ਪੰਜਾਬ ਵਿੱਚ, ਪੰਜਾਬੀਅਤ ਦੇ ਝੰਡੇ ਥੱਲੇ ਰਾਜ ਕਰ ਰਹੇ ਅਕਾਲੀ ਦਲ ਨੇ ਬਹੁਤ ਲੰਬੇ ਸਮੇਂ ਤੋਂ ਬਾਅਦ ‘ਪੰਥਕ’ ਅੰਗੜਾਈ ਲਈ ਹੈ। ਲਗਭਗ ਦੋ ਦਹਾਕੇ ਤੋਂ ਬਾਅਦ ਅਕਾਲੀ ਦਲ ਨੂੰ ਫਿਰ ਪੰਥ ਯਾਦ ਆਉਣ ਲੱਗਾ ਹੈ। ਪੰਥ ਦੇ ਗੁਰਧਾਮ, ਪੰਥ ਦੀਆਂ ਰਵਾਇਤਾਂ ਅਤੇ ਖਾਸ ਕਰਕੇ ਸਿੱਖਾਂ ਨੂੰ ਇੱਕ ਕੌਮ ਵੱਜੋਂ ਸੰਬੋਧਿਤ ਹੋਣ ਦਾ ਅਕਾਲੀ ਦਲ ਨੂੰ ਫਿਰ ਚੇਤਾ ਆ ਗਿਆ ਹੈ।

ਅਕਾਲੀ ਦਲ ਦੇ ਇਤਿਹਾਸ ਨੇ ਦੋ ਦਹਾਕਿਆਂ ਦਾ ਲੰਬਾ ਚੱਕਰ ਕੱਟ ਲਿਆ ਹੈ। ਦੋ ਦਹਾਕੇ ਪਹਿਲਾਂ ਅਕਾਲੀ ਦਲ ਨੇ ਆਪਣੀਆਂ ਜੜ੍ਹਾਂ ਨੂੰ ਸੁਚੇਤ ਰੂਪ ਵਿੱਚ ਤਿਲਾਂਜਲੀ ਦੇ ਦਿੱਤੀ ਸੀ। ੧੯੯੫ ਵਿੱਚ ਮੋਗਾ ਵਿਖੇ ਹੋਈ ਅਕਾਲੀ ਦਲ ਦੀ ਕਾਨਫਰੰਸ ਵਿੱਚ ਅਕਾਲੀ ਦਲ ਨੇ ਐਲਾਨੀਆ ਤੌਰ ਤੇ ਪੰਥ ਨੂੰ ਬੇਦਾਵਾ ਦੇ ਦਿੱਤਾ ਸੀ। ਜਿਨ੍ਹਾਂ ਦਿਨਾਂ ਵਿੱਚ ਪੰਥ ਨੂੰ ਅਕਾਲੀ ਦਲ ਦੀ ਸਭ ਤੋਂ ਜਿਆਦਾ ਜਰੂਰਤ ਸੀ ਉਨ੍ਹਾਂ ਦਿਨਾਂ ਵਿੱਚ ਹੀ ਅਕਾਲੀ ਦਲ ਨੇ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਸੀ। ੧੯੯੫ ਦਾ ਪੰਜਾਬ ਸਰੀਰਕ ਅਤੇ ਮਾਨਸਿਕ ਤੌਰ ਤੇ ਜ਼ਖਮੀ ਹੋਇਆ ਪਿਆ ਸੀ। ਦਿੱਲੀ ਵਾਲਿਆਂ ਨੇ ਇਸਦੀ ਚੜ੍ਹਦੀ ਜਵਾਨੀ ਦੀ ਇੱਕ ਪੂਰੀ ਪੀੜ੍ਹੀ ਸਮੇਟ ਦਿੱਤੀ ਸੀ। ਪੰਜਾਬ ਦੇ ਸਿਵੇ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਨਾਲ ਧੁਖ ਰਹੇ ਸਨ। ਪੰਜਾਬ ਦੇ ਬੁੱਢੇ ਮਾਪੇ ਥਾਣਿਆਂ ਵਿੱਚ ਆਪਣੇ ਗੱਭਰੂ ਜਵਾਨਾਂ ਦੇ ਸਿਰਨਾਵੇਂ ਪੁੱਛਦੇ ਰੁਲ ਰਹੇ ਸਨ। ਪੰਜਾਬ ਦੇ ਬਾਪੂ ਦੀ ਪੱਗ ਅਤੇ ਦਾਹੜੀ ਦਹਿਸ਼ਤ ਦੀ ਜੰਝ ਲੈ ਕੇ ਆਈ ਦਿੱਲੀ ਦੀਆਂ ਥੜ੍ਹੀਆਂ ਤੇ ਰੁਲ ਰਹੀ ਸੀ। ਪੰਜਾਬ ਦੀਆਂ ਮਾਵਾਂ ਦੀਆਂ ਅੱਖਾਂ ਵਿੱਚ ਅੱਥਰੂ ਨਹੀ ਬਲਕਿ ਲਹੂ ਸੀ, ਭੈਣਾਂ ਦੇ ਵੀਰ ਰਾਤ ਦੀਆਂ ਕਾਲੀਆਂ ਹਨੇਰੀਆਂ ਵਿੱਚ ਅਜਿਹੇ ਅਲੋਪ ਹੋਏ ਕਿ ਵਾਪਸ ਉਨ੍ਹਾਂ ਦਾ ਖੁਰਾ ਵੀ ਨਾ ਲੱਭਾ।

