ਅਜ਼ਾਦੀ ਆਪਣੇ ਆਪ ਵਿੱਚ ਅਜਿਹੀ ਨਿਆਮਤ ਹੈ ਜਿਸਦੀ ਸ਼ਬਦਾਂ ਵਿੱਚ ਵਿਆਖਿਆ ਨਹੀ ਕੀਤੀ ਜਾ ਸਕਦੀ। ਅਜ਼ਾਦ ਮਨੁੱਖ ਵੱਡੇ ਸਵੈ-ਭਰੋਸੇ ਨਾਲ ਭਰ ਜਾਂਦਾ ਹੈੈੈ। ਉਸ ਵਿੱਚ ਠੀਕ ਨੂੰ ਠੀਕ ਕਹਿਣ ਦਾ ਹੌਂਸਲਾ ਤਾਂ ਹੁੰਦਾ ਹੀ ਹੈ ਪਰ ਅਜ਼ਾਦ ਮਨੁੱਖ ਬਹੁਤੀ ਵਾਰ ਗਲਤ ਨੂੰ ਵੀ ਠੀਕ ਠਹਿਰਾਉਣ ਦੇ ਰਾਹ ਪੈ ਜਾਂਦਾ ਹੈੈ। ਅਜ਼ਾਦ ਕੌਮਾਂ ਜਿਸ ਭਰੋਸੇ ਅਤੇ ਹੋਂਸਲੇ ਨਾਲ ਵਿਚਰਦੀਆਂ ਹਨ ਉਸ ਵਿਸ਼ਵਾਸ਼ ਨਾਲ ਕੋਈ ਘੱਟ ਗਿਣਤੀ ਨਹੀ ਵਿਚਰ ਸਕਦੀ।

ਪਿਛਲੇ ਦਿਨੀ ਪੰਜਾਬ ਵਿੱਚ ਦੋ ਘਟਨਾਵਾਂ ਅਜਿਹੀਆਂ ਵਾਪਰੀਆਂ ਜਿਸਨੇ ਨੇ ਸਵੈ-ਵਿਸ਼ਵਾਸ਼ ਨਾਲ ਭਰੇ ਹੋਏ ਹਿੰਦੂ ਭਾਈਚਾਰੇ ਅਤੇ ਆਪਣੇ ਆਪ ਨੂੰ ਦੂਜੇ ਦਰਜੇ ਦੇ ਸ਼ਹਿਰੀ ਮੰਨ ਕੇ ਚੱਲ ਰਹੇ ਸਿੱਖਾਂ ਦਰਮਿਆਨ ਫਰਕ ਸਪਸ਼ਟ ਕਰ ਦਿੱਤਾ। ਬਹੁ-ਗਿਣਤੀ ਅਜ਼ਾਦੀ ਦੇ ਜਿਸ ਸਵੈ-ਵਿਸ਼ਵਾਸ਼ ਨਾਲ ਭਰੀ ਹੋਈ ਹੈ, ਭਾਰਤ ਵਿੱਚ ਰਹਿੰਦੇ ਸਿੱਖ ਉਸ ਸਵੈ-ਵਿਸ਼ਵਾਸ਼ ਤੋਂ ਹੀਣੇ ਜਾਪ ਰਹੇ ਹਨ।
ਪਿਛਲੇ ਦਿਨੀ ਪਟਿਆਲੇ ਵਿੱਚ ਕੁਝ ਨਿਹੰਗ ਸਿੰਘਾਂ ਦੀ ਪੰਜਾਬ ਪੁਲਿਸ ਦੇ ਇੱਕ ਦਸਤੇ ਨਾਲ ਝੜਪ ਹੋ ਗਈ ਜੋ ਫਿਰ ਲੜਾਈ ਵਿੱਚ ਬਦਲ ਗਈ। ਉਸ ਝੜਪ ਦੀਆਂ ਵੀਡੀਓਜ਼ ਸਾਡੇ ਸਾਹਮਣੇ ਆਈਆਂ। ਉਹ ਵੀਡੀਓਜ਼ ਸਾਹਮਣੇ ਆਉਣ ਦੀ ਦੇਰ ਸੀ ਕਿ ਭਾਰਤੀ ਸੁਪਰੀਮ ਕੋਰਟ ਦੇ ਵੱਡੇ ਸਿੱਖ ਵਕੀਲਾਂ ਤੋਂ ਲੈਕੇ ਅਕਾਲੀ ਦਲ ਦੇ ਮੁਹੱਲਾ ਪੱਧਰ ਦੇ ਵਰਕਰਾਂ ਤੱਕ ਨੇ, ਇੱਕਦਮ ਨਿਹੰਗ ਸਿੰਘਾਂ ਨੂੰ ਦੋਸ਼ੀ ਠਹਿਰਾ ਦਿੱਤਾ। ਸਿਰਫ ਦੋਸ਼ੀ ਹੀ ਨਹੀ ਠਹਿਰਾਇਆ ਬਲਕਿ ਕੁਝ ‘ਸੂਝਵਾਨ’ ਵਕੀਲਾਂ ਨੇ ਤਾਂ ਸਜ਼ਾ ਦਾ ਐਲਾਨ ਵੀ ਕਰ ਦਿੱਤਾ।

