ਭਾਰਤ ਦੇ ਉੱਤਰ ਪ੍ਰਦੇਸ਼ ਸੂਬੇ ਦੇ ਇੱਕ ਪਿੰਡ ਭੂਲਗੜੀ ਜਿਲ੍ਹਾ ਹਾਥਰਸ ਵਿੱਚ ਵਾਪਰੀ 19 ਸਾਲਾਂ ਦੀ ਬਾਲਮੀਕੀ (ਦਲਿਤ) ਕੁੜੀ ਦਾ ਹੋਇਆ ਬਲਾਤਕਾਰ ਤੇ ਅੱਤਿਆਚਾਰ ਇੱਕ ਗੰਭੀਰ ਮਸਲੇ ਵਜੋਂ ਉਭਰਿਆ ਹੈ। ਇਸ ਬਾਲਮੀਕੀ ਨੌਜਵਾਨ ਕੁੜੀ ਨਾਲ ਵਾਪਰੀ ਬਲਾਤਕਾਰ ਦੀ ਘਟਨਾ ਜਿਸ ਦੌਰਾਨ ਉਸਦੀ ਰੀੜ ਦੀ ਹੱਡੀ ਤੋੜ ਦਿੱਤੀ ਗਈ ਸੀ ਤੇ ਜੀਭ ਵੱਢ ਦਿੱਤੀ ਗਈ ਸੀ। ਇਸ ਘਿਨਾਉਣੇ ਕਾਰੇ ਪਿੱਛੇ ਉਚੀ ਜਾਤੀ ਦੇ ਚਾਰ ਨੌਜਵਾਨ ਜੋ ਕਿ ਉਸੇ ਪਿੰਡ ਦੇ ਸਨ ਸ਼ਾਮਿਲ ਦੱਸੇ ਜਾ ਰਹੇ ਸਨ। ਇੰਨਾ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਇਹ ਘਿਨਾਉਣਾ ਅੱਤਿਆਚਾਰ ਦਲਿਤ ਸਮਾਜ ਜੋ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਇਹ ਭੂਲਗੜੀ ਪਿੰਡ ਦੀ ਘਿਨਾਉਣੀ ਵਾਰਦਾਤ ਕਿਸੇ ਕਨੂੰਨ ਵਿਵਸਥਾ ਦੀ ਇਕੱਲੀ ਤਰਜਮਾਨੀ ਨਹੀਂ ਕਰਦੀ ਸਗੋਂ ਇਹ ਇੱਕ ਸਦੀਆਂ ਪੁਰਾਣੀ ਜੈਵਿਕ (fossilized) ਸੋਚ ਮੰਨੂਵਾਦੀ ਹਿੰਦੂ ਧਰਮ ਦੀ ਜਾਤ ਪ੍ਰਥਾ ਦੀ ਪ੍ਰਤੀਕ ਹੈ। ਜਿਸ ਅਧੀਨ ਹਿੰਦੂ ਧਰਮ ਅਨੁਸਾਰ ਲੋਕਾਂ ਨੂੰ ਅੱਡ ਸ੍ਰੇਣੀਆਂ ਵਿੱਚ ਯੋਜਨਾਬੱਧ ਤਰੀਕੇ ਨਾਲ ਤਰਤੀਬਬਾਰ ਚਿਣਿਆ ਗਿਆ ਹੈ। ਇਸ ਤਰਤੀਬ ਵਿੱਚ ਸਭ ਤੋਂ ਨੀਵਾਂ ਦਰਜਾ ਅਛੂਤ ਦਲਿਤ ਸਮਾਜ ਨੂੰ ਦਿੱਤਾ ਗਿਆ ਹੈ। ਬ੍ਰਾਹਮਣਵਾਦ ਨੂੰ ਸਭ ਤੋਂ ਉੱਚੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਤੇ ਸਭ ਨਾਲੋਂ ਸ਼ੁੱਧ ਅਤੇ ਰੱਬ ਦੇ ਬੰਦੇ ਮੰਨਿਆ ਗਿਆ ਹੈ। ਇਸ ਕਰਕੇ ਇੰਨਾ ਨੇ ਹੱਕ ਸਮਝ ਲਿਆ ਹੈ ਕਿ ਉਹ ਦਲਿਤਾਂ ਨਾਲ ਸਦੀਆਂ ਤੋਂ ਅੱਤਿਆਚਾਰ ਨੂੰ ਜਾਰੀ ਰੱਖਣਗੇ ਤੇ ਉਨਾਂ ਦੀਆਂ ਬਹੂ ਬੇਟੀਆਂ ਨਾਲ ਮੌਕ ਮੇਲਾ ਕਰ ਸਕਣਗੇ। ਭਾਵੇਂ ਉਹ ਬ੍ਰਾਹਮਣਾ ਦੀ ਕਿਸੇ ਪ੍ਰਕਾਰ ਦੀ ਅਛੂਤ ਜਾੜੀ ਨਾਲ ਧਾਰਮਿਕ ਸਾਂਝ ਨਹੀਂ ਦਰਸਾਈ ਗਈ ਹੈ। ਜੋ ਅੱਜ ਵੀ ਪ੍ਰਚਲਿਤ ਹੈ। ਸਿੱਖ ਕੌਮ ਦੇ ਗੁਰੂ ਸਾਹਿਬਾਨਾਂ ਨੇ ਸਿੱਖੀ ਦਾ ਅਦਾਰ ਜਾਤ ਪਾਤ ਦੇ ਉਲਟ ਰੱਖਿਆ ਸੀ ਤੇ ਸਭ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਸੀ। ਇਸ ਉਦੇਸ਼ ਵਿੱਚ ਗੁਰੂ ਸਾਹਿਬਾਨ ਕਾਫੀ ਕਾਮਯਾਬ ਵੀ ਹੋਏ ਸੀ। ਪਰ ਸਮੇਂ ਨਾਲ ਇਹ ਬਹੁ-ਗਿਣਤੀ ਸੋਚ ਦੀ ਪ੍ਰਤੀਕ ਜਾਤ-ਪਾਤ ਸਿੱਖ ਕੌਮ ਵਿੱਚ ਵੀ ਪੂਰੀ ਤਰਾਂ ਪੈਰ ਪਸਾਰ ਚੁੱਕੀ ਹੈ। ਇਥੋਂ ਤੱਕ ਕੇ 1920 ਤੋਂ ਪਹਿਲਾਂ ਸਿੱਖ ਕੌਮ ਵਿੱਚ ਪੁਜ਼ਾਰਵਾਦ ਨੇ ਵੀ ਦਲਿਤ ਸਮਾਜ ਲਈ ਮੱਥਾ ਟੇਕਣ ਤੇ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਸਮੇਂ ਤੇ ਸਥਾਨ ਵੱਖਰੇ ਕੀਤੇ ਹੋਏ ਸਨ। ਭਾਰਤ ਅੰਦਰ ਖਾਸ ਕਰਕੇ ਅੱਜ ਦੇ ਭਾਰਤ ਵਿੱਚ ਰਾਸਟਰੀਅਤਾ ਦੀ ਰਾਜਨੀਤੀ ਆਪਣੀ ਵਿਵਸਥਾ ਲਈ ਮਨੁੱਖਤਾ ਨੂੰ ਵੀ ਦਾਅ ਤੇ ਲਾਅ ਰਹੀ ਹੈ। ਜਿੱਥੇ ਔਰਤ ਜਾਤੀ ਦੁਨੀਆਂ ਵਿੱਚ ਸਭ ਤੋਂ ਲਾਚਾਰ ਮੰਨੀ ਜਾ ਰਹੀ ਹੈ। 2019 ਦੇ ਵੇਰਵਿਆਂ ਅਨੁਸਾਰ ਇੱਕ ਸਾਲ ਵਿੱਚ 33,000 ਔਰਤਾਂ ਬਲਾਤਕਾਰ ਦਾ ਸ਼ਿਕਾਰ ਹੋਈਆਂ ਸਨ। ਜਿਸ ਵਿਚੋਂ ਬਹੁ ਗਿਣਤੀ ਦਲਿਤ ਔਰਤਾਂ ਦੀ ਸੀ। ਹਰ ਰੋਜ਼ 90 ਔਰਤਾਂ ਦਾ ਬਲਾਤਕਾਰ ਹੁੰਦਾ ਹੈ। ਉਸ ਵਿਚੋਂ ਦਸ ਤੋਂ ਵਧੇਰੇ ਦਲਿਤ ਸਮਾਜ ਨਾਲ ਸਬੰਧਤ ਔਰਤਾਂ ਹਨ। ਇੰਨਾ ਕੇਸਾਂ ਵਿੱਚ ਬਹੁਤ ਘੱਟ ਗਿਣਤੀ ਵਿੱਚ ਦੋਸ਼ੀਆਂ ਦੀ ਸਜਾ ਮੁਕੱਰਰ ਹੁੰਦੀ ਹੈ। ਦਲਿਤ ਸਮਾਜ ਦੀਆਂ ਵਧੇਰੇ ਔਰਤਾਂ ਤੇ ਕੁੜੀਆਂ ਤਾਂ ਆਪਣੇ ਨਾਲ ਹੋਏ ਸਰੀਰਿਕ ਅੱਤਿਆਚਾਰ ਬਾਰੇ ਬੋਲਦੀਆਂ ਹੀ ਨਹੀਂ ਹਨ। ਜੇ ਬੋਲਦੀਆਂ ਵੀ ਹਨ ਤਾਂ ਉਹਨਾਂ ਦੀ ਸੁਣਵਾਈ ਨਹੀਂ ਹੈ। ਭਾਰਤ ਵਿੱਚ ਸਮੇਂ ਨਾਲ ਸੱਤਾ ਅਤੇ ਰਾਜ ਭਾਗ ਉਚੇਰੀਆਂ ਸ਼੍ਰੇਣੀਆਂ ਕੋਲ ਕੇਂਦਰਿਤ ਹੋ ਚੁੱਕਿਆ ਹੈ। ਜੇ ਮਾਇਆਵਤੀ ਵਰਗੇ ਦਲਿਤ ਸਮਾਜ ਵਿਚੋਂ ਕਦੇ ਕਦਾਈ ਰਾਜਭਾਗ ਦਾ ਹਿੱਸਾ ਬਣਦੇ ਵੀ ਹਨ ਤਾਂ ਉਹਦੇ ਤੇ ਵੀ ਵੈਸ਼ੀਆਨਾ ਜਿਸ਼ਮਾਨੀ ਵਾਰ ਹੋਏ ਹਨ।

