ਭਾਰਤ ਦੇ ਪਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ 2002 ਵਿੱਚ ਉੱਥੇ ਮੁਸਲਿਮ ਭਾਈਚਾਰੇ ਦਾ ਘਿਨਾਉਣਾਂ ਕਤਲੇਆਮ ਹੋਇਆ ਸੀ। ਜਿਵੇਂ 1984 ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ ਉਸੇ ਤਰ੍ਹਾਂ 2002 ਵਿੱਚ ਮੁਸਲਮਾਨਾਂ ਦਾ ਕਤਲੇਆਮ ਨਰਿੰਦਰ ਮੋਦੀ ਦੀ ਸਰਕਾਰ ਦੌਰਾਨ ਹੋਇਆ ਸੀ। ਸਰਕਾਰੀ ਅੰਕੜਿਆਂ ਅਨੁਸਾਰ ਉਸ ਵੇਲੇ 2 ਹਜਾਰ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੀ ਮੌਤ ਹੋ ਗਈ ਸੀ ਜਿਸ ਵਿੱਚ ਬੱਚੇ,ਬੁੱਢੇ, ਨੌਜਵਾਨ ਅਤੇ ਔਰਤਾਂ ਸ਼ਾਮਲ ਸਨ। ਗੈਰ ਸਰਕਾਰੀ ਅੰਕੜੇ ਮਰਨ ਵਾਲਿਆਂ ਦੀ ਗਿਣਤੀ 3 ਹਜਾਰ ਦੱਸਦੇ ਹਨ। ਇਸ ਕਤਲੇਆਮ ਦੇ ਬਹੁਤੇ ਦੋਸ਼ੀ ਜਾਂ ਤਾਂ ਫੜੇ ਹੀ ਨਹੀ ਗਏ ਜਾਂ ਫਿਰ ਪੁਲਿਸ ਨੇ ਜਾਂਚ ਹੀ ਇਸ ਢੰਗ ਨਾਲ ਕੀਤੀ ਕਿ ਉਹ ਜਲਦੀ ਅਦਾਲਤਾਂ ਵੱਲੋਂ ਬਰੀ ਕਰ ਦਿੱਤੇ ਗਏ ਕਿਉਂਕਿ ਸਬੂਤ ਪੁਖਤਾ ਨਹੀ ਸਨ। ਬਹੁਤ ਥੋੜੇ ਕੇਸ ਸਨ ਜਿਨ੍ਹਾਂ ਵਿੱਚ ਦੋਸ਼ੀਆਂ ਨੂੰ ਸਜ਼ਾ ਮਿਲੀ।
ਇਨ੍ਹਾਂ ਕੇਸਾਂ ਵਿੱਚ ਬੀਬੀ ਬਿਲਕਿਸ ਬਾਨੋ ਦਾ ਕੇਸ ਕਾਫੀ ਚਰਚਾ ਦਾ ਵਿਸ਼ਾ ਬਣਿਆ। ਇਸ ਅਭਾਗੀ ਬੀਬੀ ਨੂੰ ਜੋ ਕਤਲੇਆਮ ਵੇਲੇ 5 ਮਹੀਨਿਆਂ ਦੀ ਗਰਭਵਤੀ ਸੀ ਘਰ ਤੋਂ ਧੂਹ ਕੇ ਦਰਿੰਦਿਆਂ ਨੇ ਉਸਦਾ ਜਬਰ ਜਿਨਾਹ ਕੀਤਾ ਅਤੇ ਉਸਦੇ ਪਰਵਾਰ ਦੇ ਲਗਭਗ 7 ਜਣਿਆਂ ਦਾ ਕਤਲ ਕਰ ਦਿੱਤਾ ਸੀ। ਇਸ ਵਿੱਚ ਬਿਲਕਿਸ ਬਾਨੋ ਦੀ 3 ਸਾਲਾ ਬੱਚੀ ਵੀ ਸ਼ਾਮਲ ਸੀ। ਬੇਸ਼ੱਕ ਸਰਕਾਰਾਂ ਨੇ ਬਹੁਤ ਜੋਰ ਲਗਾਇਆ ਕਿ ਕੇਸ ਸਿਰੇ ਨਾ ਚੜ੍ਹੇ ਅਤੇ ਦੋਸ਼ੀਆਂ ਨੂੰ ਸਜ਼ਾ ਨਾ ਮਿਲੇ ਪਰ ਦੇਸ਼ ਭਰ ਵਿੱਚ ਚੱਲੀ ਲਹਿਰ ਤੋਂ ਬਾਅਦ ਇਸ ਕੇਸ ਵਿੱਚ ਸਰਕਾਰ ਨੂੰ ਹਾਰ ਖਾਣੀ ਪਈ। ਗੁਜਰਾਤ ਵਿੱਚ ਆਪਣੀ ਜਾਨ ਦੀ ਸੁਰੱਖਿਆ ਨਾ ਹੋਣ ਕਰਕੇ ਪੀੜਤ ਪਰਵਾਰ ਨੇ ਕੇਸ ਮਹਾਰਾਸ਼ਟਰਾ ਵਿੱਚ ਤਬਦੀਲ ਕਰਵਾ ਲਿਆ ਸੀ ਜਿੱਥੇ ਵਿਸ਼ੇਸ਼ ਜੱਜ ਨੇ ਬਿਲਕਿਸ ਬਾਨੋ ਦੇ ਪਰਵਾਰ ਦੇ 7 ਜਣਿਆਂ ਨੂੰ ਕਤਲ ਕਰਨ ਦੇ ਦੋਸ਼ ਵਿੱਚ 11 ਕਾਤਲਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਹ ਸਜ਼ਾ 2008 ਵਿੱਚ ਸੁਣਾਈ ਗਈ।
ਪਿਛਲੇ ਦਿਨੀ ਉਨ੍ਹਾਂ 11 ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ 14 ਸਾਲ ਦੀ ਸਜ਼ਾ ਪੂਰੀ ਕਰ ਲਈ ਸੀ। ਗੁਜਰਾਤ ਸਰਕਾਰ ਨੇ ਦੱਸਿਆ ਕਿ ਦੋਸ਼ੀਆਂ ਨੇ 14 ਸਾਲਾਂ ਦੀ ਸਜ਼ਾ ਤੋਂ ਬਾਅਦ ਆਪਣੀ ਰਿਹਾਈ ਦੀ ਅਪੀਲ ਕੀਤੀ ਸੀ ਜਿਸਨੂੰ ਮਨਜੂਰ ਕਰ ਲਿਆ ਗਿਆ ਅਤੇ ਉਨ੍ਹਾਂ ਦੀ ਰਿਹਾਈ ਹੋ ਗਈ।
ਇੱਕ ਪਾਸੇ 14 ਸਾਲ ਪੂਰੇ ਹੁੰਦਿਆਂ ਹੀ ਗੁਜਰਾਤ ਸਰਕਾਰ ਨੇ ਹਿੰਦੂ ਭਾਈਚਾਰੇ ਨਾਲ ਸਬੰਧਤ ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ ਦੂਜੇ ਪਾਸੇ ਸਿੱਖ ਕੈਦੀ ਆਪਣੀਆਂ ਸਜ਼ਾਵਾਂ ਤੋਂ ਦੁੱਗਣੀ ਕੈਦ ਕੱਟਣ ਦੇ ਬਾਵਜੂਦ ਵੀ ਜੇਲ੍ਹਾਂ ਵਿੱਚ ਬੰਦ ਹਨ। ਪੂਰੀ ਸਿੱਖ ਕੌਮ ਵਾਰ ਵਾਰ ਇਹ ਅਪੀਲਾਂ ਕਰ ਚੁੱਕੀ ਹੈ ਕਿ ਸਿੱਖ ਕੈਦੀ 25 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ ਪਰ ਸਿੱਖਾਂ ਦੀ ਅਪੀਲ ਨਹੀ ਮੰਨੀ ਜਾ ਰਹੀ।
ਭਾਰਤ ਸਰਕਾਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਮਨਾਕੇ ਹੀ ਸਿੱਖਾਂ ਨੂੰ ਖੁਸ਼ ਕਰੀ ਜਾ ਰਹੀ ਹੈ। ਉਸ ਗੁਰੂ ਦੇ ਸਪੁੱਤਰ ਜੋ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਉਨ੍ਹਾਂ ਦੀ ਰਿਹਾਈ ਬਾਰੇ ਮੂੰਹ ਨਹੀ ਖੋਲ੍ਹਦੀ। ਹਰ ਸਾਲ ਦਸੰਬਰ ਮਹੀਨੇ ਨਰਿੰਦਰ ਮੋਦੀ ਦੀ ਸਰਕਾਰ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਮਨਾਉਂਦੀ ਹੈ। ਮੁਸਲਮਾਨਾਂ ਖਿਲਾਫ ਨਫਰਤ ਫੈਲਾਉਣ ਲਈ ਹਿੰਦੂ ਵਿਦਵਾਨ ਜੋਰ ਲਗਾਕੇ ਇਹ ਦੱਸਦੇ ਹਨ ਕਿ ਵੱਡੇ ਸਾਹਿਬਜ਼ਾਦਿਆਂ ਨੇ ਦੁਸ਼ਮਣ ਦੀਆਂ ਸਫਾਂ ਚੀਰ ਕੇ ਉਨ੍ਹਾਂ ਦੀਆਂ ਲਾਸ਼ਾਂ ਦੇ ਢੇਰ ਲਗਾ ਦਿੱਤੇ, ਪਰ ਕਦੇ ਇਹ ਨਹੀ ਸੋਚਦੇ ਕਿ ਜਿਹੜੇ ਸਿੰਘ 1984 ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਾਖੀ ਲਈ ਲੜੇ ਅਤੇ ਸ਼ਹੀਦ ਹੋਏ ਉਹ ਵੀ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਹੀ ਸਨ। ਉਨ੍ਹਾਂ ਨੂੰ ਅੱਤਵਾਦੀ ਆਖਿਆ ਜਾਂਦਾ ਹੈ ਪਰ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੇ ਗੁਣ ਗਾਏ ਜਾਂਦੇ ਹਨ ਕਿਉਂਕਿ ਉਨ੍ਹਾਂ ਮੁਸਲਮਾਨ ਹਾਕਮਾਂ ਦੇ ਖਿਲਾਫ ਜੰਗ ਲੜੀ।
ਸੱਤਾ ਤੇ ਕਾਬਜ ਹਾਕਮਾਂ ਦਾ ਮੁੱਖ ਨਿਸ਼ਾਨਾ ਸਾਹਿਬਜ਼ਾਦਿਆਂ ਦਾ ਸਤਕਾਰ ਕਰਨਾ ਨਹੀ ਹੈ ਬਲਕਿ ਮੁਸਲਮਾਨਾਂ ਨੂੰ ਇਹ ਸੰਦੇਸ਼ ਦੇਣਾਂ ਹੈ ਕਿ ਅਸੀਂ ਫਿਰ ਸਿੱਖਾਂ ਨੂੰ ਤੁਹਾਡੇ ਮੁਕਾਬਲੇ ਤੇ ਵਰਤ ਸਕਦੇ ਹਾਂ।
ਭਾਰਤ ਦਾ ਕਨੂੰਨ ਕਹਿੰਦਾ ਹੈ ਕਿਹ ਹਰ ਉਮਰ ਕੈਦੀ ਨੂੰ 14 ਸਾਲ ਤੋਂ ਬਾਅਦ ਰਿਹਾ ਕਰ ਦਿੱਤਾ ਜਾਵੇ। ਅਸੀਂ ਗੁਜਰਾਤ ਵਾਲੇ ਕੈਦੀਆਂ ਦੀ ਰਿਹਾਈ ਦਾ ਵਿਰੋਧ ਨਹੀ ਕਰਦੇ । ਉਨ੍ਹਾਂ ਨੇ ਕਨੂੰਨ ਅਨੁਸਾਰ ਦਿੱਤੀ ਸਜ਼ਾ ਭੋਗ ਲਈ ਹੈ। ਪਰ ਜਿਹੜਾ ਪੈਮਾਨਾ 14 ਸਾਲ ਵਾਲਾ ਹਿੰਦੂ ਕੈਦੀਆਂ ਲਈ ਵਰਤਿਆ ਜਾਂਦਾ ਹੈ ਉਹ ਸਿੱਖ ਕੈਦੀਆਂ ਲਈ ਕਿਉਂ ਨਹੀ ਵਰਤਿਆ ਜਾਂਦਾ?
ਕੀ ਇਸ ਨਾਲ ਸਿੱਖਾਂ ਨੂੰ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਦੇਸ਼ ਤੁਹਾਡਾ ਨਹੀ ਹੈ। ਜੇ ਤੁਸੀਂ ਦੇਸ਼ ਵਿੱਚ ਰਹਿਣਾਂ ਹੈ ਤਾਂ ਧੌਣ ਝੁਕਾ ਕੇ ਰਹਿਣਾਂ ਪਵੇਗਾ?
ਦੇਸ਼ ਵਿੱਚ ਕੈਦੀਆਂ ਦੀ ਵੀ ਵਰਗ ਵੰਡ ਹੋ ਗਈ ਹੈ। ਉ੍ਹਹ ਤੁਹਾਡੇ ਕੈਦੀ ਹਨ। ਇਹ ਸਾਡੇ।
ਸਿੱਖਾਂ ਲਈ ਸੰਘਰਸ਼ ਹੀ ਇੱਕ ਰਾਹ ਬਚਿਆ ਹੈ।