ਘਟੀਆ ਕਿਸਮ ਦੇ ਰਾਜਨੀਤੀਵਾਨ ਤੁਹਾਨੂੰ ਹਰ ਥਾਂ ਮਿਲ ਜਾਂਦੇ ਹਨ। ਭਾਵੇਂ ਉਹ ਕਿਸੇ ਵਿਕਸਿਤ ਦੇਸ਼ ਵਿੱਚ ਹੋਣ ਜਾਂ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ। ਸੰਸਾਰ ਰਾਜਨੀਤੀ ਵਿੱਚ ਹੁਣ ਬਹੁਤ ਸਾਰੇ ਅਜਿਹੇ ਲੋਕ ਦਾਖਲਾ ਲੈ ਚੁੱਕੇ ਹਨ ਜਿਨ੍ਹਾਂ ਲਈ ਰਾਜਨੀਤੀ ਇੱਕ ਧੰਦਾ ਬਣ ਗਈ ਹੈੈੈ। ਉਹ ਕਿਸੇ ਉੱਚੇ ਮਕਸਦ ਲਈ ਰਾਜਨੀਤੀ ਵਿੱਚ ਨਹੀ ਆਏ ਹੁੰਦੇ ਬਲਕਿ, ਆਪਣੀ ਜਹਿਰੀਲੀ ਆਤਮਾ ਦਾ ਗੰਦ ਬਾਹਰ ਕੱਢਣ ਲਈ ਹੀ, ਇਸ ਕਿੱਤੇ ਵਿੱਚ ਆਏ ਹੁੰਦੇ ਹਨ।

ਭਾਰਤ ਅਤੇ ਪਾਕਿਸਤਾਨ ਦੇ ਰਾਜਨੀਤਕ ਦ੍ਰਿਸ਼ ਉੱਤੇ ਅਸੀਂ ਬਹੁਤ ਸਾਰੇ ਅਜਿਹੇ ਰਾਜਨੀਤੀਵਾਨਾਂ ਨੂੰ ਦੇਖ ਸਕਦੇ ਹਾਂ, ਜੋ ਜਦੋਂ ਵੀ ਕੁਝ ਬੋਲਦੇ ਹਨ ਤਾਂ ਮਣਾਂ-ਮੂੰਹੀ ਜਹਿਰ ਉਗਲਦੇ ਹਨ। ਉਨ੍ਹਾਂ ਦੇ ਬੋਲ ਵੱਖ ਵੱਖ ਭਾਈਚਾਰਿਆਂ ਦਰਮਿਆਨ ਲੜਾਈ ਪਾਉਣ ਵਾਲੇ ਹੁੰਦੇ ਹਨ। ਲੜਾਈ ਦੀ ਉਹ ਦਿਨ ਰਾਤ ਤਮੰਨਾ ਰੱਖਦੇ ਹਨ। ਅਸਲ ਵਿੱਚ ਲੜਾਈ ਝਗੜਾ ਅਜਿਹੇ ਲੋਕਾਂ ਦੀ ਜਿੰਦਗੀ ਦਾ ਬਾਲਣ ਹੁੰਦਾ ਹੈੈ।

ਭਾਰਤ ਵਿੱਚ ਕਾਂਗਰਸ, ਭਾਜਪਾ ਸਮੇਤ ਹੋਰ ਬਹੁਤ ਸਾਰੇ ਅਜਿਹੇ ਗਰੁੱਪ ਹਨ ਜਿਨ੍ਹਾਂ ਵਿੱਚ ਜਹਿਰੀਲੀ ਬੋਲੀ ਬੋਲਣ ਵਾਲੇ ਸ਼ਖਸ਼ ਮੌਜੂਦ ਹਨ।

ਪਰ ਹੁਣ ਪਾਕਿਸਤਾਨ ਦੇ ਇੱਕ ਮੰਤਰੀ ਨੇ ਅਜਿਹਾ ਬਿਆਨ ਦੇ ਦਿੱਤਾ ਹੈ ਜੋ ਰਾਜਨੀਤੀਵਾਨਾਂ ਦੇ ਅੰਦਰ ਦੀ ਜਹਿਰ ਦਾ ਪਰਗਟਾਵਾ ਕਰਦਾ ਹੈੈ। ਪਾਕਿਸਤਾਨ ਦੇ ਇੱਕ ਮੰਤਰੀ ਨੇ ਪਿਛਲੇ ਦਿਨੀ ਬਿਆਨ ਦੇ ਦਿੱਤਾ ਹੈ ਕਿ, ਉਸ ਮੁਲਕ ਦੀ ਫੌਜ ਦੇ ਮੁਖੀ ਮਿਸਟਰ ਬਾਜਵਾ ਨੇ, ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਅਜਿਹਾ ਜ਼ਖਮ ਭਾਰਤ ਦੀ ਹਿੱਕ ਵਿੱਚ ਲਾ ਦਿੱਤਾ ਹੈ ਜੋ ਸਾਰੀ ਉਮਰ ਭਾਰਤ ਨੂੰ ਤੰਗ ਕਰਦਾ ਰਹੇਗਾ।

