ਛੱਤੀਸਗੜ੍ਹ ਦੇ ਬਸਤਰ ਜਿਲੇ ਵਿਚ ਹਾਲ ਹੀ ਵਿਚ ਮਾਓਵਾਦੀਆਂ ਅਤੇ ਭਾਰਤੀ ਸੁਰੱਖਿਆ ਬਲਾਂ ਦੀ ਝੜਪ ਜਿਸ ਵਿਚ ਬਾਈ ਸੁਰੱਖਿਆ ਕਰਮੀ ਮਾਰੇ ਗਏ, ਉਸ ਨੇ ਭਾਰਤ ਵਿਚ ਮਾਓਵਾਦੀ ਖਤਰੇ ਨੂੰ ਮੁੜ ਤੋਂ ਕੇਂਦਰ ਵਿਚ ਲੈ ਆਂਦਾ ਹੈ।ਗਿਆਰਾਂ ਸਾਲ ਪਹਿਲਾਂ ਇਸ ਨੂੰ ਉਦੋਂ ਦੇ ਪ੍ਰਧਾਨ ਮੰਤਰੀ ਦੁਆਰਾ ਦੇਸ਼ ਦੇ ਲਈ ਸਭ ਤੋਂ ਗੰਭੀਰ ਅੰਦਰੂਨੀ ਸੁਰੱਖਿਆ ਚੁਣੌਤੀ ਗਰਦਾਨਿਆ ਗਿਆ ਸੀ।ਮਾਓਵਾਦੀਆਂ ਅਤੇ ਭਾਰਤੀ ਸੁਰੱਖਿਆ ਬਲਾਂ ਵਿਚਕਾਰ ਯੁੱਧ ਦੁਸ਼ਮਣ ਉੱਪਰ ਵਾਰ-ਵਾਰ ਹਮਲਾ ਕਰਕੇ ਉਸ ਨੂੰ ਕਮਜੋਰ ਕਰਨ ਦੀ ਪ੍ਰੀਕਿਰਿਆ ਹੈ ਜਿੱਥੇ ਦਹਾਕਿਆਂ ਦੀ ਹਿੰਸਾ ਤੋਂ ਬਾਅਦ ਵੀ ਕੋਈ ਜੇਤੂ ਨਹੀਂ ਹੋ ਪਾਇਆ ਹੈ।ਕਬਾਇਲੀ ਲੋਕ, ਜਿਨ੍ਹਾਂ ਦੀ ਪ੍ਰਤੀਨਿਧਤਾ ਦਾ ਮਾਓਵਾਦੀ ਦਾਅਵਾ ਕਰਦੇ ਹਨ, ਉਮੀਦ ਦੀ ਲੜਾਈ ਲੜ ਰਹੇ ਹਨ ਜਿਸ ਦੀ ਇਵਜ਼ ਵਿਚ ਸਟੇਟ ਹੱਥੋਂ ਉਹ ਭੱੁਖਮਰੀ, ਮੌਤ, ਉਜਾੜਾ, ਦਮਨ ਅਤੇ ਬਲਤਾਕਾਰ ਜਿਹੇ ਅਣਮਨੁੱਖੀ ਤਸ਼ਦੱਦ ਝੱਲ ਰਹੇ ਹਨ।ਮਾਓਵਾਦੀਆਂ ਅਤੇ ਭਾਰਤੀ ਸੁਰੱਖਿਆ ਬਲਾਂ ਵਿਚਕਾਰ ਯੁੱਧ ਨੂੰ ਇਨ੍ਹਾਂ ਸ਼ਬਦਾਂ ਵਿਚ ਲਿਖਿਆ ਜਾ ਸਕਦਾ ਹੈ:

ਮੁਮਕਿਨ ਨਹੀਂ ਚਮਨ ਮੇਂ ਦੋਨੋਂ ਕੀ ਜਿੱਦ ਹੋ ਪੂਰੀ,
ਯਾ ਬਿਜਲੀਆਂ ਰਹੇਂਗੀ ਯਾ ਆਸ਼ਿਆਂ ਰਹੇਗਾ।
ਤਰਿਗੀ ਕੀ ਅਪਨੀ ਜ਼ਿੱਦ ਹੈ, ਜੁਗਨੂੰਉਂ ਕੀ ਅਪਨੀ ਜ਼ਿੱਦ,
ਠੋਕਰੋਂ ਕੀ ਅਪਨੀ ਜ਼ਿੱਦ ਹੈ, ਹੌਂਸਲੋਂ ਕੀ ਅਪਨੀ ਜ਼ਿੱਦ।

