ਜਦੋਂ ਦਾ ਦੇਸ਼ ਦਾ ਬਟਵਾਰਾ ਹੋ ਕੇ ਭਾਰਤ ਅਤੇ ਪਾਕਿਸਤਾਨ ਨਾਅ ਦੇ ਦੋ ਮੁਲਕ ਹੋਂਦ ਵਿੱਚ ਆਏ ਹਨ ਉਸ ਵੇਲੇ ਤੋਂ ਹੀ ਭਾਰਤੀ ਮਨ ਜਾਂ ਕਹਿ ਲਵੋ ਕਿ ਦੇਸ਼ ਦੀ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਉਤਰ ਭਾਰਤ ਦੇ ਹਿੰਦੂ ਮਨ ਨੇ ਪਾਕਿਸਤਾਨ ਦੀ ਹੋਂਦ ਨੂੰ ਸਵੀਕਾਰ ਨਹੀ ਕੀਤਾ ਹੈ। ਏਨੇ ਸਾਲਾਂ ਤੋਂ ਬਾਅਦ ਵੀ ਭਾਰਤੀ ਮਨ ਉਸ ਦੇਸ਼ ਨੂੰ ਵੱਖਰਾ ਮੁਲਕ ਤਸਲੀਮ ਨਹੀ ਕਰ ਸਕਿਆ। ਭਾਰਤੀ ਰਾਜਨੀਤੀਵਾਨਾਂ ਅਤੇ ਕੂਟਨੀਤਿਕਾਂ ਦੇ ਮਨ ਵਿੱਚ ਹਾਲੇ ਵੀ ਇਹ ਗੱਲ ਵਸੀ ਹੋਈ ਹੈ ਕਿ ਪਾਕਿਸਤਾਨ ਭਾਰਤ ਦੀ ਹੀ ਕੋਈ ਛੋਟੀ ਜਿਹੀ ਸਟੇਟ ਹੈ। ਇਸੇ ਲਈ ਹਰ ਵਾਰ ਦੋਵਾਂ ਮੁਲਕਾਂ ਦਰਮਿਆਨ ਸ਼ੁਰੂ ਹੋਣ ਵਾਲੀ ਵਾਰਤਾ ਜੋ ਕਿ ਦੋਵਾਂ ਮੁਲਕਾਂ ਅਤੇ ਦੱਖਣੀ ਏਸ਼ੀਆ ਦੇ ਅਮਨ ਲਈ ਬਹੁਤ ਜਰੂਰੀ ਹੈ ਜਾਂ ਤਾਂ ਸ਼ੁਰੂ ਹੀ ਨਹੀ ਹੁੰਦੀ ਜਾਂ ਫਿਰ ਅੱਧ ਵਿਚਾਲੇ ਹੀ ਦਮ ਤੋੜ ਜਾਂਦੀ ਹੈ।
ਇੱਕ ਵਾਰ ਫਿਰ ਦੋਵਾਂ ਮੁਲਕਾਂ ਦਰਮਿਆਨ ਪੈਦਾ ਹੋਇਆ ਅੜਿੱਕਾ ਇਸੇ ਦਿਸ਼ਾ ਵਿੱਚ ਇਸ਼ਾਰਾ ਕਰਦਾ ਹੈ ਕਿ ਭਾਰਤੀ ਮਾਨਸਿਕਤਾ ਹਾਲੇ ਵੀ ਉਸ ਦੇਸ਼ ਨੂੰ ਵੱਖਰਾ ਦੇਸ਼ ਮੰਨਣ ਲਈ ਤਿਆਰ ਨਹੀ ਹੈ। ਭਾਰਤ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਨੂੰ ਇਹ ਵਹਿਮ ਪੈ ਗਿਆ ਹੈ ਕਿ ਉਹ ਸਰਬ ਕਲਾ ਸਮਰੱਥ ਹਨ ਅਤੇ ਦੇਸ਼ ਦੀਆਂ ਸਾਰੀਆਂ ਅੰਦਰੂਨੀ ਅਤੇ ਬਹਿਰੂਨੀ ਸਮੱਸਿਆਵਾਂ ਸਿਰਫ ਅਤੇ ਸਿਰਫ ਉਹ ਹੀ ਹੱਲ ਕਰਨ ਦੀ ਯੋਗਤਾ ਰੱਖਦੇ ਹਨ। ਆਪ ਦੀਆਂ ਵਿਦੇਸ਼ੀ ਯਾਤਰਾਵਾਂ ਦੀ ਨਿਰੰਤਰ ਲੜੀ ਹੈ ਉਨ੍ਹਾਂ ਯਾਤਰਾਵਾਂ ਦੌਰਾਨ ਜਿਸ ਕਿਸਮ ਦੀ ਸਰੀਰਕ ਭਾਸ਼ਾ ਮੋਦੀ ਸਾਹਿਬ ਪੇਸ਼ ਕਰਦੇ ਹਨ, ਜਿਸ ਕਿਸਮ ਦੇ ਬਚਗਾਨਾ ਕਿਸਮ ਦੇ ਭਾਸ਼ਣ ਉਹ ਬਾਹਰਲੇ ਮੁਲਕਾਂ ਵਿੱਚ ਜਾ ਕੇ ਕਰਦੇ ਹਨ ਉਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਮੋਦੀ ਸਾਹਿਬ ਅਤੇ ਉਨ੍ਹਾਂ ਦੇ ਸਿਧਾਂਤਕਾਰ ਬਹੁਤ ਵੱਡੀ ਕਿਸਮ ਦੀ ਆਤਮਕ ਗਰੀਬੀ ਵਿੱਚ ਵਿਚਰ ਰਹੇ ਹਨ। ਮੋਦੀ ਸਾਹਿਬ ਦੀਆਂ ਵਿਦੇਸ਼ੀ ਯਾਤਰਾਵਾਂ ਅਤੇ ਉਨ੍ਹਾਂ ਦੀ ਬਚਗਾਨਾ ਕਿਸਮ ਦੀ ਭਾਸ਼ਣ ਕਲਾ ਉਨਾਂ ਦੀ ਸ਼ਖਸ਼ੀਅਤ ਵਿੱਚ ਵਸੀ ਹੋਈ ਬਹੁਤ ਡੂੰਘੀ ਕਿਸਮ ਦੀ ਆਤਮਕ ਅਤੇ ਬੌਧਿਕ ਗਰੀਬੀ ਦਾ ਸੁਨੇਹਾ ਦੇਂਦੀਆਂ ਹਨ।
ਕਿਸੇ ਵੀ ਮੁਲਕ ਦੇ ਮੁਖੀ ਦੀ ਸਰੀਰਕ ਭਾਸ਼ਾ ਅਤੇ ਜੁਬਾਨ ਵਿੱਚੋਂ ਗੰਭੀਰਤਾ ਅਤੇ ਸਹਿਜ ਡੁੱਲ਼੍ਹ ਡੁੱਲ਼੍ਹ ਪੈਣਾਂ ਚਾਹੀਦਾ ਹੈ। ਠੀਕ ਹੈ ਆਪਣੇ ਮੁਲਕ ਵਿੱਚ ਤੁਸੀਂ ਬੱਚਿਆਂ ਵਾਲੀ ਰਾਜਨੀਤੀ ਕਰਕੇ ਗਰੀਬ ਲੋਕਾਂ ਨੂੰ ਪ੍ਰਭਾਵਿਤ ਕਰ ਲੈਂਦੇ ਹੋ ਪਰ ਵਿਦੇਸ਼ੀ ਰਾਜਨੀਤੀਵਾਨ ਅਤੇ ਕੂਟਨੀਤਿਕ ਇਨ੍ਹਾਂ ਗੱਲਾਂ ਨੂੰ ਬ੍ਹੁਤ ਦੇਰ ਦੇ ਹਜ਼ਮ ਕਰ ਚੁੱਕੇ ਹੋਏ ਹਨ। ਉਨ੍ਹਾਂ ਲਈ ਇਹ ਖੇਡਾਂ ਬਹੁਤ ਨੀਵੀਆਂ ਹਨ।
