ਹਿੰਡਨਬਰਗ ਰਿਸਰਚ, ਜਿਸ ਨੂੰ ਕ੍ਰਿਪਟੋ ਕੰਪਨੀਆਂ ਅਤੇ ਘਾਟੇ ਵਾਲੇ ਕੋਰੇ ਚੈੱਕਾਂ ਦੇ ਸੰਬੰਧ ਵਿਚ ਪ੍ਰਮੁੱਖਤਾ ਮਿਲੀ, ਆਪਣੀ ਹੁਣ ਤੱਕ ਦੇ ਸਭ ਤੋਂ ਟੀਚੇ ਦਾ ਪਿੱਛਾ ਕਰ ਰਿਹਾ ਹੈ: ਵਿਭਿੰਨ ਭਾਰਤੀ ਕੰਪਨੀਆਂ ਦੇ ਮਿਸ਼ਰਣ ਅਡਾਨੀ ਸਮੂਹ ਅਤੇ ਇਸ ਦੇ ਅਰਬਪਤੀ ਸੰਸਥਾਪਕ ਗੌਤਮ ਅਡਾਨੀ, ਜਿਸ ਨੂੰ ਫੋਰਬਸ ਨੇ ਦੁਨੀਆਂ ਦਾ ਤੀਜਾ ਸਭ ਤੋਂ ਅਮੀਰ ਆਦਮੀ ਘੋਸ਼ਿਤ ਕੀਤਾ ਹੈ।ਪਰ ਪਿਛਲੇ ਦਿਨਾਂ ਵਿਚ ਘਾਟਾ ਸਹਿਣ ਕਰਕੇ ਅਡਾਨੀ ਤੀਜੇ ਸਥਾਨ ਤੋਂ ਖਿਸਕ ਕੇ ਗਿਆਰਵੇਂ ਸਥਾਨ ਉੱਪਰ ਆ ਗਿਆ ਹੈ।ਹਿੰਡਨਬਰਗ ਨੇ ਇਕ ਲੰਮੀ ਰਿਪੋਰਟ ਜਾਰੀ ਕੀਤੀ ਹੈ ਜਿਸ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਅਡਾਨੀ ਸਮੂਹ ਕਾਰਪੋਰੇਟ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਧੋਖਾ ਕਰ ਰਿਹਾ ਹੈ।ਹਿੰਡਨਬਰਗ ਨੇ ਅਡਾਨੀ ਉੱਪਰ ਪਿਛਲ਼ੇ ਦਹਾਕਿਆਂ ਵਿਚ ਮਹਿਜ਼ ਨਾਮ ਭਰ ਦੀਆਂ ਕੰਪਨੀਆਂ ਰਾਹੀ ਸ਼ਰੇਆਮ ਪੰੂਜੀ ਜਾਲਸਾਜੀ ਅਤੇ ਲੇਖੇਜੋਖੇ ਵਿਚ ਧੋਖਾਧੜੀ ਦਾ ਇਲਜ਼ਾਮ ਲਗਾਇਆ ਹੈ।ਹਿੰਡਨਬਰਗ ਨੇ ਇਹ ਵੀ ਦਰਜ ਕੀਤਾ ਹੈ ਕਿ ਅਡਾਨੀ ਸਮੂਹ ਉੱਪਰ ਭ੍ਰਿਸ਼ਟਾਚਾਰ, ਕਾਲੇ ਧਨ ਨੂੰ ਚਿੱਟਾ ਕਰਨ ਅਤੇ ਕਰ ਦੇਣ ਵਾਲਿਆਂ ਦੇ ਧਨ ਦੀ ਚੋਰੀ ਦੇ ਇਲਜ਼ਾਮ ਲਗਦੇ ਰਹੇ ਹਨ।ਅਡਾਨੀ ਸਮੂਹ ਨੇ ਸੱਤ ਉਨ੍ਹਾਂ ਕੰਪਨੀਆਂ ਨਾਲ ਵਪਾਰ ਕੀਤਾ ਜਿਸ ਵਿਚ ਉਨ੍ਹਾਂ ਨੂੰ ਜਿਆਦਾ ਦਰ ਦੇਣੀ ਪਈ।ਹਿੰਡਨਬਰਗ ਨੇ ਕਿਹਾ ਸੀ ਕਿ ਅਡਾਨੀ ਸਮੂਹ ਦੇ ਸ਼ੇਅਰਾਂ ਦੀਆਂ ਕੀਮਤਾਂ ਡਿੱਗ ਪੈਣਗੀਆਂ। ਅਡਾਨੀ ਇੰਟਰਪ੍ਰਾਈਜਸ, ਜੋ ਕਿ ਅਡਾਨੀ ਸਮੂਹ ਦੀ ਮਹੱਤਵਪੂਰਨ ਕੰਪਨੀ ਹੈ, ਦੇ ਸ਼ੇਅਰਾਂ ਦੀਆਂ ਕੀਮਤਾਂ ਬੁੱਧਵਾਰ ਨੂੰ ਬੁਰੀ ਤਰਾਂ ਡਿੱਗ ਗਈਆਂ ਅਤੇ ਇਸ ਦੁਆਰਾ ਲਏ ਗਏ ਅੰਬੁਜਾ ਸੀਮੈਂਟ ਦੀਆਂ ਕੀਮਤਾਂ ਵੀ ਉਸ ਤੋਂ ਬਾਅਦ ਲਗਾਤਾਰ ਡਿੱਗ ਰਹੀਆਂ ਹਨ।

ਇਕ ਦਿਨ ਵਿਚ ਇਸ ਦੇ ਸ਼ੇਅਰ ਧਾਰਕਾਂ ਦੀਆਂ ਕੀਮਤਾਂ ੯.੪ ਬਿਲੀਅਨ ਡਾਲਰ ਤੱਕ ਡਿੱਗ ਗਈਆਂ। ਹੁਣ ਤੱਕ ੫.੬੧ ਲੱਖ ਕਰੋੜ ਤੋਂ ਜਿਆਦਾ ਦਾ ਪੈਸਾ ਪੂਰਣ ਰੂਪ ਵਿਚ ਤਬਾਹ ਹੋ ਚੁੱਕਿਆ ਹੈ।ਭਾਰਤੀ ਰਾਸ਼ਟਰੀ ਬੈਂਕ ਅਤੇ ਬੀਮਾ ਕੰਪਨੀਆਂ ਉੱਪਰ ਵੀ ਇਸ ਦਾ ਭਾਰ ਪਿਆ ਹੈ ਕਿਉਂਕਿ ਇਹਨਾਂ ਦਾ ਅਡਾਨੀ ਸਮੂਹ ਦੀਆਂ ਕੰਪਨੀਆਂ ਦੁਰਭਾਵਨਾਪੂਰਣ ਸੁਮੇਲ ਦੱਸਿਆ ਹੈ ਅਤੇ ਦੋਸ਼ ਲਗਾਇਆ ਕਿ ਪਹਿਲਾਂ ਲੱਗੇ ਸਾਰੇ ਦੋਸ਼ ਹੀ ਭਾਰਤੀ ਅਦਾਲਤਾਂ ਵਿਚ ਗਲਤ ਸਾਬਿਤ ਹੋ ਚੁੱਕੇ ਹਨ।ਚਾਰ ਦਹਾਕਿਆਂ ਵਿਚ ਅਡਾਨੀ ਨੇ ਇਕ ਅਜਿਹਾ ਸਾਮਰਾਜ ਖੜ੍ਹਾ ਕੀਤਾ ਹੈ ਜਿਸ ਵਿਚ ਉਦਯੋਗਿਕ ਕੰਪਨੀਆਂ, ਏਅਰਪੋਰਟ, ਸੂਰਜੀ ਊਰਜਾ ਅਤੇ ਦੂਰਸੰਚਾਰ ਦੀਆਂ ਕੰਪਨੀਆਂ ਸ਼ਾਮਿਲ ਹਨ।ਮੋਦੀ ਸਰਕਾਰ ਦੀ ਮਿਹਰਬਾਨੀ ਕਰਕੇ ਅਡਾਨੀ ਦੇਸ਼ ਦੀ ਅਧਾਰਭੂਤ ਸੰਰਚਨਾ ਵਿਚ ਮੁੱਖ ਖਿਡਾਰੀ ਦੇ ਰੂਪ ਵਿਚ ਉੱਭਰਿਆ।ਦੇਸ਼ ਦੀ ਪ੍ਰਮੱੁਖ ਮੀਡੀਆ ਕੰਪਨੀ ਐਨਡੀਟੀਵੀ ਉੱਪਰ ਆਪਣਾ ਨਿਯੰਤ੍ਰਣ ਕਰਨ ਤੋਂ ਬਾਅਦ ਇਸ ਨੇ ਮੀਡੀਆ ਦੀ ਅਜ਼ਾਦੀ ਨੂੰ ਲੈ ਕੇ ਸੁਆਲ ਉਠਾਏ ਹਨ।ਆਪਣੇ ਪ੍ਰਮੁੱਖ ਰੋਲ ਕਰਕੇ ਹੀ ਅਡਾਨੀ ਨੂੰ ਮੋਦੀ ਦਾ ਰੌਕਫੈਲਰ ਵੀ ਕਿਹਾ ਜਾਂਦਾ ਹੈ ਜਿਸ ਦਾ ਅਰਥ ਹੈ, ਉਹ ਵਿਅਕਤੀ ਜਿਸ ਦਾ ਉਦਯੋਗ ਵਿਚ ਵੱਡਾ ਆਰਥਿਕ ਹਿੱਤ ਜੁੜਿਆ ਹੋਵੇ।

ਮੋਦੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਅਡਾਨੀ ਸਮੂਹ ਦੇ ਧਨ ਵਿਚ ੨੦੦ ਪ੍ਰਤੀਸ਼ਤ ਤੱਕ ਦਾ ਵਾਧਾ ਹੋਇਆ ਹੈ।੨੦੨੦ ਤੱਕ ਨੇਥਨ ਐਂਡਰਸਨ ਦੁਆਰਾ ਸਥਾਪਿਤ ਹਿੰਡਨਬਰਗ ਰਿਸਰਚ ਬਾਰੇ ਵਾਲ ਸਟਰੀਟ ਵਿਚ ਕਿਸੇ ਨੂੰ ਪਤਾ ਵੀ ਨਹੀਂ ਸੀ।੨੦੨੦ ਵਿਚ ਉਨ੍ਹਾਂ ਨੇ ਵਹੀਕਲ ਬਣਾਉਣ ਵਾਲੀ ਕੰਪਨੀ ਨਿਕੌਲ਼ਾ ਵਿਚ ਧੋਖਾਧੜੀ ਨੂੰ ਉਜਾਗਰ ਕੀਤਾ ਸੀ।ਇਹ ਰਿਪੋਰਟ ਕੰਪਨੀ ਦੇ ਸੰਸਥਾਪਕ ਟਰੇਵਰ ਮਿਲਟਨ ਵਿਰੁੱਧ ਬਹੁਤ ਮਹੱਤਵਪੂਰਨ ਬਣ ਕੇ ਉੱਭਰੀ ਸੀ।ਦਿਨਾਂ ਵਿਚ ਹੀ ਅਡਾਨੀ ਸਮੂਹ ਨੂੰ ੩੬ ਬਿਲੀਅਨ ਡਾਲਰ ਦਾ ਨੁਕਸਾਨ ਹੋਇਆ।ਅਡਾਨੀ ਸਮੂਹ ਹੁਣ ਤੱਕ ਦੀ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ।ਵਿਸ਼ਵ ਦੇ ਅਮੀਰਾਂ ਨੇ ੨੦੨੦ ਅਤੇ ੨੦੨੧ ਵਿਚ ਆਪਣੀ ਜਾਇਦਾਦ ਵਿਚ ਅਰਬਾਂ ਦਾ ਵਾਧਾ ਕੀਤਾ।ਇਸ ਤੋਂ ਬਾਅਦ ਉਨ੍ਹਾਂ ਨੂੰ ਬਾਰਾਂ ਮਹੀਨੇ ਉਤਰਾਅ ਚੜਾਅ ਦਾ ਸਾਹਮਣਾ ਕਰਨਾ ਪਿਆ।ਯੂਰਪ ਵਿਚ ਯੁੱਧ ਅਤੇ ਲਗਾਤਾਰ ਵਧਦੀ ਮਹਿੰਗਾਈ ਕਰਕੇ ਦਸੰਬਰ ੨੦੨੨ ਦੇ ਅੰਤ ਤੱਕ ਉਨ੍ਹਾਂ ਨੂੰ ੨ ਟ੍ਰਿਲੀਅਨ ਡਾਲਰ ਦਾ ਨੁਕਸਾਨ ਸਹਿਣਾ ਪਿਆ।ਫੋਰਬਸ ਮੈਗਜ਼ੀਨ ਦੇ ਅਨੁਸਾਰ ਵਿਸ਼ਵ ਦੇ ਅਰਬਪਤੀਆਂ ਦੇ ਧਨ ਵਿਚ ਦਸੰਬਰ ਨੌਂ ਤੌਂ ਨਵੇਂ ਸਾਲ ਤੱਕ ੧੩.੮ ਟ੍ਰਿਲੀਅਨ ਡਾਲਰ ਤੋਂ ਘਟ ਕੇ ੧੧.੯ ਟ੍ਰਿਲ਼ੀਅਨ ਡਾਲਰ ਤੱਕ ਦਾ ਫਰਕ ਪਿਆ ਹੈ।ਵਿਸ਼ਵ ਵਿਚ ਅਰਬਪਤੀਆਂ ਦੀ ਗਿਣਤੀ ਵਿਚ ਵੀ ਕਮੀ ਆਈ ਹੈ ਜੋ ਕਿ ੨੬੭੧ ਤੋਂ ਘਟ ਕੇ ੨੫੨੩ ਤੱਕ ਹੋ ਗਈ ਹੈ।ਅਡਾਨੀ ਸਮੂਹ ਨੇ ਟੇਸਲਾ ਦੇ ਐਲਨ ਮਸਕ, ਐਮਜ਼ੋਨ ਦੇ ਜੇਫ ਬੇਜੋਜ, ਬਿਲ ਗੇਟਜ਼, ਅਤੇ ਵਾਰਨ ਬਫੈਟ ਤੋਂ ਜਿਆਦਾ ਪੈਸਾ ਬਣਾਇਆ।੨੦੨੨ ਦੇ ਵਿੱਤੀ ਵਰ੍ਹੇ ਵਿਚ ਅਡਾਨੀ ਦੀ ਆਮਦਨ ਵਿਚ ੨੭ ਪ੍ਰਤੀਸ਼ਤ ਦਾ ਵਾਧਾ ਹੋਇਆ।

ਅਡਾਨੀ ਦੀ ਪੂੰਜੀ ਵਿਚ ਇਸ ਤਰਾਂ ਦੇ ਵਾਧੇ ਨੇ ਭਾਰਤ ਦੇ ਆਰਥਿਕ ਪ੍ਰਬੰਧ ਉੱਪਰ ਇਸ ਦੇ ਅਸਰ ਸੰਬੰਧੀ ਚਿੰਤਾਵਾਂ ਨੂੰ ਵੀ ਵਧਾਇਆ ਹੈ।ਸੀਐਲਐਸਏ ਦਾ ਅਨੁਮਾਨ ਹੈ ਕਿ ਵਿੱਤੀ ਵਰ੍ਹੇ ੨੦੨੨ ਵਿਚ ਅਡਾਨੀ ਸਮੂਹ ਦੇ ਕਰਜੇ ਦਾ ੪੦ ਪ੍ਰਤੀਸ਼ਤ ਭਾਰਤੀ ਬੈਂਕਾਂ ਉੱਪਰ ਅਸਰ ਸੀ। ਸ਼ੇਅਰਾਂ ਦੇ ਲਗਾਤਾਰ ਡਿੱਗਣ ਕਰਕੇ ਅਡਾਨੀ ਸਮੂਹ ੨.੫ ਬਿਲੀਅਨ ਡਾਲਰ ਦੀ ਪੂੰਜੀ ਆਫਰ ਨੂੰ ਵਾਪਸ ਲੈਣ ਲਈ ਮਜਬੂਰ ਹੋ ਗਿਆ ਜਿਸ ਨੇ ਬਜ਼ਾਰ ਵਿਚ ਇਸ ਦੇ ਨੁਕਸਾਨ ਨੂੰ ਹੋਰ ਜਿਆਦਾ ਡੂੰਘਾ ਕਰ ਦਿੱਤਾ।ਇਸ ਨੇ ਗੌਤਮ ਅਡਾਨੀ ਨੂੰ ਗਹਿਰਾ ਧੱਕਾ ਪਹੁੰਚਾਇਆ ਜੋ ਕਿ ਪਿਛਲ਼ੇ ਹੀ ਸਾਲਾਂ ਵਿਚ ਜਿਆਦਾ ਚਰਚਾ ਵਿਚ ਆਇਆ ਹੈ।ਉਸਨੇ ਆਪਣਾ ਵਪਾਰ ਵਧਾਉਣ ਵਿਦੇਸ਼ੀ ਕੰਪਨੀਆਂ ਅਤੇ ਨਿਵੇਸ਼ਕਾਂ ਨਾਲ ਸਾਂਝੇਦਾਰੀ ਕੀਤੀ ਜਿਨ੍ਹਾਂ ਦਾ ਘੇਰਾ ਖਾਣਾਂ ਦੀ ਖੁਦਾਈ ਤੋਂ ਲੈ ਕੇ ਸੀਮਿੰਟ ਅਤੇ ਭਾਰਤੀ ਹਵਾਈ ਸੈਨਾ ਲਈ ਹਵਾਈ ਜੈਟ ਬਣਾਉਣ ਤੱਕ ਫੈਲਿਆ ਹੋਇਆ ਹੈ।ਭਾਰਤੀ ਰਿਜ਼ਰਵ ਬੈਂਕ ਨੇ ਭਾਰਤੀ ਰਾਸ਼ਟਰੀ ਬੈਂਕਾਂ ਨੂੰ ਅਡਾਨੀ ਸਮੂਹ ਨਾਲ ਆਪਣੀਆਂ ਲੈਣਦਾਰੀਆਂ ਦਾ ਹਿਸਾਬ ਦੇਣ ਲਈ ਕਿਹਾ ਹੈ।ਸਿਟੀ ਗਰੁੱਪ ਨੇ ਇਸ ਤੋਂ ਬਾਅਦ ਆਪਣੇ ਗਾਹਕਾਂ ਨੂੰ ਅਡਾਨੀ ਸਮੂਹ ਦੇ ਵਿਰੁੱਧ ਸੁਰੱਖਿਆ ਪ੍ਰਦਾਨ ਕਰਨ ਲਈ ਕਰਜ਼ ਦੇਣ ਤੋਂ ਨਾਂਹ ਕਰ ਦਿੱਤੀ ਹੈ।ਇਸ ਦੇ ਨਾਲ ਹੀ ਹੋਰ ਆਰਥਿਕ ਸੰਸਥਾਵਾਂ ਜਿਵੇਂ ਸੁਅੀਸ ਨੇ ਵੀ ਅਡਾਨੀ ਸਮੂਹ ਨਾਲ ਸ਼ੇਅਰਾਂ ਦੇ ਲੈਣ-ਦੇਣ ਉੱਪਰ ਹਾਲ-ਫਿਲਹਾਲ ਰੋਕ ਲਗਾ ਦਿੱਤੀ ਹੈ।

