ਨਵੰਬਰ 2020 ਵਿੱਚ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ, ਅਮਰੀਕਾ ਦੇ ਲੋਕਾਂ ਨੇ ਆਪਣਾਂ ਰਾਸ਼ਟਰਪਤੀ ਚੁਣਨ ਲਈ ਵੋਟਾਂ ਪਾਈਆਂ ਸਨ। ਕਾਫੀ ਦਿਨ ਚੱਲੀ ਵੋਟਾਂ ਗਿਣਨ ਦੀ ਖਿੱਚੋਤਾਣ ਤੋਂ ਬਾਅਦ, ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡਨ ਨੂੰ ਜੇਤੂ ਐਲਾਨ ਦਿੱਤਾ ਗਿਆ ਸੀ। ਇਸ ਚੋਣ ਵਿੱਚ ਇਹ ਪਹਿਲੀ ਵਾਰ ਦੇਖਿਆ ਗਿਆ ਸੀ ਕਿ ਗੱਦੀ ਤੇ ਬਿਰਾਜਮਾਨ ਰਾਸ਼ਟਰਪਤੀ ਨੇ ਲਗਾਤਾਰ ਚੋਣਾਂ ਦੀ ਗਿਣਤੀ ਦੇ ਕੰਮ-ਢੰਗ ਉਤੇ ਸ਼ੰਕੇ ਪੈਦਾ ਕਰੀ ਰੱਖੇ। ਡਾਨਲਡ ਟਰੰਪ ਨੇ ਵਾਰ ਵਾਰ ਆਪਣੇ ਹਮਾਇਤੀਆਂ ਇਹ ਕਹਿਕੇ ਉਕਸਾਇਆ ਕਿ ਡੈਮੋਕਰੇਟਿਕ ਪਾਰਟੀ ਨੇ ਚੋਣਾਂ ਲੁੱਟ ਲਈਆਂ ਹਨ।
ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ, ਜੋ ਦੁਨੀਆਂ ਭਰ ਨੂੰ ਜਮਹੂਰੀ ਕਦਰਾਂ ਕੀਮਤਾਂ ਦਾ ਸਬਕ ਪੜ੍ਹਾਉਂਦੀ ਹੈ ਅਤੇ ਜੋ ਬੰਦੂਕ ਦੀ ਨੋਕ ਉੱਤੇ ਜਮਹੂਰੀਅਤ ਲਾਗੂ ਕਰਨ ਦਾ ਠੇਕਾ ਚੁੱਕੀ ਫਿਰਦੀ ਹੈ ਉਸਦੇ ਆਪਣੇ ਰਾਸ਼ਟਰਪਤੀ ਨੂੰ, ਆਪਣੇ ਹੀ ਦੇਸ਼ ਦੇ ਚੋਣ ਕਮਿਸ਼ਨ ਅਤੇ ਚੋਣ ਪਰਕਿਰਿਆ ਉੱਤੇ ਵਿਸ਼ਵਾਸ਼ ਨਹੀ ਸੀ ਰਿਹਾ। ਇਹ ਕਿਹੀ ਵਿਡੰਬਨਾ ਹੈ ਕਿ ਜਿਹੜਾ ਰਾਸ਼ਟਰਪਤੀ ਗੱਦੀ ਉੱਤੇ ਬਿਰਾਜਮਾਨ ਹੋਵੇ ਅਤੇ ਜਿਸਦੇ ਅਧੀਨ ਹੀ ਸਾਰੀ ਚੋਣ ਪਰਕਿਰਿਆ ਚੱਲ ਰਹੀ ਹੋਵੇ ਉਹ ਹੀ, ਚੋਣ ਢੰਗ ਤੇ ਸ਼ੱਕ ਕਰਨ ਦੇ ਉੱਚੇ ਅਵਾਜ਼ੇ ਕਸਣ ਲਗ ਜਾਵੇ।