ਭਾਰਤ ਜਿਹਾ ਰਾਸ਼ਟਰ ਇਕ ਕਲਪਿਤ ਸਮੁਦਾਇ/ਭਾਈਚਾਰਾ ਹੈ ਜੋ ਸਭ ਤੋਂ ਪਹਿਲਾਂ ਲੋਕਾਂ ਦੇ ਦਿਮਾਗਾਂ ਵਿਚ ਆਕਾਰ ਲੈਂਦਾ ਹੈ।ਰਾਸ਼ਟਰੀ ਭਾਵਨਾ ਪੈਦਾ ਕਰਨ ਲਈ ਉਨ੍ਹਾਂ ਦੀਆਂ ਕਲਪਨਾਵਾਂ ਅਤੇ ਅਵਸਥਾ ਨੂੰ ਸਮਝਣਾ ਬਹੁਤ ਜਰੂਰੀ ਹੈ।ਇਹ ਨਕਲੀ ਰਾਸ਼ਟਰੀ ਭਾਵਨਾ ਉੱਪਰ ਅਧਾਰਿਤ ਨਹੀਂ ਹੋ ਸਕਦਾ ਜਿਸ ਤਰਾਂ ਦੀ ਭਾਵਨਾ ਜਬਰਦਸਤੀ ਕਬਾਇਲੀਆਂ ਵਿਚ ਪੈਦਾ ਕੀਤੀ ਜਾ ਰਹੀ ਹੈ ਜਿਨ੍ਹਾਂ ਦੀਆਂ ਭਾਵਨਾਵਾਂ, ਅਵਸਥਾਵਾਂ ਅਤੇ ਕਲਪਨਾਵਾਂ ਦੀ ਨਿਸ਼ਾਨਦੇਹੀ ਭਾਰਤੀ ਰਾਜ ਨੇ ਕਦੇ ਨਹੀਂ ਕੀਤੀ।ਮੂਲ ਰੂਪ ਵਿਚ ਬ੍ਰਿਟਿਸ਼ ਸਾਮਰਾਜ ਨੇ ਭਾਰਤ ਨੂੰ ਸਾਮਰਾਜ ਦੀ ਸਥਿਤੀ ਵਿਚ ਹੀ ਛੱਡਿਆ ਜਿੱਥੇ ਇਸ ਦੇ ਇਲਾਕਿਆਂ ਉੱਪਰ ਫੌਜੀ ਤਾਕਤਾਂ ਦੁਆਰਾ ਮੁੜ ਦਾਅਵਾ ਕਰਕੇੇ ਇਹਨਾਂ ਨੂੰ ਇਕੱਠੇ ਰੱਖਿਆ ਗਿਆ। ਇਹਨਾਂ ਦਾ ਰਾਜ ਪ੍ਰਬੰਧ ਕੇਂਦਰੀ ਕਮਾਂਡ ਰਾਹੀ ਦਿੱਲੀ ਤੋਂ ਕੀਤਾ ਗਿਆ ਜੋ ਕਿ ਕਬਾਇਲੀਆਂ ਅਤੇ ਅਧੀਨਾਂ ਲਈ ਓਨੀ ਹੀ ਵਿਦੇਸ਼ੀ ਸੀ ਜਿੰਨਾ ਕਿ ਕੋਈ ਵਿਦੇਸ਼ੀ ਮਹਾਂਨਗਰ।ਕਬਾਇਲੀ ਲੋਕਾਂ, ਕਸ਼ਮੀਰੀਆਂ, ਉੱਤਰ-ਪੂਰਬੀ ਰਾਜਾਂ ਅਤੇ ਸਿੱਖ ਰਾਸ਼ਟਰ ਦੀਆਂ ਰਾਜਨੀਤਿਕ ਭਾਵਨਾਵਾਂ ਨੂੰ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਦਬਾ ਦਿੱਤਾ ਗਿਆ।

ਅਜ਼ਾਦੀ ਤੋਂ ਬਾਅਦ ਨਵੇਂ ਸਥਾਪਿਤ ਸਾਮਰਾਜ ਵਿਚ ਇਕ ਅਜਿਹੇ ਯੋਗ ਨੇਤਾ ਦੀ ਘਾਟ ਸੀ ਜੋ ਸੱਭਿਆਚਾਰਕ ਪੱਧਰ ਤੇ ਇੰਨੀ ਵਿਭਿੰਨਤਾ ਰੱਖਣ ਵਾਲੇ ਲੋਕਾਂ ਦੀਆਂ ਭਾਵਨਾਵਾਂ ਅਤੇ ਰਾਜਨੀਤਿਕ ਇੱਛਾਵਾਂ ਨੂੰ ਸਮਝ ਕੇ ਕਦਮ ਚੁੱਕਦਾ ਅਤੇ ਜੋ ਉਨ੍ਹਾਂ ਦੀ ਰਾਜਨੀਤਿਕ ਅਤੇ ਆਰਥਿਕ ਅਸਲ਼ੀਅਤ ਨੂੰ ਧਿਆਨ ਵਿਚ ਰੱਖ ਕੇ ਮਾਨਵਤਾ ਦੀ ਭਲਾਈ ਲਈ ਇਸ ਤਰਾਂ ਕੰਮ ਕਰਦਾ ਜੋ ਉਸ ਦੇ ਸਾਮਰਾਜ ਦੇ ਲੋਕਾਂ ਦੇ ਨਜ਼ਰੀਏ ਵਿਚ ਵੀ ਤਬਦੀਲੀ ਲੈ ਕੇ ਆਉਂਦਾ ਅਤੇ ਉਸ ਦੀ ਦੂਰ-ਅੰਦੇਸ਼ੀ ਦੀ ਤਸਦੀਕ ਕਰਦਾ।