ਜੁਝਾਰੂ ਕੌਮਾਂ ਦਾ ਇਤਿਹਾਸ ਵਾਰ ਵਾਰ ਉਨ੍ਹਾਂ ਦੀ ਪਰੀਖਿਆ ਲ਼ੈਂਦਾ ਰਹਿੰਦਾ ਹੈ। ਵਾਰ ਵਾਰ ਇਤਿਹਾਸ ਇਹ ਟਣਕਾ ਕੇ ਦੇਖਦਾ ਹੈ ਕਿ ਕਿਤੇ ਜੁਝਾਰੂ ਕੌਮਾਂ ਆਪਣੇ ਵਿਰਸੇ ਅਤੇ ਮਾਣ-ਮੱਤੇ ਇਤਿਹਾਸ ਤੋਂ ਵਿਰਵੀਆਂ ਤਾਂ ਨਹੀ ਹੋ ਗਈਆਂ। ਕਿਤੇ ਉਨ੍ਹਾਂ ਵਿੱਚੋਂ ਰੁਹਾਨੀਅਤ ਨਾਲ ਭਰਪੂਰ ਜੁਝਾਰੂਪਣ ਦੇ ਅੰਸ਼ ਖਤਮ ਤਾਂ ਨਹੀ ਹੋ ਗਏ।

ਸਿੱਖਾਂ ਨੂੰ ਉਨ੍ਹਾਂ ਦਾ ਇਤਿਹਾਸ ਵਾਰ ਵਾਰ ਇਸ ਤਰ੍ਹਾਂ ਟਣਕਾ ਕੇ ਦੇਖਦਾ ਰਹਿੰਦਾ ਹੈ। ਨਿੱਤ ਨਵੇਂ ਦਿਨ ਸਿੱਖ ਕੌਮ ਲਈ ਕੋਈ ਨਾ ਕੋਈ ਅਜਿਹੀ ਚੁਣੌਤੀ ਖੜ੍ਹੀ ਹੁੰਦੀ ਹੀ ਰਹਿੰਦੀ ਹੈ ਜਦੋਂ ਉਸਦੇ ਵਿਰਸੇ ਅਤੇ ਜੁਝਾਰੂ ਰਵਾਇਤਾਂ ਦੇ ਇਤਿਹਾਸ ਨੂੰ ਪਰੀਖਿਆ ਦੇਣੀ ਪੈਂਦੀ ਹੈ। ਹਾਲੇ ਤੱਕ ਵਾਹਿਗੁਰੂ ਜੀ ਦੀ ਏਨੀ ਮਿਹਰ ਹੈ ਕਿ ਉਹ ਆਪਣੇ ਸਨਮੁੱਖ ਦਰਪੇਸ਼ ਚੁਣੌਤੀ ਦੇ ਪ੍ਰਸੰਗ ਵਿੱਚ ਖਰੇ ਹੀ ਉਤਰੇ ਹਨ।

੧੯੮੪ ਦੇ ਘੱਲੂਘਾਰੇ ਨੇ ੨੦ਵੀਂ ਸਦੀ ਵਿੱਚ ਸਿੱਖਾਂ ਦੇ ਸਾਹਮਣੇ ਵੱਡੀ ਇਤਿਹਾਸਕ ਚੁਣੌਤੀ ਪੇਸ਼ ਕੀਤੀ ਸੀ। ਇਤਿਹਾਸ ਇਹ ਪਰਖਣਾਂ ਚਾਹੁੰਦਾ ਸੀ ਕਿ ਸਿੱਖਾਂ ਵਿੱਚੋਂ ਚਮਕੌਰ ਸਾਹਿਬ ਦੀ ਗੁੜ੍ਹੀ ਵਾਲਾ ਜਜਬਾ ਕਿਤੇ ਮਰ ਤਾਂ ਨਹੀ ਗਿਆ। ਪਰ ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਹੇਠ ਪੰਥਕ ਕਾਫਲੇ ਨੇ ਸਮੇਂ ਦੀ ਹਕੂਮਤ ਨੂੰ ਆਪਣੇ ਲਹੂ ਦੇ ਰੰਗ ਨਾਲ ਦੱਸ ਦਿੱਤਾ ਕਿ ਵਕਤ ਆਉਣ ਤੇ ਸਿੱਖ ਕੌਮ ਚਮਕੌਰ ਸਾਹਿਬ ਦੀ ਗੜ੍ਹੀ ਵਾਲਾ ਇਤਿਹਾਸ ਦੁਬਾਰਾ ਦੁਹਰਾ ਸਕਦੀ ਹੈ। ਏਨਾ ਹੀ ਨਹੀ ਕਿ, ਸਿੱਖ ਕੌਮ ਆਪਣੇ ਪਵਿੱਤਰ ਗੁਰਧਾਮਾਂ ਤੇ ਹਮਲਾਵਾਰ ਬਣ ਕੇ ਆਏ ਵਕਤ ਦੇ ਅਬਦਾਲੀਆਂ ਨੂੰ ਨੂੰ ਵੀ ਸਿੱਖ ਰਵਾਇਤਾਂ ਅਨੁਸਾਰ ਸਜ਼ਾ ਦੇ ਸਕਦੀ ਹੈ।

