ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ੩ ਸਾਲ ਪਹਿਲਾਂ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਕੀਤੀ ਗਈ ਘੋਰ ਬੇਅਦਬੀ ਦੀ ਜਾਂਚ ਲਈ ਅਰੰਭ ਕੀਤੇ ਗਏ ਮੋਰਚੇ ਨੂੰ ਸਿੱਖ ਸੰਗਤ ਵੱਲੋਂ ਭਰਵਾਂ ਹੁੰਗਾਰਾ ਮਿਲਣ ਲੱਗ ਪਿਆ ਹੈ। ਇਹ ਕਾਲਮ ਲਿਖੇ ਜਾਣ ਵੇਲੇ ਤੱਕ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੀ ਜਾਂਚ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੱਲ ਰਹੇ ਧਰਨੇ ਨੂੰ ੧੩ ਦਿਨ ਹੋ ਗਏ ਸਨ। ਹਰ ਦਿਨ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚੋਂ ਸਿੱਖ ਸੰਗਤਾਂ ਆਪਣੇ ਇਸ਼ਟ ਦੀ ਬੇਅਦਬੀ ਕਾਰਨ ਵਲ਼ੂੰਧਰੇ ਹੋਏ ਦਿਲਾਂ ਨੂੰ ਲੈ ਕੇ ਕਿਸੇ ਇਨਸਾਫ ਦੀ ਉਡੀਕ ਵਿੱਚ ਬਰਗਾੜੀ ਪਹੁੰਚ ਰਹੀਆਂ ਹਨ।
ਕੁਝ ਦਿਨਾਂ ਤੱਕ ਤਾਂ ਪੰਜਾਬ ਦੀ ਕਾਂਗਰਸ ਸਰਕਾਰ ਨੇ, ਅਕਾਲੀ ਦਲ ਦੀ ਸਰਕਾਰ ਦੇ ਕਦਮਾਂ ਤੇ ਚੱਲਦਿਆਂ ਉਸ ਧਰਨੇ ਨੂੰ ਕੋਈ ਮਹੱਤਤਾ ਹੀ ਨਾ ਦਿੱਤੀ ਪਰ ਜਦੋਂ ਸਿੱਖ ਸੰਗਤਾਂ ਦਾ ਇਕੱਠ ਵਧਣ ਲੱਗ ਪਿਆ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਧਰਨਾ ਦੇ ਰਹੇ ਮੋਹਤਬਰ ਸਿੰਘਾਂ ਨੂੰ ਗੱਲਬਾਤ ਲਈ ਸੱਦਿਆ। ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਇਸ ਸਬੰਧੀ ਵਿਸਥਾਰਤ ਗੱਲ ਕੀਤੀ ਦੱਸੀ ਜਾਂਦੀ ਹੈ।
ਉਸ ਗੱਲਬਾਤ ਤੋਂ ਬਾਅਦ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪੰਜਾਬ ਪੁਲਿਸ ਨੇ ਕੁਝ ਹਿਲਜੁੱਲ ਕੀਤੀ ਹੈ ਅਤੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚੋਂ ਕੁਝ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਦੋਸ਼ੀ ਫਰੀਦਕੋਟ ਜਿਲ਼੍ਹੇ ਦੇ ਇੱਕ ਨੌਜਵਾਨ ਦੇ ਘਰੋਂ ਗੁਰੂ ਗਰੰਥ ਸਾਹਿਬ ਜੀ ਦਾ ਉਹ ਸਰੂਪ ਵੀ ਬਰਾਮਦ ਕਰ ਲਿਆ ਦੱਸਿਆ ਜਾ ਰਿਹਾ ਹੈ ਜੋ ੩ ਸਾਲ ਪਹਿਲਾਂ ਪੰਥਕ ਸਰਕਾਰ ਦੀ ਹਕੂਮਤ ਵੇਲੇ ਸ਼ਰੇਆਮ ਚੋਰੀ ਕਰ ਲਿਆ ਗਿਆ ਸੀ। ਦੱਸਿਆ ਜਾਂਦਾ ਹੈ ਕਿ ਉਸ ਦੋਸ਼ੀ ਨੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਧਰਤੀ ਵਿੱਚ ਦੱਬਿਆ ਹੋਇਆ ਸੀ।
