ਸਿੱਖਾਂ ਦੀ ਕੌਮੀ ਅਜ਼ਮਤ ਦੀ ਰਾਖੀ ਲਈ ਚੱਲੇ ਸੰਘਰਸ਼ ਵਿੱਚ ਅਣਗਿਣਤ ਸਿੰਘ ਸਿੰਘਣੀਆਂ ਨੇ ਸ਼ਹਾਦਤ ਦਾ ਜਾਮ ਪੀਤਾ, ਅਣਗਿਣਤ ਸਿੰਘ ਸਿੰਘਣੀਆਂ ਨੇ ਅਸਹਿ ਅਤੇ ਅਕਹਿ ਜੁਲਮ ਸਹਿਣ ਕੀਤੇ ਅਤੇ ਅਣਗਿਣਤ ਸਿੰਘ ਸਿੰਘਣੀਆਂ ਨੇ ਜੇਲ੍ਹਾਂ ਵਿੱਚ ਜੀਵਨ ਗੁਜਾਰਿਆ। ਹਾਲੇ ਵੀ ਕੌਮ ਦੇ ਬਹੁਤ ਸਾਰੇ ਸਤਕਾਰਤ ਸਿੰਘ ਭਾਰਤ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਹਨ। ਇਨ੍ਹਾਂ ਸਿੰਘਾਂ ਦੀ ਰਿਹਾਈ ਲਈ ਸਿੱਖ ਪੰਥ ਵੱਲੋਂ ਕਈ ਵਾਰ ਮੋਰਚੇ ਲਾਏ ਗਏ। ਬਹੁਤ ਸਾਰੀਆਂ ਕਨੂੰਨੀ ਚਾਰਜੋਈਆਂ ਕੀਤੀਆਂ ਗਈਆਂ। ਬਹੁਤ ਵਾਰ ਭਾਰਤ ਸਰਕਾਰ ਦੇ ਮੰਤਰੀਆਂ ਅਤੇ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ।
ਸਿੰਘਾਂ ਦੀ ਰਿਹਾਈ ਲਈ ਪਹਿਲਾ ਮੋਰਚਾ ਭਾਈ ਗੁਰਬਖਸ਼ ਸਿੰਘ ਨੇ ਲਗਾਇਆ ਜੋ ਕਾਫੀ ਲੱਬੇ ਸਮੇਂ ਤੱਕ ਚੱਲਿਆ। ਪਰਕਾਸ਼ ਸਿੰਘ ਬਾਦਲ ਨੇ ਆਪਣੀ ਆਦਤ ਅਨੁਸਾਰ ਮੋਰਚੇ ਨੂੰ ਅਸਫਲ ਕਰਨ ਲਈ ਕੁਝ ਸਿੰਘਾਂ ਨੂੰ ਪੈਰੌਲ ਤੇ ਰਿਹਾ ਕਰ ਦਿੱਤਾ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਫੇਰ ਜੇਲ੍ਹ ਜਾਣਾਂ ਪਿਆ। ਇਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਨੇ ਦੂਜਾ ਮੋਰਚਾ ਵੀ ਲਗਾਇਆ, ਬਾਪੂ ਸੂਰਤ ਸਿੰਘ ਨੇ ਵੀ ਭੁੱਖ ਹੜਤਾਲ ਕੀਤੀ। ਬਰਗਾੜੀ ਵਿਖੇ ਵੀ ਛੇ ਮਹੀਨਿਆਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਾ ਰਿਹਾ, ਪਰ ਭਾਰਤ ਸਰਕਾਰ ਨੇ ਇਹ ਰਿਹਾਈਆਂ ਨਾ ਕੀਤੀਆਂ।
ਹੁਣ 11 ਜਨਵਰੀ 2022 ਨੂੰ ਇੱਕ ਵਾਰ ਫਿਰ ਸਿੱਖ ਕੌਮ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਮਾਰਚ ਕੀਤਾ। ਜਿਸ ਵਿੱਚ ਸਿੱਖ ਸੰਗਤਾਂ ਨੇ ਭਰਵੀ ਹਾਜਰੀ ਲਵਾਈ। ਇਸ ਮਾਰਚ ਦੀ ਵਿਸ਼ੇਸ਼ਤਾ ਇਹ ਸੀ ਕਿ ਵੱਡੀ ਗਿਣਤੀ ਵਿੱਚ ਕੇਸਰੀ ਦਸਤਾਰਾਂ ਵਾਲੇ ਸਿੱਖ ਨੌਜਵਾਨਾਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ। ਪਿਛਲੇ ਸਮੇਂ ਦੌਰਾਨ ਚੱਲੇ ਕਿਸਾਨੀ ਮੋਰਚੇ ਦੌਰਾਨ ਜਿਹੜੇ ਨੌਜਵਾਨ ਆਪਣੀਆਂ ਸਰਗਰਮੀਆਂ ਕਾਰਨ ਸਿੱਖ ਸਮਾਜ ਦੇ ਸਾਹਮਣੇ ਆਏ ਹਨ ਉਨ੍ਹਾਂ ਵਿੱਚੋਂ ਬਹੁਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਹੋਏ ਮਾਰਚ ਵਿੱਚ ਸ਼ਾਮਲ ਸਨ। ਕੰਵਰ ਗਰੇਵਾਲ,ਹਰਫ ਚੀਮਾ,ਭਾਨਾ ਸਿੱਧੂ, ਲੱਖਾ ਸਿਧਾਣਾਂ,ਅਮਿਤੋਜ ਮਾਨ ਆਦਿ ਨੌਜਵਾਨ ਚਿਹਰੇ ਜਿਹੜੇ ਪੰਜਾਬ ਲਈ ਨਵੀਂ ਸਰਗਰਮੀ ਦੀ ਚਿਣਗ ਬਣਕੇ ਉਭਰੇ ਹਨ ਇਨ੍ਹਾਂ ਸਾਰਿਆਂ ਨੇ ਇਸ ਰਿਹਾਈ ਮਾਰਚ ਵਿੱਚ ਹਿੱਸਾ ਲੈ ਕੇ ਸਿੱਧ ਕੀਤਾ ਕਿ ਸਿੱਖ ਕੌਮ ਆਪਣੇ ਉਨ੍ਹਾਂ ਨੌਜਵਾਨਾਂ ਨੂੰ ਭੁੱਲੀ ਨਹੀ ਹੈ ਜਿਨ੍ਹਾਂ ਨੇ ਔਖੇ ਸਮੇਂ ਤੇ ਆਪਣੀਆਂ ਜਾਨਾਂ ਦੀ ਬਾਜੀ ਲਗਾਕੇ ਕੌਮ ਦਾ ਮਾਣ ਉੱਚਾ ਕੀਤਾ।
ਵੈਸੇ ਖਬਰਾਂ ਇਹ ਵੀ ਆ ਰਹੀਆਂ ਸਨ ਕਿ ਭਾਰਤ ਸਰਕਾਰ ਕੁਝ ਕੁ ਬੰਦੀ ਸਿੰਘਾਂ ਦੀ ਰਿਹਾਈ ਦਾ ਮਨ ਬਣਾ ਰਹੀ ਹੈ। ਇਸਦੇ ਨਾਲ ਹੀ ਜਿਵੇਂ ਪੰਜਾਬ ਦੇ ਰਾਜਪਾਲ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਮਾਰਚ ਦੀ ਲੀਡਰਸ਼ਿੱਪ ਨਾਲ ਗੱਲ ਕੀਤੀ, ਉਸ ਤੋਂ ਕੁਝ ਸੰਕੇਤ ਮਿਲ ਰਹੇ ਹਨ ਕਿ ਸ਼ਾਇਦ ਭਾਜਪਾ ਪੰਜਾਬ ਵਿੱਚ ਆਪਣੀ ਸਿਆਸੀ ਜਮੀਨ ਬਚਾਉਣ ਲਈ ਕੁਝ ਬੰਦੀ ਸਿੰਘਾਂ ਨੂੰ ਰਿਹਾ ਕਰ ਦੇਵੇ। ਅਜਿਹੇ ਕਰੜੇ ਫੈਸਲੇ ਹਮੇਸ਼ਾ ਸਿਆਸਤਦਾਨ ਉਦੋਂ ਹੀ ਕਰਦੇ ਹਨ ਜਦੋਂ ਉਨ੍ਹਾਂ ਨੂੰ ਲਗਦਾ ਹੋਵੇ ਕਿ ਅਜਿਹੇ ਫੈਸਲੇ ਨਾਲ ਉਨਾਂ ਦਾ ਸਿਆਸੀ ਵਕਾਰ ਵਧ ਸਕਦਾ ਹੈ।
ਸਰਕਾਰਾਂ ਕੀ ਫੈਸਲੇ ਕਰਦੀਆਂ ਹਨ ਇਹ ਤਾਂ ਵਕਤ ਹੀ ਦੱਸੇਗਾ ਪਰ ਇਸ ਰਿਹਾਈ ਮਾਰਚ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਸਿੱਖ ਜਵਾਨੀ ਦਾ ਵੱਡਾ ਹਿੱਸਾ ਹਾਲੇ ਵੀ ਕਿਸੇ ਵੱਡੇ ਸੰਘਰਸ਼ ਲਈ ਆਪਣੀ ਸ਼ਕਤੀ ਲਗਾ ਸਕਦਾ ਹੈ। ਉ੍ਹਹ ਨਾ ਕੇਵਲ ਕਿਸੇ ਸੰਘਰਸ਼ ਨੂੰ ਜਥੇਬੰਦ ਕਰ ਸਕਦਾ ਹੈ ਬਲਕਿ ਉਸਨੂੰ ਲੰਬੇ ਸਮੇਂ ਲਈ ਚਲਾ ਵੀ ਸਕਦਾ ਹੈ।
ਬੰਦੀ ਸਿੰਘਾਂ ਦੀ ਰਿਹਾਈ ਲਈ ਹੋਏ ਮਾਰਚ ਵਿੱਚ ਸ਼ਾਮਲ ਨੌਜਵਾਨਾਂ ਦਾ ਉਤਸ਼ਾਹ ਉਨ੍ਹਾਂ ਖੱਬੇਪੱਖੀਆਂ ਦੇ ਮੂੰਹ ਤੇ ਚਪੇੜ ਸੀ ਜਿਨ੍ਹਾਂ ਨੇ ਕਿਸਾਨੀ ਮੋਰਚੇ ਦੇ ਖਾਤਮੇ ਤੇ ਬਹੁਤ ਘਟੀਆ ਟਿੱਚਰ ਕੀਤੀ ਸੀ ਕਿ ਹੁਣ ਜੇ ਸਿੱਖਾਂ ਵਿੱਚ ਹਿੰਮਤ ਹੈ ਤਾਂ ਆਪਣੇ ਨੌਜਵਾਨਾਂ ਦੀ ਰਿਹਾਈ ਲਈ ਆਪਣਾਂ ਅਲੱਗ ਮੋਰਚਾ ਲਗਾ ਲੈਣ। ਉਨ੍ਹਾਂ ਨੂੰ ਸ਼ਾਇਦ ਭੁਲੇਖਾ ਸੀ ਕਿ ਪੰਜਾਬ ਦੀ ਜਵਾਨੀ ਸਿਰਫ ਕਾਮਰੇਡਾਂ ਮਗਰ ਲੱਗਕੇ ਕਿਸਾਨ ਮੋਰਚੇ ਕਾਰਨ ਹੀ ਦਿੱਲੀ ਆਈ ਹੈ ਅਤੇ ਉਸਦਾ ਆਪਣੇ ਧਰਮ ਨਾਲ ਕੋਈ ਲਗਾਅ ਨਹੀ ਹੈ।
ਬੰਦੀ ਸਿੰਘਾਂ ਦੀ ਰਿਹਾਈ ਲਈ ਹੋਏ ਮਾਰਚ ਵਿੱਚ ਸਿੱਖ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਨੇ ਸਾਰਿਆਂ ਦੇ ਭੁਲੇਖੇ ਦੂਰ ਕਰ ਦਿੱਤੇ ਹਨ।
ਵਾਹਿਗੁਰੂ ਕੌਮ ਨੂੰ ਏਕਤਾ ਅਤੇ ਇਤਫਾਕ ਬਖਸ਼ਣ।