ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬ ਵਿੱਚ ਸਿੱਖੀ ਦੇ ਪਰਚਾਰ ਲਈ ਖਾਲਸਾ ਵਹੀਰ ਦਾ ਪਰੋਗਰਾਮ ਉਲੀਕਿਆ ਗਿਆ ਹੈ। ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ,ਬਜ਼ੁਰਗ ਅਤੇ ਮਤਾਵਾਂ,ਭੈਣਾਂ ਇਸ ਵਹੀਰ ਦਾ ਹਿੱਸਾ ਬਣ ਰਹੇ ਹਨ। ਇਸ ਵਹੀਰ ਦੇ ਅਰੰਭ ਹੋਣ ਸਮੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਮੌਜੂਦ ਸਨ। ਵਹੀਰ ਦੇ ਪਰਬੰਧਕਾਂ ਵੱਲੋਂ ਹਰ ਪੜਾਅ ਤੇ ਅੰਮ੍ਰਿਤ ਸੰਚਾਰ ਦਾ ਪਰੋਗਰਾਮ ਵੀ ਉਲੀਕਆ ਗਿਆ ਹੈ। ਹੁਣ ਤੱਕ ਜੋ ਵੀ ਖਬਰਾਂ ਆ ਰਹੀਆਂ ਹਨ ਉਨ੍ਹਾਂ ਤੋਂ ਨਜ਼ਰ ਆਉਂਦਾ ਹੈ ਕਿ ਸਿੱਖ ਸੰਗਤਾਂ ਦਾ ਵੱਡਾ ਹੁੰਗਾਰਾ ਇਸ ਉੱਦਮ ਨੂੰ ਮਿਲ ਰਿਹਾ ਹੈ।

ਬਹੁਤ ਲੰਬੇ ਸਮੇਂ ਤੋਂ ਬਾਅਦ ਖਾਲਸਾਈ ਬਾਣੇ ਵਿੱਚ ਨੌਜਵਾਨਾਂ ਦੇ ਵੱਡੇ ਇਕੱਠ ਵੇਖਣ ਨੂੰ ਮਿਲ ਰਹੇ ਹਨ। ਨਹੀ ਤਾਂ ਕੁਝ ਸਾਲਾਂ ਤੋਂ ਸਿਰਾਂ ਤੋਂ ਮੋਨੇ ਨੌਜਵਾਨ ਹੀ ਹਰ ਥਾਂ ਤੇ ਦਨਦਨਾਉਂਦੇ ਫਿਰ ਰਹੇ ਸਨ। ਉਨ੍ਹਾਂ ਦੇ ਨਾਇਕ ਵੀ ਪੰਜਾਬੀ ਗਾਇਕੀ ਦੇ ਕੁਝ ਚਿਹਰੇ ਬਣ ਰਹੇ ਸਨ। ਜਿਸ ਕਿਸਮ ਦਾ ਸੱਭਿਆਚਅਰਕ ਪਰਦੂਸ਼ਣ ਇਹ ਕਥਿਤ ਗਾਇਕ ਫੈਲਾ ਰਹੇ ਸਨ ਘੱਟੋ ਘੱਟ ਇਸ ਖਾਲਸਾਈ ਵਹੀਰ ਨਾਲ ਉਹ ਪਰਦੂਸ਼ਣ ਤਾਂ ਘਟੇਗਾ। ਨਾਲੇ ਸਿੱਖ ਨੌਜਵਾਨਾਂ ਨੂੰ ਇਹ ਸਮਝ ਆਵੇਗੀ ਕਿ ਅਸੀਂ ਹੀਰ ਰਾਂਝੇ ਦੇ ਵਾਰਸ ਨਹੀ ਹਾਂ ਬਲਕਿ ਹਰੀ ਸਿੰਘ ਨਲੂਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਹਾਂ। ਧਰਮ ਦਾ ਪਰਚਾਰ ਜਦੋਂ ਆਪਣੇ ਕੌਮੀ ਸਵੈਮਾਣ ਦੀ ਸਮਝ ਅਤੇ ਸਪਸ਼ਟਤਾ ਦੇ ਐਂਗਲ ਤੋਂ ਕੀਤਾ ਜਾਂਦਾ ਹੈ ਤਾਂ ਉਹ ਕੌਮਾਂ ਦੀਆਂ ਸੁਤੀਆਂ ਕਲਾਵਾਂ ਜਗਾ ਦੇਂਦਾ ਹੈ। ਸੰਤ ਜਰਨੈਲ ਸਿੰਘ ਵੱਲੋਂ ਅਤੇ ਉਨ੍ਹਾਂ ਤੋਂ ਵੀ ਪਹਿਲਾਂ ਸੰਤ ਕਰਤਾਰ ਸਿੰਘ ਜੀ ਵੱਲੋਂ ਕੀਤੇ ਧਰਮ ਪਰਚਾਰ ਸਦਕਾ ਹੀ ਸਿੱਖ ਕੌਮ ਵਿੱਚ ਉਹ ਜਜਬਾ ਪੈਦਾ ਹੋਇਆ ਸੀ ਜਿਸਨੇ ਕੌਮ ਨੂੰ ਮਾਨਸਕ ਤੌਰ ਤੇ ਗੁਲਾਮ ਬਣਾਉਣ ਦੀ ਭਾਰਤੀ ਸਟੇਟ ਦੀ ਨੀਤੀ ਦਾ ਹਰ ਮੈਦਾਨ ਵਿੱਚ ਟਾਕਰਾ ਕੀਤਾ।

ਪਿਛਲੇ ਦੋ ਦਹਾਕਿਆਂ ਤੋਂ ਕੌਮੀ ਹਾਲਾਤ ਅਜਿਹੇ ਬਣ ਗਏ ਸਨ ਕਿ ਸਿੱਖ ਜਵਾਨੀ ਕਿਸੇ ਰੋਲ ਮਾਡਲ ਤੋਂ ਬਿਨਾ ਭਟਕਦੀ ਫਿਰ ਰਹੀ ਸੀ। ਨਸ਼ੇ ਅਤੇ ਕਿਸਾਨੀ ਖੁਦਕੁਸ਼ੀਆਂ ਇਸ ਦੁਬਿਧਾ ਅਤੇ ਭਟਕਣ ਦਾ ਹੀ ਜ਼ਾਹਰਾ ਰੂਪ ਸੀ। ਅਜਿਹਾ ਕੌਮਾਂ ਨਾਲ ਤਾਂ ਵਾਪਰਦਾ ਹੈ ਜਦੋਂ ਕੌਮਾਂ ਆਪਣੇ ਅਤੀਤ ਤੋਂ ਟੁੱਟ ਜਾਂਦੀਆਂ ਹਨ। ਆਪਣੀਆਂ ਜੜ੍ਹਾਂ ਤੋਂ ਟੁੱਟੀਆਂ ਕੌਮਾਂ ਨੂੰ ਮੁੜ ਭਟਕਣ ਅਤੇ ਖੁਦਕੁਸ਼ੀ ਦੇ ਰਾਹ ਪਾਉਣਾਂ ਔਖਾ ਕਾਰਜ ਨਹੀ ਹੰਦਾ। ਸਿੱਖ ਕੌਮ ਉਸ ਭਟਕਣ ਦੇ ਸਮੁੰਦਰ ਵਿੱਚ ਗੋਤੇ ਖਾ ਚੁੱਕੀ ਹੈ। ਅਸੀਂ ਪਿਛਲੇ ਦੋ ਦਹਾਕਿਆਂ ਤੋਂ ਆਪਣੇ ਮਾਸੂਮ ਜਵਾਨਾਂ ਨੂੰ ਤਿਲ੍ਹ ਤਿਲ੍ਹ ਮਰਦੇ ਦੇਖਿਆ ਹੈ। ਉਨ੍ਹਾਂ ਦਾ ਇਸ ਧਰਤੀ ਤੋਂ ਮੋਹ ਭੰਗ ਹੋਣਾਂ ਅਤੇ ਆਪਣੇ ਇਤਿਹਾਸ ਤੋਂ ਬੇਗਾਨਾਂ ਹੋਣਾਂ ਸਿੱਖ ਕੌਮ ਲਈ ਵੱਡੇ ਸੰਕਟ ਹਨ। ਅਜਿਹੀਆਂ ਗੰਭੀਰ ਸਮੱਸਿਆਵਾਂ ਨੂੰ ਕੌਮੀ ਸਵੈਮਾਣ ਅਤੇ ਕੌਮੀ ਜਾਗਰਤੀ ਦੀ ਮੁਹਿੰਮ ਨਾਲ ਹੀ ਟੱਕਰਿਆ ਜਾ ਸਕਦਾ ਹੈ।

ਧਰਮ ਅਤੇ ਧਰਮ ਦੇ ਨਾਇਕ-ਸ਼ਹੀਦ ਹੀ ਕਿਸੇ ਕੌਮ ਵਿੱਚ ਜਜਬਿਆਂ ਦਾ ਉਹ ਫੁੱਲ ਖਿੜਾ ਸਕਦੇ ਹਨ ਜੋ ਇਤਿਹਾਸ ਦੀਆਂ ਤਿੱਖੜ ਦੁਪਹਿਰਾਂ ਵਿੱਚ ਵੀ ਮੌਲਦਾ ਰਹਿ ਸਕਦਾ ਹੈ। ਅਸੀਂ ਕੌਣ ਹਾਂ, ਸਾਡਾ ਗੁਰੂ ਪਿਤਾ ਕੌਣ ਹੈ, ਉਸ ਗੁਰੂ ਪਿਤਾ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ। ਉਸ ਗੁਰੂ ਪਿਤਾ ਦੇ ਉਪਦੇਸ਼ ਤੇ ਚੱਲਦਿਆਂ ਕਿੰਨੇ ਸਿੰਘ-ਸਿੰਘਣੀਆਂ ਨੇ ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਅਤੇ ਆਰਿਆਂ ਨਾਲ ਚੀਰੇ ਗਏ। ਜਦੋਂ ਇਹ ਸਭ ਕਿਸੇ ਵੱਡੇ ਕੌਮੀ ਜਜਬੇ ਅਧੀਨ ਆਖਿਆ ਜਾਵੇਗਾ ਅਤੇ ਕਿਸੇ ਉਸ ਵਿਅਕਤੀ ਵੱਲੋਂ ਆਖਿਆ ਜਾਵੇਗਾ,ਧਰਮ ਪਰਚਾਰ ਜਿਸਦਾ ਧੰਦਾ ਨਹੀ ਹੈ ਤਾਂ ਇਹ ਬੋਲ ਜਰੂਰ ਰੰਗ ਲਿਆਉਣਗੇ। ਕੌਮ ਦੇ ਰਾਗੀ-ਪਰਚਾਰਕ ਜੋ ਦੋ-ਢਾਈ ਲੱਖ ਰੁਪਿਆ ਇੱਕ ਘੰਟੇ ਦੇ ਪਰੋਗਰਾਮ ਦਾ ਵਸੂਲਦੇ ਹਨ ਉਹ ਕੌਮ ਦੀਆਂ ਰਗਾਂ ਵਿੱਚ ਜਜਬਿਆਂ ਦੀ ਅੱਗ ਨਹੀ ਬਾਲ ਸਕਦੇ ਕਿਉਂਕਿ ਉਹ ਧੰਦੇ ਵਾਲੇ ਹਨ।

ਆਪਣੇ ਰਾਹ ਤੋਂ ਭਟਕ ਗਈ ਕੌਮ ਨੂੰ ਆਪਣੇ ਜਾਂਬਾਜ ਇਤਿਹਾਸ ਨਾਲ ਜੋੜਕੇ ਹੀ ਦੁਸ਼ਮਣ ਵੱਲੋਂ ਫੈਲਾਏ ਜਾਲ ਵਿੱਚੋਂ ਕੱਢਿਆ ਜਾ ਸਕਦਾ ਹੈ। ਇਸ ਸੰਦਰਭ ਵਿੱਚ ਖਾਲਸਾ ਵਹੀਰ ਵਰਗੇ ਅਣਗਿਣਤ ਸਮਾਗਮ ਕਰਨੇ ਪੈਣਗੇ। ਇਹ ਸਮਾਗਮ ਸਿਰਫ ਅੰਮ੍ਰਿਤਪਾਲ ਸਿੰਘ ਤੱਕ ਹੀ ਸੀਮਤ ਨਹੀ ਹੋਣਾਂ ਚਾਹੀਦਾ ਬਲਕਿ ਹੋਰ ਵੀ ਜਿਹੜੀਆਂ ਅਣਖ਼-ਗੈਰਤ ਵਾਲੀਆਂ ਰੂਹਾਂ, ਜੋ ਪੰਜਾਬ ਲਈ ਜੰਗ ਦੇ ਮੈਦਾਨ ਵਿੱਚ ਲੜੀਆਂ ਉਹ ਵੀ ਇਸ ਤਰ੍ਹਾਂ ਦੇ ਸਮਾਗਮ ਉਲੀਕ ਸਕਦੀਆਂ ਹਨ। ਨਿਸ਼ਾਨਾ ਕੌਮ ਨੂੰ ਉਸਦੀ ਹੋਂਦ ਦੇ ਸਭ ਤੋ ਵੱਡੇ ਸੰਕਟ ਵਿੱਚੋਂ ਕੱਢਣ ਦਾ ਹੋਣਾਂ ਚਾਹੀਦਾ ਹੈ। ਹੋਰ ਧਿਰਾਂ ਕਿਸੇ ਹੋਰ ਢੰਗ ਨਾਲ ਇਸ ਚੁਣੌਤੀ ਨੂੰ ਟੱਕਰ ਸਕਦੀਆਂ ਹਨ। ਕੌਮੀ ਪੁਨਰ ਜਾਗਰਤੀ ਸਿਰਫ ਧੰਦੇ ਵਾਲੇ ਪਰਚਾਰਕਾਂ ਰਾਹੀਂ ਨਹੀ ਆਵੇਗੀ ਇਸ ਲਈ ਸਿਰ ਤਲੀ ਤੇ ਧਰਕੇ ਵਧਣ ਵਾਲੇ ਸਿੰਘ ਸਿੰਘਣੀਆਂ ਹੀ ਲੋੜੀਂਦੇ ਹੋਣਗੇ। ਆਓ ਅਸੀਂ ਸਭ ਆਪਣੇ ਕੌਮੀ ਫਰਜ਼ ਪਹਿਚਾਣੀਏ।  ਹਰ ਸੰਘਰਸ਼ਸ਼ੀਲ ਵਿੱਚੋਂ ਕੋਈ ਆਸ ਦੀ ਕਿਰਨ ਦੇਖੀਏ। ਉਸਦੀ ਨੁਕਤਾਚੀਨੀ ਨਾ ਕਰੀਏ।