ਪਾਕਿਸਤਾਨ ਦੇ ਮੰਤਰੀ ਦਾ ਇਹ ਬਿਆਨ ਨਾ ਕੇਵਲ ਬੁਖਲਾਈ ਹੋਈ ਮਾਨਸਿਕਤਾ ਦਾ ਪਰਤੀਕ ਹੈ ਬਲਕਿ ਹਾਰੀ ਹੋਈ ਮਾਨਸਿਕਤਾ ਦਾ ਵੀ ਪਰਤੀਕ ਹੈੈੈ। ਸਿੱਖਾਂ ਲਈ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਇੱਕ ਅਜਿਹੀ ਮੁਕੱਦਸ ਅਸਥਾਨ ਹੈ ਜਿਸਦੇ ਦਰਸ਼ਨਾਂ ਲਈ ਕੌਮ ਦੀਆਂ ਅੱਖਾਂ 72 ਸਾਲਾਂ ਤੋਂ ਬਿਹਬਲ ਸਨ। ਇਨ੍ਹਾਂ 72 ਸਾਲਾਂ ਵਿੱਚ ਸਿੱਖ ਕੌਮ ਨੇ ਵਿਛੋੜੇ ਦਾ ਜੋ ਦਰਦ ਅਤੇ ਜਿਹੜੀ ਚੀਸ ਤੇ ਜ਼ਖਮ ਆਪਣੀ ਮਾਨਸਿਕਤਾ ਉੱਤੇ ਝੱਲੇ ਹਨ ਉਨ੍ਹਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ। ਸਿਰਫ 4 ਮੀਲ ਦੀ ਦੂਰੀ ਤੇ ਸਥਿਤ ਸੀ ਸਾਡੇ ਗੁਰੂ ਬਾਬੇ ਦੀ ਚਰਨ ਛੋਹ ਪ੍ਰਾਪਤ ਧਰਤੀ, ਉਹ ਮੁਕੱਦਸ ਅਸਥਾਨ ਜਿਸਦੀ ਸਾਡੇ ਇਤਿਹਾਸ ਵਿੱਚ ਅਣਮੋਲ ਕੀਮਤ ਹੈੈ। ਪਰ ਉਸ ਚਾਰ ਮੀਲ ਦੇ ਪੈਂਡੇ ਨੂੰ ਤਹਿ ਕਰਨ ਲਈ ਸਾਡੀ ਕੌਮ ਨੂੰ ਲਗਭਗ ਇੱਕ ਸਦੀ ਲੱਗ ਗਈ। ਇੱਕ ਸਦੀ ਤੱਕ ਸਾਡੀ ਕੌਮ ਆਪਣੇ ਗੁਰੂ ਬਾਬੇ ਦੀ ਵਰੋਸਾਈ ਧਰਤੀ ਤੇ ਨਤਮਸਤਕ ਹੋਣ ਲਈ ਜਿਸ ਬਿਹਬਲਤਾ ਅਤੇ ਜਿਸ ਪਾਗਲਪਣ ਵਿੱਚ ਬੌਰੀ ਹੋਈ ਫਿਰਦੀ ਰਹੀ, ਉਸਦਾ ਦਰਦ ਕੋਈ ਸਿੱਖ ਹੋਕੇ ਹੀ ਸਮਝ ਸਕਦਾ ਹੈੈੈ।