ਹਿੰਡਨਬਰਗ ਨੇ ਆਪਣੀ ਰਿਪੋਰਟ ਵਿਚ ਅਡਾਨੀ ਸਮੂਹ ਉੱਪਰ ਆਰਥਿਕ ਹੇਰਾਫੇਰੀ ਅਤੇ ਸਭ ਤੋਂ ਵੱਡੇ ਘੋਟਾਲੇ ਦਾ ਦੋਸ਼ ਲਗਾਇਆ ਸੀ ਜਦੋਂ ਕਿ ਅਡਾਨੀ ਸਮੂਹ ਨੇ ਆਪਣੇ ਜੁਆਬ ਵਿਚ ਕਿਹਾ ਕਿ ਉਸ ਕੋਲ ਆਪਣੇ ਸਾਰੇ ਨਿਵੇਸ਼ਕਾਂ ਦੀ ਸੂਚੀ ਹੈ। ਪਰ ਪਿਛਲੇ ਦਿਨਾਂ ਵਿਚ ਨਿਵੇਸ਼ਕਾਂ ਦੇ ਵਿਸ਼ਵਾਸ ਵਿਚ ਕਮੀ ਆਈ ਹੈ। ਹਿੰਡਨਬਰਗ ਦੀ ਆਲੋਚਨਾ ਤਿੱਖੀ ਹੋਈ ਤਾਂ ਅਡਾਨੀ ਨੂੰ ਏਸ਼ੀਆ ਦਾ ਸਭ ਤੋਂ ਅਮੀਰ ਆਦਮੀ ਹੋਣ ਦਾ ਰੁਤਬਾ ਵੀ ਗੁਆਉਣਾ ਪਿਆ।ਇਸ ਵਿਚ ਦਸ ਪ੍ਰਤੀਸ਼ਤ ਦੀ ਸਿੱਧੀ ਗਿਰਾਵਟ ਦਰਜ ਕੀਤੀ ਗਈ।ਇਸ ਤੋਂ ਇਲਾਵਾ ਅਡਾਨੀ ਸਮੂਹ ਦੀਆਂ ਹੋਰ ਕੰਪਨੀਆਂ ਜਿਵੇਂ ਅਡਾਨੀ ਪੋਰਟਸ ਅਤੇ ਖਾਸ ਆਰਥਿਕ ਜ਼ੋਨ, ਅਡਾਨੀ ਟੋਟਲ ਗੈਸ, ਅਡਾਨੀ ਗਰੀਨ ਐਨਰਜੀ ਅਤੇ ਅਡਾਨੀ ਟਰਾਂਸਮਿਸ਼ਨ ਵਿਚ ਵੀ ਲਗਾਤਾਰ ਦਸ ਪ੍ਰਤੀਸ਼ਤ ਦਾ ਘਾਟਾ ਦਰਜ ਕੀਤਾ ਗਿਆ ਜਦੋਂ ਕਿ ਅਡਾਨੀ ਪਾਵਰ ਅਤੇ ਅਡਾਨੀ ਵਿਲਮਰ ਵਿਚ ਪੰਜ ਪ੍ਰਤੀਸ਼ਤ ਦਾ ਘਾਟਾ ਹੋਇਆ।ਆਉਣ ਵਾਲੇ ਦਿਨਾਂ ਵਿਚ ਇਸ ਵਿਚ ਹੋਰ ਘਾਟਾ ਦੇਖਣ ਨੂੰ ਮਿਲ ਸਕਦਾ ਹੈ।ਇਸ ਲਈ ਜਰੂਰੀ ਹੈ ਕਿ ਅਡਾਨੀ ਆਪਣੇ ਸੰਸਥਾਗਤ ਨਿਵੇਸ਼ਕਾਂ ਦਾ ਭਰੋਸਾ ਬਹਾਲ ਕਰੇ।

ਹਿੰਡਨਬਰਗ ਦੀ ਰਿਪੋਰਟ ਨੇ ਕਰਾਂ ਵਿਚ ਘੋਟਾਲੇ ਅਤੇ ਪੂੰਜੀ ਵਿਚ ਹੇਰਾਫੇਰੀ ਦਾ ਦੋਸ਼ ਲਗਾਇਆ ਸੀ ਅਤੇ ਕਰਜ਼ੇ ਅਤੇ ਲੈਣਦਾਰੀਆਂ ਬਾਰੇ ਚਿੰਤਾ ਜਤਾਈ।ਅਡਾਨੀ ਸਮੂਹ ਨੇ ਆਪਣੇ ਜੁਆਬ ਵਿਚ ਕਿਹਾ ਕਿ ਉਨ੍ਹਾਂ ਨੂੰ ਆਪਣੇ ਨਿਵੇਸ਼ਕਾਂ ਦਾ ਪੂਰਾ ਸਮਰਥਨ ਹੈ, ਪਰ ਇਸ ਨੂੰ ਡਾਵਾਂਡੋਲ ਹੁੰਦੇ ਦੇਖਿਆ ਜਾ ਸਕਦਾ ਹੈ।ਭਾਰਤੀ ਦੀ ਸਰਕਾਰ ਨੇ ਅਜੇ ਤੱਕ ਇਸ ਉੱਪਰ ਚੁੱਪੀ ਧਾਰਨ ਕੀਤੀ ਹੋਈ ਹੈ।ਅਡਾਨੀ ਸਮੂਹ ਨੇ ਆਪਣੇ ਬਿਆਨ ਵਿਚ ਇਹ ਵੀ ਕਿਹਾ ਕਿ ਹਿੰਡਨਬਰਗ ਦੀ ਰਿਪੋਰਟ ਭਾਰਤ ਉੱਪਰ ਸੋਚਿਆ ਸਮਝਿਆ ਫੈਸਲਾ ਹੈ ਅਤੇ ਇਹ ਭਾਰਤ ਦੀ ਪ੍ਰਭੂਸੱਤਾ ਉੱਪਰ ਵੀ ਹਮਲਾ ਹੈ।ਭਾਰਤ ਨੇ ਪਿਛਲ਼ੇ ਵਰ੍ਹੇ ਵਾਲ ਸਟਰੀਟ ਵਿਚ ਅਮਰੀਕਾ ਦੇ ਇਕ ਨਿਵੇਸ਼ਕ ਦੀ ਭਾਰਤ ਦੀ ਸਪੇਸ ਏਜੰਸੀ ਨਾਲ ਝਗੜੇ ਨੂੰ ਵੀ ਇਸੇ ਤਰਾਂ ਦੀ ਤਸ਼ਬੀਹ ਦਿੱਤੀ ਸੀ।ਅਡਾਨੀ ਸਮੂਹ ਨੇ ਆਪਣੀ ੪੦੦ ਪੇਜ ਲੰਬੇ ਜੁਆਬ ਵਿਚ ਇਹਨਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ।ਪਰ ਹਿੰਡਨਬਰਗ ਨੇ ਵੀ ਕਿਹਾ ਕਿ ਉਨ੍ਹਾਂ ਦੁਆਰਾ ਉਠਾਏ ਗਏ ੮੮ ਸੁਆਲਾਂ ਵਿਚੋਂ ੬੨ ਦਾ ਜੁਆਬ ਅਡਾਨੀ ਸਮੂਹ ਨਹੀਂ ਦੇ ਪਾਇਆ ਹੈ।ਅਡਾਨੀ ਸਮੂਹ ਨੇ ਹਿੰਡਨਬਰਗ ਉੱਪਰ ਇਹ ਵੀ ਦੋਸ਼ ਲਗਾਇਆ ਕਿ ਉਹ ਇਸ ਰਾਹੀ ਆਰਥਿਕ ਫਾਇਦਾ ਉਠਾਉਣਾ ਚਾਹੁੰਦਾ ਹੈ।ਹਿਡਨਬਰਗ ਨੇ ਇਸ ਦੇ ਜਵਾਬ ਵਿਚ ਕਿਹਾ ਕਿ ਉਨ੍ਹਾਂ ਦਾ ਸਮੂਹ ਇਹ ਮੰਨਦਾ ਹੈ ਕਿ ਭਾਰਤ ਇਕ ਲੋਕਤੰਤਰ ਹੈ ਜੋ ਕਿ ਆਉਣ ਵਾਲੇ ਸਮੇਂ ਵਿਚ ਵਿਸ਼ਵ ਵਿਚ ਵੱਡੀ ਸ਼ਕਤੀ ਦੇ ਰੂਪ ਵਿਚ ਉੱਭਰ ਸਕਦਾ ਹੈ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦਾ ਭਵਿੱਖ ਅਡਾਨੀ ਸਮੂਹ ਦੁਆਰਾ ਪਿੱਛੇ ਧੱਕਿਆ ਜਾ ਰਿਹਾ ਹੈ ਜਿਸਨੇ ਆਪਣੇ ਆਪ ਨੂੰ ਭਾਰਤੀ ਝੰਡੇ ਵਿਚ ਲਪੇਟ ਲਿਆ ਹੈ, ਪਰ ਇਹ ਵਿਵਸਥਿਤ ਢੰਗ ਨਾਲ ਦੇਸ਼ ਦੀ ਲੁੱਟ ਕਰ ਰਿਹਾ ਹੈ।

