ਅਕਾਲੀ ਦਲ ਦੀ ਸਰਕਾਰ ਵੇਲੇ 2015 ਵਿੱਚ, ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਵਾਲੇ ਕੇਸਾਂ ਸਬੰਧੀ ਕੁਝ ਹੋਰ ਖੁਲਾਸੇ ਸਾਹਮਣੇ ਆਏ ਹਨ। ਇਨ੍ਹਾਂ ਕੇਸਾਂ ਦੀ ਜਾਂਚ ਕਰਨ ਵਾਲੇ ਪੁਲਿਸ ਅਫਸਰ, ਕੁੰਵਰ ਵਿਜੇ ਪਰਤਾਪ ਸਿੰਘ ਨੇ ਬਹੁਤ ਵਿਸਥਾਰ ਨਾਲ ਇਨ੍ਹਾਂ ਕੇਸਾਂ ਦੀ ਜਾਂਚ ਦੇ ਰਾਹ ਵਿੱਚ ਪਾਏ ਗਏ ਅੜਿੱਕਿਆਂ ਦਾ ਵਿਸਥਾਰ ਸਹਿਤ ਵਰਨਚ ਕੀਤਾ ਹੈੈੈ।
ਉਨ੍ਹਾਂ ਦੱਸਿਆ ਹੈ ਕਿ ਜਾਂਚ ਮਿਲਣ ਤੋਂ ਪਹਿਲੇ ਦਿਨ ਤੋਂ ਹੀ ਉਨ੍ਹਾਂ ਨੂੰ ਨਾ ਕੇਵਲ ਦੋਸ਼ੀਆਂ ਵੱਲੋਂ ਤੰਗ ਪਰੇਸ਼ਾਨ ਕੀਤਾ ਗਿਆ ਬਲਕਿ ਪੰਜਾਬ ਸਰਕਾਰ ਦੇ ਸਰਕਾਰੀ ਵਕੀਲਾਂ ਵੱਲੋਂ ਵੀ ਉਨ੍ਹਾਂ ਤੇ ਮਾਨਸਕ ਤਸ਼ੱਦਦ ਕੀਤਾ ਗਿਆ। ਕੁੰਵਰ ਵਿਜੇ ਪਰਤਾਪ ਨੇ ਦੱਸਿਆ ਕਿ ਸਰਕਾਰੀ ਵਕੀਲ ਅਪਣੀ ਫੀਸ ਤਾਂ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਦੀ ਲੈਂਦੇ ਸਨ ਪਰ ਉਹ ਸਰਕਾਰ ਤੋਂ ਪੈਸੇ ਲੈਕੇ, ਦੋਸ਼ੀਆਂ ਨੂੰ ਬਚਾਉਣ ਦੇ ਯਤਨ ਕਰਦੇ ਰਹੇ। ਉਨ੍ਹਾਂ ਇਹ ਵੀ ਦੱਸਿਆ ਕਿ 55 ਲੱਖ ਰੁਪਈਆ ਇੱਕ ਪੇਸ਼ੀ ਦਾ ਲੈਣ ਵਾਲੇ ਸੀਨੀਅਰ ਵਕੀਲ, ਸੁਣਵਾਈ ਵਾਲੇ ਦਿਨ ਅਦਾਲਤ ਵਿੱਚ ਪੇਸ਼ ਹੀ ਨਹੀ ਸੀ ਹੁੰਦੇ। ਜਿਸਦਾ ਸਪਸ਼ਟ ਮਤਲਬ ਸੀ ਕਿ ਉਹ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਕੁੰਵਰ ਵਿਜੇ ਪਰਤਾਪ ਸਿੰਘ ਦੇ ਵਾਰ ਵਾਰ ਆਖਣ ਦੇ ਬਾਵਜੂਦ ਵੀ ਸਰਕਾਰੀ ਵਕੀਲਾਂ ਨੇ ਉਨ੍ਹਾਂ ਨੂੰ ਖੁਦ ਅਦਾਲਤ ਵਿੱਚ ਬਹਿਸ ਕਰਨ ਦੀ ਇਜਾਜਤ ਨਹੀ ਦਿੱਤੀ। ਦੋਸ਼ੀਆਂ ਵੱਲੋਂ ਆਪਣੀ ਸਰਕਾਰੀ ਪਹੁੰਚ ਦਾ ਫਾਇਦਾ ਉਠਾਕੇ ਇੱਕ ਫੌਜਦਾਰੀ ਕੇਸ ਨੂੰ ਸਿਵਲ ਕੇਸ ਦੀ ਸੰਗਿਆ ਦੇ ਕੇ ਅਦਾਲਤ ਵਿੱਚੋਂ ਜਾਣ ਬੁੱਝ ਕੇ ਖਾਰਜ ਕਰਵਾ ਦਿੱਤਾ ਗਿਆ। ਜਿਨ੍ਹਾਂ ਨੇ ਕੁੰਵਰ ਵਿਜੇ ਪਰਤਾਪ ਸਿੰਘ ਦੀ ਉਹ ਮੁਲਾਕਾਤ ਆਪ ਦੇਖੀ ਹੈ ਉਹ ਇੱਕ ਗੱਲ ਸਹਿਜੇ ਹੀ ਸਮਝ ਸਕਦੇ ਹਨ ਕਿ ਪੰਜਾਬ ਪੁਲਿਸ ਦਾ ਇੱਕ ਸੀਨੀਅਰ ਅਫਸਰ ਕਿਵੇਂ ਛੋਟੇ ਜਿਹੇ ਕਲਰਕ ਵਾਂਗ ਬੇਬਸ ਹੋਇਆ ਪਿਆ ਹੈ ਇਸ ਖਤਰਨਾਕ ਸਿਸਟਮ ਦੇ ਸਾਹਮਣੇ। ਹਲਾਂਕਿ ਪੰਜਾਬ ਪੁਲਿਸ ਦਾ ਇੱਕ ਸਿਪਾਹੀ ਵੀ ਵੱਡਾ ਰੋਅਬ ਰੱਖਦਾ ਹੈ ਪਰ ਆਪਣੇ ਆਪ ਨੂੰ ਸਰਕਾਰੀ ਵਕੀਲ ਹੋਣ ਦਾ ਰੋਅਬ ਪਾਉਣ ਵਾਲੇ ਸਿੱਖ ਦੋਖੀਆਂ ਨੇ ਜਿਵੇਂ ਉਸ ਸੀਨੀਅਰ ਅਫਸਰ ਨੂੰ ਹੋਟਲਾਂ ਦੇ ਕਮਰੇ ਬੁੱਕ ਕਰਵਾਉਣ ਵਾਲੇ ਕਲਰਕ ਵਾਂਗ ਵਰਤਿਆ, ਉਸ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਨਾ ਭਾਰਤ ਸਰਕਾਰ ਅਤੇ ਨਾ ਪੰਜਾਬ ਸਰਕਾਰ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਬੇਅਦਬੀ ਦੇ ਕੇਸਾਂ ਦਾ ਇਨਸਾਫ ਦਿਵਾਉਣਾਂ ਚਾਹੁੰਦੀ ਹੈੈ।
ਸਿੱਖਾਂ ਦੀ ਜਿੰਦਗੀ ਨਾਲ ਜੁੜੇ ਇਸ ਅਹਿਮ ਕੇਸ ਨੂੰ ਵਕੀਲ, ਅਫਸਰਸ਼ਾਹੀ ਅਤੇ ਰਾਜਨੀਤੀਵਾਨ ਮਿਲਕੇ ਉਵੇਂ ਹੀ ਖਤਮ ਕਰ ਦੇਣਾਂ ਚਾਹੁੰਦੇ ਹਨ ਜਿਵੇਂ ਪੰਜਾਬ ਵਿੱਚ ਮਨੁੱਖੀ ਹੱਕਾਂ ਦੀ ਉਲੰਘਣਾਂ ਦੇ ਹਜਾਰਾਂ ਕੇਸ ਰਫਾ ਦਫਾ ਕਰ ਦਿੱਤੇ ਗਏ ਹਨ।