ਪਰ ਕੁਝ ਘਟੀਆ ਕਿਸਮ ਦੇ ਰਾਜਨੀਤੀਵਾਨ ਸਾਡੇ ਸੁਪਨਿਆਂ ਦੇ ਸਾਕਾਰ ਹੋਣ ਦੀ ਕਹਾਣੀ ਨੂੰ, ਮੌਤ ਦੇ ਵਣਜਾਰਿਆਂ ਦੀ ਅੱਖ ਤੋਂ ਦੇਖ ਰਹੇ ਹਨ। ਉਨ੍ਹਾਂ ਲਈ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ, ਜੰਗ ਦੀ ਕਵਾਇਦ ਤੋਂ ਵੱਧ ਕੁਝ ਨਹੀ ਹੈੈ। ਪੰਜਾਬ ਦਾ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਪਹਿਲੇ ਦਿਨ ਤੋਂ ਹੀ ਇਸ ਕਿਸਮ ਦੀ ਜਹਿਰੀਲੀ ਸੋਚ ਦੇ ਫੁੰਕਾਰੇ ਮਾਰ ਰਿਹਾ ਹੈ। ਹੁਣ ਪਾਕਿਸਤਾਨ ਦੇ ਇੱਕ ਮੰਤਰੀ ਨੇ ਆਪਣੀ ਜਹਿਰੀਲੀ ਸੋਚ ਨਾਲ ਸਾਡੇ ਵਲਵਲਿਆਂ ਨੂੰ ਕਤਲ ਕਰ ਸੁੱਟਿਆ ਹੈੈ।

ਹਾਲੇ ਇਹ ਲਾਂਘਾ ਖੁਲੇ੍ਹ ਨੂੰ ਸਿਰਫ ਮਹੀਨੇ ਤੋਂ ਕੁਝ ਸਮਾਂ ਵੱਧ ਹੀ ਹੋਇਆ ਹੈੈੈ। ਪਰ ਅਸੀਂ ਦੇਖ ਰਹੇ ਹਾਂ ਕਿ ਇਸ ਨੂੰ ਬੰਦ ਕਰਵਾਉਣ ਦੀਆਂ ਕੋਸ਼ਿਸ਼ਾਂ ਦੋਵਾਂ ਪਾਸਿਆਂ ਤੋਂ, ਸ਼ੁਰੂ ਵੀ ਹੋ ਗਈਆਂ ਹਨ। ਕਦੇ ਕੈਪਟਨ ਅਮਰਿੰਦਰ ਸਿੰਘ, ਜਿਸ ਤੋਂ ਗੁਰੂ ਦੀ ਬਖਸ਼ਿਸ਼ ਖੁਸ ਗਈ ਲਗਦੀ ਹੈ, ਉਹ ਘਟੀਆ ਬੋਲ ਬੋਲ ਕੇ ਸੰਗਤਾਂ ਦੇ ਹਿਰਦੇ ਵਲੂੰਧਰ ਦਿੰਦਾ ਹੈ ਕਦੇ ਪਾਕਿਸਤਾਨ ਵਾਲੇ ਪਾਸਿਓਂ ਕੁਝ ਅਜਿਹੀ ਜਹਿਰੀਲੀ ਸੋਚ ਦਾ ਮੁਜਾਹਰਾ ਹੁੰਦਾ ਦਿਖਾਈ ਦੇਂਦਾ ਹੈੈ।
ਅਸੀਂ ਇਨ੍ਹਾਂ ਕਾਲਮਾਂ ਰਾਹੀਂ ਦੋਵਾਂ ਪਾਸਿਆਂ ਦੇ, ਘਟੀਆ ਰਾਜਨੀਤਵਾਨਾ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਰੱਬ ਦੇ ਵਾਸਤੇ, ਆਪਣੀ ਰਾਜਨੀਤੀ ਕਿਤੇ ਹੋਰ ਕਰ ਲਇਓ, ਪਰ ਸਾਡੇ ਗੁਰੂ ਦੇ ਮੁਕੱਦਸ ਅਸਥਾਨ ਦੀ ਆਭਾ ਨੂੰ ਧੁੰਦਲੀ ਕਰਨ ਦੇ ਯਤਨ ਨਾ ਕਰੋ। ਅੱਗੇ ਹੀ ਤੁਹਾਡੀ ਘਟੀਆ ਰਾਜਨੀਤੀ ਨੇ ਬਹੁਤ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਜੇ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਸਾਡੇ ਗੁਰੂਧਾਮਾਂ ਲਈ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਦਾ ਮੌਕਾ ਮਿਲਿਆ ਹੈ ਤਾਂ ਇਸ ਨੂੰ ਖਤਮ ਕਰਨ ਦੇ ਯਤਨ ਨਾ ਕਰੋ।