ਇਸ ਤਰਾਂ ਦੇ ਯੋਗ ਨੇਤਾ ਦੀ ਕਮੀ ਦੇ ਖਲਾਅ ਅਤੇ ਰਾਜ ਨੂੰ ਲੈ ਕੇ ਦੂਰ-ਅੰਦੇਸ਼ੀ ਦੀ ਘਾਟ ਨੇ ਭਾਰਤੀ ਰਾਜਤੰਤਰ ਵਿਚ ਬਹੁਤ ਸਾਰੇ ਅਣਸੁਲਝੇ ਸੁਆਲ ਛੱਡ ਦਿੱਤੇ ਹਨ ਅਤੇ ਰਾਜ ਵਿਚ ਬਹੁਤ ਸਾਰੇ ਤਬਕਿਆਂ ਦੀਆਂ ਰਾਜਨੀਤਿਕ ਅਭਿਲਾਸ਼ਾਵਾਂ ਅਧੂਰੀਆਂ ਪਈਆਂ ਹਨ।

ਚੀਨੀ ਕ੍ਰਾਂਤੀ ਤੋਂ ਪ੍ਰਭਾਵਿਤ ਮਾਓਵਾਦ ਦਾ ਵਿਚਾਰ ਕਿਸਾਨਾਂ ਦੇ ਮੁੱਦਿਆਂ ਨੂੰ ਸੰਬੋਧਿਤ ਹੋਣ ਲਈ ਪੈਦਾ ਹੋਇਆ ਅਤੇ ਜਿਸ ਨੇ ਬਾਅਦ ਵਿਚ ਭਾਰਤੀ ਰਾਜ ਦੇ ਭੁੱਲੇ-ਵਿਸਰੇ ਕਬਾਇਲੀਆਂ ਦੀ ਕਲਪਨਾ ਵਿਚ ਘਰ ਕਰ ਲਿਆ।ਭਾਰਤੀ ਰਾਜਤੰਤਰ ਨੂੰ ਸੁੱਰਖਿਅਤ ਰੱਖਣ ਅਤੇ ਇਸ ਨੂੰ ਮੁੜ ਪ੍ਰਭਾਸ਼ਿਤ ਕਰਨ ਦੀ ਕੋਸ਼ਿਸ਼ ਵਿਚ ਮਾਓਵਾਦੀਆਂ ਅਤੇ ਭਾਰਤੀ ਸੁਰੱਖਿਆ ਬਲਾਂ ਵਿਚਕਾਰ ਯੁੱਧ ਨੇ ਇਹਨਾਂ ਦੀ ਜਿੰਦਗੀਆਂ ਨੂੰ ਹੋਰ ਵੀ ਤਬਾਹ ਕਰ ਕੇ ਰੱਖ ਦਿੱਤਾ ਹੈ।ਕਬਾਇਲੀਆਂ ਦੀਆਂ ਜਿੰਦਗੀਆਂ ਇਕ ਪਾਸੇ ਭਾਰਤੀ ਸੁਰੱਖਿਆ ਬਲਾਂ ਦੇ ਤਸ਼ਦੱਦ ਕਰਕੇ ਨਰਕ ਬਣੀਆਂ ਹੋਈਆਂ ਹਨ; ਦੂਜੇ ਪਾਸੇ, ਮਾਓਵਾਦੀ ਵਿਦਰੋਹੀਆਂ ਦੀ ਹਿੰਸਾ ਨੇ ਉਨ੍ਹਾਂ ਦੀ ਜਾਨ ਕੜਿੱਕੀ ਵਿਚ ਫਸਾ ਰੱਖੀ ਹੈ।ਮੌਜੂਦਾ ਲੜਾਈ ਦਾ ਮੈਦਾਨ ਕਬਾਇਲ਼ੀ ਅਬਾਦੀ ਦੇ ਆਲੇ ਦੁਆਲੇ ਹੀ ਕੇਂਦਰਿਤ ਹੈ ਜੋ ਕਿ ਸਦੀਆਂ ਤੋਂ ਇਹਨਾਂ ਜੰਗਲਾਂ ਵਿਚ ਰਹਿ ਰਹੀ ਹੈ।ਇਹਨਾਂ ਜੰਗਲਾਂ ਦੀ ਅਥਾਹ ਦੌਲਤ ਨੇ ਹੀ ਸਾਮਰਾਜ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।ਇਸ ਅਥਾਹ ਦੌਲਤ ਨੂੰ ਸੰਗਠਿਤ ਖੇਤਰ ਦੇ ਹਵਾਲੇ ਕਰਨ ਲਈ ੨੬ ਮਿਲੀਅਨ ਕਬਾਇਲੀ ਲੋਕਾਂ ਨੂੰ ਉਜਾੜ ਦਿੱਤਾ ਗਿਆ ਹੈ।