ਇਰਾਕ ਇੱਕ ਵਾਰ ਫਿਰ ਅਮਰੀਕੀ ਹੱਥਾਂ ਵਿੱਚੋਂ ਨਿਕਲਦਾ ਪ੍ਰਤੀਤ ਹੋ ਰਿਹਾ ਹੈ। ੯ ਸਾਲ ਦੀ ਮਿਹਨਤ ਤੇ ਇਸਲਾਮੀ ਖਾੜਕੂਆਂ ਦੇ ਨਵੇਂ ਪੂਰ ਵੱਲੋਂ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਲਗਾਤਾਰ ਇਰਾਕੀ ਸ਼ਹਿਰਾਂ ਤੇ ਕਬਜੇ ਕਰਦੇ ਆ ਰਹੇ ਇਸਲਾਮੀ ਜਥੇਬੰਦੀ, ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ ਦੇ ਖਾੜਕੂਆਂ ਨੇ ਅਮਰੀਕੀ ਪ੍ਰਸ਼ਾਸ਼ਨ ਅਤੇ ਪੈਂਟਾਗਨ ਲਈ ਨਵੀਂ ਮੁਸੀਬਤ ਛੇੜ ਦਿੱਤੀ ਹੈ। ਪੱਛਮੀ ਅਖਬਾਰਾਂ ਨੇ ਇਸ ਨਵੀਂ ਮੁਹਿੰਮ ਨੂੰ, ਇਰਾਕ ਬਾਰੇ ਅਮਰੀਕੀ ਸੁਪਨੇ ਦੇ ਅੰਤ ਨਾਲ ਜੋੜ ਕੇ ਰਿਪੋਰਟ ਕੀਤਾ ਹੈ।

ਆਈ.ਐਸ.ਆਈ.ਐਸ. ਦੇ ਖਾੜਕੂਆਂ ਨੇ ਮੋਸੁਲ ਅਤੇ ਟਿਰਕਿਤ ਉਤੇ ਕਬਜਾ ਕਰਨ ਤੋਂ ਬਾਅਦ ਹੁਣ ਬਗਦਾਦ ਵੱਲ ਵਧਣਾਂ ਸ਼ੁਰੂ ਕਰ ਦਿੱਤਾ ਹੋਇਆ ਹੈ। ਖਾੜਕੂਆਂ ਦੇ ਵਧਦੇ ਕਦਮਾਂ ਦੇ ਮੱਦੇਨਜ਼ਰ ਸਰਕਾਰੀ ਫੌਜਾਂ ਨੇ ਮੈਦਾਨ ਵਿੱਚੋਂ ਭੱਜਣਾਂ ਅਰੰਭ ਕਰ ਦਿੱਤਾ ਹੈ। ਇਰਾਕੀ ਪੁਲਿਸ ਅਤੇ ਫੌਜ ਆਪਣੀਆਂ ਵਰਦੀਆਂ ਉਤਾਰ ਕੇ ਸਿਵਲ ਕੱਪੜੇ ਪਾ ਕੁਝ ਕੁ ਫਾਇਰ ਕਰਨ ਤੋਂ ਬਾਅਦ ਭੱਜ ਗਏ ਹਨ।

ਇਸ ਤਰ੍ਹਾਂ ਲੱਗ ਰਿਹਾ ਹੈ ਕਿ ਆਈ.ਐਸ.ਆਈ.ਐਸ. ਦਾ ਇਹ ਹਮਲਾ ਅਰਬ ਦੀ ਸੁੰਨੀ ਕੌਮ ਦੀ ਨਵੀਂ ਰਾਜਨੀਤਿਕ ਲਹਿਰ ਵੱਜੋਂ ਉਭਰ ਰਿਹਾ ਹੈ। ੨੦੦੩ ਵਿੱਚ ਅਮਰੀਕੀ ਫੌਜਾਂ ਵੱਲੋਂ ਇਰਾਕ ਤੇ ਹਮਲਾ ਕਰਨ ਤੋਂ ਬਾਅਦ ਸੁੰਨੀ ਕੌਮ ਨੂੰ ਰਾਜਸੱਤਾ ਤੋਂ ਹੱਥ ਧੋਣੇ ਪਏ ਸਨ। ਮਿਸਟਰ ਮਾਲਿਕੀ ਦੀ ਅਗਵਾਈ ਹੇਠਲੀ ਇਰਾਕੀ ਸਰਕਾਰ ਨੂੰ ਸੁੰਨੀ ਕੌਮ ਵੱਲੋਂ ਪ੍ਰਵਾਨ ਨਹੀ ਕੀਤਾ ਜਾ ਰਿਹਾ। ਆਈ.ਐਸ.ਆਈ.ਐਸ. ਦੇ ਖਾੜਕੂ ਮਹਿਜ਼ ਸ਼ਹਿਰਾਂ ਤੇ ਕਬਜੇ ਹੀ ਨਹੀ ਕਰ ਰਹੇ ਬਲਕਿ ਘਰਾਂ ਦੇ ਦਰਵਾਜ਼ੇ ਖੜਕਾ ਕੇ ਸਾਰੇ ਸ਼ਹਿਰੀਆਂ ਨੂੰ ਵਿਸ਼ਵਾਸ਼ ਦਿਵਾ ਰਹੇ ਹਨ ਕਿ ਉਨ੍ਹਾਂ ਨੂੰ ਡਰਨ ਦੀ ਲੋੜ ਨਹੀ ਹੈ ਅਤੇ ਨਾ ਹੀ ਘਰ ਛੱਡ ਕੇ ਜਾਣ ਦੀ ਲੋੜ ਹੈ ਕਿਉਂਕਿ ਉਨ੍ਹਾਂ ਦੀ ਪੂਰੀ ਹਿਫਾਜ਼ਤ ਕੀਤੀ ਜਾਵੇਗੀ। ਪਿਛਲੇ ਦਿਨੀ ਤੇਲ ਰਿਫਾਇਨਰੀਆਂ ਵਾਲੇ ਸ਼ਹਿਰ ਬੈਜੀ ਤੇ ਕਬਜਾ ਕਰਨ ਤੋਂ ਬਾਅਦ ਜਦੋਂ ਲੋਕਾਂ ਨੇ ਕੁਰਦਾਂ ਦੇ ਕਬਜੇ ਹੇਠਲੇ ਸ਼ਹਿਰਾਂ ਵੱਲ ਭੱਜਣਾਂ ਸ਼ੁਰੂ ਕੀਤਾ ਤਾਂ ਆਈ.ਐਸ.ਆਈ.ਐਸ. ਦੇ ਖਾੜਕੂਆਂ ਨੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਦੀ ਬੇਨਤੀ ਕੀਤੀ ਅਤੇ ਬਹੁਤ ਸਾਰੇ ਲੋਕ ਕੁਰਦਾਂ ਦੀ ਦੁਸ਼ਮਣੀ ਕਾਰਨ ਵਾਪਸ ਘਰ ਪਰਤ ਆਏ।

ਇਰਾਕ ਵਿੱਚ ਪੈਦਾ ਹੋਈ ਇਸ ਨਵੀਂ ਹਥਿਆਰਬੰਦ ਲਹਿਰ ਨਾਲ ਪੱਛਮੀ ਤਾਕਤਾਂ ਲਈ ਨਵੀਂ ਡਿਪਲੋਮੈਟਿਕ, ਫੌਜੀ ਅਤੇ ਵਿਚਾਰਧਾਰਕ ਸਮੱਸਿਆ ਛਿੜ ਪਈ ਹੈ। ਇਰਾਕ ਦੇ ਇਸ ਨਵੇਂ ਘਟਨਾਕ੍ਰਮ ਨੇ ਦਸ ਸਾਲ ਪਹਿਲਾਂ ਅਰੰਭ ਹੋਈ ਅਮਰੀਕੀ ਮੁਹਿੰਮ ਦੇ ਵਿਚਾਰਧਾਰਕ ਅਧਾਰ ਤੇ ਸੁਆਲ ਖੜ੍ਹੇ ਕਰ ਦਿੱਤੇ ਹਨ।

ਵੀਹਵੀਂ ਸਦੀ ਦੇ ਅੰਤਲੇ ਦਹਾਕਿਆਂ ਵਿੱਚ ਆਏ ਦੋ ਰਾਜਸੀ ਅਤੇ ਵਿਚਾਰਧਾਰਕ ‘ਥੀਸਸਾਂ’ ਨੇ ਪੱਛਮੀ ਤਾਕਤਾਂ ਨੂੰ ਉਹ ਕੁਝ ਨਾ ਕਰਨ ਦੀ ਚਿਤਾਵਨੀ ਦਿੱਤੀ ਸੀ ਜੋ ਉਨ੍ਹਾਂ ਨੇ ਕੀਤਾ। ‘ਦੀ ਕਲੈਸ਼ ਆਫ ਸਿਵਲਾਈਜ਼ੇਸ਼ਨ’ ਅਤੇ ‘ਐਂਡ ਆਫ ਹਿਸਟਰੀ’ ਵਿੱਚ ਹਟਿੰਗਟਨ ਅਤੇ ਫਰਾਂਸਿਸ ਫੁਕਿਆਮਾ ਨੇ ਇਸ ਗੱਲ ਤੇ ਜੋਰ ਦਿੱਤਾ ਸੀ ਕਿ ਕਿਸੇ ਵੀ ਸੱਭਿਅਤਾ ਅਤੇ ਕੌਮ ਤੇ ਜਬਰਦਸਤੀ ਪੱਛਮੀ ਸੱਭਿਅਤਾ ਥੋਪਣ ਦੇ ਯਤਨ ਸਫਲ ਨਹੀ ਹੋਣਗੇ। ਉਨ੍ਹਾਂ ਥੀਸਸਾਂ ਵਿੱਚ ਇਹ ਦੱਸਿਆ ਗਿਅ ਸੀ ਕਿ ‘ਚੌਧਰ ਭਰਪੂਰ ਰਾਸ਼ਟਰਵਾਦ’ (Hegemonic Nationalism) ਦਾ ਨਵੀਂ ਦੁਨੀਆਂ ਵਿੱਚ ਕੋਈ ਭਵਿੱਖ ਨਹੀ ਰਿਹਾ ਕਿਉਂਕਿ ਕੌਮਾਂ ਅਤੇ ਸੱਭਿਆਤਾਵਾਂ ਦਾ ਜੀਵਨ ਜਿਉੂਣ ਅਤੇ ਇਤਿਹਾਸ ਨੂੰ ਦੇਖਣ ਦਾ ਆਪਣਾਂ ਨਜ਼ਰੀਆ (vision) ਹੁੰਦਾ ਹੈ। ਕਿਸੇ ਸੱਭਿਅਤਾ ਨੇ ਜੋ ਸਦੀਆਂ ਵਿੱਚ ਕਮਾਇਆ ਹੁੰਦਾ ਹੈ ਉਹ ਫੌਜੀ ਧੌਂਸ ਨਾਲ ਮਹੀਨਿਆਂ ਵਿੱਚ ਨਹੀ ਛੱਡਿਆ ਜਾ ਸਕਦਾ।

ਸ਼ਾਇਦ ਅਮਰੀਕੀ ਨੀਤੀਘਾੜਿਆਂ ਨੇ ਉਸ ਨਵੀਂ ਵਿਚਾਰਧਾਰਾ ਦੇ ਅਸਲ ਸੰਦੇਸ਼ ਨੂੰ ਨਹੀ ਸੁਣਿਆ ਅਤੇ ਸੱਭਿਆਤਾਵਾਂ ਦੇ ਭੇੜ ਦੇ ਡਰ ਕਾਰਨ ਹੀ ਆਪਣੀ ਚਾਲ ਚੱਲ ਦਿੱਤੀ ਜਿਸਦੇ ਸਿੱਟੇ ਸਭ ਦੇ ਸਾਹਮਣੇ ਹਨ।

ਇਰਾਕ ਹੱਥਾਂ ਵਿੱਚੋਂ ਨਿਕਲ ਰਿਹਾ ਹੈ, ਅਫਗਾਨਿਸਤਾਨ ਵਿੱਚ ਵੀ ਇਹੋ ਹਾਲਾਤ ਪੈਦਾ ਹੋਣ ਵਾਲੇ ਹਨ, ਸੀਰੀਆ ਕਿਸੇ ਤਣ ਪੱਤਣ ਨਹੀ ਲੱਗ ਰਿਹਾ, ਲੀਬੀਆ ਵਿੱਚ ਸਰਕਾਰ ਨਾ-ਅਹਿਲ ਹੋ ਕੇ ਰਹਿ ਗਈ ਹੈ। ਅਮਰੀਕੀ ਨੀਤੀ ਨੂੰ ਉਲਟੇ ਫਲ ਲੱਗ ਰਹੇ ਹਨ। ਜਿਸ ਬਾਰੇ ਅਮਰੀਕੀ ਨੀਤੀਘਾੜਿਆਂ ਨੂੰ ਆਤਮਚੀਨਣ ਕਰਨਾ ਚਾਹੀਦਾ ਹੈ।

ਕਿਸੇ ਵੀ ਕੌਮ ਨੂੰ ਹਥਿਆਰਾਂ ਦੇ ਜੋਰ ਨਾਲ ਦਬਾਉਣ ਵਾਲੀ ਨੀਤੀ ਕਿਤੇ ਵੀ ਕਾਮਯਾਬ ਨਹੀ ਹੋਈ। ਸੱਭਿਅਕ ਰਾਜਨੀਤੀ ਅਤੇ ਨੀਤੀ ਇਹ ਮੰਗ ਕਰਦੀ ਹੈ ਕਿ ਸੰਘਰਸ਼ ਕਰ ਰਹੀ ਕੌਮ ਨੂੰ ਗੱਲਬਾਤ ਰਾਹੀਂ ਸੱਤਾ ਵਿੱਚ ਭਾਗੀਦਾਰੀ ਲਈ ਰਾਜ਼ੀ ਕੀਤਾ ਜਾਵੇ। ਸ਼ਮੂਲੀਅਤ (inclusion) ਦੀ ਰਾਜਨੀਤੀ ਹੀ ੨੧ਵੀਂ ਸਦੀ ਦਾ ਸੱਚ ਹੈ। ਇਸ ਵਿਚਾਰ ਦਾ ਪੱਲਾ ਨਹੀ ਛੱਡਣਾਂ ਚਾਹੀਦਾ। ਅਸੀਂ ਆਸ ਕਰਾਂਗੇ ਕਿ ਅਮਰੀਕੀ ਨੀਤੀਘਾੜੇ ਹੁਣ ਅਗਲੇ ਦਹਾਕਿਆਂ ਲਈ ਸੰਸਾਰ ਵਾਸਤੇ ਹਾਂ ਪੱਖੀ ਨੀਤੀ ਤੇ ਵਿਚਾਰ ਕਰਨਗੇ। ਪਿਛਲੇ ਡੇਢ ਦਹਾਕੇ ਦੀਆਂ ਗਲਤੀਆਂ ਤੇ ਸੱਚੇ ਮਨੋਂ ਵਿਚਾਰ ਕਰਕੇ ਸੰਸਾਰ ਵਿੱਚ ਸ਼ਾਂਤੀ ਕਾਇਮ ਕਰਨ ਲਈ ਅਮਰੀਕਾ ਸੱਚਮੁੱਚ ਹੀ ਇੱਕ ਵੱਡੇ ਬਜ਼ੁਰਗ ਦਾ ਰੋਲ ਨਿਭਾਵੇਗਾ।