ਭਾਰਤ ਵਿੱਚ ਇਸ ਵੇਲੇ ਆਮ ਚੋਣਾਂ ਦਾ ਮਹੌਲ ਬਹੁਤ ਗਰਮ ਹੈ। ਚੋਣਾਂ ਭਾਰਤ ਵਿੱਚ ਇੱਕ ਲੰਬੇ ਮੇਲੇ ਵਰਗੀਆਂ ਹੁੰਦੀਆਂ ਹਨ। ਦੋ ਸਮੇਂ ਅਜਿਹੇ ਹੁੰਦੇ ਹਨ ਜਦੋਂ ਭਾਰਤ ਵਿੱਚ ਜਸ਼ਨ ਅਤੇ ਖਿੱਚਾਧੂਹੀ ਦਾ ਮਹੌਲ ਹੁੰਦਾ ਹੈ। ਇੱਕ ਕ੍ਰਿਕੇਟ ਦੇ ਮੈਚ ਵੇਲੇ ਅਤੇ ਦੂਜਾ ਚੋਣਾਂ ਵੇਲੇ। ਦੋਵਾਂ ਮੌਕਿਆਂ ਤੇ ਦੇਸ਼ ਵਿੱਚ ਇੱਕ ਅਜੀਬ ਜਿਹੀ ਸਰਗਰਮੀ ਦੇਖਣ ਨੂੰ ਮਿਲਦੀ ਹੈ। ੭ ਮਾਰਚ ਨੂੰ ਚੋਣ ਅਮਲ ਦੇ ਅਰੰਭ ਹੋਣ ਦੇ ਨਾਲ ਹੀ ਦੇਸ਼ ਦੇ ਸਿਆਸੀ ਸੀਨ ਤੇ ਹਲਚਲ ਵਰਗਾ ਮਹੌਲ ਹੈ। ਦੁਨੀਆਂ ਭਰ ਵਿੱਚ ਸਭ ਤੋਂ ਵੱਧ ਖਰਚੀਲੀਆਂ ਇਨ੍ਹਾਂ ਚੋਣਾਂ ਵਿੱਚ ਹਜਾਰਾਂ ਉਮੀਦਵਾਰਾਂ ਅਤੇ ਉਨ੍ਹਾਂ ਦੇ ਕਰੋੜਾਂ ਸਮਰਥਕਾਂ ਦਾ ਭਵਿੱਖ ਦਾਅ ਤੇ ਲੱਗਾ ਹੋਇਆ ਹੈ। ਇੱਕ ਅੰਦਾਜ਼ੇ ਅਨੁਸਾਰ ਇਨ੍ਹਾਂ ਚੋਣਾਂ ਤੇ ੪੯ ਬਿਲੀਅਨ ਡਾਲਰ ਖਰਚ ਹੋਣ ਦੀ ਸੰਭਾਵਨਾ ਹੈ। ਭਾਰਤੀ ਮੀਡੀਆ ਵਿੱਚ ਭਵਿੱਖ ਦੀ ਸਰਕਾਰ ਬਾਰੇ ਕਾਫੀ ਚਰਚਾ ਹੋ ਚੁੱਕੀ ਹੈ ਅਤੇ ਹੁਣ ਵੀ ਦਬੀ ਜੁਬਾਨ ਵਿੱਚ ਹੋ ਰਹੀ ਹੈ। ਕਈ ਮੀਡੀਆ ਸਮੂਹ ਸੱਤਾਧਾਰੀ ਕਾਂਗਰਸ ਪਾਰਟੀ ਤੋਂ ਬਦਜ਼ਨ ਹੋਏ ਲੋਕਾਂ ਵੱਲੋਂ ਭਾਰਤੀ ਜਨਤਾ ਪਾਰਟੀ ਵੱਲ ਰੁਖ ਕਰਨ ਦੀਆਂ ਭਵਿੱਖ ਬਾਣੀਆਂ ਕਰ ਰਹੇ ਹਨ। ਜੋਸ਼ ਵਿੱਚ ਆਏ ਕਈ ਟੀ.ਵੀ. ਚੈਨਲਾਂ ਨੇ ਤਾਂ ਇਹ ਵੀ ਆਖ ਦਿੱਤਾ ਹੈ ਵਿ ਭਾਰਤੀ ਜਨਤਾ ਪਾਰਟੀ ਨੂੰ ਇਸ ਵਾਰ ੨੧੦-੨੨੦ ਸੀਟਾਂ ਮਿਲ ਸਕਦੀਆਂ ਹਨ। ਭਾਜਪਾ ਲਈ ਇਹ ਚੋਣ ਸਰਵੇਖਣ ਵਾਕਿਆ ਹੀ ਕੱਛਾਂ ਵਜਾਉਣ ਵਾਲੀ ਗੱਲ ਹੈ। ਪਰ ਕੀ ਅਜਿਹਾ ਸੰਭਵ ਹੋ ਸਕੇਗਾ?

ਭਾਰਤ ਦੀਆਂ ਚੋਣਾਂ ਬਾਰੇ ਅੰਦਾਜ਼ੇ ਲਾਉਣੇ ਬਹੁਤ ਔਖਾ ਕਾਰਜ ਹੈ ਕਿਉਂਕਿ ਇੱਥੇ ਹਰ ਨਵੇਂ ਦਿਨ ਸਿਆਸੀ ਸਥਿਤੀ ਬਦਲ ਜਾਂਦੀ ਹੈ। ਇਸ ਲਈ ਜਿਹੜੇ ਲੋਕ ਭਾਜਪਾ ਨੂੰ ੨੨੦ ਦਾ ਅੰਕੜਾ ਪਾਰ ਕਰਵਾ ਰਹੇ ਹਨ ਉਨ੍ਹਾਂ ਕੁਝ ਗੱਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ।

ਇਸ ਵਿੱਚ ਕੋਈ ਸ਼ੱਕ ਨਹੀ ਹੈ ਕਿ ਦੇਸ਼ ਦੇ ਲੋਕ ਕਾਂਗਰਸ ਦੇ ਰਾਜ ਦੌਰਾਨ ਵਧੀ ਮਹਿੰਗਾਈ ਅਤੇ ਭਰਿਸ਼ਟਾਚਾਰ ਤੋਂ ਦੁਖੀ ਹਨ ਪਰ ਇਸਦੇ ਬਾਵਜੂਦ ਵੀ ਕਾਂਗਰਸ ਨੂੰ ਨਿਕੰਮੀ ਹੋ ਗਈ ਪਾਰਟੀ ਸਮਝਣਾਂ ਸਿਆਸੀ ਭੁੱਲ ਹੋਵੇਗੀ। ਇਹ ਗੱਲ ਠੀਕ ਹੈ ਕਿ ਲੋਕਾਂ ਵਿੱਚ ਗੁੱਸਾ ਹੈ ਪਰ ਕੀ ਇਹ ਗੁੱਸਾ ਸਿਰਫ ਭਾਜਪਾ ਦੀ ਝੋਲੀ ਵਿੱਚ ਹੀ ਪਵੇਗਾ? ਇਹ ਸੁਆਲ ਵੱਡਾ ਹੈ। ਹਾਲ ਵਿੱਚ ਹੀ ਸਾਹਮਣੇ ਆਈ ਆਮ ਆਦਮੀ ਪਾਰਟੀ ਭਾਜਪਾ ਦੇ ਰਾਹ ਵਿੱਚ ਕਾਫੀ ਕੰਡੇ ਬੀਜਣ ਦੀ ਸੰਭਾਵਨਾ ਰੱਖਦੀ ਹੈ। ਇਸ ਪਾਰਟੀ ਨੇ ਦਿੱਲੀ ਵਿੱਚ ਵੱਡਾ ਫਤਵਾ ਹਸਲ ਕਰਕੇ ਦੇਸ਼ ਦੀ ਸਿਆਸੀ ਤਸਵੀਰ ਵਿੱਚ ਨਵੇਂ ਰੰਗ ਭਰ ਦਿੱਤੇ ਹਨ। ਬੇਸ਼ੱਕ ਅੱਧ ਵਿਚਾਲੇ ਸਰਕਾਰ ਛੱਡਣ ਨਾਲ ਇਸ ਨੂੰ ਨੁਕਸਾਨ ਵੀ ਹੋਇਆ ਹੈ ਪਰ ਫਿਰ ਵੀ ਵੱਡੇ ਵਪਾਰੀਆਂ ਦੇ ਸਿਆਸੀ ਨੇਤਾਵਾਂ ਨਾਲ ਨਾਪਾਕ ਗੱਠਜੋੜ ਨੂੰ ਇਸ ਪਾਰਟੀ ਨੇ ਜਿਵੇਂ ਸਾਹਮਣੇ ਲਿਆਂਦਾ ਹੈ ਇਸ ਨਾਲ ਪਾਰਟੀ ਨੂੰ ਕਾਫੀ ਹੁੰਗਾਰਾ ਮਿਲਿਆ ਹੈ। ਘੱਟੋ- ਘੱਟ ਵੱਡੇ ਅਤੇ ਛੋਟੇ ਸ਼ਹਿਰਾਂ ਵਿੱਚ ਪਾਰਟੀ ਨੇ ਆਪਣੀਆਂ ਜੜ੍ਹਾਂ ਮਜਬੂਤ ਕਰ ਲਈਆਂ ਹਨ।