ਰਾਜ ਦੇ ਪ੍ਰਤੀ ਡਰ ਅਤੇ ਵਿਸ਼ਵਾਸ ਦੀ ਭਾਵਨਾ ਦੀ ਕਮੀ ਨੇ ਕਬਾਇਲੀ ਲੋਕਾਂ ਦਾ ਝੁਕਾਅ ਮਾਓਵਾਦੀਆਂ ਵੱਲ ਕਰ ਦਿੱਤਾ ਹੈ ਜੋ ਕਿ ਸੀਮਿਤ ਸਾਧਨਾਂ ਦੇ ਬਾਵਜੂਦ ਵਰ੍ਹਿਆਂ ਤੋਂ ਇਹਨਾਂ ਜੰਗਲਾਂ ਵਿਚ ਕਬਾਇਲੀਆਂ ਦੀਆਂ ਜਿੰਦਗੀਆਂ ਨੂੰ ਬਿਹਤਰ ਬਣਾਉਣ ਦਾ ਕੰਮ ਕਰ ਰਹੇ ਹਨ।ਕਬਾਇਲੀ ਜੰਗਲਾਂ ੳੱੁਪਰ ਮੁੜ ਤੋਂ ਦਾਅਵੇ ਦੀ ਪ੍ਰੀਕਿਰਿਆ ਨਵੇਂ ਸਾਮਰਾਜ ਦੀ ਸਥਾਪਤੀ ਨਾਲ ਹੀ ਸ਼ੁਰੂ ਹੋ ਗਈ ਸੀ ਜਦੋਂ ਸਾਮਰਾਜ ਦੇ ਵਿਸਥਾਰ ਅਤੇ ਇਸ ਨੂੰ ਮਜਬੂਤ ਕਰਨ ਦੇ ਲਾਲਚ ਕਰਕੇ ਲੱਖਾਂ ਹੀ ਕਬਾਇਲੀਆਂ ਨੂੰ ਉਜਾੜ ਦਿੱਤਾ ਗਿਆ।

ਹਾਲ ਹੀ ਵਿਚ ਹੋਏ ਮਾਓਵਾਦੀ ਹਮਲੇ ਜਿਸ ਵਿਚ ੨੨ ਭਾਰਤੀ ਸੁਰੱਖਿਆ ਜਵਾਨ ਆਪਣੀ ਜਾਨ ਗੁਆ ਬੈਠੇ, ਇਸ ਨੇੇ ਇਕ ਵਾਰ ਫਿਰ ਤੋਂ ਭਾਰਤੀ ਸੁਰੱਖਿਆ ਬਲਾਂ ਦੀ ਕਮਜੋਰੀ ਨੂੰ ਨੰਗਾ ਕਰ ਦਿੱਤਾ ਹੈ ਜਿੱਥੇ ਇੰਨਾ ਵੱਡਾ ਸੁਰੱਖਿਆ ਢਾਂਚਾ ਮਾਓਵਾਦੀ ਫੌਜ ਦੇ ਅਨੁਸ਼ਾਸਨ ਕਰਕੇ ਦਾਅ ’ਤੇ ਲੱਗਿਆ ਹੋਇਆ ਹੈ।ਅਮਰੀਕਾ ਦੇ ਪ੍ਰਸਿੱਧ ਰਾਜਨੀਤੀਵਾਨ ਹੈਨਰੀ ਕਸਿੰਜਰ ਨੇ ਇਕ ਵਾਰ ਕਿਹਾ ਸੀ, “ਰਵਾਇਤੀ ਫੌਜ ਉਦੋਂ ਹਾਰ ਜਾਂਦੀ ਹੈ ਜਦੋਂ ਇਸ ਨੂੰ ਕੋਈ ਜਿੱਤ ਪ੍ਰਾਪਤ ਨਹੀਂ ਹੁੰਦੀ, ਗੁਰੀਲਾ ਉਦੋਂ ਜਿੱਤ ਜਾਂਦਾ ਹੈ ਜਦੋਂ ਉਹ ਨਹੀਂ ਹਾਰਦਾ।” ਮਾਓਵਾਦੀ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਭਾਰਤੀ ਸੁਰੱਖਿਆ ਬਲਾਂ ਦਾ ਸਾਹਮਣਾ ਕਰ ਰਹੇ ਹਨ। ਹੁਣ ਤੱਕ ਦੋ ਸੌ ਤੋਂ ਜਿਆਦਾ ਸੁਰੱਖਿਆਂ ਬਲਾਂ ਨੇ ਆਪਣੀਆਂ ਜਿੰਦਗੀਆਂ ਗੁਆ ਲਈਆਂ ਹਨ ਅਤੇ ਜਵਾਬੀ ਕਾਰਵਾਈ ਵਿਚ ਸੈਂਕੜੇ ਹੀ ਮਾਓਵਾਦੀ ਮਾਰੇ ਜਾ ਚੁੱਕੇ ਹਨ, ਸੈਂਕੜੇ ਹੀ ਜੇਲਾਂ ਵਿਚ ਸੜ ਰਹੇ ਹਨ ਅਤੇ ਤਸ਼ਦੱਦ ਸਹਿ ਰਹੇ ਹਨ। ਇਸ ਨੇ ਉਨ੍ਹਾਂ ਵਿਚ ਅਲ਼ਗਾਵ ਦੀ ਭਾਵਨਾ ਪੈਦਾ ਕਰ ਦਿੱਤੀ ਹੈ। ਮਾਓਵਾਦੀਆਂ ਦਾ ਜਿਆਦਤਰ ਕੇਡਰ ਕਬਾਇਲੀ ਹੈ ਅਤੇ ਉਨ੍ਹਾਂ ਦਾ ਮੌਜੂਦਾ ਨੇਤਾ ਵੀ ਕਬਾਇਲੀ ਹੈ।

ਮਾਓਵਾਦ ਦਾ ਅਸਲ ਰੂਪ ਮਹਿਜ਼ ਇਕ ਵਿਚਾਰ ਨਹੀਂ ਬਲਕਿ ਇਕ ਵਰਤਾਰਾ ਹੈ।ਇਹ ਮਹਿਜ਼ ਹਥਿਆਰਬੰਦ ਸੰਘਰਸ਼ ਨਹੀਂ ਹੈ। ਜੋ ਵਿਚਾਰ ਇਹ ਸਾਂਝੇ ਕਰਦਾ ਹੈ, ਉਹ ਭਾਵੇਂ ਖਤਰਨਾਕ ਲੱਗਦੇ ਹੋਣ ਪਰ ਉਨ੍ਹਾਂ ਉੱਪਰ ਫੌਜੀ ਰਸਤੇ ਰਾਹੀ ਕਾਬੂ ਨਹੀਂ ਪਾਇਆ ਜਾ ਸਕਦਾ।ਇਹ ਵਿਚਾਰ ਸ਼ੁਰੂ ਵਿਚ ਚਾਰੂ ਮਜੂਮਦਾਰ, ਕਨੂ ਸਨਿਆਲ ਅਤੇ ਨਾਗੀ ਰੈਡੀ ਵਰਗੇ ਲੀਡਰਾਂ ਦੀ ਅਗਵਾਈ ਵਿਚ ਸ਼ੁਰੂ ਹੋਇਆ ਜਿਨ੍ਹਾਂ ਦੇ ਤਸੱਵਰ ਵਿਚ ਲੋਕਾਂ ਨੂੰ ਸੰਗਠਿਤ ਕਰਨਾ ਸੀ।ਇਕ ਸਮੇਂ ਲੱਖਾਂ ਲੋਕ ਇਸ ਵਿਚਾਰ ਦਾ ਸਮਰਥਨ ਕਰਨ ਲਈ ਅੱਗੇ ਆਏ।ਪਰ ਬੀਤਦੇ ਸਮੇਂ ਨਾਲ ਭਾਰਤੀ ਸੁਰੱਖਿਆ ਬਲਾਂ ਦੇ ਦਬਾਅ ਕਰਕੇ ਸੰਘਰਸ਼ ਦੇ ਅਕਾਰ ਅਤੇ ਢਾਂਚੇ ਵਿਚ ਬਦਲਾਅ ਆ ਗਿਆ ਹੈ।ਇਹ ਖੂਨੀ ਸੰਭਾਵਨਾਵਾਂ ਵਾਲੀ ਹਥਿਆਰਬੰਦ ਸੰਘਰਸ਼ ਬਣ ਗਿਆ ਹੈ।ਹਾਲਾਂਕਿ ਲੋਕ ਪੱਖੀ ਸੰਘਰਸ਼ ਅਤੇ ਕਬਾਇਲੀਆਂ ਦੇ ਹੱਕਾਂ ਦੀ ਰਾਖੀ ਦਾ ਮੁਲੱਮਾ ਅਜੇ ਵੀ ਕਾਇਮ ਹੈ ਜੋ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਬੁੱਧੀਜੀਵੀਆਂ ਵਿਚ ਅਜੇ ਵੀ ਆਪਣੀ ਪਕੜ ਰੱਖਦਾ ਹੈ।ਇੱਥੋਂ ਤੱਕ ਕਿ ਸਰਵੳੱੁਤਮ ਸਿੱਖਿਅਕ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਵਿਚ ਵਿਦਿਆਰਥੀ ਅਤੇ ਉਨ੍ਹਾਂ ਦੇ ਨੇਤਾ ਮਾਓਵਾਦੀ ਹਿੱਤਾਂ ਦਾ ਵਿਚਾਰਧਾਰਕ ਪੱਧਰ ਤੇ ਸਮਰਥਨ ਕਰਦੇ ਹਨ।