ਅਮਰੀਕੀ ਜਮਹੂਰੀਅਤ ਦੀ ਅਜਿਹੀ ਸਥਿਤੀ ਉੱਤੇ ਭਾਵੇਂ ਅਮਰੀਕਾ ਦੇ ਹਮਾਇਤੀ ਤਾਂ ਸਾਜਿਸ਼ੀ ਚੁੱਪ ਵੱਟ ਕੇ ਬੈਠੇ ਰਹੇ ਪਰ, ਇਰਾਨ ਦੇ ਰਾਸ਼ਟਰਪਤੀ ਅਤੇ ਉੱਥੋਂ ਦੇ ਧਾਰਮਕ ਰਹਿਬਰ ਨੇ ਅਮਰੀਕੀ ਜਮਹੂਰੀਅਤ ਤੇ ਵਾਹਵਾ ਟਿੱਪਣੀਆਂ ਕੀਤੀਆਂ।
ਖੈਰ ਵੋਟਾਂ ਦੀ ਗਿਣਤੀ ਵਾਲਾ ਕਾਰਜ ਡਿਗਦਾ ਢਹਿੰਦਾ ਨੇਪਰੇ ਚੜ੍ਹ ਗਿਆ ਪਰ ਡਾਨਲਡ ਟਰੰਪ ਨੇ ਆਪਣੀ ਜ਼ਹਿਰੀਲੀ ਬਿਆਨਬਾਜ਼ੀ ਨਾ ਛੱਡੀ ਅਤੇ ਨਾ ਹੀ ਆਪਣੀ ਸੱਤਾ ਦੇ ਆਖਰੀ ਦਿਨਾਂ ਤੱਕ ਉਸਨੇ ਆਪਣੇ ਅਫਸਰਾਂ ਨੂੰ ਬਰਖਾਸਤ ਕਰਨ ਦੀ ਰਵਾਇਤ ਹੀ ਛੱਡੀ। ਵੱਖ ਵੱਖ ਅਦਾਲਤਾਂ ਵਿੱਚ ਝੂਠੇ-ਸੱਚੇ ਦੋਸ਼ ਲਾ ਕੇ ਚੋਣਾਂ ਰੱਦ ਕਰਵਾਉਣ ਅਤੇ ਆਪ ਹੀ ਅਗਲੇ ਚਾਰ ਸਾਲਾਂ ਤੱਕ ਦੇਸ਼ ਦਾ ਰਾਸ਼ਟਰਪਤੀ ਬਣੇ ਰਹਿਣ ਦੇ ਯਤਨ ਵੀ ਕਿਸੇ ਕੰਮ ਨਾ ਆਏ।
ਆਖਰ ਡਾਨਲਡ ਟਰੰਪ ਨੇ ਉਹ ਹੀ ਕੀਤਾ ਜੋ ਉਸ ਵਰਗੇ ਗੈਰ-ਜਮਹੂਰੀ ਲੋਕ ਕਰਦੇ ਹੁੰਦੇ ਹਨ। ਤਾਨਾਸ਼ਾਹ ਹਰ ਮੁਲਕ ਵਿੱਚ ਸਟੇਟ ਨੂੰ ਆਪਣੀ ਨੌਕਰਾਣੀ ਬਣਾਕੇ ਚਲਾਉਣ ਦਾ ਯਤਨ ਕਰਦੇ ਹਨ। ਉਨ੍ਹਾਂ ਦਾ ਮੰਨਣਾਂ ਹੁੰਦਾ ਹੈ ਕਿ ਸਟੇਟ ਦੀ ਸਾਰੀ ਮਸ਼ੀਨਰੀ ਅਸਲ ਵਿੱਚ ਉਨ੍ਹਾਂ ਦੇ ਨਿੱਜੀ, ਫਿਰਕੂ ਅਤੇ ਫਾਸ਼ੀਵਾਦੀ ਏਜੰਡੇ ਦੀ ਪੂਰਤੀ ਲਈ ਜਰੂਰੀ ਹੈ।