ਜੂਨ ੧੯੮੪ ਦਾ ਦਿਹਾੜਾ ਹਰ ਸਾਲ ਸਿੱਖਾਂ ਲਈ ਇੱਕ ਵੱਡੀ ਚੁਣੌਤੀ ਲੈ ਕੇ ਆਉਂਦਾ ਹੈ। ਹਰ ਸਾਲ ਸਮੇਂ ਦੀ ਹਕੂਮਤ ਦਾ ਇਹ ਦ੍ਰਿੜ ਇਰਾਦਾ ਹੁੰਦਾ ਹੈ ਕਿ ਸਿੱਖ ਆਪਣੇ ਵਰਤਮਾਨ ਸ਼ਹੀਦਾਂ ਦੀ ਯਾਦ ਨਾ ਮਨਾ ਸਕਣ। ਪਰ ਹਰ ਸਾਲ ਕੌਮੀ ਜਜਬੇ ਵਾਲੇ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਠੇ ਹੋਕੇ ਆਪਣੇ ਜਾਂਬਾਜਾਂ ਨੂੰ ਨਤਮਸਤਕ ਹੁੰਦੇ ਹਨ।

ਹੁਣ ਦੇਸ਼ ਦੇ ਰਾਜਨੀਤਿਕ ਉਲਾਰਪੁਣੇ ਦਾ ਫਾਇਦਾ ਉਠਾ ਕੇ ਕੁਝ ਭੁੱਲੜ ਹਿੰਦੂ ਵੀਰ ਇਹ ਯਤਨ ਕਰ ਰਹੇ ਹਨ ਕਿ ਸਿੱਖਾਂ ਨੂੰ ਉਨ੍ਹਾਂ ਦੇ ਇਤਿਹਾਸਕ ਦਿਹਾੜੇ ਮਨਾਉਣ ਤੋਂ ਰੋਕਿਆ ਜਾਵੇ। ਅਜਿਹਾ ਉਹ ਸਿਰਫ ਤੇ ਸਿਰਫ ਪੁਲਿਸ ਅਤੇ ਫੌਜ ਦੀ ਸੁਰੱਖਿਆ ਲੈ ਕੇ ਹੀ ਕਰ ਸਕਦੇ ਹਨ ਅਤੇ ਇਵੇਂ ਹੀ ਕਰਦੇ ਹਨ।

ਜੂਨ ਦੇ ਪਹਿਲੇ ਹਫਤੇ ਹਰ ਸਾਲ ਕੁਝ ਚੁੱਕ ਵਿੱਚ ਆਏ ਹਿੰਦੂ ਵੀਰ ਸੰਤ ਜਰਨੈਲ ਸਿੰਘ ਜੀ ਦੇ ਪੋਸਟਰ ਅਤੇ ਫੋਟੋਆਂ ਪਾੜ ਦੇਣ ਦਾ ਐਲਾਨ ਕਰਦੇ ਹਨ ਪਰ ਜੁਝਾਰੂ ਸਿੱਖ ਸੂਰਮੇ ਆਪਣੇ ਨਾਇਕ ਦੀ ਇੱਜ਼ਤ ਬਚਾਉਣ ਲਈ ਹਰ ਥਾਂ ਪਹੁੰਚ ਹੀ ਜਾਂਦੇ ਹਨ।

