ਅਰਬ ਜਗਤ ਦੇ ਦੂਜੇ ਵੱਡੇ ਇਨਕਲਾਬ ਦਾ ਚਿਰਾਗ ਵੀ ਸਿਆਸੀ ਆਪਾਧਾਪੀ ਦੇ ਝੱਖੜਾਂ ਨਾਲ ਜੂਝਦਾ ਹੋਇਆ ਬੁਝਣ ਦੇ ਕਿਨਾਰੇ ਪਹੁੰਚ ਗਿਆ ਹੈ। ਪਿਛਲੇ ਸਮੇਂ ਦੌਰਾਨ ਅਰਬ ਜਗਤ ਨੇ ਤਾਨਾਸ਼ਾਹੀ ਦੀ ਚੁੰਗਲ ਵਿੱਚੋਂ ਕੱਢ ਕੇ ਜਮਹੂਰੀਅਤ ਨੂੰ ਅਪਨਾਉਣ ਦੇ ਜੋ ਦੋ ਤਜਰਬੇ ਕੀਤੇ ਸਨ ਉਹ ਦੋਵੇਂ ਹੀ ਆਪਣੇ ਅਸਲ ਰੰਗ ਵਿੱਚ ਆਉਣ ਤੋਂ ਪਹਿਲਾਂ ਮੁਰਝਾਉਣ ਦੇ ਕੰਢੇ ਪਹੁੰਚ ਗਏ ਹਨ। ਮਿਸਰ ਵਿੱਚ ਚੁਣੇ ਹੋਏ ਰਾਸ਼ਟਰਪਤੀ ਮੁਹੰਮਦ ਮੋਰਸੀ ਨੂੰ ਫੌਜ ਨੇ ਧੱਕੇ ਨਾਲ ਹਟਾ ਦਿੱਤਾ ਅਤੇ ਹੁਣ ਉਨ੍ਹਾਂ ਤੇ ਹਰ ਨਵੇਂ ਦਿਨ ਨਵੇਂ ਕੇਸ ਦਰਜ ਕਰਕੇ ਲੰਮੇ ਸਮੇਂ ਲਈ ਜੇਲ੍ਹ ਅੰਦਰ ਰੱਖਣ ਦਾ ਪ੍ਰਬੰਧ ਕਰ ਲਿਆ ਗਿਆ ਹੈ। ਇਸਦੇ ਨਾਲ ਹੀ ਮੁਹੰਮਦ ਮੋਰਸੀ ਦੀ ਪਾਰਟੀ ਮੁਸਲਿਮ ਬਰਦਰਹੁੱਡ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।

ਅਰਬ ਜਗਤ ਦਾ ਦੂਜਾ ਵੱਡਾ ਇਨਕਲਾਬ ਲੀਬੀਆ ਦਾ ਸੀ ਜਿੱਥੇ ਪੱਛਮ ਦੀ ਸਹਾਇਤਾ ਨਾਲ ਲੋਕਾਂ ਨੇ ਮਿਆਂਮਾਰ ਗਦਾਫੀ ਦੀ ਤਾਨਾਸ਼ਾਹੀ ਨੂੰ ਖਤਮ ਕਰਕੇ ਜਮਹੂਰੀ ਹਵਾ ਵਿੱਚ ਸਾਹ ਲੈਣ ਦਾ ਯਤਨ ਕੀਤਾ ਸੀ ਪਰ ਇਹ ਇਨਕਲਾਬ ਵੀ ਅਸੱਭਿਅਕ ਸਮਾਜ ਦੀਆਂ ਆਪਹੁਦਰੀਆਂ ਅਤੇ ਜਮਹੂਰੀਅਤ ਦੇ ਬੂਟੇ ਤੇ ਝੁੱਲ ਰਹੇ ਝੱਖੜਾਂ ਕਾਰਨ ਬੜੀ ਮੁਸ਼ਕਿਲ ਨਾਲ ਆਪਣੇ ਵਜੂਦ ਦੀ ਰਾਖੀ ਕਰਦਾ ਹੋਇਆ ਪ੍ਰਤੀਤ ਹੋ ਰਿਹਾ ਹੈ।

ਪਿਛਲੇ ਦਿਨੀ ਲੀਬੀਆ ਤੋਂ ਹੀ ਦੋ ਵੱਡੀਆਂ ਖਬਰਾਂ ਪੜ੍ਹਨ ਨੂੰ ਮਿਲੀਆਂ ਹਨ। ਪਹਿਲੀ ਖਬਰ ਅਲ-ਕਾਇਦਾ ਦੇ ਬਹੁਤ ਹੀ ਸੀਨੀਅਰ ਕਮਾਂਡਰ ਅੱਬੂ-ਅਨਾਸ ਅਲ ਲਿਬੀ ਦੀ ਗ੍ਰਿਫਤਾਰੀ ਦੀ ਹੈ, ਜਿਸਨੂੰ ਅਮਰੀਕੀ ਫੌਜਾਂ ਨੇ ਦਿਨ ਦਿਹਾੜੇ ਉਸ ਦੇ ਘਰ ਅੱਗਿਓਂ ਗ੍ਰਿਫਤਾਰ ਕਰ ਲਿਆ ਹੈ। ਅਲ ਲਿਬੀ ਨੂੰ ੧੯੯੮ ਦੀਆਂ ਕੀਨੀਆ ਤੇ ਤਨਜ਼ਾਨੀਆ ਦੇ ਅਮਰੀਕੀ ਸਫਾਰਤਖਾਨਿਆ ਤੇ ਹੋਏ ਹਮਲਿਆਂ ਲਈ ਜਿੰਮੇਵਾਰ ਸਮਝਿਆ ਜਾਂਦਾ ਹੈ ਜਿਨ੍ਹਾਂ ਵਿੱਚ ਲਗਭਗ ੨੨੦ ਵਿਅਕਤੀ ਮਾਰੇ ਗਏ ਸਨ। ੪੯ ਸਾਲਾਂ ਅਲ ਲਿਬੀ ਬਹੁਤ ਦੇਰ ਤੋਂ ਗ੍ਰਿਫਤਾਰੀ ਤੋਂ ਬਚ ਰਿਹਾ ਸੀ। ਅਫਗਾਨਿਸਤਾਨ ਵਿੱਚ ਸੋਵੀਅਤ ਫੌਜਾਂ ਵਿਰੁੱਧ ਲੜਨ ਤੋਂ ਲੈਕੇ ਸਫਾਰਤਖਾਨਿਆਂ ਤੇ ਬੰਬ ਚਲਾਉਣ ਤੱਕ ਉਸਦਾ ਕਾਫੀ ਲੰਬਾ ਗੁਰੀਲਾ ਜੀਵਨ ਰਿਹਾ ਹੈ। ਕੁਝ ਸਮਾਂ ਉਹ ਬਰਤਾਨੀਆ ਵਿੱਚ ਰਿਹਾ, ਫਿਰ ਉਹ ਜਾਅਲੀ ਕਾਗਜ਼ਾਂ ਤੇ ਅਫਗਾਨਿਸਤਾਨ ਚਲਾ ਗਿਆ ਪਰਿਵਾਰ ਸਮੇਤ। ਜਦੋਂ ਅਮਰੀਕਾ ਨੇ ਅਫਗਾਨਿਸਤਾਨ ਤੇ ਹਮਲਾ ਕੀਤਾ ੨੦੦੧ ਵਿੱਚ ਉਸ ਵੇਲੇ ਹੀ ਉਹ ਇਰਾਨ ਚਲ਼ਾ ਗਿਆ ਜਿੱਥੇ ਉਸਨੂੰ ਗ੍ਰਿਫਤਾਰ ਕਰਕੇ ਭੋਰੇ ਵਿੱਚ ਰੱਖਿਆ ਗਿਆ। ਦੋ ਸਾਲ ਪਹਿਲਾਂ ਹੀ ਉਹ ਲੀਬੀਆ ਵਾਪਸ ਮੁੜਿਆ ਸੀ। ਅਮਰੀਕੀ ਅਧਿਕਾਰੀ ਅਲ-ਲਿਬੀ ਦੀ ਗ੍ਰਿਫਤਾਰੀ ਨੂੰ ਵੱਡੀ ਪ੍ਰਾਪਤੀ ਦੱਸ ਰਹੇ ਹਨ।

