ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਹਰਪਰੀਤ ਸਿੰਘ ਵੱਲੋਂ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦਿੱਤੇ ਗਏ ਬਿਆਨ ਨਾਲ ਪੰਜਾਬ ਵਿੱਚ ਕਾਫੀ ਤਿੱਖੀ ਸਿਆਸੀ ਸਰਗਰਮੀ ਦੇਖਣ ਨੂੰ ਮਿਲ ਰਹੀ ਹੈੈ। ਉਨ੍ਹਾਂ ਦੇ ਬਿਆਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਦੇਸ਼ ਦੇ ਹਾਕਮਾਂ ਨੂੰ ਆਪਣੀ ਵਫਾਦਾਰੀ ਦਿਖਾਉਣ ਲਈ ਕਾਫੀ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ। ਸਿਰਫ ਦੇਸ਼ ਭਗਤ ਹੀ ਨਹੀ ਬਲਕਿ ਪੰਥਕ ਸਫਾਂ ਵਿੱਚ ਵੀ ਇਸ ਸਬੰਧੀ ਦੋ ਧੜੇ ਬਣਦੇ ਦਿਖਾਈ ਦੇ ਰਹੇ ਹਨ। 6 ਜੂਨ ਨੂੰ ਖਾਲਸਾ ਪੰਥ ਦੇ ਸ਼ਹੀਦਾਂ ਦੀ ਯਾਦ ਮਨਾਉਂਣ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਵਾਰ ਵਾਰ ਇਹ ਪੁੱਛਣਾਂ ਜਾਰੀ ਰੱਖਿਆ ਕਿ ਖਾਲਿਸਤਾਨ ਬਾਰੇ ਤੁਹਾਡੇ ਕੀ ਵਿਚਾਰ ਹਨ ਤਾਂ ਭਾਈ ਹਰਪਰੀਤ ਸਿੰਘ ਨੇ ਆਖ ਦਿੱਤਾ ਕਿ ਜੇ ਸਰਕਾਰ ਪੇਸ਼ਕਸ਼ ਕਰੇਗੀ ਤਾਂ ਅਸੀਂ ਇਸ ਨੂੰ ਖੁਸ਼ੀ ਨਾਲ ਸਵੀਕਾਰ ਕਰ ਲਵਾਂਗੇ। ਉਨ੍ਹਾਂ ਇਹ ਵੀ ਆਖਿਆ ਕਿ ਦੁਨੀਆਂ ਦਾ ਹਰ ਸਿੱਖ ਖਾਲਸਾ ਰਾਜ ਚਾਹੁੰਦਾ ਹੈੈੈ।
ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਸਰਗਰਮੀ ਆਈ। ਕੁਝ ਪੰਥਕ ਦਿਖ ਵਾਲੇ ਲੋਕਾਂ ਨੇ ਇਸਨੂੰ ਬਾਦਲ ਪਰਿਵਾਰ ਦੀ ਇੱਕ ਚਾਲ ਦੱਸਿਆ। ਉਨ੍ਹਾਂ ਦਾ ਕਹਿਣਾਂ ਸੀ ਕਿ ਪਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਕੇਂਦਰ ਨੂੰ ਖਾਲਿਸਤਾਨ ਦਾ ਹਉਆ ਦਿਖਾਕੇ ਬਲੈਕਮੇਲ ਕੀਤਾ ਹੈ। ਇਸ ਲਈ ਹੁਣ ਅਕਾਲੀ ਦਲ ਆਪਣੀ ਡਿਗੀ ਹੋਈ ਸ਼ਾਖ ਨੂੰ ਮੁੜ ਤੋਂ ਪੈਰਾਂ ਸਿਰ ਕਰਨ ਲਈ, ਅਕਾਲ ਤਖਤ ਨੂੰ ਵਰਤ ਰਿਹਾ ਹੈ। ਇਸ ਦੌੜ ਵਿੱਚ ਭਾਈ ਰਣਜੀਤ ਸਿੰਘ, ਭਾਈ ਧਿਆਨ ਸਿੰਘ ਮੰਡ ਅਤੇ ਹੋਰ ਕੁਝ ਪੰਥਕ ਧਿਰਾਂ ਸ਼ਾਮਲ ਹਨ।
ਇਸ ਧਿਰ ਦਾ ਵਿਰੋਧ ਕਰਨ ਵਾਲੇ ਲੋਕਾਂ ਦਾ ਕਹਿਣਾਂ ਹੈ ਕਿ ਇਹ ਪੰਥਕ ਧਿਰਾਂ ਇਸ ਲਈ ਮਾਯੂਸ ਹੋ ਰਹੀਆਂ ਹਨ ਕਿ ਭਾਈ ਹਰਪਰੀਤ ਸਿੰਘ ਨੇ ਉਨ੍ਹਾਂ ਦੀ ਸਿਆਸਤ ਦਾ ਧੁਰਾ ਅਤੇ ਕੇਂਦਰੀ ਨੁਕਤਾ ਖੋਹ ਲਿਆ ਹੈੈ।
ਦੂਜੇ ਪਾਸੇ ਪੰਜਾਬੀ ਦੇ ਇੱਕ ਅਖਬਾਰ ਦੇ ਸੰਪਾਦਕ ਨੇ ਵੀ ਜਥੇਦਾਰ ਹਰਪਰੀਤ ਸਿੰਘ ਦੇ ਬਿਆਨ ਖਿਲਾਫ ਸੰਪਾਦਕੀ ਲਿਖਕੇ ਉਨ੍ਹਾਂ ਨੂੰ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਿੱਖ ਕੌਮ ਬਾਰੇ ਫੈਸਲੇ ਕਰਨ ਦਾ ਕੋਈ ਹੱਕ ਨਹੀ ਹੈੈ। ਇਸਦਾ ਮਤਲਬ ਹੋਇਆ ਕਿ ਸਿੱਖ ਕੌਮ ਬਾਰੇ ਫੈਸਲੇ ਕਰਨ ਦਾ ਹੱਕ ਉਸ ਅਖਬਾਰ ਨੂੰ ਹੈ ਜਿਸਨੇ ਖਾਲਸਾ ਪੰਥ ਦੀਆਂ ਰਵਾਇਤਾਂ ਨੂੰ ਸ਼ਬਦਾਂ ਦੀ ਬੰਦੂਕ ਨਾਲ ਕਤਲ ਕਰਨ ਦਾ ਕਾਰਜ ਬਹੁਤ ਦੇਰ ਤੋਂ ਸ਼ੁਰੂ ਕੀਤਾ ਹੋਇਆ ਹੈੈ। ਧਰਮ ਯੁੱਧ ਮੋਰਚੇ ਦੀ ਗੱਲ ਇਨ੍ਹਾਂ ਸੱਜਣਾਂ ਨੇ ਪੰਥ ਵਿੱਚੋਂ ਖਤਮ ਕੀਤੀ,ਸਿੱਖ ਰਾਜਨੀਤੀ ਦੇ ਪੰਥਕ ਜਜਬੇ ਨੂੰ ਪੰਥ ਦੇ ਵਿਹੜੇ ਵਿੱਚੋਂ ਖਤਮ ਕੀਤਾ, ਪੰਥ ਵਿੱਚ ਗੁਰੂਡੰਮ ਨੂੰ ਆਪਣੀ ਥਾਂ ਬਣਾਉਣ ਵਿੱਚ ਸਹਾਇਤਾ ਕੀਤੀ। ਨਾਮਧਾਰੀਆਂ ਨੂੰ ਸਤਿਗੁਰੂ ਦੇ ਨਾਲ ਨਿਵਾਜਿਆ ਗਿਆ। ਹਰ ਉਹ ਗੱਲ ਜੋ ਸਿੱਖਾਂ ਦੇ ਹਿਰਦੇ ਨੂੰ ਵਲੂੰਧਰਦੀ ਹੈ ਉਹ ਇਸ ਅਖਬਾਰ ਰਾਹੀਂ ਪਰਚਾਰੀ ਗਈ। ਕਦੇ ਵੀ ਸਿੱਖਾਂ ਨਾਲ ਹੋਏ ਜੁਲਮ ਦੀ ਦਾਸਤਾਨ ਸਾਂਝੀ ਨਹੀ ਕੀਤੀ ਗਈ।
ਚਾਹੀਦਾ ਤਾਂ ਇਹ ਸੀ ਕਿ ਜਥੇਦਾਰ ਨੂੰ ਭੰਡਣ ਨਾਲੋਂ ਉਸ ਸਿਸਟਮ ਖਿਲਾਫ ਮੋਰਚਾ ਖੋਲਿ੍ਹਆ ਜਾਂਦਾ ਜਿਸਨੇ ਪੈਰ ਪੈਰ ਤੇ ਸਿੱਖਾਂ ਨੂੰ ਜਲੀਲ ਕੀਤਾ ਅਤੇ ਕੌਮ ਦੇ ਨਿਆਰੇਪਣ ਨੂੰ ਖਤਮ ਕਰਨ ਦਾ ਯਤਨ ਕੀਤਾ। ਸਿੱਖਾਂ ਵਿੱਚ ਬੇਗਾਨਗੀ ਦੀ ਭਾਵਨਾਂ ਕਿਉਂ ਪੈਦਾ ਹੋਈ ਇਸਦਾ ਇਮਾਨਦਾਰ ਵਿਸ਼ਲੇਲਸ਼ਣ ਕੀਤਾ ਜਾਂਦਾ। ਪਰ ਇਨ੍ਹਾਂ ਸੱਜਣਾਂ ਵੱਲੋਂ ਅੱਖਾਂ ਬੰਦ ਕਰਕੇ ਭਾਾਰਤ ਸਰਕਾਰ ਦੀ ਸਿਆਸੀ ਲੀਹ ਨੂੰ ਸਿੱਖਾਂ ਤੇ ਥੋਪਿਆ ਗਿਆ। ਜੋ ਕਿ ਠੀਕ ਨਹੀ ਹੈੈੈ। ਜੇ ਸਿੱਖ ਇਤਿਹਾਸ ਵਿੱਚ ਅਜਿਹਾ ਰੋਲ ਨਿਭਾਉਣ ਵਾਲੇ ਵੀਰ ਇਹ ਸਮਝਦੇ ਹਨ ਕਿ ਉਹ ਹੀ ਅੱਜ ਸਿੱਖ ਕੌਮ ਦੇ ਫੈਸਲੇ ਕਰ ਸਕਦੇ ਹਨ ਤਾਂ ਇਹ ਉਨ੍ਹਾਂ ਦਾ ਭੁਲੇਖਾ ਹੈੈੈ।
ਪੰਜਾਬ ਨੂੰ ਚੰਗੇ ਅਤੇ ਇਮਾਨਦਾਰ ਸਿਆਸਤਦਾਨਾਂ, ਧਾਰਮਕ ਪੁਰਸ਼ਾਂ, ਵਿਦਵਾਨਾਂ ਅਤੇ ਪੱਤਰਕਾਰਾਂ ਦੀ ਲੋੜ ਹੈੈੈ । ਜੋ ਪੰਜਾਬ ਅਤੇ ਸਿੱਖੀ ਦੇ ਹਿਤੈਸ਼ੀ ਹੋਣ। ਜਿਹੜੇ ਦਿੱਲੀ ਵੱਲ ਨੂੰ ਪੂੰਛ ਕਰਕੇ ਪੰਜਾਬ ਨੂੰ ਡਰਾ ਰਹੇ ਹਨ ਉਹ ਕਦੇ ਵੀ ਪੰਜਾਬ ਦੇ ਨਹੀ ਹੋ ਸਕਦੇ। ਭਾਵੇਂ ਉਹ ਅਕਾਲੀ ਲੀਡਰਸਿੱਪ ਹੋਵੇ,ਅਕਾਲੀਆਂ ਦੇ ਗੁਲਾਮ ਬਣੇ ਧਾਰਮਕ ਆਗੂ ਹੋਣ ਜਾਂ ਭਾਰਤ ਸਰਕਾਰ ਰਾਹੀਂ ਅਕਾਲੀਆਂ ਦੇ ਸਪੋਕਸਮੈਨ ਬਣਕੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਵਾਲੇ ਪੱਤਰਕਾਰ-ਵਿਦਵਾਨ ਹੋਣ।
ਜਿਨ੍ਹਾਂ ਨੇ ਅਤੀਤ ਵਿਚ ਸਿੱਖਾਂ ਅਤੇ ਪੰਜਾਬ ਦੀਆਂ ਹੱਕੀ ਮੰਗਾਂ ਦੇ ਖਿਲਾਫ ਸਰਗਰਮੀ ਕੀਤੀ ਹੈੈ। ਹੁਣ ਉਹ ਪੰਜਾਬ ਦੇ ਸਕੇ ਬਣਕੇ ਨਾ ਵਿਖਾਉਣ। ਪੰਜਾਬ ਦੇ ਇਤਿਹਾਸ ਦੇ ਪਰਦੇ ਹੇਠ ਬਹੁਤ ਕੁਝ ਅਜਿਹਾ ਛੁਪਿਆ ਹੋਇਆ ਹੈ ਜੋ ਪੰਜਾਬ ਨਾਲ ਵਫਾ ਨਹੀ ਕਰ ਰਿਹਾ।
ਸੋ ਜਥੇਦਾਰ ਦੇ ਬਿਆਨ ਨੂੰ ਭੰਡਣ ਨਾਲੋਂ ਸੰਵਾਦ ਇਸ ਗੱਲ ਦਾ ਹੋਣਾਂ ਚਾਹੀਦਾ ਸੀ ਕਿ ਸਿੱਖ ਕੌਮ ਦੇ ਲੀਡਰ ਨੂੰ ਅਜਿਹਾ ਕਹਿਣ ਦੀ ਨੌਬਤ ਕਿਉਂ ਆਈ। ਭਾਰਤ ਸਰਕਾਰ ਦੀਆਂ ਨੀਤੀਆਂ ਵਿੱਚ ਅਜਿਹੀ ਕੀ ਖੋਟ ਸੀ ਜਿਸਨੇ ਸਿੱਖਾਂ ਵਿੱਚ ਬੇਗਾਨਗੀ ਦੀ ਭਾਵਨਾ ਪੈਦਾ ਕੀਤੀ।
ਪੰਜਾਬ ਦੇ ਸੁਨਹਿਰੇ ਭਵਿੱਖ ਲਈ ਆਪਣੇ ਸਿਆਸੀ ਅਤੇ ਵਪਾਰਕ ਲਾਲਚ, ਲਾਲਸਾਵਾਂ ਅਤੇ ਹਵਸ ਛੱਡ ਕੇ ਮੈਦਾਨ ਵਿੱਚ ਨਿੱਤਰਨਾ ਪਵੇਗਾ। ਤਾਂ ਹੀ ਪੰਜਾਬ ਅਤੇ ਇਸ ਵਿੱਚ ਵਸਣ ਵਾਲੇ ਸਿੱਖ ਬਚ ਸਕਣਗੇ।
ਵਾਹਿਗੁਰੂ ਭਲੀ ਕਰਨ ਕਿ ਮੇਰੀ ਕੌਮ ਨੂੰ ਵੀ ਇਮਾਨਦਾਰ, ਸਿਆਸਤਦਾਨ ਅਤੇ ਵਿਦਵਾਨ-ਪੱਤਰਕਾਰ ਮਿਲਣ ਜੋ ਮੇਰੀ ਧਰਤੀ ਲਈ ਮਰ ਮਿਟਣ ਲਈ ਤਤਪਰ ਰਹਿਣ, ਨਾ ਕਿ ਪੰਜਾਬ ਦੇ ਦੁਸ਼ਮਣਾਂ ਦੀ ਹਾਂ ਵਿੱਚ ਹਾਂ ਮਿਲਾਉਣ ਵਾਲੇ ਹੋਣ।