ਜਦੋਂ ਸਾਮਰਾਜਵਾਦ ਪੱਖੀ ਤਾਕਤਾਂ ਸੰਗਠਿਤ ਘਰਾਣਿਆਂ ਲਈ ਹੀ ਸਾਰੇ ਰਾਹ ਖੋਲ ਰਹੀਆਂ ਹਨ ਤਾਂ ਉਨ੍ਹਾਂ ਦੀ ਗੰਭੀਰਤਾ ਸਮਝੀ ਜਾ ਸਕਦੀ ਹੈ।ਹਾਲਾਂਕਿ ਚਾਰੂ ਮਜੂਮਦਾਰ ਦੇ ਸਮੇਂ ਵਾਲੀ ਚਮਕ ਫਿੱਕੀ ਪੈ ਗਈ ਹੈ, ਪਰ ਕਬਾਇਲੀ ਸਮਰਥਕਾਂ ਦੀ ਤਾਕਤ ਅਜੇ ਵੀ ਕਾਇਮ ਹੈ।ਦਬੀ ਅਵਾਜ਼ ਵਿਚ ਉਨ੍ਹਾਂ ਦੀ ਗਰਜਣਾ ਅਜੇ ਵੀ ਸੁਣੀ ਜਾ ਸਕਦੀ ਹੈ।ਨਵੀਂ ਸਦੀ ਵਿਚ ਪੈਰ ਰੱਖਣ ਤੋਂ ਬਾਅਦ ਮਾਓਵਾਦੀ ਅਜੇ ਵੀ ਅਸਲੀ ਵਿਚਾਰਧਾਰਾ ਅਤੇ ਬੌਧਿਕ ਆਧਾਰ ਰੱਖਦੇ ਹਨ ਪਰ ਸਮੇਂ ਦੇ ਨਾਲ ਇਹ ਹਥਿਆਰਬੰਦ ਅਤੇ ਹਿੰਸਕ ਵਰਤਾਰਾ ਬਣ ਗਿਆ ਹੈ ਜੋ ਕਿ ਲੋਕਾਂ ਦੇ ਸਰੋਕਾਰਾਂ ਤੋਂ ਦੂਰ ਜਾ ਰਿਹਾ ਹੈ।ਅੱਜ ਦਾ ਮਾਓਵਾਦ ਅੱਧੀ ਸਦੀ ਤੋਂ ਪਹਿਲਾਂ ਵਾਲਾ ਮਾਓਵਾਦ ਨਹੀਂ ਹੈ।ਬੀਤੇ ਦੇ ਸ਼ਾਂਤੀਪੂਰਵਕ ਵਿਰੋਧ ਦੀ ਥਾਂ ਹਿੰਸਾ ਨੇ ਲੈ ਲਈ ਹੈ।ਸੁਰੱਖਿਆ ਬਲਾਂ ਦੁਆਰਾ ਕੀਤੇ ਜਾਂਦੇ ਤਸ਼ਦੱਦ, ਬਲਾਤਕਾਰ ਅਤੇ ਪੁਲਿਸ ਮੁਸਤੈਦੀ ਨੇ ਨੌਜਵਾਨਾਂ ਦਾ ਝੁਕਾਅ ਮਾਓਵਾਦੀਆਂ ਵੱਲ ਕਰ ਦਿੱਤਾ ਹੈ ਜਿਸ ਵਿਚ ਇਕ ਤਰਾਂ ਦਾ ਰੁਮਾਂਸ ਵੀ ਸ਼ਾਮਿਲ ਹੈ।ਮਾਓਵਾਦ ਅਜੇ ਵੀ ਸੰਘਣੇ ਜੰਗਲਾਂ ਵਿਚ ਚੱਲ ਰਿਹਾ ਵਰਤਾਰਾ ਹੈ ਜੋ ਕਿ ਸਾਮਰਾਜ ਦੇ ਦਮਨਕਾਰੀ ਰਵੱਈਏ ਕਰਕੇ ਹੋਰ ਵਧ ਰਿਹਾ ਹੈ ਪਰ ਉਨ੍ਹਾਂ ਕੋਲ ਅਜਿਹਾ ਕੋਈ ਤਸੱਵਰ ਨਹੀਂ ਹੈ ਜੋ ਸੰਘਣੇ ਜੰਗਲਾਂ ਚੋਂ ਬਾਹਰ ਦਾ ਰਾਸਤਾ ਬਣਾ ਸਕੇ।