ਪੰਜਾਬ ਪੁਲਿਸ ਦੇ ਮੁਖੀ ਨੇ ਉਸ ਘਟਨਾ ਦਾ ਵੇਰਵਾ ਆਪਣੇ ਟਵਿੱਟਰ ਖਾਤੇ ਤੇ ਜਿਉਂ ਹੀ ਚੜ੍ਹਾਇਆ ਤਾਂ ਨਿਹੰਗ ਸਿੰਘਾਂ ਦਾ ਕਤਲ ਕਰਨ ਦੇ ਨਾਅਰੇ ਗੁੰਜਣ ਲੱਗੇ। ਬਹੁ-ਗਿਣਤੀ ਨਾਲ ਸਬੰਧਤ ਵੀਰ ਆਖਣ ਲੱਗੇ ਕਿ, ਕਿਸੇ ਨੂੰ ਗਿ੍ਰਫਤਾਰ ਕਰਨ ਦੀ ਲੋੜ ਨਹੀ ਹੈ ਬਲਕਿ ਸਿੱਧਾ ਗੋਲੀਆਂ ਮਾਰਕੇ, ‘ਪੁਲਿਸ ਮੁਕਾਬਲਾ’ ਬਣਾ ਦਿੱਤਾ ਜਾਵੇ। ਬਹੁ-ਗਿਣਤੀ ਦੇ ਨਾਲ ਹੀ, ਉਸ ਘਟਨਾ ਬਾਰੇ ਪ੍ਰਤੀਕਿਰਿਆ ਪ੍ਰਗਟ ਕਰਨ ਵਾਲੇ 95 ਫੀਸਦੀ ਸਿੱਖਾਂ ਨੇ ਨਿਹੰਗ ਸਿੰਘਾਂ ਨੂੰ ਘੋਰ ਅਪਰਾਧੀ ਗਰਦਾਨਦੇ ਹੋਏ, ਕਰੜੀ ਸਜ਼ਾ ਦੀ ਮੰਗ ਕੀਤੀ।

ਚਲੋ ਕਨੂੰਨ ਦੀਆਂ ਨਜ਼ਰਾਂ ਵਿੱਚ ਉਹ ਨਿਰਦੋਸ਼ ਨਹੀ ਹਨ ਪਰ ਕਿਸੇ ਨੇ ਵੀ ਇਹ ਨਹੀ ਆਖਿਆ ਕਿ ਉਨ੍ਹਾਂ ਖਿਲਾਫ ਕਾਰਵਾਈ ਕਨੂੰਨ ਅਨੁਸਾਰ ਹੋਣੀ ਚਾਹੀਦੀ ਹੈ, ਉਨ੍ਹਾਂ ਦੀ ਕੁੱਟਮਾਰ ਨਹੀ ਹੋਣੀ ਚਾਹੀਦੀ ਅਤੇ ਉਨ੍ਹਾਂ ਨੂੰ ਵਕੀਲ ਕਰਨ ਦੀ ਇਜਾਜਤ ਹੋਣੀ ਚਾਹੀਦੀ ਹੈੈੈ।ਜਾਂ ਉਨ੍ਹਾਂ ਦਾ ਪੱਖ ਵੀ ਸੁਣਿਆ ਜਾਣਾਂ ਚਾਹੀਦਾ ਹੈੈੈ।

ਦੂੂਜੇ ਪਾਸੇ ਹੁਣ ਜਲੰਧਰ ਵਿੱਚ ਇੱਕ ਘਟਨਾ ਵਾਪਰੀ ਹੈ, ਜਿਸ ਵਿੱਚ ਇੱਕ ਹਿੰਦੂ ਨੌਜਵਾਨ ਨੇ ਇੱਕ ਪੁਲਿਸ ਅਫਸਰ ਨੂੰ ਗੱਡੀ ਹੇਠ ਦਰੜ ਕੇ ਮਾਰਨ ਦਾ ਯਤਨ ਕੀਤਾ।

ਨਾ ਤਾਂ ਇਸਦੀ ਖਬਰ ਪੁਲਿਸ ਮੁਖੀ ਦੇ ਟਵਿੱਟਰ ਖਾਤੇ ਤੇ ਆਈ ਅਤੇ ਨਾ ਹੀ ਕਿਸੇ ਨੇ ਉਸ ਹਿੰਦੂ ਨੌਜਵਾਨ ਅਤੇ ਉਸਦੇ ਪਰਿਵਾਰ ਦਾ ਪੁਲਿਸ ਮੁਕਾਬਲਾ ਬਣਾਉਣ ਦੀ ਮੰਗ ਕੀਤੀ। ਉਹ ਸਾਰੇ ਵਕੀਲ ਵੀ ਪਤਾ ਨਹੀ ਕਿੱਥੇ ਗਾਇਬ ਹੋ ਗਏ ਜਿਹੜੇ ਦਸ ਦਿਨਾਂ ਵਿੱਚ ਹੀ ਸਜ਼ਾ ਸੁਣਾਉਣ ਦੀ ਮੰਗ ਕਰ ਰਹੇ ਸਨ।

ਗੱਲ ਇੱਥੇ ਹੀ ਖਤਮ ਨਹੀ ਹੋਈ, ਬਲਕਿ ਜਲੰਧਰ ਤੋਂ ਛਪਦੇ ਇੱਕ ਹਿੰਦੀ ਦੇ ਅਖਬਾਰ ਨੇ ਪੂਰੇ ਸਫੇ ਦਾ ਵਿਸ਼ੇਸ਼ ਸਪਲੀਮੈਂਟ ਇਸ ਘਟਨਾ ਬਾਰੇ ਕੱਢਿਆ ਜਿਸ ਵਿੱਚ ਉਸ ਅਖਬਾਰ ਨੇ ਜਲੰਧਰ ਦੀਆਂ ਨਾਮਵਾਰ ਹਿੰਦੂ ਸ਼ਖਸ਼ੀਅਤਾਂ ਨੂੰ ਇੰਟਰਵਿਊ ਕੀਤਾ। ਉਸ ਖਬਰ ਦਾ ਸਿਰਲੇਖ ਸੀ, ‘ਕੀ 20 ਸਾਲਾਂ ਦੇ ਅਨਮੋਲ ਦੀ ਗਲਤੀ ਨੂੰ ਨਿਹੰਗਾਂ ਦੀ ਗੁੰਡਾਗਰਦੀ ਦਾ ਬਰਾਬਰ ਮੰਨਿਆ ਜਾਣਾਂ ਠੀਕ ਹੈੈੈ?’

ਹੁਣ ਦੇਖੋ ਖਬਰ ਦਾ ਸਿਰਲੇਖ ਹੀ ਦੱਸ ਰਿਹਾ ਹੈ ਕਿ ਹਿੰਦੂ ਮੁੰਡੇ ਪ੍ਰਤੀ ਕਿੰਨਾ ਨਰਮ ਰੁਖ ਅਪਨਾਇਆ ਗਿਆ ਹੈ ਪਰ ਨਿਹੰਗ ਸਿੰਘਾਂ ਖਿਲਾਫ ਹਾਲੇ ਵੀ ਭਰਪੂਰ ਨਫਰਤ ਮਨ ਵਿੱਚ ਹੈੈੈ।

ਉਸ ਮੁਲਾਕਾਤ ਸ਼ਪਲੀਮੈਂਟ ਵਿੱਚ ਕਿਸੇ ਇੱਕ ਵੀ ਹਿੰਦੂ ਨੇ ਉਸ ਨੌਜਵਾਨ ਦੀ ਕਾਰਵਾਈ ਤੇ ਉਂਗਲ ਨਹੀ ਉਠਾਈ। ਸਾਰਿਆਂ ਨੇ ਇੱਕਮਤ ਹੋਕੇ ਆਖਿਆ ਕਿ ਉਸਦਾ ਕੋਈ ਕਸੂਰ ਨਹੀ। ਕਸੂਰ ਪੁਲਿਸ ਅਫਸਰ ਦਾ ਹੈ ਜੋ ਗੱਡੀ ਦੇ ਅੱਗੇ ਆਇਆ। ਇੱਕ ਨੇ ਆਖਿਆ ਕਿ ਹਿੰਦੂ ਮੁੰਡੇ ਤੇ 307 ਦਾ ਕੇਸ ਦਰਜ ਨਹੀ ਹੋਣਾਂ ਚਾਹੀਦਾ।

ਕੋਈ ਇੱਕ ਵੀ ਹਿੰਦੂ ਇਹ ਕਹਿੰਦਾ ਨਹੀ ਸੁਣਿਆ ਕਿ ਪੰਜਾਬ ਪੁਲਿਸ ਸਾਡੀ ‘ਦੇਸ਼ ਭਗਤ’ ਪੁਲਿਸ ਹੈ ਅਤੇ ਇਸਦੇ ਖਿਲਾਫ ਕੀਤੀ ਕੋਈ ਵੀ ਕਾਰਵਾਈ ਦੇਸ਼-ਧਰੋਹ ਹੈੈ। ਹਰ ਕੋਈ ਹਿੰਦੂ ਮੁੰਡੇ ਨੂੰ ਬਚਾਉਣ ਤੇ ਲੱਗਾ ਹੋਇਆ ਸੀ।

ਦੂਜੇ ਪਾਸੇ ਸਾਡੇ ਸਿੱਖਾਂ ਦੇ ਵੱਡੇ ਹਿੱਸੇ ਨੇ ਨਿਹੰਗ ਸਿੰਘਾਂ ਨੂੰ ਦੋਸ਼ੀ ਠਹਿਰਾ ਦਿੱਤਾ।

ਇਹ ਹੁੰਦਾ ਹੈ ਅਜ਼ਾਦ ਸ਼ਹਿਰੀ ਹੋਣ ਦਾ ਮਾਣ ਅਤੇ ਹੌਸਲਾ। ਉਸੇ ਹੌਸਲੇ ਤਹਿਤ ਹੀ ਬਹੁ-ਗਿਣਤੀ ਸਿੱਖਾਂ ਦੀ ਹਰ ਕਾਰਵਾਈ ਨੂੰ ਦੇਸ਼ ਧਰੋਹੀ ਬਣਾ ਦਿੰਦੀ ਹੈ ਅਤੇ ਹਿੰਦੂਆਂ ਦੀ ਹਰ ਕਾਰਵਾਈ ਨੂੰ ਦੇਸ਼-ਭਗਤੀ।

ਸਿੱਖਾਂ ਨੂੰ ਇਸ ਦੇਸ਼ ਵਿੱਚ ਆਪਣੀ ਵਫਾਦਾਰੀ ਸਿੱਧ ਕਰਨ ਲਈ ਕਈ ਗੁਣਾਂ ਲਿਫਣਾਂ ਪੈਂਦਾ ਹੈੈ।