ਇਹ ਖਬਰਾਂ ਮੀਡੀਆ ਵਿੱਚ ਹੀ ਨਸ਼ਰ ਹੋਈਆਂ ਹਨ ਪਰ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਇਸ ਬਾਰੇ ਹਾਲੇ ਜੁਬਾਨ ਨਹੀ ਖੋਲ਼੍ਹ ਰਹੀ। ਪੰਜਾਬ ਪੁਲਿਸ ਦਾ ਕੋਈ ਵੀ ਅਫਸਰ ਇਸ ਸਬੰਧੀ ਕੋਈ ਜਾਣਕਾਰੀ ਨਹੀ ਦੇ ਰਿਹਾ। ਮੀਡੀਆ ਦੀਆਂ ਖਬਰਾਂ ਅਨੁਸਾਰ ਸਾਰੇ ਦੋਸ਼ੀ ਸਿਰਸੇ ਵਾਲੇ ਡੇਰੇ ਦੇ ਕੱਟੜ ਪੈਰੋਕਾਰ ਦੱਸੇ ਜਾਂਦੇ ਹਨ। ਇੱਕ ਹਿੰਦੂ ਆਗੂ ਨੂੰ ਪੰਜਾਬ ਤੋਂ ਬਾਹਰ ਕਿਸੇ ਹੋਰ ਰਾਜ ਤੋਂ ਗ੍ਰਿਫਤਾਰ ਕੀਤਾ ਦੱਸਿਆ ਜਾਂਦਾ ਹੈ।
ਇਸ ਵੇਲੇ ਹੁਣ ਸਭ ਤੋਂ ਵੱਡਾ ਸੁਆਲ ਇਹ ਬਣਦਾ ਹੈ ਕਿ ਸਿੱਖਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚੋਂ ਫੜ ਕੇ ਲਿਆਉਣ ਵਾਲੀ ਪੰਜਾਬ ਪੁਲਿਸ ਨੂੰ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਦਾ ਪਤਾ ਨਹੀ ਸੀ? ਜੇ ਪਤਾ ਨਹੀ ਸੀ ਹੁਣ ਸਾਰੇ ਦੋਸ਼ੀ ਇੱਕਦਮ ਕਿਵੇਂ ਕਾਬੂ ਆ ਗਏ? ਕੀ ਪੰਜਾਬ ਪੁਲਿਸ ਤੇ ਇਸ ਕੇਸ ਨੂੰ ਅੱਗੇ ਨਾ ਵਧਾਉਣ ਦਾ ਦਬਾਅ ਸੀ? ਜੇ ਉਹ ਦਬਾਅ ਸੀ ਤਾਂ ਕਿਸ ਵੱਲੋਂ ਸੀ।
ਇਸ ਘਟਨਾ ਦਾ ਸਭ ਤੋਂ ਵੱਡਾ ਸੁਆਲ ਫਖਰ-ਏ-ਕੌਮ ਵੱਲ ਹੈ ਕਿ ਉਸਨੂੰ ਬੇਅਦਬੀ ਦੀ ਘਟਨਾ ਬਾਰੇ ਕਿੰਨੀ ਜਾਣਕਾਰੀ ਸੀ। ਕੀ ਉਸਦੇ ਹੁਕਮਾਂ ਤੇ ਹੀ ਪੰਜਾਬ ਪੁਲਿਸ ਨੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀ ਕੀਤੀ? ਫਖਰ-ਏ-ਕੌਮ ਨੂੰ ਅਜਿਹੀ ਕਿਸ ਬਿਪਤਾ ਨੇ ਘੇਰ ਲਿਆ ਸੀ ਕਿ ਉਸਨੇ ਆਪਣੇ ਇਸ਼ਟ ਦੀ ਬੇਪਤੀ ਹੋ ਜਾਣ ਦਿੱਤੀ ਪਰ ਸਿਰਸੇ ਵਾਲੇ ਦੀਆਂ ਵੋਟਾਂ ਅਕਾਲੀ ਦਲ ਤੋਂ ਪਰ੍ਹਾਂ ਨਹੀ ਹੋਣ ਦਿੱਤੀਆਂ। ਕੀ ਰਾਜਨੀਤੀ ਹੁਣ ਆਪਣੇ ਧਰਮ ਨੂੰ ਦਾਅ ਤੇ ਲਾ ਕੇ ਸਿਰਫ ਸੀਟਾਂ ਜਿੱਤਣ ਅਤੇ ਸਰਕਾਰਾਂ ਚਲਾਉਣ ਤੱਕ ਹੀ ਸਿਮਟ ਕੇ ਰਹਿ ਗਈ ਹੈ? ਇੱਕ ਵੱਡਾ ਸੁਆਲ ਇਹ ਵੀ ਹੈ ਕਿ ਹਾਲੇ ਵੀ ਸਿੱਖਾਂ ਨੂੰ ਆਪਣੇ ਧਰਮ ਨਾਲ ਅਤੇ ਆਪਣੇ ਆਪ ਨਾਲ ਹੋਏ ਧੱਕੇ ਦਾ ਇਨਸਾਫ ਲੈਣ ਲਈ ਹਰ ਵਾਰ ਸੰਘਰਸ਼ ਹੀ ਕਿਉਂ ਕਰਨਾ ਪੈਂਦਾ ਹੈ?