੨੦੦੮ ਵਿਚ ਉਸ ਸਮੇਂ ਦੇ ਪਲਾਨਿੰਗ ਕਮਿਸ਼ਨ ਦੁਆਰਾ ਤਿਆਰ ਕੀਤੀ ਰਿਪੋਰਟ ਪ੍ਰਤੀ ਰਾਜ ਨੇ ਕੋਈ ਸੁਹਿਰਦਤਾ ਜ਼ਾਹਿਰ ਨਹੀਂ ਕੀਤੀ ਜਿਸ ਵਿਚ ਇਹ ਕਿਹਾ ਗਿਆ ਸੀ ਕਿ ਮਾਓਵਾਦੀ ਅੰਦੋਲਨ ਨੂੰ ਰਾਜਨੀਤਿਕ ਅੰਦੋਲਨ ਘੋਸ਼ਿਤ ਕਰ ਦੇਣਾ ਚਾਹੀਦਾ ਹੈ ਜਿਸ ਦਾ ਬੇਜ਼ਮੀਨਿਆਂ ਅਤੇ ਗਰੀਬ ਕਬਾਇਲੀ ਕਿਸਾਨਾਂ ਵਿਚ ਮਜਬੂਤ ਆਧਾਰ ਹੈ। ਇਸ ਦੀ ਪੈਦਾਿੲਸ਼ ਅਤੇ ਵਿਕਾਸ ਨੂੰ ਸਮਾਜਿਕ ਸੰਦਰਭ ਅਤੇ ਇਸ ਨਾਲ ਜੁੜੇ ਲੋਕਾਂ ਦੇ ਅਨੁਭਵਾਂ ਦੇ ਸੰਦਰਭ ਵਿਚ ਦੇਖਿਆ ਜਾਣਾ ਚਾਹੀਦਾ ਹੈ।ਇਸ ਰਿਪੋਰਟ ਨੇ ਰਾਜ ਦੀਆਂ ਨੀਤੀਆਂ ਅਤੇ ਵਿਹਾਰਕ ਪੱਧਰ ਤੇ ਉਨ੍ਹਾਂ ਨੂੰ ਲਾਗੂ ਕਰਨ ਵਿਚ ਵੱਡਾ ਪਾੜਾ ਦਿਖਾਇਆ।ਇਸ ਵਿਚ ਇਹ ਸਿੱਟਾ ਕੱਢਿਆ ਗਿਆ ਕਿ ਹਥਿਅਰਬੰਦ ਪੱਖ ਹੋਣ ਦੇ ਬਾਵਜੂਦ ਅਸਲ ਲੜਾਈ ਸਮਾਜਿਕ ਨਿਆਂ, ਬਰਾਬਰਤਾ, ਸੁਰੱਖਿਆ ਅਤੇ ਸਥਾਨਿਕ ਵਿਕਾਸ ਦੀ ਹੈ।ਪਰ ਸਾਮਰਾਜ ਨੇ ਨਕਾਰਤਮਕ ਰਵੱਈਆ ਅਪਣਾਇਆ ਅਤੇ ਹਿਮਾਂਸ਼ੂ ਕੁਮਾਰ ਲੋਕਾਂ ਨੂੰ ਜੇਲਾਂ ਵਿਚ ਡੱਕ ਦਿੱਤਾ। ਕੁਮਾਰ ਇਕ ਪ੍ਰਸਿੱਧ ਗਾਂਧੀਵਾਦੀ ਹੈ ਜੋ ਕਬਾਇਲੀ ਖਿੱਤੇ ਵਿਚ ਦਹਾਕਿਆਂ ਤੋਂ ਇਹਨਾਂ ਭੁੱਲੇ-ਵਿਸਰੇ ਲੋਕਾਂ ਦੀਆਂ ਜਿੰਦਗੀਆਂ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਿਹਾ ਹੈ।ਇਸੇ ਤਰਾਂ ਡਾਕਟਰ ਬਿਨਾਇਕ ਸੇਨ ਵਰਗੇ ਲੋਕ ਵੀ ਕਬਾਇਲੀ ਖਿੱਤੇ ਵਿਚ ਮਾਨਵਤਾਵਾਦੀ ਕੰਮਾਂ ਦੇ ਬਾਵਜੂਦ ਜੇਲ ਵਿਚ ਸੜ ਰਹੇ ਹਨ ਅਤੇ ਸਟੇਨ ਸਵਾਮੀ ਨੂੰ ‘ਸ਼ਹਿਰੀ ਨਕਸਲ’ ਗਰਦਾਨ ਕੇ ਉਸ ਉੱਪਰ ਦੇਸ਼ ਧ੍ਰੋਹ ਦਾ ਦੋਸ਼ ਲਗਾਇਆ ਗਿਆ ਹੈ।
ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਸੰਘਣਾ ਜੰਗਲ ਹੀ ਲੜਾਈ ਦਾ ਧੁਰਾ ਹੈ ਅਤੇ ਸੁਰੱਖਿਆ ਬਲ ਅਤੇ ਰਾਜ ਕਬਾਇਲੀਆਂ ਦੇ ਮਨਾਂ ਦੀ ਥਾਹ ਨਹੀਂ ਪਾ ਸਕੇ ਹਨ। ਇਸ ਸੰਦਰਭ ਵਿਚ ਜੰਗਲਾਂ ਨੂੰ ਸਾਫ ਕਰਕੇ ਕਬਾਇਲੀਆਂ ਦੀ ਧਰਤੀ ਨੂੰ ਸੰਗਠਿਤ ਖੇਤਰ ਦੇ ਹਵਾਲੇ ਕਰ ਦੇਣ ਨਾਲ ਸਮੱਸਿਆ ਨਹੀਂ ਸੁਲਝੇਗੀ ਸਗੋਂ ਇਹ ਹੋਰ ਗੰਭੀਰ ਹੋਵੇਗੀ।