ਸਦੀਆਂ ਤੋਂ ਦੁਨੀਆਂ ਦੇ ਅਲੱਗ-ਅਲੱਗ ਹਿੱਸਿਆ ਵਿੱਚ ਕੌਮਾਂ ਅੰਦਰੂਨੀ ਤੇ ਬਾਹਰਲੇ ਮੁਲਕਾਂ ਨਾਲ ਲੜਾਈਆਂ ਦੌਰਾਨ ਆਪਣੇ ਘਰਾਂ ਤੋਂ ਅਤੇ ਵਿਰਸੇ ਤੋਂ ਲੜਾਈ ਦੀ ਮਾਰ ਕਾਰਨ ਉਜੜਦੀਆਂ ਤੇ ਸਮੇਂ ਦੇ ਨਾਲ ਵੱਸਦੀਆਂ ਹਨ। ਬਿਖਰੇ ਹੋਏ ਘਰ ਤੇ ਕੌਮਾਂ ਉਹ ਹੀ ਪੂਰੀ ਤਰਾਂ ਮੁੜ ਵਸਦੀਆਂ ਹਨ ਜਿਨਾਂ ਨੇ ਲੜਾਈਆਂ ਦੌਰਾਨ ਆਪਣੇ ਗੁਆਚੇ ਤੇ ਖਿਲਰੀ ਵਿਰਾਸਤ, ਸੱਭਿਆਚਾਰ, ਬੋਲੀ ਅਤੇ ਇਤਿਹਾਸ ਨਾਲ ਜੁੜੀਆਂ ਇਤਹਾਸਕ ਲਿਖਤਾਂ ਅਤੇ ਨਿਸ਼ਾਨ ਚਿੰਨਾਂ ਨੂੰ ਮੁੜ ਸੰਭਾਲ ਲਿਆ ਤਾਂ ਜੋ ਇਨਾਂ ਇਤਿਹਾਸਕ ਸੱਭਿਆਚਾਰ ਤੇ ਹੋਰ ਵਸਤੂਆਂ ਨਾਲ ਜੁੜੀ ਹੋਈ ਲੜੀ ਨੂੰ ਆਪਣੇ ਮੁੜ ਜਿਉਣ ਦਾ ਇੱਕ ਵਸੀਲਾ ਬਣਾਇਆ ਜਾ ਸਕੇ।

ਦੂਜੀ ਵੱਡੀ ਸੰਸਾਰਕ ਜੰਗ ਦੇ ਖਤਮ ਹੋਣ ਦੌਰਾਨ ਕੁਝ ਇਤਿਹਾਸ ਨਾਲ ਜੁੜੇ ਹੋਏ ਗੁਣੀ ਵਿਗਿਆਨੀਆਂ ਨੇ ਉਸ ਸਮੇਂ ਦੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਇੱਕ ਵਿਸਥਾਰ ਸਹਿਤ ਅਰਜੀ ਅਤੇ ਪੇਸ਼ਕਾਰੀ ਦਿੱਤੀ ਸੀ ਜਿਸ ਵਿੱਚ ਉਨਾਂ ਨੇ ਅਮਰੀਕਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਨੂੰ ਇਹ ਦੱਸਣਾ ਚਾਹਿਆ ਸੀ ਕਿ ਦੁਨੀਆਂ ਭਾਵੇਂ ਜਰਮਨੀ ਅਤੇ ਹਿਟਲਰ ਤੋਂ ਜੰਗ ਜਿੱਤ ਜਾਵੇਗੀ ਪਰ ਇਸ ਜੰਗ ਦੌਰਾਨ ਜੋ ਦੁਨੀਆਂ ਦੇ ਪੁਰਾਤਨ ਇਤਿਹਾਸ ਨਾਲ ਜੁੜੀ ਹੋਈ ਚਿਤਰਕਾਰੀ ਜੋ ਕਿ ਸਦੀਆਂ ਪਹਿਲੇ ਤੇ ਉਸ ਸਮੇਂ ਦੇ ਮਸ਼ਹੂਰ ਚਿਤਰਕਾਰਾਂ ਵੱਲੋਂ ਉਲੀਕਿਆ ਗਿਆ ਇੱਕ ਬੇਮਿਸਾਲ ਚਿਤਰਕਾਰੀ ਦੇ ਰੂਪ ਵਿਚ ਇਤਿਹਾਸ ਸੀ ਜੋ ਕਿ ਇਸ ਵੱਡੀ ਜੰਗ ਦੌਰਾਨ ਹਿਟਲਰ ਵੱਲੋਂ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਲੁੱਟ ਦਾ ਸ਼ਿਕਾਰ ਬਣਿਆ ਇਸੇ ਤਰਾਂ ਇਨਾਂ ਇਤਿਹਾਸ ਨਾਲ ਜੁੜੇ ਵਿਗਿਆਨੀਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਅਰਜ ਕੀਤੀ ਕਿ ਇਹ ਵਿਰਸੇ ਨਾਲ ਜੁੜੇ ਇਤਿਹਾਸਕ ਤੱਥਾਂ ਨੂੰ ਕਿਸ ਤਰ੍ਹਾਂ ਦੁਬਾਰਾ ਜੰਗ ਖਤਮ ਹੋਣ ਦੇ ਨਾਲ-ਨਾਲ ਲੱਭਿਆ ਜਾ ਸਕੇ ਅਤੇ ਮੁੜ ਦੁਨੀਆਂ ਦੀ ਸੰਭਾਲ ਅਧੀਨ ਲਿਆਦਾ ਜਾਵੇ। ਇਸ ਵਾਕਿਆ ਬਾਰੇ ਹਾਲੀਵੁੱਡ ਨੇ ਵੀ ਇਤਿਹਾਸ ਦੇ ਤੱਥਾਂ ਨਾਲ ਜੁੜੀ ਹੋਈ ਇੱਕ ਅਹਿਮ ਫਿਲਮ ਵੀ ਬਣਾਈ ਹੈ ਜਿਸ ਦਾ ਨਾਮ ‘The Monuments Men’ ਹੈ। ਇਸ ਵੱਡੀ ਜੰਗ ਤੋਂ ਬਾਅਦ ਇਸ ਫਿਲਮ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਇਹਨਾਂ ਇਤਿਹਾਸਕ ਵਿਗਿਆਨੀਆਂ ਦੀ ਅਰਜੀ ਤੇ ਗੌਰ ਕਰਨ ਤੋਂ ਬਾਅਦ ਅਮਰੀਕਾ ਦੇ ਰਾਸਟਰਪਤੀ ਨੇ ਅਮਰੀਕਨ ਇਤਿਹਾਸਕ ਵਿਗਿਆਨ ਦੇ ਅਧੀਨ ਦੁਨੀਆਂ ਦੇ ਹੋਰ ਦੇਸ਼ਾ ਵਿੱਚ ਰਹਿੰਦੇ ਸੂਝਵਾਨ ਇਤਿਹਾਸ ਨਾਲ ਜੁੜੇ ਵਿਗਿਆਨੀਆਂ ਦੀ ਖੋਜ ਅਧਾਰਤ ਗੈਰ ਫੌਜੀ ਮੈਂਬਰੀ ਟੀਮ ਬਣਾਈ ਸੀ ਜਿਸ ਨੇ ੧੯੪੪ ਦੇ ਅੱਧ ਤੋਂ ਲੈ ਕੇ ਜਦੋਂ ਜੰਗ ਅੰਤਮ ਪੜਾਅ ਤੇ ਸੀ, ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆ ਹੋਇਆਂ ਪਰਾਤਨ ਇਤਿਹਾਸ, ਸੱਭਿਆਚਾਰ ਈਸਾਈ ਧਰਮ ਨਾਲ ਜੁੜੀਆਂ ਵਸਤੂਆਂ, ਪੁਰਾਤਨ ਲਿਖਤਾਂ, ਕਲਾਕਾਰਾਂ ਵੱਲੋਂ ਉਸਾਰੀਆਂ ਬੇਸੁਮਾਰ ਕੀਮਤੀ ਤੇ ਦੁਰਲੱਭ ਚਿਤਰਕਾਰੀ ਨੂੰ ਲੱਭਣ ਦਾ ਕੰਮ ਅਰੰਭਿਆਂ। ਦੋ ਸਾਲਾਂ ਤੱਕ ਚੱਲੀ ਖੋਜ ਦੌਰਾਨ ਹਿਟਲਰ ਵੱਲੋਂ ਯੋਜਨਾਬੱਧ ਤਰੀਕੇ ਨਾਲ ਸੋਚੀ ਸਮਝੀ ਵਿਉਂਤ ਅਨੁਸਾਰ ਕਿ, ਜੇ ਜਰਮਨੀ ਜੰਗ ਹਾਰ ਜਾਂਦਾ ਹੈ ਤਾਂ ਉਹ ਆਪਣੀ ਹਾਰ ਤੇ ਹਿਟਲਰ ਦੇ ਮਾਰੇ ਜਾਣ ਦੇ ਨਾਲ ਨਾਲ ਦੁਨੀਆਂ ਦੇ ਦੁਰਲਭ ਇਤਿਹਾਸ ਦਾ ਖੁਰਾ-ਖੋਜ ਮਿਟਾ ਦੇਣਗੇ। ਭਾਵੇਂ ਇਸ ਵੱਡੇ ਇਤਿਹਾਸਕ ਹਮਲੇ ਵਿੱਚ ਦੁਨੀਆਂ ਦੀਆਂ ਪਰਾਤਨ ਲਿਖਤਾਂ ਤੇ ਇਤਿਹਾਸ ਨਾਲ ਜੁੜੀਆਂ ਨਿਸ਼ਾਨੀਆਂ ਹਿਟਲਰ ਦੇ ਮਨਸੂਬਿਆਂ ਦੀ ਭੇਟ ਚੜ ਗਈਆ ਪਰ ਫੇਰ ਵੀ ਇੰਨਾ ਸੂਝਵਾਨ ਇਤਿਹਾਸਕ ਵਿਗਿਆਨੀਆਂ ਦੀ ਜੀਅਜਾਨ ਮਿਹਨਤ, ਲਗਨ ਤੇ ਸੂਝ ਸਦਕਾ ਅਮਰੀਕਨ ਰਾਸ਼ਟਰਪਤੀ ਦੀ ਸਹਾਇਤਾ ਨਾਲ ਦੁਨੀਆਂ ਦਾ ਦੁਰਲੱਭ ਇਤਿਹਾਸ ਬਚਾਉਣ ਵਿੱਚ ਕਾਫੀ ਕਾਮਯਾਬੀ ਮਿਲੀ ਸੀ। ਇਸ ਦੋ ਸਾਲ ਦੇ ਅਰਸੇ ਦੌਰਾਨ ਲੜਾਈ ਦੇ ਮੁਕਣ ਤੋਂ ਪਹਿਲਾਂ ਪਹਿਲਾਂ ਪੰਜ ਮਿਲੀਅਨ ਇਤਿਹਾਸਕ ਲਿਖਤਾਂ, ਈਸਾਈ ਧਰਮ ਨਾਲ ਜੁੜੀਆਂ ਪੁਰਾਤਨ ਨਿਸ਼ਾਨੀਆਂ, ਮੂਰਤੀਆਂ ਅਤੇ ‘ਦੁਰਲੱਭ ਚਿੱਤਰਕਾਰੀ ਨੂੰ ਵਾਪਸ ਦੁਨੀਆਂ ਦੇ ਕੋਲ ਸੰਭਾਲ ਹੇਠਾਂ ਲੈ ਆਏ ਸੀ।