ਭਾਰਤ ਵਿਚ ਹੋਰ ਮੁੱਦਿਆਂ ਤੋਂ ਇਲਾਵਾ ਆਰਥਿਕ ਮੁੱਦੇ ਜਿਵੇਂ ਮਹਿੰਗਾਈ ਅਤੇ ਘੋਰ ਪੂੰਜੀਵਾਦ, ਮਾਨਸਿਕ ਸਿਹਤ, ਬਹੁਗਿਣਤੀਵਾਦ ਦੀ ਰਾਜਨੀਤੀ, ਪ੍ਰੈਸ ਦੀ ਅਜ਼ਾਦੀ ਆਦਿ ਵੀ ਆਰਥਿਕਤਾ ਦੇ ਵਿਕਾਸ ਵਿਚ ਰੋੜਾ ਬਣ ਰਹੇ ਹਨ।ਹਿੰਡਨਬਰਗ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਅਡਾਨੀ ਵੱਡੇ ਪੱਧਰ ਉੱਪਰ ਪੂੰਜੀ ਦੇ ਹੇਰਫੇਰ ਵਿਚ ਲਿਪਤ ਹੈ।ਅਗਰ ਅਡਾਨੀ ਸਮੂਹ ਦਾ ਗੁਬਾਰਾ ਫਟਾਦਾ ਹੈ ਤਾਂ ਇਸ ਦਾ ਭਾਰਤ ਦੀ ਆਰਥਿਕਤਾ ਉੱਪਰ ਗਹਿਰਾ ਪ੍ਰਭਾਵ ਪਵੇਗਾ। ਇਸੇ ਤਰਾਂ ਇਕ ਹੋਰ ਖੋਜ ਸੰਸਥਾ ਕਰੇਡਿਟ ਸਾਈਟਜ਼ ਨੇ ਅਗਸਤ ੨੦੨੨ ਵਿਚ ਵੀ ਅਡਾਨੀ ਸਮੂਹ ਦੀਆਂ ਕਰਜਦਾਰੀਆਂ ਨੂੰ ਲੈ ਕੇ ਚੇਤਾਵਨੀ ਦਿੱਤੀ ਸੀ।

ਜਨਵਰੀ ਵਿਚ ਗੌਤਮ ਅਡਾਨੀ ਨੇ ਇਕ ਹਿੰਦੀ ਚੈਨਲ ਨੂੰ ਆਪਣੀ ਇੰਟਰਵਿਊ ਵਿਚ ਦੱਸਿਆ ਕਿ ਉਹ ਏਸ਼ੀਆ ਦਾ ਸਭ ਤੋਂ ਅਮੀਰ ਆਦਮੀ ਕਿਸ ਤਰਾਂ ਬਣਿਆ ਸੀ।ਜਦੋਂ ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਸ ਦੇ ਸੁਖਾਵੇਂ ਸੰਬੰਧਾਂ ਉੱਪਰ ਸੁਆਲ ਕੀਤਾ ਗਿਆ ਤਾਂ ਅਡਾਨੀ ਨੇ ਕਿਹਾ, “ਮੈਂ ਨੰਬਰਾਂ ਦਾ ਪਿੱਛਾ ਨਹੀਂ ਕਰਦਾ। ਮੇਰੇ ਲਈ ਜਿਆਦਾ ਵੱਡਾ ਸੁਆਲ ਇਹ ਹੈ ਕਿ ਮੈਂ ਦੇਸ਼ ਲਈ ਕੀ ਕਰ ਸਕਦਾ ਹਾਂ?” ਭੀੜ ਨੇ ਉਸ ਦੇ ਜਵਾਬ ਉੱਪਰ ਤਾੜੀਆਂ ਵਜਾਈਆਂ ਅਤੇ ਉਸ ਨੇ ਅੱਗੇ ਕਿਹਾ, “ ਇਹ ਗੁਬਾਰਾ ਉਦੋਂ ਤੱਕ ਉਡਦਾ ਰਹੇਗਾ ਜਦੋਂ ਤੱਕ ਭਾਰਤ ਤਰੱਕੀ ਦੇ ਰਾਹ ’ਤੇ ਅੱਗੇ ਚੱਲਦਾ ਜਾਵੇਗਾ।” ਅਡਾਨੀ ਦੀਆਂ ਟਿੱਪਣੀਆਂ “ਇੰਡੀਆ ਇੰਕ” ਦੀ ਹਾਮੀ ਭਰਦੀਆਂ ਸਨ ਜਿਸ ਦਾ ਅਰਥ ਹੈ ਦੇਸ਼ ਦਾ ਵਧਦਾ ਕਾਰਪੋਰੇਟ ਅਤੇ ਆਈ ਟੀ ਖੇਤਰ ਜੋ ਕਿ ਗਲੋਬਲ ਪੱਧਰ ਉੱਪਰ ਦੇਸ਼ ਦੇ ਵਿਕਾਸ ਲਈ ਵੱਡੇ ਮਾਧਿਅਮ ਹਨ।