ਲਿਬੀਆ ਦੀ ਹੀ ਦੂਜੀ ਵੱਡੀ ਖਬਰ ਉਸ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਗਵਾ ਕਰਨ ਦੀ ਹੈ। ਪਿਛਲੇ ਦਿਨੀ ਉਸ ਮੁਲਕ ਦੇ ਪ੍ਰਧਾਨ ਮੰਤਰੀ ਅਲੀ-ਜ਼ੈਦਾਨ ਨੂੰ ਕੁਝ ਹਥਿਆਰਬੰਦ ਲੋਕਾਂ ਨੇ ਉਸ ਹੋਟਲ ਵਿੱਚੋਂ ਅਗਵਾ ਕਰ ਲਿਆ ਜਿੱਥੇ ਉਹ ਠਹਿਰੇ ਹੋਏ ਸਨ। ਕੋਈ ੬ ਘੰਟੇ ਆਪਣੀ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਹੀ ਅਲੀ-ਜ਼ੈਦਾਨ ਨੂੰ ਰਿਹਾ ਕੀਤਾ ਗਿਆ। ਉਨ੍ਹਾਂ ਦੇ ਅਗਵਾ ਬਾਰੇ ਹਾਲੇ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਉਡ ਰਹੀਆਂ ਹਨ। ਇਸ ਘਟਨਾ ਨੇ ਸਿੱਧ ਕਰ ਦਿੱਤਾ ਹੈ ਕਿ ਲੀਬੀਆ ਨੂੰ ਕੋਈ ਸਰਕਾਰ ਨਹੀ ਚਲਾ ਰਹੀ ਬਲਕਿ ਵੱਖ ਵੱਖ ਹਥਿਆਰਬੰਦ ਗਰੁੱਪ ਚਲਾ ਰਹੇ ਹਨ। ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਏਨੇ ਸੌਖੇ ਢੰਗ ਨਾਲ ਅਗਵਾ ਕਰ ਲਿਆ ਜਾਵੇ ਬਿਨਾ ਕਿਸੇ ਵਿਰੋਧ ਜਾਂ ਮੁਕਾਬਲੇ ਦੇ ਉਥੇ ਬਾਕੀ ਲੋਕਾਂ ਦੀ ਜਿੰਦਗੀ ਕੀ ਹੋਵੇਗੀ ਇਹ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਲੀਬੀਆ ਦੀ ਹਾਲਤ ਨਿੱਤ ਦਿਨ ਖਰਾਬ ਹੋ ਰਹੀ ਹੈ। ਉਥੇ ਹਥਿਆਰਾਂ ਦੀ ਭਰਮਾਰ ਵੱਡੇ ਪੱਧਰ ਤੇ ਹੋ ਰਹੀ ਹੈ ਅਤੇ ਲੋਕਾਂ ਵਿੱਚ ਆਪਣੀ ਸੁਰੱਖਿਆ ਨੂੰ ਲੈ ਕੇ ਵੱਡੀ ਚਿੰਤਾ ਲੱਗੀ ਹੋਈ ਹੈ।

