ਯੂਰਪ ਦੀ ਤਾਕਤਵਰ ਔਰਤ ਅਤੇ ਜਰਮਨੀ ਦੀ ‘ਮਾਂ’ ਐਂਗਲਾ ਮਰਕਲ ਵੀ ਅੱਜਕੱਲ੍ਹ ਅਮਰੀਕੀ ਜਸੂਸੀ ਦੇ ਦੋਸ਼ਾਂ ਦਾ ਸਾਹਮਣਾਂ ਕਰ ਰਹੀ ਹੈ। ਅਮਰੀਕੀ ਸਰਕਾਰ ਵੱਲੋਂ ਅੱਤਵਾਦ ਵਿਰੋਧੀ ਜੰਗ ਦੇ ਖਤਰਿਆਂ ਦਾ ਸਾਹਮਣਾਂ ਕਰਨ ਲਈ ਅਤੇ ਮੁੜ ਤੋਂ ਕਿਸੇ ਸੰਭਾਵੀ ਹਮਲੇ ਨੂੰ ਰੋਕਣ ਲਈ ਆਪਣੇ ਵੱਡੇ ਤਕਨੀਕੀ ਵਸੀਲਿਆਂ ਨਾਲ ਸੰਸਾਰ ਭਰ ਦੇ ਸ਼ਹਿਰੀਆਂ ਦੇ ਫੋਨ ਅਤੇ ਈਮੇਲਾਂ ਦੀ ਜਾਂਚ ਕੀਤੀ ਜਾ ਰਹੀ ਸੀ। ਅਮਰੀਕੀ ਸੂਹੀਆ ਏਜੰਸੀ ਐਨ.ਐਸ.ਏ. ਵੱਲੋਂ ਮੈਰੀਲੈਂਡ ਵਿੱਚ ਸਥਿਤ ਆਪਣੇ ਦਫਤਰ ਤੋਂ ਅਮਰੀਕੀ ਸ਼ਹਿਰੀਆਂ ਦੇ ਨਾਲ ਨਾਲ ਯੂਰਪੀ ਅਤੇ ਹੋਰ ਮੁਲਕਾਂ ਦੇ ਸ਼ਹਿਰੀਆਂ ਦੀਆਂ ਈਮੇਲਾਂ ਅਤੇ ਫੋਨ ਟੈਪ ਕੀਤੇ ਜਾ ਰਹੇ ਸਨ। ਇਸ ਸਬੰਧੀ ਕੁਝ ਰਿਪੋਰਟਾਂ ਸਾਹਮਣੇ ਆਉਣ ਤੇ ਕੁਝ ਸਮਾਂ ਪਹਿਲਾਂ ਯੂਰਪੀ ਲੀਡਰਾਂ ਨੇ ਅਮਰੀਕੀ ਪ੍ਰਸ਼ਾਸ਼ਨ ਕੋਲ ਆਪਣਾਂ ਵਿਰੋਧ ਤਾਂ ਜਤਾਇਆ ਸੀ ਪਰ ਉਸ ਉਤੇ ਏਨਾ ਜੋਰ ਨਹੀ ਸੀ ਦਿੱਤਾ। ਸ਼ਾਇਦ ਅਮਰੀਕੀ ਸਰਕਾਰ ਨੇ ਆਪਣੇ ਡਿਪਲੋਮੈਟਿਕ ਚੈਨਲਾਂ ਰਾਹੀਂ ਜਰਮਨੀ ਅਤੇ ਫਰਾਂਸ ਦੇ ਲੀਡਰਾਂ ਨੂੰ ਸ਼ਾਂਤ ਕਰ ਲਿਆ ਸੀ, ਕਿਉਂਕਿ ਅੱਤਵਾਦ ਵਿਰੋਧੀ ਜੰਗ ਦੀਆਂ ਗੁੰਝਲਾਂ ਏਨੀਆਂ ਜਾਦੀਆਂ ਹਨ ਕਿ ਕੋਈ ਵੀ ਮੁਲਕ ਹੁਣ ੯/੧੧ ਵਰਗੇ ਹਮਲੇ ਦਾ ਖਤਰਾ ਮੁੜ ਕੇ ਮੁੱਲ ਨਹੀ ਲੈਣਾਂ ਚਾਹੁੰਦਾ। ਜਿਸ ਵੇਲੇ ਅਮਰੀਕਾ ਵੱਲੋਂ ਯੂਰਪੀ ਸ਼ਹਿਰੀਆਂ ਦੇ ਫੋਨ ਅਤੇ ਈਮੇਲਾਂ ਟੈਪ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਵੇਲੇ ਜਰਮਨੀ ਅਤੇ ਫਰਾਂਸ ਵੱਲੌਂ ਰਸਮੀ ਜਿਹਾ ਵਿਰੋਧ ਪ੍ਰਗਟ ਕਰਕੇ ਗੱਲ ਆਈ ਗਈ ਕਰ ਦਿੱਤੀ ਗਈ ਸੀ ਪਰ ਹੁਣ ਜਰਮਨੀ ਦੇ ਇੱਕ ਅਖਬਾਰ ਡੈਰ ਸਪੀਗਲ ਵੱਲੋਂ ਇਹ ਰਿਪੋਰਟ ਪ੍ਰਕਾਸ਼ਿਤ ਕਰਨ ਤੋਂ ਬਾਅਦ ਉਸ ਦੇਸ਼ ਵਿੱਚ ਸਿਆਸੀ ਭੁਚਾਲ ਉਠ ਖੜਾ ਹੋਇਆ ਹੈ ਕਿ ਅਮਰੀਕੀ ਪ੍ਰਸ਼ਾਸ਼ਨ ਅਤੇ ਉਸ ਦੀਆਂ ਸੂਹੀਆ ਏਜੰਸੀਆਂ ਜਰਮਨੀ ਦੀ ਤਾਕਤਵਰ ਔਰਤ ਐਂਗਲਾ ਮਰਕਲ ਦਾ ਫੋਨ ਵੀ ਪਿਛਲੇ ਦਸ ਸਾਲ ਤੋਂ ਟੈਪ ਕਰਦੀਆਂ ਆ ਰਹੀਆਂ ਹਨ। ਇਨ੍ਹਾਂ ਰਿਪੋਰਟਾਂ ਤੋਂ ਗੁੱਸੇ ਵਿੱਚ ਆਈ ਐਂਗਲਾ ਮਰਕਲ ਨੇ ਪਿਛਲੇ ਦਿਨੀ ਬਹੁਤ ਹੀ ਗੁਸੇ ਨਾਲ ਵਾਈਟ ਹਾਉਸ ਨੂੰ ਫੋਨ ਕੀਤਾ ਅਤੇ ਆਪਣੇ ਵਿਰੋਧ ਦਾ ਪ੍ਰਗਟਾਵਾ ਕੀਤਾ। ਐਂਗਲਾ ਮਰਕਲ ਨੇ ਵਾਈਟ ਹਾਉਸ ਨੂੰ ਦੱਸਿਆ ਕਿ ਅਸੀਂ ਹਰ ਜੰਗ ਵਿੱਚ ਅਮਰੀਕਾ ਦੇ ਮੋਢੇ ਨਾਲ ਮੋਢਾ ਲਾ ਕੇ ਸਾਥ ਦੇ ਰਹੇ ਹਾਂ ਪਰ ਅਮਰੀਕਾ ਆਪਣੇ ਮਿੱਤਰਾਂ ਦੇ ਫੋਨ ਵੀ ਟੈਪ ਕਰਨ ਤੋਂ ਬਾਜ ਨਹੀ ਆ ਰਿਹਾ।

ਇਹ ਹਫਤਾ ਵਾਈਟ ਹਾਊਸ ਲਈ ਬਹੁਤ ਹੀ ਤਕਲੀਫਦੇਹ ਡਿਪਲੋਮੈਟਿਕ ਸਰਗਰਮੀਆਂ ਵਾਲਾ ਹਫਤਾ ਕਿਹਾ ਜਾ ਸਕਦਾ ਹੈ ਕਿਉਂਕਿ ਬੀਤੇ ਹਫਤੇ ਦੌਰਾਨ ਅਮਰੀਕੀ ਪ੍ਰਸ਼ਾਸ਼ਨ ਨੂੰ ਜਿਸ ਵੱਡੇ ਪੱਧਰ ਤੇ ਖਤਰਨਾਕ ਕੰਢਿਆਂ ਤੱਕ ਪਹੁੰਚੇ ਆਪਣੇ ਮਿੱਤਰਾਂ ਦੇ ਵਿਸ਼ਵਾਸ਼ ਨੂੰ ਕਾਬੂ ਕਰਨ ਲਈ ਸਰਗਰਮੀਆਂ ਕਰਨੀਆਂ ਪਈਆਂ ਸ਼ਾਇਦ ੯/੧੧ ਦੇ ਹਮਲੇ ਤੋਂ ਬਾਅਦ ਇਹ ਪਹਿਲਾਂ ਹਫਤਾ ਸੀ ਜਿਸ ਨੇ ਅਮਰੀਕੀ ਪ੍ਰਸ਼ਾਸ਼ਨ ਅਤੇ ਇਸਦੇ ਡਿਪਲੋਮੈਟਸ ਨੂੰ ਵਕਤ ਪਾਈ ਰੱਖਿਆ। ਇੱਕ ਪਾਸੇ ਜਰਮਨੀ ਅਤੇ ਫਰਾਂਸ ਵਰਗੇ ਯੂਰਪੀ ਮਿੱਤਰ ਫੋਨ ਟੈਪਿੰਗ ਕਾਰਨ ਸਖਤ ਨਰਾਜ਼ਗੀ ਪ੍ਰਗਟਾ ਰਹੇ ਸਨ ਦੂਜੇ ਪਾਸੇ ਮਿਡਲ ਈਸਟ ਵਿੱਚ ਅਮਰੀਕਾ ਦੇ ਸਭ ਤੋਂ ਵੱਡੇ ਅਤੇ ਭਰੋਸੇਯੋਗ ਸਹਿਯੋਗੀ ਸਾਉਦੀ ਅਰਬ ਨੇ ਜਾਰਡਨ ਅਤੇ ਇਜ਼ਰਾਈਲ ਨਾਲ ਮਿਲਕੇ ਅਮਰੀਕਾ ਲਈ ਨਵੀ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ। ਸਾਉਦੀ ਅਰਬ, ਜਾਰਡਨ ਅਤੇ ਇਜ਼ਰਾਈਲ ਦੀ ਉਸ ਟੀਮ ਵਿੱਚ ਸ਼ਾਮਲ ਹੋ ਗਿਆ ਹੈ ਜੋ ਪ੍ਰਧਾਨ ਓਬਾਮਾ ਦੀ ਸੀਰੀਆ ਅਤੇ ਇਰਾਨ ਨਾਲ ਸਮਝੌਤੇ ਵਾਲੀ ਨੀਤੀ ਦਾ ਵਿਰੋਧ ਕਰ ਰਹੇ ਹਨ। ਸਾਉਦੀ ਅਰਬ ਨੇ ਅਮਰੀਕੀ ਪ੍ਰਸ਼ਾਸਨ ਨੂੰ ਸਾਫ ਕਰ ਦਿੱਤਾ ਹੈ ਕਿ ਉਹ ਇਰਾਨ ਅਤੇ ਸੀਰੀਆ ਬਾਰੇ ਸਮਝੌਤਾਵਾਦੀ ਪਹੁੰਚ ਤਿਆਗੇ।

ਵਾਈਟ ਹਾਊਸ ਦੇ ਬੁਲਾਰੇ ਜੇ ਕਰਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਪਣੇ ਮਿੱਤਰਾਂ ਨਾਲ ਸਾਡੇ ਸਬੰਧ ਆਰਥਿਕ ਅਤੇ ਸੁਰੱਖਿਆ ਦੇ ਮਾਮਲੇ ਵਿੱਚ ਬਹੁਤ ਮਹੱਤਵਪੂਰਨ ਹਨ ਅਤੇ ਅਸੀਂ ਇਨ੍ਹਾਂ ਨੂੰ ਮੁੜ ਤੋਂ ਸਥਾਪਤ ਕਰਨ ਲਈ ਕੁਝ ਵੀ ਕਰਾਂਗੇ।

ਵਾਈਟ ਹਾਉਸ ਨੇ ਜਰਮਨੀ ਦੇ ਚਾਂਸਲਰ ਦੇ ਫੋਨ ਨੂੰ ਟੈਪ ਕਰਨ ਬਾਰੇ ਛਿੜੀ ਬਹਿਸ ਬਾਰੇ ਆਖਿਆ ਕਿ ਇਹ ਸਭ ਨੂੰ ਪਤਾ ਹੈ ਕਿ ਸਾਰੇ ਮੁਲਕ ਹੀ ਇਸ ਤਰ੍ਹਾਂ ਕਰਦੇ ਹਨ। ਸਾਰੇ ਆਪਣੇ ਮਿੱਤਰਾਂ ਦੇ ਫੋਨ ਵੀ ਟੈਪ ਕਰਦੇ ਹੀ ਹਨ।

ਪਰ ਬਹੁਤ ਸਾਰੇ ਯੂਰਪੀ ਡਿਪਲੋਮੈਟਸ ਨੇ ਆਪਣਾਂ ਨਾਅ ਨਾਂ ਛਾਪਣ ਦੀ ਸ਼ਰਤ ਤੇ ਆਖਿਆ ਕਿ ਅਮਰੀਕਾ, ਬਰਤਾਨੀਆ, ਫਰਾਂਸ, ਰੂਸ ਅਤੇ ਚੀਨ ਹੀ ਇਸ ਕਿਸਮ ਦੀ ਜਸੂਸੀ ਵਿੱਚ ਸ਼ਾਮਲ ਹਨ ਬਾਕੀ ਮੁਲਕਾਂ ਕੋਲ ਤਾਂ ਅਜਿਹੇ ਸਾਧਨ ਹੀ ਨਹੀ ਹਨ।

ਐਡਵਰਡ ਸਨੋਡਨ ਵੱਲੋਂ ਅਮਰੀਕੀ ਜਸੂਸੀ ਬਾਰੇ ਵੱਡੇ ਖੁਲਾਸੇ ਕਰਨ ਤੋਂ ਬਾਅਦ ਬਰਾਜ਼ੀਲ ਨੇ ਅਮਰੀਕਾ ਪ੍ਰਤੀ ਕਾਫੀ ਸਖਤ ਰੁਖ ਅਪਨਾ ਰੱਖਿਆ ਹੈ। ਉਸ ਨੇ ਆਪਣੇ ਬਹੁਤ ਸਾਰੇ ਮਹਿਕਮਿਆਂ ਨੂੰ ਐਨਕਰਿਪਟਿਡ ਈਮੇਲ ਪ੍ਰੋਗਰਾਮ ਅਪਨਾਉਣ ਬਾਰੇ ਹਿਦਾਇਤਾਂ ਦੇ ਦਿੱਤੀਆਂ ਹਨ ਤਾਂ ਕਿ ਕਿਸੇ ਘੁਸਪੈਠ ਤੋਂ ਬਚਿਆ ਜਾ ਸਕੇ। ਇਸਦੇ ਨਾਲ ਹੀ ਬਰਾਜ਼ੀਲ ਨੇ ਅਮਰੀਕਾ ਨਾਲ ਉਰਜਾ ਬਾਰੇ ਹੋਣ ਵਾਲੇ ਸੰਮੇਲਨ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਉਸਦਾ ਮੰਨਣਾਂ ਹੈ ਕਿ ਕਨੇਡਾ ਨੇ ਉਸ ਦੇ ਮਹਿਕਮਿਆਂ ਦੀਆਂ ਈਮੇਲਾਂ ਦੀ ਜਸੂਸੀ ਕੀਤੀ ਹੈ ਅਤੇ ਉਸਨੂੰ ਸਾਡੀ ਨੀਤੀ ਦਾ ਪਤਾ ਲੱਗ ਗਿਆ ਹੈ ਜਿਸ ਕਰਕੇ ਇਹ ਵਪਾਰਕ ਮੀਟਿੰਗ ਹੁਣ ਸ਼ੁੱਧ ਰੂਪ ਵਿੱਚ ਵਪਾਰਕ ਨਹੀ ਰਹੀ।