ਅਜਿਹੇ ਭਿਆਨਕ ਸਮੇਂ ਜਦੋਂ ਕਿਸੇ ਵੀ ਸਮੂਹ ਦਾ ਭਾਈਚਾਰਾ ਸਭ ਤੋਂ ਜਿਆਦਾ ਕੰਮ ਆਉਂਦਾ ਹੁੰਦਾ ਹੈ ਉਸ ਵੇਲੇ ਅਕਾਲੀ ਦਲ ਨੇ ਜੁਲਮਾਂ ਦੇ ਠਾਠਾਂ ਮਾਰਦੇ ਭਿਅੰਕਰ ਤੂਫਾਨ ਵਿੱਚ ਪੰਥ ਦਾ ਸਾਥ ਛੱਡ ਦਿੱਤਾ ਸੀ, ਉਹ ਵੀ ਐਲਾਨੀਆ ਤੌਰ ਤੇ। ਪੰਥ ਅਤੇ ਅਕਾਲੀ ਦਲ ਦੋ ਵੱਖਰੇ ਸਿਰੇ ਬਣ ਗਏ ਸਨ। ਅਕਾਲੀ ਦਲ ਲਈ ਪੰਥ ਦੇ ਕੋਈ ਅਰਥ ਨਹੀ ਸੀ ਰਹਿ ਗਏ। ਪੰਥ ਉਨ੍ਹਾਂ ਲਈ ਸਿਰਫ ਵੋਟਾਂ ਪਾਉਣ ਵਾਲੀਆਂ ਮਸ਼ੀਨਾ ਬਣ ਕੇ ਰਹਿ ਗਿਆ ਸੀ।

ਉਸ ਪੰਥ ਨਾਲ ਅਕਾਲੀ ਦਲ ਦਾ ਕੋਈ ਵਾਸਤਾ ਨਹੀ ਸੀ ਜੋ ਇਸਦੇ ਲੀਡਰਾਂ ਦੀ ਇੱਕ ਹਾਕ ਤੇ ਪੰਜਾਬ ਦੀਆਂ ਜੇਲ਼੍ਹਾਂ ਭਰ ਦਿੰਦਾ ਸੀ, ਜੋ ਪੰਜਾਬ ਦੀਆਂ ਸਾਰੀਆਂ ਸੜਕਾਂ ਜਾਮ ਕਰ ਦਿੰਦਾ ਸੀ, ਜੋ ਸਾਰੇ ਪੰਜਾਬ ਨੂੰ ਬੰਦ ਕਰਕੇ ਅਕਾਲੀ ਦਲ ਦੇ ਹੱਕ ਵਿੱਚ ਖੜ੍ਹਦਾ ਸੀ ਅਤੇ ਜੋ ਲੋੜ ਪੈਣ ਤੇ ਆਪਣੇ ਪੁੱਤਰਾਂ ਨੂੰ ਪੰਥ ਤੇ ਮਾਂ ਧਰਤੀ ਦੀ ਗੈਰਤ ਦੀ ਰਾਖੀ ਲਈ ਤੋਰ ਦਿੰਦਾ ਸੀ।