ਸੰਡੇ ਟਾਈਮਜ਼ ਦੀ ਸੀਨੀਅਰ ਰਿਪੋਰਟਰ ਕ੍ਰਿਸਟਿਨਾ ਲੈਂਬ ਨੇ ਇਸ ਸਬੰਧੀ ਜੋ ਰਿਪੋਰਟ ਭੇਜੀ ਹੈ ਉਹ ਲੂੰ ਕੰਡੇ ਖੜੇ ਕਰਨ ਵਾਲੀ ਹੈ। ਲੈਂਬ ਨੇ ਇੱਕ ਮੱਛੀ ਵੇਚਣ ਵਾਲੇ ਹੁਸਮ-ਅਲ-ਬੈਸ਼ੀ ਦੀ ਉਦਾਹਰਨ ਦਿੱਤੀ ਹੈ ਜੋ ਮੱਛੀ ਵੇਚਦਾ ਵੇਚਦਾ ਹੁਣ ਹਥਿਆਰ ਵੇਚਣ ਤੱਕ ਪਹੁੰਚ ਗਿਆ ਹੈ ਅਤੇ ਉਸ ਨੇ ਮੱਛੀ ਵੇਚਣੀ ਬੰਦ ਕਰ ਦਿੱਤੀ ਹੈ। ਉਹ ਬੜੇ ਮਾਣ ਨਾਲ ਦੱਸਦਾ ਹੈ ਕਿ ਲੀਬੀਆ ਵਿੱਚ ਹਰ ਕਿਸੇ ਕੋਲ ਹੁਣ ਪਿਸਟਲ ਜਾਂ ਬੰਦੂਕ ਹੈ। ਉਹ ਆਖਦਾ ਹੈ ਕਿ ਅੱਜ ਵੀ ਉਹ ਹਫਤੇ ਦੀਆਂ ੪੦-੫੦ ਪਿਸਟਲਾਂ ਵੇਚ ਲੈਂਦਾ ਹੈ ਦੋ ਮਹੀਨੇ ਪਹਿਲਾਂ ਮਾਰਕੀਟ ਚੰਗੀ ਸੀ ਉਦੋਂ ਹਫਤੇ ਦੀਆਂ ੧੦੦ ਪਿਸਟਲਾਂ ਵੀ ਵਿਕ ਜਾਂਦੀਆਂ ਸਨ। ਤੁਰਕੀ ਦੀ ਬਣੀ ਹੋਈ ੯ ਐਮ.ਐਮ. ਦੀ ਪਿਸਟਲ ਦੀ ਲੀਬੀਆ ਵਿੱਚ ਸਭ ਤੋਂ ਜਿਆਦਾ ਮੰਗ ਹੈ। ਸਿਰਫ ੬੫ ਲੱਖ ਦੀ ਅਬਾਦੀ ਵਾਲਾ ਇਹ ਮੁਲਕ ਆਪਣੇ ਆਪ ਵਿੱਚ ਏਨਾ ਅਸੁਰੱਖਿਅਤ ਹੋ ਗਿਆ ਹੈ ਕਿ ਸੀਨੀਅਰ ਅਮਰੀਕੀ ਡਿਪਲੋਮੈਟ ਕ੍ਰਿਸਟੋਫਰ ਸਟੀਫਨਜ਼ ਨੂੰ ਪਿਛਲੇ ਸਾਲ ਜਿੰਦਾ ਜਲਾ ਦਿੱਤਾ ਗਿਆ ਅਤੇ ਹੁਣ ਪ੍ਰਧਾਨ ਮੰਤਰੀ ਨੂੰ ਅਗਵਾ ਕਰ ਲਿਆ ਗਿਆ। ਜੇ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਲੀਬੀਆ ਦੇ ਵੀ ਮਿਸਰ, ਸੀਰੀਆ ਅਤੇ ਇਰਾਕ ਵਿੱਚ ਪਲਟਣ ਲੱਗਿਆਂ ਬਹੁਤੀ ਦੇਰ ਨਹੀ ਲੱਗੇਗੀ।