ਤਾਮਿਲਨਾਡੂ ਸੂਬੇ ਵਿੱਚ ਇੱਕ ਦਲਿਤ ਸਮਾਜ ਦੀ ਸਰਪੰਚ ਔਰਤ ਨੂੰ ਸਭਾ ਦੌਰਾਨ ਜਮੀਨ ਤੇ ਬਿਠਾਇਆ ਗਿਆ ਜਿਸ ਸਭਾ ਦੀ ਉਸਨੇ ਪ੍ਰਧਾਨਗੀ ਕਰਨੀ ਸੀ। ਇਹ ਮੰਨੂਵਾਦੀ ਸੋਚ ਦਾ ਪ੍ਰਤੀਕ ਸੀ। ਅੱਜ ਦੇ ਭਾਰਤ ਵਿੱਚ ਇਹ ਰੀਤ ਚੱਲੀ ਆ ਰਹੀ ਹੈ ਖਾਸ ਕਰਕੇ ਹੁਣ ਕੁਝ ਸਮੇਂ ਤੋਂ ਕੇ ਦਲਿਤ ਔਰਤ ਦਾ ਸਵੈਮਾਨ ਅਤੇ ਮੁਸਲਮਾਣਵੀ ਰਾਸ਼ਟਰੀਅਤਾ ਹਮੇਸ਼ਾਂ ਪ੍ਰਸ਼ਨ ਚਿੰਨ ਅਧੀਨ ਹਨ। ਇੱਥੇ ਔਰਤ ਨੂੰ ਜੇ ਉਹ ਪੱਥਰ ਦੀ ਹੋਵੇ ਤਾਂ ਉਸਨੂੰ ਦੇਵੀ ਵਾਂਗ ਪੂਜਿਆ ਜਾਂਦਾ ਹੈ ਤੇ ਜੇ ਤੁਸੀਂ ਜਿੰਦਾ ਹੋ ਤਾਂ ਉਸਨੂੰ ਲੋਚਿਆ ਵੀ ਜਾ ਸਕਦਾ ਹੈ, ਧੱਕਾ ਵੀ ਹੋ ਸਕਦਾ ਹੈ ਤੇ ਇਥੋਂ ਤੱਕ ਕੇ ਜਾਤੀਵਾਦ ਦੇ ਅਧਾਰ ਤੇ ਬਲਾਤਕਾਰ ਵੀ ਹੋ ਸਕਦਾ ਹੈ। ਇਸੇ ਕਰਕੇ ਤਾਂ ਇੱਥੇ ਮਹੀਨਿਆਂ ਦੀ ਬੱਚੀਆਂ ਵੀ ਸਰੀਰਿਕ ਸ਼ੋਸਣ ਤੋਂ ਮਹਿਫ਼ੂਜ ਨਹੀਂ ਹਨ। 1999 ਵਿੱਚ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਸੰਸਥਾ ਨੇ ਦਲਿਤ ਔਰਤਾਂ ਦੀ ਸਥਿਤੀ ਬਾਰੇ ਇਹ ਲਿਖਿਆ ਸੀ ਕਿ ਬਿਹਾਰ ਸੂਬੇ ਵਿੱਚ ਦਲਿਤ ਔਰਤਾਂ ਤੇ ਸਰੀਰਿਕ ਅੱਤਿਆਚਾਰ ਕਰਨ ਤੋਂ ਬਾਅਦ ਉਹਨਾਂ ਦੀਆਂ ਛਾਤੀਆਂ ਵੱਢ ਦਿੱਤੀਆਂ ਗਈਆਂ ਤੇ ਬਾਅਦ ਵਿੱਚ ਲੱਤਾਂ ਵਿਚਕਾਰ ਗੋਲੀ ਮਾਰ ਦਿੱਤੀ ਗਈ। ਇਹ ਸਾਰਾ ਪ੍ਰਗਟਾਵਾ ਉਚੇਰੀ ਜਾਤੀਆਂ ਵੱਝੋਂ ਇਹ ਦਰਸਾਉਣ ਲਈ ਕੀਤਾ ਜਾਂਦਾ ਹੈ ਕਿ ਦਲਿਤ ਸਮਾਜ ਪੂਰੀ ਤਰਾਂ ਉਨਾਂ ਦੇ ਅਧੀਨ ਹੈ ਅਤੇ ਉਨਾਂ ਦੀ ਔਰਤਾਂ ਸਾਡੇ ਮੰਨੋਰੰਜਨ ਤੇ ਸ਼ੌਂਕ ਲਈ ਹਨ। ਪਰ ਸਾਡੀਆਂ ਔਰਤਾਂ ਪਰਦੇ ਹੇਠਾਂ ਹਨ। ਰਾਜਸਥਾਨ ਵਿੱਚ ਕੁਝ ਸਾਲ ਪਹਿਲਾਂ ਦਲਿਤ ਸਮਾਜ ਨਾਲ ਸਬੰਧਤ ਔਰਤ ਬਨਵਾਰੀ ਦੇਵੀ ਜੋ ਕਿ ਸਰਦਾਰੀ ਨੌਕਰ ਸੀ ਨੂੰ ਉਸਦੇ ਪਤੀ ਸਾਹਮਣੇ ਉਚੇਰੀ ਜਾਤੀ ਦੇ ਲੋਕਾਂ ਵੱਜੋਂ ਸਮੂਹਿਕ ਸਰੀਰਿਕ ਸੋਸ਼ਣ ਕੀਤਾ ਗਿਆ। ਪਰ ਜੱਜ ਨੇ ਆਪਣੇ ਫੈਸਲੇ ਦੌਰਾਨ ਇਹ ਕਹਿ ਕੇ ਕੇਸ ਖਾਰਜ ਕਰ ਦਿੱਤਾ ਕਿ ਉੱਚੀ ਜਾਤੀ ਦੇ ਲੋਕ ਕਿਸੇ ਨੀਵੀਂ ਸ਼੍ਰੇਣੀ ਦੀ ਔਰਤ ਨਾਲ ਸਰੀਰਿਕ ਸਬੰਧ ਰੱਖ ਹੀ ਨਹੀਂ ਸਕਦੇ। ਹੁਣ ਦੀ ਤਾਜਾ ਘਟਣਾ ਜੋ ਨੌਜਵਾਨ ਦਲਿਤ ਲੜਕੀ ਨਾਲ ਵਾਪਰੀ ਹੈ ਉਸਦੀ ਤਫਤੀਸ਼ ਦੌਰਾਨ ਵੀ 14 ਦਿਨ ਉਸਦੇ ਮਰਨ ਤੱਕ ਪੁਲੀਸ ਬੋਲੀ ਹੀ ਨਹੀਂ ਸਗੋਂ ਉਸਦੀ ਲਾਸ਼ ਨੂੰ ਹਸਪਤਾਲ ਵਿਚੋਂ ਲਿਆ ਕਿ ਚੁਪੀਤੇ ਸੰਘਣੀ ਰਾਤ ਦੇ ਹਨੇਰੇ ਵਿੱਚ ਸਾੜ ਦਿੱਤਾ ਗਿਆ। ਸੁਰੱਖਿਆ ਪਹਿਰਾ ਲਗਾ ਕੇ ਉਸ ਦੇ ਘਰਦਿਆਂ ਨੂੰ ਲਾਸ਼ ਦੇ ਨੇੜੇ ਵੀ ਨਹੀਂ ਆਉਣ ਦਿੱਤਾ ਗਿਆ। ਸਗੋਂ ਉਹਨਾਂ ਨੂੰ ਘਰ ਦੇ ਅੰਦਰ ਹੀ ਨਜ਼ਰਬੰਦ ਕੀਤਾ ਹੋਇਆ ਹੈ। ਜਿਹੜਾ ਇਸ ਘਿਨਾਉਣੇ ਵਰਤਾਰੇ ਬਾਰੇ ਜਨਤਕ ਸਮਾਜ ਦਾ ਰੋਸ ਉਠਿਆ ਤੇ ਪੱਤਰਕਾਰਾਂ ਨੇ ਇਹ ਮਸਲਾ ਉਠਾਇਆ ਉਹਨਾਂ ਦੀ ਅਵਾਜ ਦਬਾਉਣ ਲਈ ਭਾਰਤੀ ਜਨਤਾ ਪਾਰਟੀ ਦੀ ਸੂਬਾ ਸਰਕਾਰ ਨੇ ਦੇਸ਼ ਧ੍ਰੋਹ ਤੇ ਜਾਤੀ ਹਿੰਸਾ ਫੈਲਾਉਣ ਦੇ ਮੁਕੱਦਮੇ ਦਾਇਰ ਕਰ ਲਏ ਗਏ। ਇਥੋਂ ਤੱਕ ਕੇ ਇਸ ਵਿਦਰੋਹ ਨੂੰ ਅੰਤਰਰਾਸ਼ਟਰੀ ਸਾਜਿਸ਼ ਕਰਾਰ ਦਿੱਤਾ ਗਿਆ ਹੈ। ਬਿਲਕੁੱਲ ਉਸੇ ਤਰਾਂ ਜਿਸ ਤਰਾਂ ਕੇਂਦਰੀ ਸਰਕਾਰ ਨੇ ਦਿੱਲੀ ਵਿੱਚ ਹੋਈ ਧਾਰਮਿਕ ਹਿੰਸਾ ਅਤੇ ਉਸਤੋਂ ਪਹਿਲਾਂ ਨਾਗਰਿਕ ਸੋਧ ਬਿੱਲ ਖਿਲਾਫ ਅਵਾਜ ਨੂੰ ਜੋੜ ਕੇ ਨਾਮੀ ਚਿੰਤਕ, ਲੇਖਕ, ਪ੍ਰਫੈਸਰ ਅਤੇ ਵਿਦਿਆਰਥੀਆਂ ਨੂੰ ਦੇਸ਼ ਧ੍ਰੋਹ ਦੇ ਮੁਕੱਦਮਿਆਂ ਵਿੱਚ ਨਜ਼ਰਬੰਦ ਕਰ ਲਿਆ ਹੈ। ਅੱਜ ਦੇ ਭਾਰਤ ਵਿੱਚ ਕੇਂਦਰੀ ਸਰਕਾਰ ਨੇ ਇਹ ਮਾਪਟੰਡ ਅਪਣਾ ਲਿਆ ਹੈ ਕਿ ਕਨੂੰਨ ਵੀ ਆਪ ਘਰਨੇ ਹਨ, ਕਨੂੰਨੀ ਨਿਯਮ ਵੀ ਆਪ ਹੀ ਤਿਆਰ ਕਰਨੇ ਹਨ ਤੇ ਤਫਤੀਸ਼ ਵੀ ਮਰਜੀ ਨਾਲ ਕਰਨੀ ਹੈ। ਆਪਣੀ ਮਰਜੀ ਅਨੁਸਾਰ ਹੀ ਜੁਰਮ ਮੁਕੱਰਰ ਕਰਕੇ ਮਰਜੀ ਮੁਤਾਬਕ ਹੀ ਗ੍ਰਿਫਤਾਰੀ ਕਰਨੀ ਹੈ।

ਅੱਜ ਵੀ ਦਿਸ਼ਾ ਅਤੇ ਜੈਵਿਕ ਸਮਿਆਂ ਤੋਂ ਜਾਤੀਵਾਦੀ ਤੇ ਮੰਨੂਵਾਦੀ ਸੋਚ ਬੋਧਿਕ ਵਿਕਾਸ ਦੇ ਰਾਹ ਵਿੱਚ ਰੋੜਾ ਸੀ ਤੇ ਇਸ ਸੋਚ ਨੇ ਸਮਾਜ ਨੂੰ ਬੋਧਿਕ ਪਤਨ ਦੇ ਕੰਢੇ ਲਿਆ ਖੜਾ ਕੀਤਾ। ਦਲਿਤ ਸਮਾਜ ਅੱਜ ਇਕਵੀਂ ਸਦੀ ਵਿੱਚ ਵੀ ਸੋਚਣ ਲਈ ਮਜਬੂਰ ਹੋ ਕਿ ਸਾਡੇ ਲਈ –

“ਕਨੂੰਨ ਅੰਧਾ ਥਾ, ਸਰਕਾਰ ਬਹਿਰੀਥੀ,
ਔਰ ਅਬ ਤੋ ਹਮਾਰੀ ਜ਼ੁਬਾਨੇਂ ਵੀ ਕਾਟਨੀ ਸ਼ੁਰੂ ਹੋ ਗਈ ਹੈ।”