ਇਸ ਤੋਂ ਬਿਨਾ ਤਿੰਨ ਦੇਵੀਆਂ ਵੀ ਭਾਜਪਾ ਦੇ ਰਥ ਨੂੰ ਰੋਕਣ ਦਾ ਕੰਮ ਕਰਨਗੀਆਂ। ਮਮਤਾ ਬੈਨਰਜੀ, ਜੈਲਲਿਤਾ ਅਤੇ ਮਾਇਆਵਤੀ ਭਾਜਪਾ ਲਈ ਵੱਡੀ ਸਿਆਸੀ ਚੁਣੌਤੀ ਪੇਸ਼ ਕਰਨਗੀਆਂ। ਪੱਛਮੀ ਬੰਗਾਲ ਵਿਚ ਮਮਤਾ ਅਤੇ ਤਾਮਿਲਨਾਡੂ ਵਿੱਚ ਜੈਲਲਿਤਾ ਕਾਫੀ ਜਿਆਦਾ ਸੀਟਾਂ ਹਾਸਲ ਕਰਨ ਜਾ ਰਹੀਆਂ ਹਨ। ਮਾਇਆਵਤੀ ਉਤਰ ਪ੍ਰਦੇਸ਼ ਵਿੱਚ ਅਪਣੀ ਵਾਪਸੀ ਕਰ ਸਕਦੀ ਹੈ। ਇਸੇ ਤਰ੍ਹਾਂ ਖੇਤਰੀ ਪਾਰਟੀਆਂ ਕੇਂਦਰ ਵਿੱਚ ਮਜਬੂਤ ਪਾਰਟੀ ਦੀ ਸਰਕਾਰ ਨੂੰ ਆਉਣ ਤੋਂ ਰੋਕਣ ਲਈ ਜੋਰ ਅਜ਼ਮਾਈ ਕਰਨਗੀਆਂ।

ਕੰਧ ਤੇ ਲਿਖੀ ਹੋਈ ਇਬਾਰਤ ਦੱਸਦੀ ਹੈ ਕਿ ਭਾਰਤੀ ਜਨਤਾ ਪਾਰਟੀ ਲਈ ਰਾਹ ਏਨਾ ਸੌਖਾ ਨਹੀ ਹੈ। ਕਰਨਾਟਕ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਕੇਰਲਾ ਵਿੱਚ ਲੋਕ ਸਭਾ ਦੀਆਂ ੧੨੯ ਸੀਟਾਂ ਹਨ। ਇਨ੍ਹਾਂ ਵਿੱਚੋਂ ਭਾਜਪਾ ਨੂੰ ਵੱਧ ਤੋਂ ਵੱਧ ੧੫-੨੦ ਸੀਟਾਂ ਮਿਲਣ ਦੀ ਸੰਭਾਵਨਾ ਹੈ। ਪੂਰਬੀ ਅਤੇ ਉਤਰ- ਪੂਰਬੀ ਭਾਰਤ ਵਿੱਚ ੮੫ ਲੋਕ ਸਭਾ ਸੀਟਾਂ ਹਨ ਜਿਨਾਂ ਵਿੱਚੋਂ ਭਾਜਪਾ ਨੂੰ ੧੦ ਤੋਂ ਵੱਧ ਸੀਟਾਂ ਮਿਲਣ ਦੀ ਸੰਭਾਵਨਾ ਨਹੀ ਹੈ। ਉਤਰ ਭਾਰਤ ਜਿਸ ਵਿੱਚ ਪੰਜਾਬ, ਹਰਿਆਣਾਂ, ਹਿਮਾਚਲ, ਜੰਮੂ- ਕਸ਼ਮੀਰ, ਉਤਰਾਖੰਡ ਤੇ ਦਿੱਲੀ ਸ਼ਾਮਲ ਹਨ ਵਿੱਚ ੪੬ ਲੋਕ ਸਭਾ ਸੀਟਾਂ ਹਨ, ਇਸ ਖਿੱਤੇ ਵਿੱਚੋਂ ਭਾਜਪਾ ਨੂੰ ੧੦ ਸੀਟਾਂ ਮਿਲ ਸਕਦੀਆਂ ਹਨ। ਇਨ੍ਹਾਂ ੨੬੦ ਸੀਟਾਂ ਵਿੱਚੋਂ ਭਾਜਪਾ ਨੂੰ ੩੦-੪੦ ਸੀਟਾਂ ਮਿਲਣ ਦੀ ਸੰਭਾਵਨਾ ਹੀ ਹੈ। ਬਾਕੀ ਦੀਆਂ ੨੮੨ ਸੀਟਾਂ ਵਿੱਚੋਂ ਭਾਜਪਾ ਨੂੰ ੯੦ ਫੀਸਦੀ ਸੀਟਾਂ ਤੇ ਜਿੱਤ ਪ੍ਰਾਪਤ ਕਰਨੀ ਪਵੇਗੀ ਤਾਂ ਉਹ ਕੇਂਦਰ ਵਿੱਚ ਆਪਣੀ ਸਰਕਾਰ ਬਣਾ ਸਕੇਗੀ। ਭਾਰਤੀ ਜਨਤਾ ਪਾਰਟੀ ਨੂੰ ਵੱਡਾ ਬਹੁਮਤ ਗੁਜਰਾਤ, ਰਾਜਸਥਾਨ, ਮੱਧ- ਪ੍ਰਦੇਸ਼, ਛੱਤੀਸਗੜ੍ਹ ਵਿੱਚੋਂ ਮਿਲ ਸਕਦਾ ਹੈ। ਜਿਨ੍ਹਾਂ ਰਾਜਾਂ ਨੇ ਭਾਜਪਾ ਦੀ ਕਿਸਮਤ ਦਾ ਫੈਸਲਾ ਕਰਨਾ ਹੈ ਉਹ ਹਨ ਮਹਾਰਾਸ਼ਟਰ, ਉਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ। ਉਤਰ- ਪ੍ਰਦੇਸ਼ ਅਤੇ ਬਿਹਾਰ ਦੀਆਂ ਘੱਟ- ਗਿਣਤੀਆਂ ਜਿਨ੍ਹਾਂ ਦੀ ਗਿਣਤੀ ਬਹੁਤ ਜਿਆਦਾ ਹੈ ਨਰਿੰਦਰ ਮੋਦੀ ਦੇ ਮਜਬੂਤ ਭਾਰਤ ਦੇ ਨਾਅਰੇ ਜੋ ਕਿ ਅਸਲ ਵਿੱਚ ਮਜਬੂਤ ਹਿੰਦੂ ਭਾਰਤ ਦਾ ਨਾਅਰਾ ਹੈ ਨੂੰ ਨਕਾਰਨ ਦਾ ਯਤਨ ਕਰਨਗੀਆਂ।

ਇਸ ਹਾਲਤ ਵਿੱਚ ਮੋਦੀ ਕਿਵੇਂ ਆਪਣੀ ਅਸਲ ਵਿਚਾਰਧਾਰਾ ਨੂੰ ਅੱਗੇ ਵਧਾ ਸਕਣਗੇ ਇਹ ਦੇਖਣ ਵਾਲੀ ਗੱਲ ਹੋਵੇਗੀ।