ਟਰੰਪ ਨੇ ਵੀ ਪਿਛਲੇ ਚਾਰ ਸਾਲਾਂ ਦੌਰਾਨ ਉਹ ਸਭ ਕੁਝ ਕੀਤਾ ਜੋ ਇੱਕ ਤਾਨਾਸ਼ਾਹ ਕਰ ਸਕਦਾ ਹੈ। ਅਮਰੀਕੀ ਪ੍ਰਸ਼ਾਸ਼ਨ ਅਤੇ ਸਟੇਟ ਮਸ਼ੀਨਰੀ ਨੂੰ ਉਸਨੇ ਆਪਣੇ ਫੁੱਟਪਾਉੂ ਏਜੰਡੇ ਲਈ ਖੂਬ ਵਰਤਿਆ। ਨਾ ਕਿਸੇ ਮੀਡੀਆ ਦੀ ਪਰਵਾਹ, ਨਾ ਅਫਸਰਸ਼ਾਹੀ ਦੀ ਨਾ ਹੀ ਕਿਸੇ ਹੋਰ ਜਿੰਮੇਵਾਰ ਅਦਾਰੇ ਦੀ।
ਕੋਈ ਵਾਹ ਨਾ ਚਲਦੀ ਦੇਖਕੇ ਅੰਤ ਨੂੰ ਡਾਨਲਡ ਟਰੰਪ ਨੇ ਇੱਕ ਅਸਿੱਧੇ ਸੰਦੇਸ਼ ਰਾਹੀ ਆਪਣੇ ਹਮਾਇਤੀਆਂ ਨੂੰ ਅਮਰੀਕੀ ਜਮਹੂਰੀ ਸੰਸਥਾਵਾਂ ਉੱਤੇ ਧਾਵਾ ਬੋਲਣ ਦਾ ਸੰਦੇਸ਼ ਦੇ ਦਿੱਤਾ। ਉਸਦਾ ਸੰਦੇਸ਼ ਮਿਲਣ ਦੀ ਦੇਰ ਸੀ ਕਿ ਉਸਦੇ ਹਜਾਰਾਂ ਹਮਾਇਤੀ ਅਮਰੀਕੀ ਸੰਸਦ ਵਿੱਚ ਜਾ ਵੜੇ ਅਤੇ ਉਨ੍ਹਾਂ ਗੁੰਡਾਗਰਦੀ ਕਰਨੀ ਅਰੰਭ ਕਰ ਦਿੱਤੀ।
ਅਸੀਂ ਇਹ ਕਿਆਸ ਵੀ ਨਹੀ ਕਰ ਸਕਦੇ ਕਿ ਅਮਰੀਕਾ ਦੀ ਸੰਸਦ ਵਿੱਚ ਵੀ ਗੁੰਡਾ ਅਨਸਰ ਦਾਖਲ ਹੋ ਸਕਦੇ ਹਨ। ਜਿਸ ਮੁਲਕ ਵਿੱਚ ਪੈਰ ਪੈਰ ਤੇ ਸੂਹੀਆ ਤੰਤਰ ਤਾਇਨਾਤ ਹੈ। ਉਸ ਮੁਲਕ ਦੀ ਸੰਸਦ ਵਿੱਚ ਕੋਈ ਬਿਨਾ, ਦਾਖਲੇ ਦੇ ਹੀ ਅੰਦਰ ਜਾ ਸਕਦਾ ਹੈ, ਦੰਗਾ ਕਰ ਸਕਦਾ ਹੈ ਅਤੇ ਆਪਣੀਆਂ ਫੋਟੋਆਂ, ਵੀਡੀਓ ਜਾਰੀ ਕਰ ਸਕਦਾ ਹੈ। ਇਸ ਸਭ ਕੁਝ ਦੇ ਬਾਵਜੂਦ ਟਰੰਪ ਨੇ ਉਸ ਮੰਦਭਾਗੇ ਕਾਰੇ ਦੇ ਵਿਰੋਧ ਵਿੱਚ ਇੱਕ ਵੀ ਅੱਖਰ ਨਾ ਬੋਲਿਆ।
ਆਖਰ ਜਿਸ ਦਿਨ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡਨ ਨੂੰ ਅਹੱਦੇ ਦੀ ਸਹੁੰ ਚੁਕਾਈ ਜਾਣੀ ਸੀ ਉਸ ਦਿਨ ਤਾਂ ਹੱਦ ਹੀ ਹੋ ਗਈ। ਅਮਰੀਕੀ ਰਾਜਧਾਨੀ ਦੇ ਜੋ ਦਿ੍ਰਸ਼ ਦੁਨੀਆਂ ਨੇ ਦੇਖੇ ਉਹ ਹੈਰਾਨ ਕਰਨ ਵਾਲੇ ਸਨ। ਜਿਸ ਦਿਨ ਪੂਰੇ ਦੇਸ਼ ਵਿੱਚ ਚਹਿਲ ਪਹਿਲ ਅਤੇ ਮੇਲੇ ਵਰਗੇ ਮਹੌਲ ਚਾਹੀਦਾ ਸੀ ਉਸ ਦਿਨ ਦੇਸ਼ ਦੀ ਰਾਜਧਾਨੀ ਵਿੱਚ ਕਰਫਿਊ ਲਗਾ ਦਿੱਤਾ ਗਿਆ। 50 ਹਜਾਰ ਫੌਜੀ ਗਲੀਆਂ ਵਿੱਚ ਤਾਇਨਾਤ ਕਰ ਦਿੱਤੇ ਗਏ। ਕੈਪੀਟਲ ਹਿੱਲ ਨੂੰ ਜੋ ਸੜਕ ਜਾਂਦੀ ਹੈ, ਜਿੱਥੇ ਹਰ ਸਮੇਂ ਮੇਲੇ ਵਰਗਾ ਮਹੌਲ ਹੁੰਦਾ ਹੈ ਉੱਥੇ ਸੁੰਨਸਾਨ ਛਾਈ ਹੋਈ ਸੀ।
ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਜੋ ਆਪਣੇ ਉੱਚੇ ਕਿਰਦਾਰ ਕਰਕੇ ਜਾਣੀ ਜਾਂਦੀ ਸੀ ਨੂੰ ਆਪਣੇ ਅਹੁਦੇਦਾਰ ਅਤੇ ਸੰਸਥਾਵਾਂ ਬਚਾਉਣ ਲਈ ਬਿਲਕੁਲ ਉਸੇ ਤਰ੍ਹਾਂ ਫੌਜ ਦਾ ਸਹਾਰਾ ਲੈਣਾਂ ਪਿਆ ਜਿਵੇਂ ਅਫਗਾਨਿਸਤਾਨ ਅਤੇ ਬਹੁਤ ਸਾਰੇ ਅਫਰੀਕੀ ਮੁਲਕਾਂ ਵਿੱਚ ਲੈਣਾਂ ਪੈਂਦਾ ਹੈ। ਏਨੀ ਫੌਜ ਤਾਂ ਉਗਾਂਡਾ ਵਿੱਚ ਦੇਖਣ ਨੂੰ ਨਹੀ ਮਿਲੀ ਜਿੱਥੇ ਪਿਛਲੇ ਦਿਨੀ ਚੋਣਾਂ ਹੋ ਕੇ ਹਟੀਆਂ ਹਨ ਅਤੇ ਜਿੱਥੇ ਸੱਤਾਧਾਰੀ ਰਾਸ਼ਟਰਪਤੀ ਉੱਤੇ ਘਪਲੇ ਦੇ ਦੋਸ਼ ਲੱਗ ਰਹੇ ਹਨ।
ਇਸ ਸਾਰੇ ਕੁਝ ਤੋਂ ਇਹ ਸਬਕ ਮਿਲਦਾ ਹੈ ਕਿ ਜਮਹੂਰੀਅਤ ਨੂੰ ਕਈ ਵਾਰ ਇੱਕ ਗੰਦਾ ਆਂਡਾ ਹੀ ਖਤਮ ਕਰ ਦੇਂਦਾ ਹੈ। ਜੇ ਦੇਸ਼ ਨੂੰ ਘਟੀਆ ਅਤੇ ਤਾਨਾਸ਼ਾਹ ਆਗੂ ਮਿਲ ਜਾਵੇ ਤਾਂ ਦੇਸ਼ ਦਾ ਸਾਰਾ ਸਿਸਟਮ ਖਤਮ ਕਰ ਸਕਦਾ ਹੈ। ਕੱਲ੍ਹ ਨੂੰ ਭਾਰਤ ਸਮੇਤ ਹੋਰ ਮੁਲਕਾਂ ਵਿੱਚ ਵੀ ਅਜਿਹਾ ਹੋ ਸਕਦਾ ਹੈ।