ਜਦੋਂ ਤੱਕ ਦੇਸ਼ ਦੀ ਲੀਡਰਸ਼ਿੱਪ ਪ੍ਰੋੜ ਹੋਣ ਦਾ ਸਬੂਤ ਨਹੀ ਦੇਂਦੀ ਅਤੇ ਆਪਣੀ ਆਤਮਕ ਕੰਗਾਲੀ ਵਿੱਚੋਂ ਬਾਹਰ ਨਹੀ ਆਉਂਦੀ, ਉਦੋਂ ਤੱਕ ਸੰਸਾਰ ਵਿੱਚ ਤੁਹਾਨੂੰ ਗੰਭਰਿਤਾ ਨਾਲ ਕੋਈ ਨਹੀ ਲਵੇਗਾ। ਹੁਣ ਤਾਂ ਸ਼ਾਇਦ ਪਾਕਿਸਤਾਨ ਨੇ ਵੀ ਦੇਸ਼ ਨੂੰ ਗੰਭੀਰਤਾ ਨਾਲ ਲੈਣਾਂ ਬੰਦ ਕਰ ਦਿੱਤਾ ਹੈ। ਇਹੋ ਹੀ ਕਾਰਨ ਹੈ ਕਿ ਉਨ੍ਹਾਂ ਦੇ ਕੌਮੀ ਸੁਰੱਖਿਆ ਸਲਾਹਕਾਰ ਭਾਰਤ ਦੇ ਦੌਰੇ ਤੇ ਆਏ ਅਤੇ ਆਪਣੀਆਂ ਸ਼ਰਤਾਂ ਤੇ ਆਪਣੀ ਨੀਤੀ ਖੇਡ ਕੇ ਚਲੇ ਗਏ।
ਭਹੁਤ ਲੰਬੇ ਸਮੇਂ ਤੋਂ ਭਾਰਤ ਰੂਸ ਨਾਲ ਆਪਣੀ ਮਿੱਤਰਤਾ ਦਾ ਦਮ ਭਰਦਾ ਰਿਹਾ ਹੈ ਪਰ ਹੁਣ ਪਾਕਿਸਤਾਨ ਨੇ ੨ ਬਿਲੀਅਨ ਡਾਲਰ ਦਾ ਗੈਸ ਪ੍ਰਾਜੈਕਟ ਰੂਸ ਨਾਲ ਸਹੀ ਕਰਕੇ ਉਸਨੂੰ ਅਾਪਣੇ ਪੱਖ ਵਿੱਚ ਵੀ ਕਰ ਲਿਆ ਹੈ। ਬੈਕ ਡੋਰ ਡਿਪਲੋਮੇਸੀ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਮਾਤ ਦੇ ਦਿੱਤੀ ਹੈ। ਭਾਰਤੀ ਨੀਤੀਵਾਨ ਆਪਣੇ ਪ੍ਰਧਾਨ ਮੰਤਰੀ ਦੇ ਦਮਗਜਿਆਂ ਦੇ ਸਹਾਰੇ ਦਿਨ ਕਟਦੇ ਰਹੇ ਪਰ ਉਹ ਆਪਣੀ ਕੂਟਨੀਤੀ ਰਾਹੀਂ ਆਪਣਾਂ ਪੱਲੜਾ ਭਾਰੀ ਕਰ ਗਏ ਹਨ।
ਦੋਹਾਂ ਮੁਲਕਾਂ ਵਿੱਚ ਬਹੁਤ ਸਾਰੀਆਂ ਸਾਂਝਾਂ ਅਤੇ ਵਖਰੇਵੇਂ ਹਨ। ਕੂਟਨੀਤੀ ਕਦੇ ਵੀ ਹਲਕੇ ਪੱਧਰ ਤੇ ਮੀਡੀਆ ਰਾਹੀਂ ਫੋਕੀ ਵਾਹ ਵਾਹ ਖੱਟਣ ਨਾਲ ਨਹੀ ਚਲਦੀ ਹੁੰਦੀ। ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਇੱਕ ਦੂਜੇ ਦੀ ਹੋਂਦ ਸਵੀਕਾਰ ਕਰਕੇ ਇਹ ਗੱਲ ਮੰਨਣੀ ਪਵੇਗੀ ਸਮੱਸਿਆਵਾਂ ਬਹੁਤ ਗੰਭੀਰ ਹਨ ਅਤੇ ਇਨ੍ਹਾਂ ਦਾ ਹੱਲ ਵੀ ਗੰਭੀਰਤਾ ਨਾਲ ਹੀ ਹੋਵੇਗਾ। ਇਥੇ ਇਹ ਗੱਲ ਵੀ ਮੰਨਣੀ ਪਵੇਗੀ ਕਿ ਭਾਰਤ ਦੀ ਕੂਟਨੀਤੀ ਨਾਲ ਸਬੰਧਿਤ ਅਫਸਰਸ਼ਾਹੀ ਦਾ ਵਤੀਰਾ ਦੇਸ਼ ਦੀ ਲੀਡਰਸ਼ਿੱਪ ਨਾਲੋਂ ਬਿਲਕੁਲ ਵੱਖਰਾ ਅਤੇ ਨਫਰਤ ਭਰਿਆ ਹੈ।
ਜਦੋਂ ਡਾਕਟਰ ਮਨਮੋਹਣ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਨੇ ਭਾਰਤ-ਪਾਕਿਸਤਾਨ ਸਮੱਸਿਆ ਨੂੰ ਸਹੀ ਤਰ੍ਹਾਂ ਬੁਝਦਿਆਂ ਇਹ ਆਖਿਆ ਸੀ ਕਿ ਦੋਵਾਂ ਦੇਸ਼ਾਂ ਦੀਆਂ ਸਮੱਸਿਆਵਾਂ ਸਾਂਝੀਆਂ ਹਨ। ਪਰ ਹੈਰਾਨੀ ਦੀ ਗੱਲ ਸੀ ਕਿ ਪ੍ਰਧਾਨ ਮੰਤਰੀ ਦੇ ਸੁਰੱਖਿਆ ਸਲਾਹਕਾਰ ਨੇ ਹੀ ਦੂਜੇ ਦਿਨ ਬਿਆਨ ਦਾਗ ਦਿੱਤਾ ਕਿ ਤੁਹਾਡੇ ਲਈ ਸਮੱਸਿਆਵਾਂ ਸਾਂਝੀਆਂ ਹੋ ਸਕਦੀਆਂ ਹਨ ਸਾਡੇ ਲਈ ਨਹੀ। ਹੁਣ ਸਮਝਿਆ ਜਾ ਸਕਦਾ ਹੈ ਕਿ ਅਫਸਰਸ਼ਾਹੀ ਦੀ ਮਾਨਸਿਕਤਾ ਕਿੰਨੀ ਬੌਣੀ ਹੈ ਅਤੇ ਲੀਡਰਸ਼ਿੱਪ ਕਿੰਨੇ ਵੱਡੇ ਘੇਰੇ ਚੋਂ ਸਮੱਸਿਆ ਨੂੰ ਦੇਖਦੀ ਸੀ। ਹੁਣ ਤਾਂ ਖੈਰ ਦੋਵੇਂ ਧਿਰਾਂ ਇੱਕੋ ਜਿਹੀਆਂ ਹਨ। ਇਸੇ ਲਈ ਜਦੋਂ ਤੱਕ ਮਾਨਸਿਕਤਾ ਨਹੀ ਬਦਲੇਗੀ ਉਦੋਂ ਤੱਕ ਦੋਵਾਂ ਦੇਸ਼ਾਂ ਦਰਮਿਆਨ ਸਬੰਧ ਬਹੀ ਸੁਧਰਨਗੇ। ਦੋਵੇਂ ਪਾਸੇ ਅਜਿਹੇ ਲੋਕ ਵੱਡੇ ਅਹੀਦਿਆਂ ਤੇ ਬੈਠੇ ਹਨ ਜੋ ਨਹੀ ਚਾਹੁੰਦੇ ਕਿ ਅਮਨ ਹੋਵੇ, ਇਸੇ ਲਈ ਹਰ ਵਾਰ ਹਾਲਾਤ ਇਸੇ ਤਰ੍ਹਾਂ ਦੇ ਬਣ ਜਾਂਦੇ ਹਨ।