ਲਗਾਤਾਰ ਇਸ ਕੇਸ ਦੇ ਰਾਹ ਵਿੱਚ ਅੜਿੱਕੇ ਪਾਏ ਜਾਂਦੇ ਰਹੇ। ਕਦੇ ਜਾਂਚ ਅਫਸਰ ਦੀ ਪਾਰਦਰਸ਼ਤਾ ਉੱਤੇ ਸੁਆਲ ਉਠਾਏ ਜਾਂਦੇ ਰਹੇ, ਕਦੇ ਚਲਾਣ ਉੱਤੇ ਇੱਕੋ ਅਫਸਰ ਦੇ ਦਸਤਖਤ ਹੋਣ ਦਾ ਰੌਲਾ ਪਾਇਆ ਗਿਆ ਅਤੇ ਕਦੇ ਗਵਾਹਾਂ ਦੀ ਪਾਰਦਰਸ਼ਤਾ ਉੱਤੇ ਸੁਆਲ ਉਠਾਏ ਜਾਂਦੇ ਰਹੇ। ਦੋਸ਼ੀਆਂ ਦਾ ਸਾਰਾ ਜੋਰ ਕੇਸ ਨੂੰ ਲਮਕਾ ਲਮਕਾ ਕੇ ਖਤਮ ਕਰਨ ਉੱਤੇ ਲੱਗਾ ਹੋਇਆ ਸੀ ਸਿ ਵਿੱਚ ਉਹ ਕਾਮਯਾਬ ਹੋ ਗਏ ਹਨ, ਹੁਣ ਨਾ ਨਵੀਂ ਜਾਂਚ ਟੀਮ ਬਣੇ, ਨਾ ਵੱਡੇ ਦੋਸ਼ੀਆਂ ਦੇ ਗਲਾਮੇ ਨੂੰ ਕੋਈ ਹੱਥ ਪਾਵੇ ਅਤੇ ਨਾ ਹੀ ਸਿੱਖਾਂ ਦੇ ਹਿਰਦੇ ਸ਼ਾਂਤ ਹੋਣ। ਇਹ ਗੱਲ ਕੁੰਵਰ ਵਿਜੇ ਪਰਤਾਪ ਸਿੰਘ ਨੇ ਵੀ ਸਪਸ਼ਟ ਕਰ ਦਿੱਤੀ ਹੈ ਕਿਹ ਹੁਣ ਇਸ ਕੇਸ ਵਿੱਚ ਵੱਡੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨਾ ਮੁਸ਼ਕਲ ਹੋ ਗਿਆ ਹੈ ਕਿਉਂਕਿ ਸਿਸਟਮ ਉਨ੍ਹਾਂ ਦੀ ਪਿੱਠ ਉੱਤੇ ਖੜ੍ਹਾ ਹੈੈ।
ਇਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਸਿੱਖਾਂ ਦੇ ਰਹਿਬਰ ਦੀ ਬੇਅਦਬੀ ਨਾਲ ਸਬੰਧਤ ਕੇਸ ਨੂੰ ਕਿਵੇਂ ਮਿੱਟੀ ਘੱਟੇ ਰੋਲ ਕੇ ਘਟੀਆ ਸਿਆਸਤਦਾਨ ਅਤੇ ਬੇਈਮਾਨ ਅਫਸਰਸ਼ਾਹੀ ਆਪਣੀ ਜਿੰਦਗੀ ਨੂੰ ਉਧਾਰੇ ਸਾਹਾਂ ਤੇ ਮਾਣਨ ਦਾ ਯਤਨ ਕਰ ਰਹੀ ਹੈੈ। ਬੇਸ਼ੱਕ ਸਿੱਖ ਸੰਗਤਾਂ ਨੇ ਆਪਣੀ ਪੂਰੀ ਵਾਹ ਲਾਈ ਹੈ ਕਿ ਉਹ ਗੁਰੂ ਸਾਹਿਬ ਦੀ ਬੇਅਦਬੀ ਦੇ ਕੇਸਾਂ ਵਿੱਚ ਇਨਸਾਫ ਲੈਣ ਲਈ ਯਤਨਸ਼ੀਲ ਹੋਵੇ ਪਰ ਤਾਕਤਵਰ ਸਰਕਾਰਾਂ ਦੇ ਮਨਸ਼ੇ ਕੁਝ ਹੋਰ ਹੀ ਹਨ। ਇਸ ਲਈ ਆਪਾਂ ਸਾਰਿਆਂ ਨੂੰ ਵਾਹਿਗੁਰੂ ਦੇ ਚਰਨਾ ਵਿੱਚ ਅਰਦਾਸ ਕਰਨੀ ਚਾਹੀਦੀ ਹੈ ਕਿ ਵਾਹਿਗੁਰੂ ਜੀ ਆਪ ਇਨ੍ਹਾਂ ਦੋਸ਼ੀਆਂ ਨੂੰ ਸਜ਼ਾ ਦੇਣ।