ਮਾਓਵਾਦੀਆਂ ਦੇ ਸੰਘਰਸ਼ ਅਤੇ ਮਨੋਸਥਿਤੀ ਨੂੰ ਪਾਸ਼ ਦੀਆਂ ਇਹਨਾਂ ਸਤਰਾਂ ਰਾਹੀ ਪ੍ਰਗਟ ਕੀਤਾ ਜਾ ਸਕਦਾ ਹੈ:

ਅਸੀ ਲੜਾਂਗੇ ਸਾਥੀ
ਉਦਾਸ ਮੌਸਮਾਂ ਲਈ
ਅਸੀਂ ਲੜਾਂਗੇ ਸਾਥੀ
ਗੁਲਾਮ ਇਛਾਵਾਂ ਲਈ
ਅਤੇ ਅਸੀ ਲੜਾਂਗੇ ਸਾਥੂੀ
ਅਸੀ ਲੜਾਂਗੇ,
ਕਿ ਲੜੇ ਬਗੈਰ ਕੁਝ ਨਹੀਂ ਮਿਲਦਾ।

ਜਦੋਂਕਿ ਰਾਜ ਦੀ ਨੀਤੀ ਇਕਹਰੇ ਨੁਕਤੇ ਨੂੰ ਹੀ ਲੈ ਕੇ ਚੱਲਦੀ ਹੈ ਜਿਸ ਨੂੰ ਇਸ ਹਵਾਲੇ ਰਾਹੀ ਸਮਝਿਆ ਜਾ ਸਕਦਾ ਹੈ, “ਕਾਨੂੰਨ ਉਸ ਬਦਕਿਸਮਤ ਅਪਰਾਧੀ ਨੂੰ ਸਲਾਖਾਂ ਪਿੱਛੇ ਬੰਦ ਕਰਦਾ ਹੈ ਜੋ ਸਾਂਝੀ ਜਮੀਨ ਵਿਚੋਂ ਹੰਸ ਚੁਰਾਉਂਦਾ ਹੈ ਜਦੋਂ ਕਿ ਉਸ ਨੂੰ ਖੁੱਲਾ ਛੱਡ ਦਿੰਦਾ ਹੈ ਜੋ ਸਾਂਝੀ ਜਮੀਨ ਹੀ ਚੁਰਾ ਲਵੇ।” ਇੱਥੇ ਜ਼ਿੰਮੇਵਾਰੀ ਤੈਅ ਕਰਨ ਦਾ ਸੁਆਲ ਵੀ ਪੈਦਾ ਹੁੰਦਾ ਹੈ ਕਿ ਕੀ ਮਾਓਵਾਦੀ ਰਾਜ ਉੱਪਰ ਕੰਟੋਰਲ ਕਰਨ ਦੇ ਟੀਚੇ ਨੂੰ ਪੂਰਾ ਕਰਨ ਲਈ ਕਬਾਇਲੀਆਂ ਨੂੰ ਮੋਹਰੇ ਵਾਂਗ ਵਰਤਣ ਲਈ ਜ਼ਿੰਮੇਵਾਰ ਹਨ ਜਾਂ ਕਬਾਇਲੀ ਆਪਣੇ ਸੰਸਾਧਨਾਂ ਨੂੰ ਬਚਾਉਣ ਲਈ ਆਪਣੀ ਮਰਜ਼ੀ ਨਾਲ ਲੜਾਈ ਵਿਚ ਭਾਗ ਲੈ ਰਹੇ ਹਨ ਜਾਂ ਸਾਮਰਾਜ ਇਸ ਦੇ ਲਈ ਜ਼ਿੰਮੇਵਾਰ ਹੈ ਜਿਸ ਨੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਰੱਖਿਆ ਹੈ ਅਤੇ ਇਸ ਅਸੰਤੋਸ਼ ਲਈ ਖੁਦ ਹੀ ਜ਼ਮੀਨ ਤਿਆਰ ਕੀਤੀ ਹੈ ਕਿਉਂ ਜੋ ਦਮਨ ਸਹਿ ਰਹੇ ਲੋਕਾਂ ਨੇ ਆਪਣੇ ਹਿੱਤਾਂ ਦੀ ਪੂਰਤੀ ਅਤੇ ਹੱਕਾਂ ਦੀ ਰਾਖੀ ਲਈ ਹਥਿਆਰ ਚੁੱਕ ਲਏ ਹਨ।