ਕਨੇਡਾ ਦੇ ਕੁਝ ਗੁਰੂਘਰਾਂ ਵੱਲ਼ੋਂ ਪਿਛਲੇ ਹਫਤੇ ਸਾਂਝੇ ਤੌਰ ਤੇ ਇਹ ਐਲਾਨ ਕੀਤਾ ਗਿਆ ਕਿ ਉਹ ਸਿੱਖਾਂ ਨਾਲ ਹੋ ਰਹੇ ਦੁਰਵਿਹਾਰ ਅਤੇ ਸਿੱਖਾਂ ਖਿਲਾਫ ਚਲਾਈ ਜਾ ਰਹੀ ਤਸ਼ੱਦਦ ਦੀ ਲਹਿਰ ਦੇ ਵਿਰੋਧ ਵਿੱਚ ਭਾਰਤੀ ਸਫਾਰਤਖਾਨੇ ਦੀ ਅਧਿਕਾਰੀਆਂ ਨੂੰ ਗੁਰੂਘਰਾਂ ਵਿੱਚ ਕੋਈ ਸਰਗਰਮੀ ਕਰਨ ਦੀ ਇਜਾਜਤ ਨਹੀ ਦੇਣਗੇ। ਇਨ੍ਹਾਂ ਗੂਰੂ ਘਰਾਂ ਦੇ ਪ੍ਰਬੰਧਕਾਂ ਨੇ ਦੋਸ਼ ਲਗਾਇਆ ਕਿ ੧੯੮੪ ਤੋਂ ਲੈਕੇ ਹੁਣ ਤੱਕ ਸਿੱਖਾਂ ਦੀ ਨਸਲਕੁਸ਼ੀ ਦੀ ਮੁਹਿੰਮ ਭਾਰਤ ਸਰਕਾਰ ਵੱਲ਼ੋਂ ਚਲਾਈ ਜਾ ਰਹੀ ਹੈ। ਸਿੱਖਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਲਗਾਤਾਰ ਬਚਾਇਆ ਜਾ ਰਿਹਾ ਹੈ। ਨਵੰਬਰ ੧੯੮੪ ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਵੀ ਸਰਕਾਰੀ ਸ਼ਹਿ ਤੇ ਬਚਾਇਆ ਜਾ ਰਿਹਾ ਹੈ ਅਤੇ ਸਿੱਖ ਸੰਘਰਸ਼ ਵਿੱਚ ਕੈਦ ਪੂਰੀ ਕਰ ਚੁੱਕੇ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਮਕਾਈ ਜਾ ਰਹੀ ਹੈ। ਇਨ੍ਹਾਂ ਪ੍ਰਬੰਧਕਾਂ ਨੇ ਇਹ ਦੋਸ਼ ਵੀ ਲਗਾਇਆ ਕਿ ਵਿਦੇਸ਼ਾਂ ਵਿੱਚ ਸਥਿਤ ਭਾਰਤ ਦੇ ਸਫਾਰਤਖਾਨੇ ਸਿੱਖਾਂ ਦੇ ਨਿੱਜੀ ਮਾਮਲਿਆਂ ਵਿੱਚ ਦਖਲ ਦੇਂਦੇ ਹਨ, ਸਿੱਖੀ ਦਾ ਦਰਦ ਰੱਖਣ ਵਾਲੇ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਹਨ, ਵੀਜ਼ਾ ਨਾ ਦੇਣ ਦ ਡਰਾਵੇ ਦਿੱਤੇ ਜਾਂਦੇ ਹਨ ਅਤੇ ਗੁਰੂਘਰਾਂ ਵਿੱਚ ਅਜਿਹੇ ਲੋਕਾਂ ਨੂੰ ਪ੍ਰਬੰਧ ਸੰਭਾਲਣ ਲਈ ਅੱਗੇ ਕੀਤਾ ਜਾਂਦਾ ਹੈ ਜੋ ਭਾਰਤ ਸਰਕਾਰ ਦੀ ਬੋਲੀ ਬੋਲਦੇ ਹੋਣ ਅਤੇ ਸਿੱਖ ਪੰਥ ਦੀ ਪਿੱਠ ਵਿੱਚ ਛੁਰਾ ਮਾਰਨ ਲਈ ਤਤਪਰ ਹੋਣ।
ਬਰੈਂਪਟਨ ਦੇ ਇਲਾਕੇ ਤੋਂ ਬਾਅਦ ਹੁਣ ਕੈਲਗਰੀ ਅਤੇ ਐਲਬਰਟਾ ਦੇ ਹੋਰ ਗੁਰੂਘਰਾਂ ਦੇ ਪ੍ਰਬੰਧਕਾਂ ਨੇ ਵੀ ਅਜਿਹੇ ਮਤੇ ਪਾਸ ਕਰ ਦਿੱਤੇ ਹਨ। ਇਸ ਤੋਂ ਬਾਅਦ ਅਮਰੀਕਾ ਦੇ ੯੬ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਵੀ ਭਾਰਤੀ ਰਾਜਸੀ ਨੇਤਾਵਾਂ ਅਤੇ ਭਾਰਤੀ ਅਧਿਕਾਰੀਆਂ ਨੂੰ ਗੁਰੂਘਰਾਂ ਵਿੱਚ ਸਿੱਖੀ ਮਰਯਾਦਾ ਤੋਂ ਉਲਟ ਕਿਸੇ ਵੀ ਕਿਸਮ ਦੀ ਸਰਗਰਮੀ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ। ਇਸਦੇ ਨਾਲ ਹੀ ਇੰਗਲ਼ੈਂਡ ਵਿੱਚੋਂ ਵੀ ਅਜਿਹੇ ਮਤੇ ਪਾਸ ਹੋਣ ਦੀ ਖਬਰ ਆਈ ਹੈ।
ਅਸੀਂ ਸਮਝਦੇ ਹਾਂ ਕਿ ਸਿੱਖਾਂ ਵੱਲ਼ੋਂ ਚੁੱਕਿਆ ਹੋਇਆ ਇਹ ਕਦਮ ਕਾਫੀ ਦਰਦ ਹੰਢਾ ਲੈਣ ਤੋਂ ਬਾਅਦ ਕੀਤੀ ਗਈ ਕਾਰਵਾਈ ਹੈ। ਇਸ ਕਦਮ ਦੇ ਪਿੱਛੇ ਉਨ੍ਹਾਂ ਸਿੱਖਾਂ ਦਾ ਦਰਦ ਝਲਕਦਾ ਹੈ ਜਿਨ੍ਹਾਂ ਨੂੰ ਆਪਣੀ ਨਿਆਰੀ ਹੋਂਦ ਦੇ ਸਾਹਮਣੇ ਭਾਰਤੀ ਸਟੇਟ ਵੱਲ਼ੋਂ ਪ੍ਰਸ਼ਨ ਚਿੰਨ੍ਹ ਲਗਦੇ ਨਜ਼ਰ ਆ ਰਹੇ ਹਨ। ਲਗਾਤਾਰ ਸਿੱਖਾਂ ਦੇ ਖਿਲਾਫ ਜਬਰ ਦੀ ਜੋ ਮੁਹਿੰਮ ਚਲਾਈ ਜਾ ਰਹੀ ਹੈ ਉਸ ਕਾਰਨ ਹੀ ਮਜਬੂਰ ਹੋ ਕੇ ਵਿਦੇਸ਼ੀ ਸਿੱਖਾਂ ਨੂੰ ਇਹ ਕਦਮ ਚੁੱਕਣਾਂ ਪਿਆ ਹੈ।
ਸ੍ਰੀ ਅਕਾਲ ਤਖਤ ਸਾਹਿਬ ਤੇ ਬਿਰਾਜਮਾਨ, ਗਿਆਨੀ ਗੁਰਬਚਨ ਸਿੰਘ ਨੇ ਇਸ ਪਾਬੰਦੀ ਨੂੰ ਜਾਇਜ ਠਹਿਰਾਇਆ ਹੈ। ਉਨ੍ਹਾਂ ਦਾ ਕਹਿਣਾਂ ਹੈ ਕਿ ੧੯੮੪ ਦੇ ਸਿੱਖ ਕਤਲੇਆਮ ਦਾ ਹਾਲੇ ਤੱਕ ਵੀ ਇਨਸਾਫ ਨਾ ਮਿਲਣ ਕਰਕੇ ਸਿੱਖਾਂ ਨੇ ਇਹ ਕਦਮ ਚੁੱਕਿਆ ਹੈ।