ਉਸ ਭਿਆਨਕ ਸਮੇਂ ਨੂੰ ਪੰਥ ਨੇ ਅਕਾਲੀ ਦਲ ਤੋਂ ਬਿਨਾ ਕਿਵੇ ਗੁਜਾਰਿਆ ਸ਼ਾਇਦ ਇਸ ਬਾਰੇ ਲਿਖਣ ਦੀ ਲੋੜ ਨਹੀ ਹੈ। ਪੰਥ ਦਰ ਦਰ ਭਟਕਦਾ ਰਿਹਾ। ਅਕਾਲੀਆਂ ਦੇ ਦਰਬਾਰ ਵਿੱਚ ਆਪਣੇ ਗੁਆਚੇ ਗੱਭਰੂਆਂ ਦੀ ਯਾਦ ਵਿੱਚ ਅੱਥਰੂ ਵਹਾਉਂਦਾ ਰਿਹਾ। ਪਰ ਅਕਾਲੀ ਦਲ ਨੇ ਬਹੁਤ ਬੇਸ਼ਰਮੀ ਨਾਲ ਆਖ ਦਿੱਤਾ ਕਿ ਅਸੀਂ ਉਸ ਪੰਥ ਦਾ ਸਾਥ ਛੱਡ ਆਏ ਹਾਂ ਜਿਸਨੇ ਤੁਹਾਡੀ ਅੱਖ ਦੇ ਹੰਝੂ ਪੂੰਝਣੇ ਸਨ। ਇਹ ਅਕਾਲੀ ਦਲ ਹੋਰ ਮਿੱਟੀ ਦਾ ਬਣਿਆ ਹੋਇਆ ਹੈ। ਇਸ ਵਿੱਚ ਹਰ ਸਿਫਾਰਸ਼ ਅਤੇ ਜੀ ਹਜ਼ੂਰੀ ਦੇ ਰੇਟ ਬੰਨ੍ਹੇ ਹੋਏ ਹਨ ਜੋ ਭਾੜਾ ਦੇ ਸਕਦਾ ਹੈ ਉਹ ਅਕਾਲੀ ਦਲ ਦੀਆਂ ਬਰੂਹਾਂ ਤੇ ਪੈਰ ਰੱਖੇ ਵਰਨਾ ਰਫੂ ਚੱਕਰ ਹੋ ਜਾਵੇ।