ਇਹ ਪੁਰਾਤਨ ਕਥਨ ਹੈ ਕਿ ਦੁਨੀਆਂ ਤਾਂ ਕੁਦਰਤੀ ਆਫਤਾਂ, ਜੰਗਾਂ ਲੜਾਈਆਂ ਵਿੱਚ ਉਜੜਦੀ ਵਸਦੀ ਰਹਿੰਦੀ ਹੈ ਪਰ ਉਨਾਂ ਦੇ ਜਿਉਣ ਦੇ ਸਲੀਕਾ ਅਤੇ ਜਿੰਦਗੀ ਜਿਉਣ ਦੀ ਇੱਕ ਤਰਤੀਬ ਇਤਿਹਾਸ ਦੇ ਪੰਨਿਆਂ ਨਾਲ ਹੀ ਮੁੜ ਚੱਲਦੀ ਹੈ। ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੂੰ ਵੀ ਅਨੇਕਾਂ ਜੰਗਾਂ ਅਤੇ ਵੱਖ-ਵੱਖ ਚੱਲਦੇ ਸੰਘਰਸ਼ਾ ਦੌਰਾਨ, ਕਦੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ ਸੀ ਜਿਸ ਦੌਰਾਨ ਆਪਣੇ ਵਿਰਸੇ ਨਾਲ ਜੁੜੀ ਹੋਈ ਬੇਸ਼ੁਮਾਰ, ਸਤਿ ਕਾਰਤ ਤੇ ਕੀਮਤੀ ਲਿਖਤਾਂ ਤੇ ਹੋਰ ਇਤਿਹਾਸਕ ਸਾਜੋ ਸਮਾਨ ਨੂੰ ਸਰਸਾ ਨਦੀ ਵਿੱਚ ਗੁਆ ਬੈਠੇ। ਪਰ ਸਿੱਖ ਕੌਮ ਦੀ ਉਸ ਸਮੇਂ ਖੁਸ਼ਕਿਸਮਤੀ ਸੀ ਕਿ ਦਸਮ ਗੁਰੁ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਹੀ ਗੁਰੁ ਗ੍ਰੰਥ ਸਾਹਿਬ ਤੇ ਹੋਰ ਇਤਿਹਾਸ ਲਿਖਤਾਂ ਨੂੰ ਮੁੜ ਸਿੱਖ ਕੌਮ ਨੂੰ ਅਰਪਣ ਕਰ ਦਿੱਤਾ। ਪਰ ਇਸ ਦੇ ਬਾਵਜੂਦ ਵੀ ਇਤਿਹਾਸ ਦੇ ਤੱਥਾਂ ਦਾ ਸਰਸਾ ਨਦੀ ਤੇ ਮੁਗਲਾਂ ਜੰਗਾਂ ਦੌਰਾਨ ਗੁਆਚ ਜਾਣਾ ਸਿੱੱਖ ਕੌਮ ਅੱਗੇ ਕਈ ਇਤਿਹਾਸਕ ਸਵਾਲ ਛੱਡ ਗਿਆ ਹੈ। ਇੰਨਾ ਸਵਾਲਾਂ ਕਾਰਨ ਅੱਜ ਵੀ ਸਿੱਖ ਕੌਮ ਬਾਣੀ ਪ੍ਰਤੀ ਅਤੇ ਸਿੱਖ ਰਹਿਤ ਮਰਿਯਾਦਾ ਪੱਖੋਂ ਵੱਖ-ਵੱਖ ਬੇਲੋੜੇ ਮਤਭੇਦਾਂ ਤੇ ਅੰਦਰੂਨੀ ਟਕਰਾਵਾਂ ਵਿੱਚ ਉਲਝੀ ਪਈ ਹੈ। ਇਹ ਵਿਵਾਦ ਭਾਵੇਂ ਰਾਗਮਾਲਾ ਦਾ ਹੈ, ਦਸਮ ਗ੍ਰੰਥ ਦਾ ਹੈ ਜਾਂ ਇੱਕ ਸੰਪੂਰਨ ਸਿੱਖ ਰਹਿਤ ਮਰਿਯਾਦਾ ਦਾ। ਸਿੱਖ ਕੌਮ ਹੋਰਾਂ ਵਿਸ਼ਿਆਂ ਤੇ ਤਾਂ ਕਦੀ ਆਪਣੀ ਨਿੱਜੀ ਹਸਤੀ ਨੂੰ ਚਮਕਾਉਣ ਖਾਤਰ ਜਾਂ ਆਪਣੇ ਆਪ ਨੂੰ ਵੱਡਿਆਂ ਦੱਸਣ ਲਈ ਜਿੰਦਾ ਸ਼ਹੀਦ ਅਖਵਾਉਣ ਖਾਤਰ ਜਾਂ ਆਪਣੇ ਆਪ ਨੂੰ ਕੁਰਬਾਨੀ ਦਾ ਪੁੰਜ ਦਸਦੇ ਹੋਣੇ ੨੦੦-੨੦੦ ਦਿਨ ਮਰਨ ਵਰਤ ਦੇ ਦਾਅਵਿਆਂ ਪ੍ਰਤੀ ਤਾਂ ਬਹੁਤ ਗੰਭੀਰ ਹੈ ਪਰ ਅੱਤ ਮਹੱਤਵਪੂਰਨ ਸਿੱਖ ਕੌਮ ਨਾਲ ਜੁੜੇ ਇਤਿਹਾਸ ਵਿਸ਼ਿਆਂ ਤੋਂ ਪੂਰੀ ਤਰਾਂ ਅਵੇਸਲੀ ਹੈ।

੧੯੮੪ ਵੇਲੇ ਵੀ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਤੇ ਕੀਤੇ ਹਮਲੇ ਦੌਰਾਨ ਸਭ ਤੋਂ ਭਿਆਨਕ ਸੱਟ ਜੋ ਸਿੱਖ ਕੌਮ ਨੂੰ ਮਾਰੀ ਸੀ ਉਹ ਇਹ ਕਿ ਸਿੱਖ ਕੌਮ ਦੀ ਇਤਿਹਾਸਕ ਲਾਇਬਰੇਰੀ ਜੋ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਸੀ, ਨੂੰ ਲੁੱਟਿਆ ਗਿਆ ਤੇ ਬਾਅਦ ਵਿੱਚ ਪੂਰੀ ਤਰਾਂ ਸਾੜ ਕੇ ਸਵਾਹ ਕੀਤਾ ਗਿਆ ਤਾਂ ਜੋ ਆਪਣੇ ਵਿਰਸੇ ਦਾ ਇਤਿਹਾਸ ਨਾ ਹੋਣ ਕਾਰਨ ਸਿੱਖ ਕੌਮ ਆਪਣੇ ਜਿਉਂਣ ਦਾ ਅਤੇ ਵਿਰਸੇ ਵਿੱਚੋਂ ਮਿਲੇ ਹੋਏ ਉਦੇਸ਼ਾਂ ਤੋਂ ਪੂਰੀ ਤਰ੍ਹਾਂ ਅਵੇਸਲੀ ਤੇ ਕੋਰੀ ਹੋ ਜਾਵੇ। ਅੱਜ ਇੱਕਤੀ ਸਾਲਾਂ ਬਾਅਦ ਵੀ ਵੱਖ-ਵੱਖ ਸਿੱਖ ਪ੍ਰਤੀਨਿਧ ਸਰਕਾਰਾਂ ਹੋਣ ਦੇ ਸਬੱਬ ਸਦਕਾ ਵੀ ਇਹ ਸਿੱਖ ਕੌਮ ਦੀਆਂ ਭਾਰਤੀ ਫੌਜ ਵੱਲੋਂ ਭਾਰਤੀ ਹੁਕਮਰਾਨਾਂ ਦੇ ਅਦੇਸ਼ ਅਧੀਨ ਸਿੱਖ ਕੌਮ ਦੇ ਦੁਰਲੱਭ ਇਤਿਹਾਸਕ ਪੰਨਿਆਂ ਨੂੰ ਮੁੜ ਦੇ ਲਭਿਆ ਨਹੀਂ ਜਾ ਸਕਿਆ। ਇਹ ਸਿੱਖ ਕੌਮ ਦੀ ਅੱਜ ਸੱਭ ਤੋਂ ਵੱਡੀ ਤਰਾਸਦੀ ਹੈ ਕਿ ਇਸ ਬਾਰੇ ਵੀ ਦੂਜੇ ਵਿਸ਼ਿਆਂ ਵਾਂਗੂ ਸਿਵਾਏ ਰੌਲੇ ਰੱਪੇ ਤੋਂ ਕੋਈ ਅਮਰੀਕੀ ਸੂਝਵਾਨ ਇਤਿਹਾਸਕਾਰਾਂ ਦੀ ਤਰਾਂ ਕਿਸੇ ਯੋਜਨਾ ਅਧੀਨ ਇਸ ਇਤਿਹਾਸਕ ਪੱਖ ਨੂੰ ਲੱਭ ਸਕਣ ਵਿੱਚ ਨਾਕਾਮਯਾਬ ਰਹੀ ਹੈ। ਇਤਿਹਾਸਕ ਸੱਭਿਆਚਾਰ, ਧਾਰਮਿਕ ਲਿਖਤਾਂ ਅਤੇ ਇਤਿਹਾਸ ਨਾਲ ਜੁੜੀਆਂ ਨਿਸ਼ਾਨੀਆਂ ਹੀ ਕਿਸੇ ਕੌਮ ਨੂੰ ਜਿੰਦਾ ਤੇ ਪੂਰੀ ਤਰਾਂ ਸੁਚੇਤ ਹੋ ਕੇ ਜਿਉਂਣ ਵਿਚ ਸਹਾਈ ਬਣਦੀਆਂ ਹਨ। ਇਸ ਲਈ ਅਨੰਦਪੁਰ ਸਾਹਿਬ ਦੇ ਉਜਾੜੇ ਤੋਂ ਬਾਅਦ ਤਾਂ ਦਸਮੇਂ ਪਾਤਸ਼ਾਹ ਨੇ ਵੱਡ ਮੁੱਲੀ ਦਾਤ ਗੁਰੁ ਗ੍ਰੰਥ ਸਾਹਿਬ ਤਾਂ ਸਿੱਖ ਕੌਮ ਨੂੰ ਬਖਸ਼ ਦਿੱਤਾ ਸੀ। ਪਰ ੧੯੮੪ ਦੇ ਉਜਾੜੇ ਤੋਂ ਬਾਅਦ ਸਿੱਖਾਂ ਦਾ ਇਤਿਹਾਸਕ ਖਜਾਨਾ ਕੌਣ ਲੱਭੇਗਾ ਜਾਂ ਦੁਬਾਰਾ ਬਖਸ਼ਿਸ਼ ਕਰੇਗਾ? ਇਹ ਤਾਂ ਸਮਾਂ ਹੀ ਦੱਸੇਗਾ। ਇਥੇ ਮੈਂ ‘The Monuments Men’ ਫਿਲਮ ਦਾ ਇੱਕ ਦੱਸਿਆ ਹੋਇਆ ਉਦੇਸ਼ ਅੰਤ ਵਿਚ ਸਾਂਝਾ ਕਰਨਾ ਚਾਹਾਂਗਾ:

“Wars can destroy people wipe out generations there homes, property, lands, but with time they come back. But once history is distorted, culture wiped out, achievements crushed, manuscripts burnt or stolen, and all or bits of historical events trampled you lose your way of life and sense of culture and personal dignity.”