ਦੁਨੀਆਂ ਭਰ ਵਿੱਚ ਇਸ ਵੇਲੇ ਆਪੋ ਆਪਣੇ ਸ਼ਹੀਦਾਂ ਅਤੇ ਕੌਮੀ ਨਾਇਕਾਂ ਦੀ ਨਿਸ਼ਾਨਦੇਹੀ ਕਰਨ ਦਾ ਸੰਘਰਸ਼ ਸ਼ੁਰੂ ਹੋ ਗਿਆ ਹੈੈ। ਅਮਰੀਕਾ ਵਿੱਚ ਇੱਕ ਕਾਲੀ ਨਸਲ ਵਾਲੇ ਨੌਜਵਾਨ ਦਾ ਪੁਲਿਸ ਵੱਲੋਂ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਦੁਨੀਆਂ ਭਰ ਵਿੱਚ ਘੱਟ-ਗਿਣਤੀਆਂ ਦੇ ਹੱਕ ਵਿੱਚ ਮੁਹਿੰਮ ਅਰੰਭ ਹੋ ਗਈ ਹੈੈ। ਦੁਨੀਆਂ ਦੇ ਹਰ ਵੱਡੇ ਸ਼ਹਿਰ ਵਿੱਚ ਘੱਟ-ਗਿਣਤੀਆਂ ਨਾਲ ਹੋ ਰਹੇ ਜੁਲਮਾਂ ਦੇ ਖਿਲਾਫ ਅਵਾਜ਼ਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ। ਸੰਸਾਰ ਭਰ ਦੇ ਮੁੱਖ-ਧਾਰਾਈ ਮੀਡੀਆ ਨੇ ਇਸ ਸਬੰਧੀ ਬਹੁਤ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਕਿਵੇਂ ਆਪਣੇ ਆਪ ਨੂੰ ਅਗਾਂਹਵਧੂ ਅਖਵਾਉਣ ਵਾਲੇ ਮੁਲਕ ਹਾਲੇ ਵੀ ਭਾਰਤ ਦੀ ਜਾਤ-ਪਾਤੀ ਪ੍ਰਥਾ ਵਰਗਾ ਗੰਦ ਲਈ ਬੈਠੇ ਹਨ ਇਹ ਪਿਛਲੇ ਦਿਨੀ ਵਾਪਰੀਆਂ ਘਟਨਾਵਾਂ ਨੇ ਦਰਸਾ ਦਿੱਤਾ ਹੈੈ।
ਜਿੱਥੇ ਇੱਕ ਪਾਸੇ ਘੱਟ ਗਿਣਤੀਆਂ ਨਾਲ ਹੁੰਦੇ ਸਰਕਾਰੀ ਜੁਲਮ ਦੇ ਖਿਲਾਫ ਅਵਾਜ਼ਾਂ ਉੱਠੀਆਂ ਹਨ ਉੱਥੇ ਹੀ ਪਿਛਲੇ ਸਮੇਂ ਦੌਰਾਨ ਘੱਟ-ਗਿਣਤੀਆਂ ਤੇ ਜੁਲਮ ਕਰਨ ਵਾਲੇ ਲੋਕਾਂ ਦੀਆਂ ਯਾਦਗਾਰਾਂ ਢਾਹੁਣ ਦੀ ਮੁਹਿੰਮ ਵੀ ਚੱਲ ਪਈ ਹੈੈ। ਇੰਗਲੈਂਡ ਦੇ ਸ਼ਹਿਰ ਬਰਿਸਟਲ ਤੋਂ ਸ਼ੁਰੂ ਹੋਈ ਇਹ ਮੁਹਿੰਮ ਅਮਰੀਕਾ ਅਤੇ ਅਫਰੀਕਨ ਖਿੱਤੇ ਤੱਕ ਪਹੁੰਚ ਗਈ ਹੈੈ। ਬਰਿਸਟਲ ਵਿੱਚ ਮਿਸਟਰ ਕਾਊਲਸਟਨ ਨਾ ਦੇ ਉਸ ਅਮੀਰ ਵਿਅਕਤੀ ਦਾ ਬੁੱਤ ਨੌਜਵਾਨਾਂ ਨੇ ਰੱਸਿਆਂ ਨਾਲ ਖਿੱਚ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਜਿਸਨੇ 17ਵੀਂ ਸਦੀ ਵਿੱਚ ਅਫਰੀਕਾ ਤੋਂ ਕਾਲੀ ਨਸਲ ਦੇ ਲੋਕਾਂ ਨੂੰ ਬੰਧਕ ਬਣਾ ਕੇ ਲਿਆਂਦਾ ਸੀ। ਬਹੁਤ ਦੇਰ ਤੱਕ ਉਹ ਇਨਸਾਨਾਂ ਦਾ ਵਪਾਰ ਕਰਦਾ ਰਿਹਾ। ਉਨ੍ਹਾਂ ਨੂੰ ਅੱਗੇ ਵੇਚ ਦਿੰਦਾ ਰਿਹਾ ਅਤੇ ਖਰੀਦਣ ਵਾਲੇ, ਦਹਾਕਿਆਂ ਤੱਕ ਉਨ੍ਹਾਂ ਤੋਂ ਜਬਰੀ ਕੰਮ ਕਰਵਾਉਂਦੇ ਰਹੇ। ਗਰੀਬ ਲੋਕਾਂ ਦੀ ਪਸ਼ੂ-ਮੰਡੀ ਦਾ ਉਹ ਉੱਘਾ ਵਪਾਰੀ ਜਦੋਂ ਮਰਿਆ ਤਾਂ ਉਸਦਾ ਬੁੱਤ ਬਰਿਸਟਲ ਸ਼ਹਿਰ ਵਿੱਚ ਲਾ ਦਿੱਤਾ ਗਿਆ। ਪਰ ਹੁਣ ਜਾਗਰਤੀ ਦੀ ਮੁਹਿੰਮ ਨੇ ਉਹ ਬੁੱਤ ਢਹਿ-ਢੇਰੀ ਕਰ ਦਿੱਤਾ ਹੈੈ। ਇਸਦੇ ਨਾਲ ਹੀ ਲੰਡਨ ਵਿੱਚੋਂ ਕਈ ਬੁੱਤ ਉਤਾਰ ਦਿੱਤੇ ਗਏ। ਬਹੁਤ ਸਾਰਿਆਂ ਦੀ ਰਾਖੀ ਵਧਾ ਦਿੱਤੀ ਗਈ ਅਤੇ ਕਈਆਂ ਨੂੰ ਬਚਾਉਣ ਲਈ ਬਹੁ-ਗਿਣਤੀ ਮੈਦਾਨ ਵਿੱਚ ਵੀ ਆਈ।
ਇੰਗਲੈਂਡ ਦੇ ਸ਼ਹਿਰ ਸਾਊਥਹੈਂਪਟਨ ਵਿੱਚ ਵੀ ਕਿਸੇ ਅਜਿਹੇ ਸ਼ਖਸ਼ ਦਾ ਬੁੱਤ ਲੱਗਾ ਹੋਇਆ ਸੀ ਜੋ ਮਨੁੱਖਤਾ ਦੇ ਵਪਾਰ ਵਿੱਚ ਸ਼ਾਮਲ ਰਿਹਾ।
ਜਦੋਂ ਉਸਨੂੰ ਉਤਾਰਨ ਦੇ ਯਤਨ ਹੋਏ ਤਾਂ ਕੁਝ ਬਹੁ-ਗਿਣਤੀ ਦੇ ਲੋਕ ਉੱਥੇ ਆ ਧਮਕੇ, ਜਿਨ੍ਹਾਂ ਬੁੱਤ ਨੂੰ ਹਟਾਉਣ ਦਾ ਵਿਰੋਧ ਕੀਤਾ। ਉਨ੍ਹਾਂ ਆਖਿਆ ਕਿ ਇਹ ਸਾਡਾ ਨਾਇਕ ਹੈੈ। ਸਾਹਮਣੇ ਖੜ੍ਹੇ ਮਨੁੱਖਾਂ ਲਈ ਉਹ ਖਲਨਾਇਕ ਸੀ, ਪਰ ਕਿਸੇ ਲਈ ਉ੍ਹਹ ਨਾਇਕ ਸੀ।
ਇਸ ਤਰ੍ਹਾਂ ਕੌਮਾਂ ਦੇ ਆਪਣੇ ਸ਼ਹੀਦਾਂ ਅਤੇ ਨਾਇਕਾਂ ਦਰਮਿਆਨ ਖਿੱਚੀਆਂ ਜਾ ਰਹੀਆਂ ਲਕੀਰਾਂ ਅਸੀਂ ਸ਼ਪਸ਼ਟ ਦੇਖ ਰਹੇ ਹਾਂ। ਕੁਝ ਲੋਕ ਕਿਸੇ ਕੌਮ ਲਈ ਸ਼ਹੀਦ ਹੁੰਦੇ ਹਨ। ਪਰ ਦੂਜਿਆਂ ਲਈ ਖਲਨਾਇਕ। ਇਹ ਕਸ਼ਮਕਸ਼ ਇਤਿਹਾਸ ਵਿੱਚ ਹਮੇਸ਼ਾ ਰਹੀ ਹੈੈ।
