ਦੁਨੀਆਂ ਦੇ ਨਾਮਵਰ ਵਿਗਿਆਨੀ ਆਈਨ ਸਟਾਈਨ ਦੇ ਕਹਿਣ ਮੁਤਾਬਕ ਰਾਜਨੀਤੀ ਤੇ ਟਿੱਪਣੀ ਕੀਤੀ ਗਈ ਹੈ ਕਿ ਸੱਤਾ ਅਤੇ ਸਮਝਦਾਰੀ ਦਾ ਮਿਲਾਪ ਬਹੁਤ ਥੋੜੇ ਦਿਨ ਹੀ ਚੱਲਦਾ ਹੈ। ਕਿਉਂਕਿ ਸੱਤਾਂ ਹਥਿਆਉਣ ਦੀ ਅਤੇ ਬਰਕਰਾਰ ਰੱਖਣ ਦੀ ਦੌੜ ਵਿੱਚ ਅਕਸਰ ਵੱਡੀਆਂ-ਵੱਡੀਆਂ ਹਸਤੀਆਂ ਸਮਝਦਾਰੀ ਨੂੰ ਆਪਣੀ ਸੱਤਾ-ਪ੍ਰਸਤੀ ਦੀ ਹਵਸ ਵਿੱਚ ਕੁਝ ਸਮੇਂ ਵਿੱਚ ਹੀ ਸਮੇਟ ਲੈਂਦੀਆਂ ਹਨ। ਜਿਸ ਸਮਝਦਾਰੀ ਰਾਹੀਂ ਸਮਾਜ ਨੂੰ ਅਤੇ ਉਸਦੇ ਨਾਗਰਿਕਾਂ ਨੂੰ ਸਮਝਣ ਦੀ ਸੋਝੀ ਸੱਤਾ ਤੋਂ ਬਹੁਤ ਦੂਰ ਚਲੀ ਜਾਂਦੀ ਹੈ। ਦਿੱਲੀ ਵਿੱਚ ੭ ਫਰਵਰੀ ਨੂੰ ਹੋਣ ਵਾਲੀ ਚੋਣ ਵੀ ਸੱਤਾ ਅਤੇ ਸਮਝਦਾਰੀ ਦੇ ਮਿਲਾਪ ਦੇ ਆਲੇ-ਦੁਆਲੇ ਲੜੀ ਜਾ ਰਹੀ ਹੈ।

ਦਿੱਲੀ ਚੋਣ ਕਿਉਂਕਿ ਭਾਰਤ ਦੀ ਰਾਜਧਾਨੀ ਵਾਲੇ ਸੂਬੇ ਦੀ ਚੋਣ ਹੈ ਅਤੇ ਇਸ ਵਿੱਚ ਤਕਰੀਬਨ ਤਕਰੀਬਨ ਭਾਰਤ ਦੇ ਸਾਰੇ ਸੂਬਿਆਂ ਦੇ ਲੋਕ ਸਾਮੂਲੀਅਤ ਰੱਖਦੇ ਹਨ ਅਤੇ ਇੱਕ ਕਰੋੜ ਤੋਂ ਉੱਪਰ ਜਨਤਕ ਵੋਟਰ ਭਾਰਤ ਦੀ ਰਾਜਨੀਤੀ ਦੀ ਦਿਸ਼ਾ ਦੀ ਨਬਜ਼ ਹੈ। ਦਿੱਲੀ ਚੋਣਾਂ ਵਿੱਚ ਇਹ ਤਹਿ ਹੋਣਾ ਹੈ ਕਿ ਭੀੜ ਅਤੇ ਇੱਕਠਾਂ ਨੂੰ ਸਿਰਫ ਵੱਡੇ-ਵੱਡੇ ਲੱਛੇਦਾਰ ਭਾਸ਼ਨਾਂ ਰਾਹੀਂ ਆਕਰਸ਼ਤ ਕਰਨਾ ਹੈ ਜਾਂ ਇਥੋਂ ਦੇ ਨਾਗਰਿਕਾਂ ਨੂੰ ਵੀ ਸੁਣਿਆ ਜਾਣਾ ਹੈ। ਇਹ ਅਕਸਰ ਭਾਰਤ ਦੀ ਰਾਜਨੀਤਿਕ ਤਸਵੀਰ ਵਿੱਚ ਸਾਹਮਣੇ ਆਇਆ ਹੈ ਕਿ ਵੱਡੀਆਂ ਭੀੜਾਂ ਜਾਂ ਇੱਕਠ ਕਰਕੇ ਰਾਜਨੀਤਕ ਪਾਰਟੀਆਂ ਆਪਣੇ ਗੁਣਗਾਇਨ ਕਰਦੀਆਂ ਹਨ ਜਾਂ ਵੋਟਾਂ ਸ਼ਾਮੂਲੀਅਤ ਰੱਖਣ ਵਾਲੇ ਨਾਗਰਿਕਾਂ ਦੀ ਸਮਝ ਨੂੰ ਪ੍ਰਭਾਵਤ ਕਰਨ ਵਿੱਚ ਅਸਮਰਥ ਹਨ। ਪਰ ਅੱਜ ਦਾ ਨਾਗਰਿਕ ਅਜਿਹੇ ਪ੍ਰਭਾਵ ਤੋਂ ਕੋਰਾ ਹੈ ਤਾਂ ਹੀ ਤਾਂ ਅੱਡ-ਅੱਡ ਧਰਮਾਂ ਵਿੱਚ ਰੰਗੀ ਭਾਰਤ ਦੀ ਨਾਗਰਿਕਤਾ ਅੰਧ ਵਿਸ਼ਵਾਸ਼ ਦੇ ਘੇਰੇ ਕਰਕੇ ਹੁਣ ਤੱਕ ਪਰਿਵਾਰਕ ਰਾਜਨੀਤੀ ਦੇ ਘੇਰੇ ਵਿੱਚ ਘਿਰੀ ਰਹੀ ਤੇ ਅੱਜ ਇੱਕ ਨਿੱਜਵਾਦੀ ਹਸਤੀ ਦਾ ਪ੍ਰਛਾਵਾਂ ਕਬੂਲਣ ਲਈ ਤਿਆਰ ਖੜੀ ਹੈ।

ਕੋਈ ਵੀ ਰਾਜਨੀਤਿਕ ਚੋਣ ਦੁਨੀਆਂ ਵਿੱਚ ਇਹ ਤਹਿ ਕਰਨ ਲਈ ਲੜੀ ਜਾਂਦੀ ਹੈ ਕਿ ਨਾਗਰਿਕ ਨੂੰ ਕਿੰਨੀ ਕੁ ਅਜਾਦੀ ਹੈ ਜਿਸ ਰਾਹੀਂ ਉਹ ਆਪਣੀ ਨਿੱਜੀ ਲੋੜਾਂ ਅਤੇ ਖੁਸ਼ੀਆਂ ਨੂੰ ਕਿਸੇ ਰਾਜਨੀਤਿਕ ਪਾਰਟੀ ਨੂੰ ਸੱਤਾ ਪ੍ਰਦਾਨ ਕਰਕੇ ਸੁਰਖਿਅਕ ਮਹਿਸੂਸ ਕਰ ਰਿਹਾ ਹੈ। ਤੇ ਆਪਣੇ ਆਲੇ-ਦੁਆਲੇ ਸਿਰਜਿਆ ਜਾ ਰਿਹਾ ਸਮਾਜ ਕਿੰਨਾ ਕੁ ਨਰੋਆ ਕਰ ਸਕੇਗਾ। ਇੱਕ ਸਿਹਤਮੰਦ ਸਮਾਜ ਦੀ ਨੀਂਹ ਹਸਤੀਆਂ ਜਾਂ ਪਰਿਵਾਰਕ ਘਰਾਣਿਆਂ ਦੀਆਂ ਰਾਜਨੀਤਿਕ ਲਾਲਸਾਵਾਂ ਤੋਂ ਪ੍ਰਭਾਵਤ ਹੋਣ ਦੀ ਬਜਾਇ ਸੱਤਾ ਅਤੇ ਸਮਝਦਾਰੀ ਦੇ ਸੁਮੇਲ ਨਾਲ ਹੀ ਸਿਰਜਿਆ ਜਾ ਸਕਦਾ ਹੈ।

ਅੱਜ ਦੀ ਦੁਨੀਆਂ ਪੂੰਜੀਵਾਦੀ ਨੀਤੀਆਂ ਤੋਂ ਕਾਫੀ ਹੱਦ ਤੱਕ ਮੂੰਹ ਮੋੜ ਕੇ ਕਾਮਰੇਡ ਸੋਚ ਤੋਂ ਪਿਛੇ ਹਟ ਕੇ ਸਮਾਜਿਕ ਚੇਤਨਤਾ ਵਾਲਾ ਸਮਾਜ ਸਿਰਜਣ ਦੇ ਦਰ ਤੇ ਖੜੀ ਹੈ। ਜਿਸ ਵਿੱਚ ਧਾਰਮਿਕ ਨਿਰੱਪਖਤਾ ਮੁੱਖ ਕੜੀ ਹੈ ਤਾਂ ਜੋ ਸਮਝਦਾਰੀ ਹਮੇਸ਼ਾ ਕਿਸੇ ਵੀ ਦੇਸ਼ ਦੀ ਰਾਜਨੀਤਿਕ ਪ੍ਰਣਾਲੀ ਤੇ ਆਪਣਾ ਅਸਰ ਬਰਕਰਾਰ ਰੱਖ ਸਕੇ। ਦਿੱਲੀ ਦੀਆਂ ਚੋਣਾ ਨਾਲ ਇੱਕ ਸਿੱਖ ਹੋਣ ਦੇ ਨਾਤੇ, ਜੋ ਤਸਵੀਰ ਸਾਹਮਣੇ ਆ ਰਹੀ ਹੈ ਉਸ ਵਿੱਚ ਸਿੱਖਾਂ ਦੀ ਮੁੱਖ ਪ੍ਰਤੀਨਿਧਤਾ ਕਰਦੀ ਪਾਰਟੀ ਤੇ ਧਰਮ ਦੇ ਵੱਡੇ ਪੈਰੋਕਾਰ ਸੰਤ ਸਮਾਜ ਅਤੇ ਚੰਦ ਦਿਨਾਂ ਦੀ ਕੈਦ ਕੱਟ ਸਿੱਖਾਂ ਦੇ ਹੱਕਾਂ ਦਾ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲੇ ਦਾਦੂਵਾਲ ਵਰਗੇ ਸਿੱਖ ਸਾਧ ਅੱਜ ਉਸ ਸੰਸਥਾ ਦੇ ਨਾਲ ਜਾ ਖੜੇ ਹਨ ਜੋ ਕਿ ਸੌਦਾ ਸਾਧ ਦੇ ਨਾਮ ਨਾਲ ਜਾਣੀ ਜਾਂਦੀ ਹੈ। ਜਿਸ ਬਾਰੇ ਸਿੱਖਾਂ ਦੇ ਸਰਵਉੱਚ ਸੰਸਥਾ ਅਕਾਲ ਤਖਤ ਦੇ ਜਥੇਦਾਰ ਵੱਲੋਂ ਹੁਕਮਨਾਮਾ ਹੈ ਕਿ ਇਸ ਨਾਲ ਕਿਸੇ ਤਰਾਂ ਦਾ ਵੀ ਕੋਈ ਮੇਲ ਮਿਲਾਪ ਨਹੀਂ ਰੱਖਣਾ। ਇਸਦੇ ਬਾਵਜੂਦ ਇਹ ਸਿੱਖਾਂ ਦੀ ਪ੍ਰਮੁੱਖ ਪ੍ਰਤੀਨਿਧ ਜਮਾਤ ਅਤੇ ਰਖਵਾਲੇ ਹੋਣ ਦਾ ਦਾਅਵਾ ਕਰਨ ਵਾਲੇ ਹੁਕਮਨਾਮੇ ਤੋਂ ਪਰੇ ਹੱਟ ਕਿ ਸੌਦਾ ਸਾਧ ਦੀ ਹਾਂ ਨਾਲ ਹਾਂ ਰਲਾ ਕੇ ਦਿੱਲੀ ਚੋਣਾਂ ਵਿੱਚ ਸਿੱਖ ਵੋਟਰਾਂ ਨੂੰ ਇਹ ਸੁਨੇਹਾ ਦੇ ਰਿਹਾ ਹੈ ਕਿ ਉਹ ਉਸ ਰਾਜਨੀਤਿਕ ਪਾਰਟੀ ਦਾ ਸਮਰਥਨ ਕਰਨ ਜੋ ਧਾਰਮਿਕ ਰੰਗ ਵਿੱਚ ਇਸ ਤਰਾਂ ਰੰਗੀ ਹੋਈ ਹੈ ਕਿ ਆਪਣੀ ਧਾਰਮਿਕਤਾ ਦਾ ਬਹੁਤ ਗਿਣਤੀ ਦੇ ਬੋਲ-ਬਾਲੇ ਰਾਹੀਂ ਭਾਰਤੀ ਰਾਜਨੀਤੀ ਨੂੰ ਹਿੰਦੂ ਰਾਸ਼ਟਰ ਬਣਾਉਣ ਵੱਲ ਲਿਜਾ ਜਾ ਰਹੀ ਹੈ ਜਿਸ ਅਧੀਨ ਘੱਟ ਗਿਣਤੀ ਧਰਮ ਅਤੇ ਸੋਚ ਸਹਿਮ ਦੇ ਪ੍ਰਛਾਵੇਂ ਦੇ ਪ੍ਰਭਾਵ ਹੇਠ ਆਪਣੀ ਸਵੈ ਦੀ ਆਜਦੀ ਤੋਂ ਵੀ ਭੈ-ਭੀਤ ਹੋਈ ਜਾਪਦੀ ਹੈ।

ਇਸਦਾ ਮੁੱਖ ਪ੍ਰਛਾਵਾਂ ਸਿੱਖਾਂ ਦੀ ਕਮਜ਼ੋਰ ਅਵਸਥਾ ਨੂੰ ਤਾਂ ਦਰਸਾ ਹੀ ਰਿਹਾ ਹੈ ਅਤੇ ਇਸ ਰਾਸ਼ਟਰਵਾਦੀ ਧਾਰਮਿਕਤਾ ਦੀ ਬਾਹੂਵਲ ਦੀ ਪ੍ਰਤੀਕ ਪਾਰਟੀ ਦੇ ਰਾਸ਼ਟਰੀ ਸੱਤਾਂ ਤੇ ਕਾਬਜ ਹੋਣ ਤੋਂ ਬਾਅਦ ਪਿਛਲੇ ਕੁਝ ਮਹੀਨਿਆਂ ਵਿੱਚ ਭਾਰਤੀ ਸਮਾਜ ਵਿੱਚ ਅਜਿਹੀ ਤਬਦੀਲੀ ਆਉਣੀ ਸ਼ੁਰੂ ਹੋਈ ਹੈ ਕਿ ਇਸ ਇੱਕ ਧਰਮ ਦੇ ਬਾਹੂਬਲ ਪ੍ਰਭਾਵ ਹੇਠ ਅੰਧ ਵਿਸ਼ਵਾਸ਼ ਵਿੱਚ ਘਿਰੇ ਇੱਕਠਾ ਵਿੱਚ ਚੋਖਾ ਵਾਧਾ ਹੋ ਰਿਹਾ ਹੈ। ਜਿਸ ਵਿੱਚ ਭਾਰਤੀ ਸੰਵਿਧਾਨ ਦੀ ਮੁੱਖ ਕੜੀ ਧਾਰਮਿਕ ਨਿਰੱਪਖਤਾ ਦਮ ਤੋੜ ਰਹੀ ਹੈ। ਇਥੋਂ ਤੱਕ ਕਿ ਅਮਰੀਕਾ ਦੇ ਰਾਸ਼ਟਰਪਤੀ ਨੂੰ ਵੀ ਭਾਰਤ ਦੀ ਨਾਗਰਿਕਤਾ ਨੂੰ ਇਹ ਕਹਿਣਾ ਪਿਆ ਹੈ ਕਿ ਸਿਹਤਮੰਦ ਸਮਾਜ ਦੀ ਨਿਰਜਣਾ ਧਾਰਮਿਕ ਨਿਰਪੱਖਤਾ ਤੇ ਹੀ ਸਿਰਜੀ ਜਾ ਸਕਦੀ ਹੈ ਜੋ ਕਿ ਭਾਰਤ ਵਿੱਚ ਅਮਰੀਕਨ ਰਾਸ਼ਟਰਪਤੀ ਦੇ ਕਹਿਣ ਮੁਤਾਬਕ ਅੱਜ ਇਥੇ ਕਮਜ਼ੋਰ ਪੈ ਰਹੀ ਹੈ। ਦਿੱਲੀ ਦੇ ਸਿੱਖ ਵੋਟਰਾਂ ਅੱਗੇ ਇਹ ਚੋਣ ਪਹਿਲੀ ਵਾਰ ਇਹ ਸਵਾਲ ਖੜਾ ਕਰ ਰਹੀ ਹੈ ਕਿ ਉਸਨੇ ਸੱਤਾ ਅਤੇ ਸਮਝਦਾਰੀ ਦਾ ਸਬੂਤ ਰੱਖਣ ਵਾਲੇ ਇਨਸਾਨ ਦਾ ਸਾਥ ਫੜਨਾ ਹੈ ਜਾਂ ਭਾਰਤੀ ਸੰਵਿਧਾਨ ਦੀ ਮੁੱਖ ਕੜੀ ਧਰਮ ਨਿਰਪੱਖਤਾ ਨੂੰ ਤੋੜਨ ਵਾਲੀ ਇੱਕ ਹਸਤੀ ਤੇ ਅਧਾਰਤ ਪਾਰਟੀ ਦਾ ਸਾਥ ਦੇਣਾ ਹੈ। ਮੇਰੀ ਨਿੱਜੀ ਸੋਚ ਮੁਤਾਬਕ ਭਾਰਤ ਦੀ ਰਾਜਧਾਨੀ ਵਾਲੇ ਸੂਬੇ ਦੇ ਲੋਕ ਧਾਰਮਿਕ ਨਿਰਪੱਖਤਾ ਅਤੇ ਸੱਤਾਂ ਨੂੰ ਸਮਝਦਾਰੀ ਤੋਂ ਉੱਪਰ ਸਮਝਣ ਵਾਲੀ ਜਮਾਤ ਨੂੰ ਨਕਾਰ ਕੇ ਸਮਝਦਾਰੀ ਨੂੰ ਸੱਤਾ ਤੋਂ ਉੱਪਰ ਰੱਖਣ ਵਾਲੀ ਜਮਾਤ ਨਾਲ ਸਬੰਧਤ ਆਮ ਆਦਮੀ ਪਾਰਟੀ ਦਾ ਸਾਥ ਦੇਣਗੇ। ਜਿਸਦਾ ਪ੍ਰਛਾਵਾ ਆਉਣ ਵਾਲੇ ਕੱਲ ਵਿੱਚ ਸਿੱਖਾਂ ਦੇ ਬਹੁਗਿਣਤੀ ਵਾਲੇ ਸੂਬੇ ਪੰਜਾਬ ਵਿੱਚ ਵੀ ਆਪਣਾ ਰੰਗ ਲਿਆਵੇਗਾ।