਾਂ ਇਹ ਦਰਸਾਉਂਦਾ ਹੈ ਕਿ ਅੱਜ ਦੁਨੀਆਂ ਭਾਵੇਂ ਪੁਲਾੜ ਤੇ ਪਹੁੰਚ ਗਈ ਹੈ ਅਤੇ ਦੂਜੇ ਗ੍ਰਹਿਆਂ ਵਿੱਚ ਜਾਣ ਲਈ ਉਪਰਾਲੇ ਕਰ ਰਹੀ ਹੈ ਉਥੇ ਨਸਲਕੁਸ਼ੀ ਵਰਗੇ ਸ਼ਬਦ ਜਾਂ ਵਰਤਾਰੇ ਨੂੰ ਗਿਣਤੀਆਂ ਦੇ ਮਿਆਰ ਰਾਹੀ ਦਰਸਾਇਆ ਜਾ ਰਿਹਾ ਹੈ।

ਸਿੱਖ ਹੋਣ ਦੇ ਨਾਤੇ ਸਿੱਖਾਂ ਵਿੱਚ ਵੀ ੧੯੮੪ ਦੇ ਹੋਏ ਕਤਲੇਆਮ ਨੂੰ ਦੁਨੀਆਂ ਪੱਧਰ ਤੇ ਇਹ ਦਰਸਾਉਣ ਵਿੱਚ ਮੁਸਕਲ ਆ ਰਹੀ ਹੈ ਕਿ ਇਹ ਉਸ ਸਮੇਂ ਦੀ ਭਾਰਤੀ ਸਰਕਾਰ ਵੱਲੋਂ ਗਿਣੀ-ਮਿਥੀ ਸਾਜਿਸ ਰਾਹੀਂ ਇੱਕ ਨਸਲਕੁਸ਼ੀ ਸੀ। ਭਾਵੇਂ ਕਿ ਇਸ ਨਸਲਕੁਸ਼ੀ ਦਾ ਭਾਰਤ ਸਰਕਾਰ ਵੱਲੋਂ ਠੋਸ ਅਤੇ ਮੁਕੰਮਲ ਅਰਥ-ਭਰਪੂਰ ਜਵਾਬ ਨਹੀਂ ਮਿਲਿਆ। ਇਹੀ ਕਾਰਨ ਹੈ ਕਿ ਇਸ ਤਰਾਂ ਦੇ ਨਾਟਕ ਮਾਨਵਤਾ ਅੱਗੇ ਦਿਲ ਕੰਬਾਊ ਦਿਸ਼ਾ ਰਾਹੀਂ ਧਾਰਮਿਕ ਪ੍ਰਭਾਵ ਅਧੀਨ ਰਾਜਸੀ ਮਕਸਦਾਂ ਲਈ ਹੋਏ ਕਤਲੇਆਮ ਦੁਨੀਆਂ ਅਤੇ ਸਮਾਜ ਲਈ ਇੱਕ ਨਾ ਸਮਝ ਆਉਣ ਵਾਲੇ ਸਵਾਲ ਹਨ। ਅੱਜ ਦੇ ਸੰਦਰਭ ਵਿੱਚ ਹੀ ਦੇਖ ਲਿਆ ਜਾਵੇ ਤਾਂ ਹੱਸਦੇ ਵੱਸਦੇ ਮੁਲਕ ਜਿਵੇਂ ਕਿ ਸੀਰੀਆਂ, ਇਰਾਕ, ਲੀਬੀਆਂ, ਸੋਮਾਲੀਆ, ਸੁਡਾਨ ਅਤੇ ਹੋਰ ਅਨੇਕਾਂ ਮੁਲਕਾਂ ਵਿੱਚ ਇਸ ਤਰ੍ਹਾਂ ਦੀ ਨਸਲਕੁਸ਼ੀ ਅਤੇ ਕਤਲੇਆਮ ਹਰ-ਰੋਜ ਦਿਖਾਈ ਦੇ ਰਿਹਾ ਹੈ? ਇਸ ਨੂੰ ਸਨਝਾਉਣ ਲਈ ਦੁਨੀਆਂ ਫੌਜੀ ਟਕਰਾਅ ਰਾਹੀਂ ਹੋਰ ਨਸਲਕੁਸ਼ੀਆਂ ਵਿੱਚ ਅਵਾਮ ਨੂੰ ਧੱਕ ਰਹੀ ਹੈ। ਅੱਜ ਵੀ ਫੌਜੀ ਸ਼ਕਤੀ ਦੇ ਅਧਾਰ ਤੇ ਦੁਨੀਆਂ ਦਾ ਰਹਿਨੁਮਾ ਭਾਵੇਂ ਅਮਰੀਕਾ ਹੀ ਹੈ ਅਤੇ ਇੱਕ ਪਾਸੇ ਅਮਰੀਕਾ ਦਾ ਰਾਸ਼ਟਰਪਤੀ ਉਹਨਾਂ ਵੱਲੋਂ ਗਰਦਾਨੇ ਮਾਨਵਤਾ ਤੋਂ ਅਧੂਰੇ ਮੁਲਕ ਇਰਾਨ ਅਤੇ ਕਿਊਬਾ ਨਾਲ ਵਾਰਤਾਲਾਪ ਰਾਹੀਂ ਵਖਰੇਵੇਂ ਮਨੁੱਖੀ-ਸਾਂਤੀ ਨੂੰ ਅਧਾਰ ਬਣਾ ਕੇ ਸਮੇਟਣ ਦੀ ਕੋਸ਼ਿਸ ਕਰ ਰਿਹਾ ਹੈ। ਦੂਜੇ ਪਾਸੇ ਇਹੀ ਮੁਲਕ ਸੀਰੀਆ ਇਰਾਕ ਵਰਗੇ ਮੁਲਕਾਂ ਵਿੱਚ ਲੱਖਾਂ ਦੇ ਅਧਾਰ ਤੇ ਵਸ ਰਹੇ ਸ਼ਰਨਾਰਥੀ ਨੂੰ ਅਣਡਿੱਠ ਕਰ ਰਹੇ ਹਨ ਅਤੇ ਰੋਜ਼ਾਨਾਂ ਅਨੇਕਾਂ ਕੀਮਤੀ ਜਾਨਾਂ ਨੂੰ ਫੌਜੀ ਸ਼ਕਤੀ ਰਾਹੀਂ ਤਬਾਹ ਕਰ ਰਹੇ ਹਨ। ਜਿੱਥੇ ਪੋਪ ਫਰਾਂਸਿਸ ਵਰਗੇ ਪ੍ਰਭਾਵਸਾਲੀ ਵਿਅਕਤੀਆਂ ਨੂੰ ਸੌ ਸਾਲ ਪਹਿਲਾਂ ਹੋਏ ਕਤਲੇਆਮ ਬਾਰੇ ਤਾਂ ਡੂੰਘੀ ਚਿੰਤਾ ਹੈ ਅਤੇ ਉਸ ਪ੍ਰਤੀ ਤੁਰਕੀ ਮੁਲਕ ਨੂੰ ਸ਼ਰਮਿੰਦਗੀ ਦਾ ਅਹਿਸਾਸ ਵੀ ਦਿਵਾਇਆ ਜਾ ਰਿਹਾ ਹੈ। ਪਰ ਕੀ ਜੋ ਅੱਜ ਕਤਲੇਆਮ ਦੁਨੀਆਂ ਵਿੱਚ ਵੱਖ-ਵੱਖ ਜਗਾ ਹੋ ਰਿਹਾ ਹੈ, ਉਸ ਨੂੰ ਕਿਵੇਂ ਸਮੇਟਣਾ ਹੈ? ਤਾਂ ਜੋ ਫੌਜੀ ਸ਼ਕਤੀ ਦੇ ਅਧਾਰ ਤੇ ਮੁਲਕਾਂ ਦੀ ਸਰਦਾਰੀ ਨੂੰ ਤੋੜ ਇੱਕ ਅਜਿਹੀ ਸੋਚ ਤੇ ਵਾਰਤਾਲਾਪ ਰਾਹੀਂ ਪ੍ਰਭਾਵ ਪਾਇਆ ਜਾ ਸਕੇ। ਜਿਸ ਸੋਚ ਤੇ ਖਿਆਲ ਰਾਹੀਂ ਹੀ ਪਿਛਲੀ ਸਦੀ ਵਿੱਚ ਹੋਏ ਭਿਆਨਕ ਦੁਖਾਤਾਂ ਨੂੰ ਸਮਝ ਕੇ ਅੱਜ ਦੇ ਯੁੱਗ ਵਿੱਚ ਚੱਲ ਰਹੇ ਟਕਰਾਵਾਂ ਨੂੰ ਸੁਲਝਾਇਆ ਜਾ ਸਕਦਾ ਹੈ। ਇਹੀ ਸੁਲਝਣਾ ਕਾਫੀ ਹੱਦ ਤੱਕ ਪਿਛਲੀ ਸਦੀ ਵਿੱਚ ਹੋਏ ਅਨੇਕਾਂ ਨਸ਼ਲਕੁਸ਼ੀ ਦੇ ਸਾਕਿਆਂ ਲਈ ਦੁੱਖ ਦਾ ਪ੍ਰਗਟਾਵਾ ਸਿੱਧ ਹੋ ਸਕਦਾ ਹੈ।