੨੦ ਸਾਲ ਪਹਿਲਾਂ ਅਕਾਲੀ ਦਲ ਨੂੰ ਦਿੱਲੀ ਦੇ ਹੁਕਮਾਂ ਅਤੇ ਡਰਾਵਿਆਂ ਨਾਲ ਆਪਣਾਂ ਮਖੌਟਾ ਬਦਲਣ ਲਈ ਮਨਾਇਆ ਗਿਆ ਸੀ। ਖਾੜਕੂ ਲਹਿਰ ਦਾ ਸੂਰਜ ਅਸਤ ਹੋਣ ਤੋਂ ਬਾਅਦ ਦਿੱਲੀ ਵਾਲਿਆਂ ਨੇ ਪੰਥ ਦੀਆਂ ਦੋ ਸਿਰਮੌਰ ਸੰਸਥਾਵਾਂ ਦਾ ਵਿਚਾਰਧਾਰਕ ਮਰਸੀਆ ਪੜ੍ਹਿਆ ਸੀ। ਇੱਕ ਸੀ ਅਕਾਲੀ ਦਲ ਅਤੇ ਦੂਜਾ ਸੀ ਹਮੇਸ਼ਾ ਪੰਥ ਦੇ ਦੁਖ ਵਿੱਚ ਸ਼ਰੀਕ ਹੋਣ ਵਾਲਾ ਪੰਜਾਬੀ ਦਾ ਅਖਬਾਰ। ਇਨ੍ਹਾਂ ਦੋਵਾਂ ਸੰਸਥਾਵਾਂ ਨੂੰ ਵੱਡੇ ਵਪਾਰਕ ਲਾਲਚਾਂ ਅਤੇ ਲਾਈਨ ਤੇ ਨਾ ਆਉਣ ਤੇ ਸਰਕਾਰੀ ਦਹਿਸ਼ਤ ਦੇ ਡੰਡੇ ਦਾ ਡਰਾਵਾ ਦੇ ਕੇ ਪੰਥਕ ਰਾਹ ਤੋਂ ਉਖਾੜ ਦਿੱਤਾ ਗਿਆ ਸੀ। ੨੦ ਸਾਲਾਂ ਤੋਂ ਇਹ ਦੋਵੇਂ ਸੰਸਥਾਵਾਂ ਆਪਣੀਆਂ ਜੜ੍ਹਾਂ ਤੋਂ ਟੁੱਟਣ ਅਤੇ ਸਿੱਖਾਂ ਨੂੰ ਗੁਰੂ ਦੀਆਂ ਬਖਸ਼ਿਸ਼ਾਂ ਤੋਂ ਤੋੜਨ ਦੇ ਸਿਰਤੋੜ ਯਤਨ ਕਰ ਰਹੀਆਂ ਹਨ। ਅਕਾਲੀ ਦਲ ਦਾ ਚਿਹਰਾ ਮੋਹਰਾ ਇਨ੍ਹਾਂ ੨੦ ਸਾਲਾਂ ਵਿੱਚ ਬਦਲਣ ਦੇ ਸਿਰਤੋੜ ਯਤਨ ਕੀਤੇ ਗਏ। ਟਕਸਾਲੀ ਅਕਾਲੀਆਂ ਦੀ ਥਾਂ ਅਕਾਲੀ ਦਲ ਵਿੱਚ ਘੋਨ ਮੋਨ ਅਤੇ ਚਾਪਲੂਸ ਲੋਕਾਂ ਦਾ ਜਮਘਟਾ ਇਕੱਠਾ ਕੀਤਾ ਗਿਆ। ਜਰਦਾ ਖਾਕੇ ਗੁਰਦੁਆਰਿਆਂ ਵਿੱਚ ਹੀ ਥੁੱਕ ਦੇਣ ਵਾਲੇ ਸੱਜਣ ਅਕਾਲੀ ਦਲ ਦੇ ਵਾਹਦ ਲੀਡਰਾਂ ਦੇ ਪ੍ਰਮਾਣ ਪੱਤਰ ਲਿਆਉਣ ਲੱਗੇ। ਪੰਥ ਲਈ ਕੁਰਬਾਨੀਆਂ ਦੇਣ ਵਾਲੇ ਸੱਭਿਆਚਾਰ ਨੂੰ ‘ਬ੍ਰਿਗੇਡ’ ਸੱਭਿਆਚਾਰ ਵਿੱਚ ਬਦਲ ਦਿੱਤਾ ਗਿਆ। ਵਪਾਰ ਅਤੇ ਪੈਸਾ ਬੇਲਾਗ ਕੁਰਬਾਨੀਆਂ ਤੇ ਭਾਰੂ ਹੋ ਗਿਆ। ਪੰਜਾਬੀਅਤ ਦੇ ਰੰਗ ਵਿੱਚ ਅਕਾਲੀ ਦਲ ਨੂੰ ਅਜਿਹਾ ਰੰਗਿਆ ਕਿ ਉਹ ਆਪਣੀ ਬੜ੍ਹਕ ਵੀ ਗਵਾ ਬੈਠਾ।

ਇਹੋ ਹਾਲ ਉਸ ਪੰਥਕ ਅਖਬਾਰ ਦਾ ਹੋਇਆ ਜੋ ਕਦੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਾ ਸੀ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਬਰਸੀ ਤੇ ਵਿਸ਼ੇਸ਼ ਲੇਖ ਛਾਪਣ ਲੱਗ ਪਿਆ।