ਜਿਹੜੇ ਲੋਕ ਆਪਣੇ ਸ਼ਹੀਦਾਂ ਨੂੰ ਪੂਜਦੇ ਹਨ ਉਹ ਆਪਣੇ ਸ਼ਹੀਦਾਂ ਖਿਲਾਫ ਕੋਈ ਅਪਮਾਨਜਨਕ ਗੱਲ ਨਹੀ ਸੁਣ ਸਕਦੇ। ਇਹੋ ਕੁਝ ਅੱਜਕੱਲ੍ਹ ਪੰਜਾਬ ਵਿੱਚ ਹੋ ਰਿਹਾ ਹੈੈ।
ਖਾੜਕੂਆਂ ਹੱਥੋਂ ਮਾਰੇ ਗਏ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਰਾ ਅੱਜਕੱਲ੍ਹ ਸਿੱਖ ਕੌਮ ਦੇ ਸ਼ਹੀਦਾਂ ਖਿਲਾਫ ਅਪਮਾਨਜਨਕ ਟਿੱਪਣੀਆਂ ਕਰ ਰਿਹਾ ਹੈੈ। ਕੌਮ ਦੇ ਸ਼ਹੀਦਾਂ ਦੇ ਹੱਕ ਵਿੱਚ ਗਾਣੇ ਗਾਉਣ ਵਾਲੇ ਪੰਜਾਬੀ ਗਾਇਕ ਉਸਦੀ ਅੱਖ ਵਿੱਚ ਰੜਕਦੇ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਸਦੀ ਅੱਖ ਵਿੱਚ ਰੜਕਦੇ ਹਨ।
ਪਰ ਦੂਜੇ ਪਾਸੇ ਉਹ ਸਿੱਖ ਹਨ ਜਿਨ੍ਹਾਂ ਨੇ ਬੇਅੰਤ ਸਿੰਘ ਦੇ ਰੂਪ ਵਿੱਚ ਅਹਿਮਦ ਸ਼ਾਹ ਅਬਦਾਲੀ ਦਾ ਜੁਲਮ ਆਪਣੇ ਪਿੰਡੇ ਤੇ ਹੰਢਾਇਆ ਹੈੈ। ਉਨ੍ਹ੍ਹਾਂ ਲਈ ਉਹ ਲੋਕ ਸ਼ਹੀਦ ਹਨ ਜੋ ਸਿੱਖ ਕੌਮ ਦੀ ਅਜ਼ਮਤ ਦੀ ਰਾਖੀ ਲਈ ਹਸ-ਹਸ ਕੇ ਜੁਲਮਾਂ ਨੂੰ ਸਹਾਰਦੇ ਹੋਏ ਸ਼ਹੀਦ ਹੋ ਗਏ।
ਸੋ, ਕੌਮੀ ਸ਼ਹੀਦਾਂ ਦੀ ਨਿਸ਼ਾਨਦੇਹੀ ਸਪਸ਼ਟਤਾ ਨਾਲ ਹੋ ਰਹੀ ਹੈੈ। ਸਿੱਖ ਕੌਮ ਦੀ ਅਗਲੀ ਪੀੜ੍ਹੀ ਆਪਣੇ ਸ਼ਹੀਦਾਂ ਪ੍ਰਤੀ ਸੁਚੇਤ ਹੋ ਰਹੀ ਹੈੈ। ਸਿੱਖ ਕੌਮ ਦੇ ਸੂਝਵਾਨ ਹਲਕੇ ਸ਼ਹੀਦਾਂ ਦੇ ਹੱਕ ਵਿੱਚ ਬੋਲ ਰਹੇ ਹਨ। ਆਪਣੀ ਹੱਦ ਵਿੱਚ ਰਹਿਕੇ ਉਹ ਅਹਿਮਦ ਸ਼ਾਹ ਅਬਦਾਲੀ ਦੇ ਪੋਤੇ ਨੂੰ ਜੁਆਬ ਦੇ ਰਹੇ ਹਨ।
ਇਹ ਸ਼ੁਭ ਸ਼ਗਨ ਹੈੈ। ਕੌਮ ਨੂੰ ਆਪਣੇ ਸ਼ਹੀਦਾਂ ਤੇ ਮਾਣ ਕਰਨਾ ਚਾਹੀਦਾ ਹੈੈ।