ਹਾਲੇ ਵੀ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਸਾਰੇ ਖੁਲਾਸੇ ਹੋ ਜਾਣ ਦੇ ਬਾਵਜੂਦ ਸਿਰਸੇ ਵਾਲੇ ਡੇਰੇ ਦਾ ਸਿੱਧਾ ਨਾਅ ਲੈਣ ਤੋਂ ਕੁਉਂ ਝਿਜਕਦੀ ਹੈ। ਕੀ ਇੱਕ ਡੇਰੇ ਦਾ ਮੁਖੀ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਨਾਲੋਂ ਜਿਆਦਾ ਮਹੱਤਵਪੂਰਨ ਹੋ ਗਿਆ ਹੈ?
ਗੁਰੂ ਸਾਹਿਬ ਜੀ ਦੀ ਬੇਅਦਬੀ ਦੇ ਇਸ ਘਟਨਾਕ੍ਰਮ ਨੇ ਜਿੱਥੇ ਗੁਰੂਡੰਮ ਵੱਲੋਂ ਪੰਜਾਬ ਵਿੱਚ ਖੇਡੀ ਜਾ ਰਹੀ ਘਿਨਾਉਣੀ ਖੇਡ ਨੂੰ ਮੁੜ ਬੇਪਰਦ ਕਰ ਦਿੱਤਾ ਹੈ ਉਥੇ ਹੀ ਆਪਣੇ ਆਪ ਨੂੰ ਸਿੱਖ ਕੌਮ ਅਤੇ ਪੰਜਾਬ ਦੇ ਫਖਰ-ਏ-ਕੌਮ ਅਖਵਾਉਣ ਵਾਲੇ ਸਾਸਤਦਾਨ ਦੀ ਅਸਲੀਅਤ ਤੋਂ ਵੀ ਪਰਦਾ ਚੁੱਕ ਦਿੱਤਾ ਹੈ।
ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦਾ ਸਿੱਖੀ ਪਿਆਰ ਵੀ ਪਰ੍ਹੇ ਵਿੱਚ ਬੇਪਰਦ ਹੋ ਗਿਆ ਹੈ। ਹਾਲੇ ਵੀ ਉਸਦੀ ਪੰਜਾਬ ਪੁਲਿਸ ਓਨੀ ਬੇਕਿਰਕੀ ਨਾਲ ਡੇਰੇ ਵਾਲਿਆਂ ਤੇ ਸਖਤੀ ਨਹੀ ਕਰ ਰਹੀ ਜਿੰਨੀ ਬੇਕਿਰਕੀ ਨਾਲ ਸਿੱਖਾਂ ਤੇ ਸਖਤੀ ਕੀਤੀ ਜਾਂਦੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬਾਦਲ ਵਾਂਗ ਵਾਹਿਗੁਰੂ ਦੀ ਕਚਹਿਰੀ ਵਿੱਚ ਲੇਖਾ ਦੇਣਾਂ ਪਵੇਗਾ।