ਇਸ ਸੰਦਰਭ ਵਿੱਚ ਅਸੀਂ ਦੋਵਾਂ ਧਿਰਾਂ ਨੂੰ ਇੱਕ ਸੁਹਿਰਦ ਬੇਨਤੀ ਕਰਨੀ ਚਾਹੁੰਦੇ ਹਾਂ। ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਅਜਿਹੇ ਸੱਜਣ ਨੂੰ ਗੁਰੂਘਰ ਵਿੱਚ ਆਉਣ ਤੋਂ ਨਹੀ ਰੋਕਣਾਂ ਚਾਹੀਦਾ ਜੋ ਸਿਰਫ ਆਪਣੇ ਧਾਰਮਕ ਅਕੀਦੇ ਅਧੀਨ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਆਇਆ ਹੋਵੇ। ਕਿਸ ਅਜਿਹੇ ਸੱਜਣ ਨਾਲ ਗੁਰੂਘਰ ਦੇ ਵਿੱਚ ਜਾਂ ਬਾਹਰ ਕੋਈ ਬਦਸਲੂਕੀ ਨਹੀ ਹੋਣੀ ਚਾਹੀਦੀ। ਕਿਉਂਕਿ ਇਹ ਸਿੱਖਾਂ ਦਾ ਕਿਰਦਾਰ ਨਹੀ ਹੈ। ਇੱਥੋਂ ਤੱਕ ਕਿ ਜੇ ਪਤਾ ਵੀ ਹੋਵੇ ਕਿ ਇਸ ਵਿਅਕਤੀ ਦੀ ਨੀਤ ਠੀਕ ਨਹੀ ਹੈ ਤਾਂ ਵੀ ਉਸ ਨਾਲ ਪਿਆਰ ਨਾਲ ਪੇਸ਼ ਆ ਕੇ ਸਿੱਖ ਕਿਰਦਾਰ ਦੀ ਬੁਲੰਦੀ ਦਾ ਮੁਜਾਹਰਾ ਕਰਨਾ ਚਾਹੀਦਾ ਹੈ।
ਦੂਜੀ ਬੇਨਤੀ ਭਾਰਤ ਸਰਕਾਰ ਨੂੰ ਹੈ ਕਿ ਉਹ ਸਿੱਖਾਂ ਦੇ ਉਸ ਦਰਦ ਦੀ ਹੂਕ ਨੂੰ ਇਮਾਨਦਾਰੀ ਨਾਲ ਸੁਣੇ ਅਤੇ ਉਨ੍ਹਾਂ ਰੋਸਿਆਂ ਨੂੰ ਦੂਰ ਕਰਨ ਦਾ ਯਤਨ ਕਰੇ ਜੋ ਭਾਰਤ ਸਰਕਾਰ ਨੇ ਆਪਣੀਆਂ ਲਗਾਤਾਰ ਕਾਰਵਾਈਆਂ ਕਾਰਨ ਪੈਦਾ ਕਰ ਦਿੱਤੇ ਹਨ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖਾਂ ਦੇ ਇਸ ਕਦਮ ਦੇ ਖਿਲਾਫ ਕੋਈ ਹੋਰ ਕਿਸਮ ਦੀ ਸਾਜਿਸ਼ ਰਚਕੇ ਵਿਦੇਸ਼ੀ ਸਿੱਖਾਂ ਨੂੰ ਨੀਵਾਂ ਦਿਖਾਉਣ, ਜਾਂ ਉਨ੍ਹਾਂ ਦੇ ਵੀਜ਼ੇ ਬੰਦ ਕਰਨ ਦੀ ਕਾਰਵਾਈ ਕਰਨ ਜਾਂ ਪੰਜਾਬ ਗਏ ਸਿੱਖਾਂ ਨੂੰ ਗ੍ਰਿਫਤਾਰ ਕਰਨ ਵਰਗੇ ਢੰਗ ਤਰੀਕੇ ਅਪਨਾਉਣ ਨਾਲ਼ੋਂ ਉਹ ਜਿੰਮੇਵਾਰ ਸਰਕਾਰੀ ਤੰਤਰ ਦੇ ਤੌਰ ਤੇ ਕੰਮ ਕਰੇ ਅਤੇ ਸਿੱਖਾਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਅਤੇ ਉਨ੍ਹਾਂ ਨੂੰ ਹੱਲ ਕਰਕੇ ਸਿੱਖ ਕੌਮ ਨਾਲ ਆਪਣੇ ਸੰਬੰਧ ਸੁਧਾਰਨ ਦੇ ਯਤਨ ਕਰੇ। ਪਿਛਲੇ ੫੦ ਸਾਲ ਦੀਆਂ ਕਾਰਵਾਈਆਂ ਨੇ ਅੱਜ ਸਥਿਤੀ ਨੂੰ ਜਿੱਥੇ ਲੈ ਆਂਦਾ ਹੈ ਹੁਣ ਇਸ ਤੋਂ ਪਿੱਛੇ ਮੁੜਨ ਦੀ ਲੋੜ ਹੈ।