ਆਖਰ ਸਮੇਂ ਨੇ ਆਪਣਾਂ ਗੇੜ ਪੂਰਾ ਕਰ ਲਿਆ ਹੈ। ਪੰਜਾਬੀ ਦੀ ਕਹਾਵਤ ਹੈ ਕਿ ਚੋਰੀ ਦੇ ਪੁੱਤ ਕਦੇ ਜਵਾਨ ਨਹੀ ਹੁੰਦੇ। ਅਕਾਲੀ ਦਲ ਨੇ ੨੦ ਸਾਲ ਚੋਰੀ ਕੀਤੀ ਹੋਈ ਵਿਚਾਰਧਾਰਾ ਦੇ ਸਹਾਰੇ ਰਾਜ ਕਰਨ ਦਾ ਯਤਨ ਕੀਤਾ ਪਰ ਆਖਰ ਉਹ ਸੁਪਨਾ ਟੁੱਟਣ ਦੇ ਕੰਢੇ ਆ ਪਹੁੰਚਿਆ ਹੈ।

ਬੇਸ਼ੱਕ ਹਰਿਆਣੇ ਦੇ ਗੁਰਦੁਆਰਿਆਂ ਦੀ ਗੋਲਕ ਦੇ ਲਾਲਚ ਵਸ ਹੀ ਸਹੀ ਪਰ ਅਕਾਲੀ ਦਲ ਦੀ ਮੰਜੀ ਸਾਹਿਬ ਵੱਲ ਨੂੰ ਰਵਾਨਗੀ ਇਸ ਗੱਲ ਦਾ ਸਬੂਤ ਹੈ ਕਿ ਆਪਣੇ ਮਹਾਨ ਗੁਰਧਾਮਾਂ ਅਤੇ ਉਨ੍ਹਾਂ ਨਾਲ ਜੁੜੀ ਹੋਈ ਵਿਚਾਰਧਾਰਾ ਨੂੰ ਵਿਸਾਰ ਕੇ ਅਕਾਲੀ ਦਲ ਚੈਨ ਦੀ ਨੀਂਦ ਨਹੀ ਸੌਂ ਸਕੇਗਾ। ਇਸ ਗੱਲ ਦਾ ਸਾਨੂੰ ਇਲਮ ਹੈ ਕਿ ਅਕਾਲੀ ਦਲ ਦੀ ਆਪਣੇ ਵਿਰਸੇ ਵੱਲ ਨੂੰ ਵਾਪਸੀ ਸਿਰਫ ਇੱਕ ਵਕਤੀ ਚਲਾਕੀ ਹੈ ਪਰ ਜਦੋਂ ਇਤਿਹਾਸ ਲਿਖੇ ਜਾਣਗੇ ਉਸ ਵੇਲੇ ਇਹ ਗੱਲ ਜਰੂਰ ਨੋਟ ਕੀਤੀ ਜਾਵੇਗੀ ਕਿ ਵਿਰਸੇ ਤੋਂ ਟੁੱਟ ਕੇ ਕੋਈ ਕਿੰਨੇ ਵੀ ਰਾਜ ਭਾਗ ਕਿਉਂ ਨਾ ਮਾਣ ਲਵੇ ਪਰ ਅਸਲ ਸ਼ਾਂਤੀ ਆਪਣੇ ਵਿਰਸੇ ਦੀ ਗੋਦ ਵਿੱਚ ਹੀ ਨਸੀਬ ਹੁੰਦੀ ਹੈ।

ਅਕਾਲੀ ਦਲ ਦੀ ਇਸ ‘ਪੰਥਕ’ ਅੰਗੜਾਈ ਲਈ ਅਸੀਂ ਉਸ ਨੂੰ ਵਧਾਈ ਦਿੰਦੇ ਹਾਂ ਅਤੇ ਨਾਲ ਹੀ ਪੰਥਕ ਦਰਦ ਰੱਖਣ ਵਾਲੇ ਸਿੱਖਾਂ ਨੂੰ ਸੁਚੇਤ ਕਰਕੇ ਹਾਂ ਕਿ ਕਿਤੇ ਇਨ੍ਹਾਂ ਦੀਆਂ ਮੋਮੋਠਗਣੀਆਂ ਵਿੱਚ ਆਕੇ ਆਪਣਾਂ ਨੁਕਸਾਨ ਨਾ ਕਰਵਾ ਬੈਠਿਓ। ਗਿਰਗਿਟਾਂ ਦਾ ਕੀ ਪਤਾ ਕਦੋਂ ਰੰਗ ਬਦਲ ਜਾਣ।