ਅਮਰੀਕਾ ਦੇ ਤਾਜ਼ੀ ਜਸੂਸੀ ਦੇ ਸਕੈਂਡਲ ਦਾ ਪਰਦਾਫਾਸ਼ ਹੋਣ ਤੋਂ ਬਾਅਦ ਹੁਣ ਲੈਟਿਨ ਅਮਰੀਕਾ ਅਤੇ ਯੂਰਪ ਦੇ ਮੁਲਕ ਇਹ ਆਖਣ ਲੱਗ ਪਏ ਹਨ ਕਿ ਦੋਸਤਾਂ ਦੀ ਜਸੂਸੀ ਕਰਨੀ ਠੀਕ ਨਹੀ ਹੈ। ਜੇ ਅਜਿਹਾ ਹੀ ਚੱਲਣਾਂ ਹੈ ਤਾਂ ਡਿਪਲੋਮੇਸੀ ਦੇ ਨਵੇਂ ਅਰਥ ਘੜਨੇ ਪੈਣਗੇ।

ਦੂਜੇ ਪਾਸੇ ਪ੍ਰਧਾਨ ਓਬਾਮਾਂ ਨੂੰ ਦੇਸ਼ ਅੰਦਰਲੇ ਸੱਜੇ ਪੱਖੀਆਂ ਦੇ ਰੋਹ ਦਾ ਵੀ ਸਾਹਮਣਾਂ ਕਰਨਾ ਪੈ ਰਿਹਾ ਹੈ। ਉਹ ਆਖ ਰਹੇ ਹਨ ਕਿ ਜਾਰਜ ਬੁਸ਼ ਤੇ ਦੇਸ਼ ਦਾ ਅਕਸ ਖਰਾਬ ਕਰਨ ਦਾ ਦੋਸ਼ ਲਾਉਣ ਵਾਲੇ ਹੁਣ ਆਪ ਦੇਸ਼ ਦੇ ਅਕਸ ਨੂੰ ਢਾਹ ਲਾ ਰਹੇ ਹਨ। ਇੱਕ ਸੱਜੇ ਪੱਖੀ ਥਿੰਕ-ਟੈਂਕ ਹੈਰੀਟੇਜ ਫਾਉਂਡੇਸ਼ਨ ਦੇ ਸੀਨੀਅਰ ਫੈਲੇ ਜਿੰਮ ਕਾਰਾਫਾਨੋ ਨੇ ਆਖਿਆ ਕਿ ਅਮਰੀਕੀ ਸਰਕਾਰ ਦੀਆਂ ਅਜਿਹੀਆਂ ਕਾਰਵਾਈਆਂ ਨਾਲ ਦੁਨੀਆਂ ਭਰ ਵਿੱਚ ਅਮਰੀਕੀ ਦੋਸਤਾਂ ਦੇ ਮਨ ਵਿੱਚ ਸ਼ੰਕੇ ਪੈਦਾ ਹੋ ਰਹੇ ਹਨ ਜੋ ਠੀਕ ਨਹੀ ਹੈ।

ਨਿਰਸੰਦੇਹ ਜਰਮਨੀ ਦੇ ਚਾਂਸਲਰ ਐਂਗਲਾ ਮਰਕਲ ਦੀ ਫੋਨ ਟੈਪਿੰਗ ਨੇ ਅਮਰੀਕੀ ਡਿਪਲੋਮੇਸੀ ਨੂੰ ਕਾਫੀ ਵੱਡੇ ਇਮਤਿਹਾਨ ਵਿੱਚ ਪਾ ਦਿੱਤਾ ਹੈ ਜਿਸ ਨੂੰ ਸਾਫ ਕਰਦਿਆਂ ਕਈ ਮਹੀਨੇ ਲੱਗ ਜਾਣਗੇ।