ਇਸ ਸਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇੱਕ ਵਿਲੱਖਣ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ੨੦ ਦੇ ਕਰੀਬ ਹਿੰਦੂ ਵੀਰ ਲਗਭਗ ੫੦ ਪੁਲਿਸ ਵਾਲਿਆਂ ਦੀ ਸੁਰੱਖਿਆ ਲੈ ਕੇ ਸ਼ਹੀਦ ਸੰਤ ਜਰਨੈਲ ਸਿੰਘ ਜੀ ਦਾ ਪੁਤਲਾ ਫੂਕਣ ਦਾ ਯਤਨ ਕਰ ਰਹੇ ਸਨ ਅਤੇ ਚੀਕਾਂ ਮਾਰ ਰਹੇ ਸਨ। ਉਨ੍ਹਾਂ ਨੂੰ ਪੂਰਾ ਭਰੋਸਾ ਸੀ ਕਿ ਆਲੇ ਦੁਆਲੇ ਖੜ੍ਹੀ ਪੁਲਿਸ ਉਨ੍ਹਾਂ ਨੂੰ ਬਚਾ ਲਵੇਗੀ।

ਪਰ ਜਿਸ ਕੌਮ ਦੇ ਦੋ ਸੂਰਬੀਰਾਂ ਨੇ ਹੀ ਮੁਗਲੀਆ ਸਲਤਨਤ ਨੂੰ ਵਕਤ ਪਾ ਦਿੱਤਾ ਹੋਵੇ ਉਸਦੇ ਵਾਰਸ ਇਹ ਕਿਵੇਂ ਬਰਦਾਸ਼ਤ ਕਰ ਸਕਦੇ ਹਨ ਕਿ ਕੋਈ ਉਨ੍ਹਾਂ ਦੇ ਕੌਮੀ ਨਾਇਕ ਦੇ ਬੇਅਦਬੀ ਕਰਨ ਦੀ ਹਿਮਾਕਤ ਕਰੇ।

ਕਿਸੇ ਪੁਤਲੇ ਨੂੰ ਅੱਗ ਲਗਾ ਕੇ ਚਾਂਘਰਾਂ ਮਾਰ ਰਹੀ ਹਿੰਦੂ ਭੀੜ ਨੂੰ ਜਦੋਂ ਇੱਕ ਇਕੱਲੇ ਅੰਮ੍ਰਿਤਧਾਰੀ ਸਿੰਘ ਨੇ ਲਲਕਾਰਿਆ ਅਤੇ ਜੈਕਾਰਾ ਛੱਡ ਕੇ ਉਹ ਮੈਦਾਨ ਵਿੱਚ ਆਇਆ ਤਾਂ ਚਾਂਘਰਾਂ ਮਾਰ ਰਹੀ ਭੀੜ ਪਲਾਂ ਵਿੱਚ ਹੀ ਭੱਜ ਗਈ। ਅਤੇ ਗੁਰੂ ਦਾ ਸਿੰਘ ਪੁਲਿਸ ਦੇ ਘੇਰੇ ਵਿੱਚ ਹੀ ਆਪਣੀ ਸ੍ਰੀ ਸਾਹਿਬ ਲਹਿਰਾ ਕੇ ਜੈਕਾਰੇ ਛੱਡਦਾ ਰਿਹਾ।

ਉਸ ਘਟਨਾ ਨੂੰ ਸਾਰੇ ਸੰਸਾਰ ਵਿੱਚ ਬੈਠੇ ਸਿੱਖਾਂ ਨੇ ਦੇਖਿਆ ਅਤੇ ਸ਼ੋਸ਼ਲ ਮੀਡੀਆ ਤੇ ਉਸ ਨੂੰ ਬਹੁਤ ਸ਼ੇਅਰ ਕੀਤਾ ਗਿਆ।

ਸੱਚਮੁੱਚ ਸਿੱਖ ਇਤਿਹਾਸ਼ ਦੇ ਨਾਇਕ ਭਾਈ ਬੋਤਾ ਸਿੰਘ ਅਤੇ ਗਰਜਾ ਸਿੰਘ ਉਸ ਇਕੱਲੇ ਸਿੱਖ ਦੀ ਪਿੱਠ ਤੇ ਆ ਖੜ੍ਹੇ ਹੋਏ ਅਤੇ ਉਸਨੇ ਆਪਣੇ ਪੁਰਖਿਆਂ ਦੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਦੁਸ਼ਟ ਆਤਮਾਵਾਂ ਨੂੰ ਭਾਜੜ ਪਵਾ ਦਿੱਤੀ। ਜਿਨ੍ਹਾਂ ਦੀ ਪਿੱਠ ਤੇ ਖੜ੍ਹਨ ਲeੀ ਕੋਈ ਇਤਿਹਾਸਕ ਸੂਰਮੇ ਹੈ ਹੀ ਨਹੀ ਸਨ ਉਹ ਭੱਜ ਗਏ।