ਪਰ ਹਿੰਡਨਬਰਗ ਦੀ ਰਿਪੋਰਟ ਇਸ ਗੁਬਾਰੇ ਵਿਚ ਸੁਰਾਖ ਕਰਨ ਵਾਂਗ ਹੈ।ਇਸ ਦਾ ਅਸਰ ਗਲੋਬਲ ਸਟਾਕ ਬਜਾਰ ਵਿਚ ਦੇਖਿਆ ਜਾ ਸਕਦਾ ਹੈ।ਇਕ ਵੀਡਿਓ ਵਿਚ ਅਡਾਨੀ ਸਮੂਹ ਦਾ ਆਰਥਿਕ ਅਫਸਰ ਜੁਗਸ਼ਿੰਦਰ ਸਿੰਘ ਭਾਰਤੀ ਝੰਡੇ ਦੇ ਸਾਹਮਣੇ ਖੜਿਆ ਦੇਖਿਆ ਜਾ ਸਕਦਾ ਹੈ ਅਤੇ ਉਹ ਇਹ ਸੰਦੇਸ਼ ਦਿੰਦਾ ਪ੍ਰਤੀਤ ਹੁੰਦਾ ਹੈ ਕਿ ਅਡਾਨੀ ਸਮੂਹ ਉੱਪਰ ਕੋਈ ਵੀ ਹਮਲਾ ਭਾਰਤ ਉੱਪਰ ਹਮਲਾ ਕਰਨ ਦੇ ਤੁੱਲ ਹੈ।ਇਸ ਸਾਰੀ ਕਹਾਣੀ ਨੇ ਭਾਰਤ ਦੇ ਕਾਰਪੋਰੇਟ ਅਤੇ ਰਾਜਨੀਤਿਕ ਕੁਲੀਨਾਂ ਦੇ ਆਪਸੀ ਰਿਸ਼ਤਿਆਂ ਨੂੰ ਜੱਗ-ਜਾਹਿਰ ਕੀਤਾ ਹੈ ਜੋ ਕਿ ਇਹ ਸੁਆਲ ਵੀ ਉਠਾਉਦਾ ਹੈ ਕਿ ਘੋਰ ਪੂੰਜੀਵਾਦਾਂ ਦੇ ਦੋਸ਼ਾਂ ਵਿਚ ਫਸਿਆ ਭਾਰਤ ਕੀ ਵਿਸ਼ਵ ਪੱਧਰ ਉੱਪਰ ਮੋਹਰੀ ਹੋ ਸਕਦਾ ਹੈ ਜਾਂ ਨਹੀਂ?ਅਡਾਨੀ ਸਮੂਹ ਦੀਆਂ ਸਮੱਸਿਆਵਾਂ ਨੇ ਇਹ ਹੀ ਦਿਖਾਇਆ ਹੈ ਕਿ ਭਾਰਤ ਅਤਿ-ਅਮੀਰ ਵਪਾਰੀਆਂ ਉੱਪਰ ਨਕੇਲ ਨਹੀਂ ਕਸ ਸਕਿਆ ਹੈ ਜਿਨ੍ਹਾਂ ਨੇ ਇਸ ਦਾ ਪੂਰਾ ਰਾਜਨੀਤਿਕ ਫਾਇਦਾ ਵੀ ਉਠਾਇਆ ਹੈ।ਭਾਰਤ ਦਾ ਆਰਥਿਕ ਵਿਕਾਸ ਇਸ ਮਾਡਲ ਉੱਪਰ ਅਧਾਰਿਤ ਹੈ ਜਿਸ ਵਿਚ “ਰਾਸ਼ਟਰਵਾਦੀ” ਉਦਯੋਗਪਤੀ ਟੀਵੀ ਉੱਪਰ ਘੋਸ਼ਣਾ ਕਰਦਾ ਹੈ, “ਮੈਂ ਇਹ ਦੇਖ ਰਿਹਾ ਹਾਂ ਕਿ ਭਾਰਤ ਤਰੱਕੀ ਦੇ ਰਸਤੇ ੳੱੁਪਰ ਅੱਗੇ ਜਾ ਰਿਹਾ ਹੈ।” ਅਡਾਨੀ ਜਿਹੇ ਉਦਯੋਗਪਤੀਆਂ ਨੇ ਦੇਸ਼ ਦੇ ਵਸੀਲਿਆਂ ਅਤੇ ਬਜਾਰ ਉੱਪਰ ਅਜਿਹਾ ਅਧਿਕਾਰ ਸਥਾਪਿਤ ਕਰ ਲਿਆ ਹੈ ਕਿ ਆਕਫੈਮ ਦੀ ਰਿਪੋਰਟ ਅਨੁਸਾਰ ੨੦੨੧ ਵਿਚ ਦੇਸ਼ ਦੇ ੧ ਪ੍ਰਤੀਸ਼ਤ ਅਮੀਰਾਂ ਦੀ ਸੰਪੱਤੀ ਦੇਸ਼ ਦੇ ਕੁੱਲ ੪੦% ਧਨ ਤੋਂ ਜਿਆਦਾ ਸੀ।