ਦਿੱਲੀ ਵਿੱਚ ਰਿਕਾਰਡਤੋੜ ਵੋਟਾਂ ਅਤੇ ਸੀਟਾਂ ਹਾਸਲ ਕਰਨ ਤੋਂ ਬਾਅਦ ਸਰਕਾਰ ਬਣਾਉਣ ਵਾਲੀ, ਆਮ ਆਦਮੀ ਪਾਰਟੀ ਨੇ ਹੁਣ ਪੰਜਾਬ ਵਿੱਚ ਵੀ ਆਪਣੀਆਂ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ। ਪਿਛਲੇ ਲੰਬੇ ਸਮੇਂ ਤੋਂ ਸ਼ੋਸ਼ਲ ਮੀਡੀਆ ਤੇ ਜਿਆਦਾ ਸਰਗਰਮ ਰਹੀ ਪਾਰਟੀ ਨੇ ਹੁਣ ਪੰਜਾਬ ਵਿੱਚ ਕੁਝ ਜੜ੍ਹਾਂ ਲਾਉਣ ਦੇ ਯਤਨ ਅਰੰਭ ਕੀਤੇ ਹਨ। ਇਸ ਦਾ ਆਗਾਜ਼ ਸ੍ਰੀ ਮੁਕਤਸਰ ਸਾਹਿਬ ਵਿਖੇ ਪਾਰਟੀ ਵੱਲੋਂ ਜਨਵਰੀ ਵਿੱਚ ਵੱਡਾ ਇਕੱਠ ਕਰਕੇ ਕੀਤਾ ਗਿਆ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਲਗਾਤਾਰ ਕਿਸੇ ਨਾ ਕਿਸੇ ਮਸਲੇ ਜਾਂ ਵਿਵਾਦ ਕਾਰਨ ਪੰਜਾਬ ਵਿੱਚ ਜਾਂ ਦਿੱਲੀ ਤੋਂ ਬਾਹਰ ਨਾ ਝਾਕਣ ਵਾਲੇ ਭਾਰਤੀ ਮੀਡੀਆ ਦੀਆਂ ਸੁਰਖੀਆਂ ਵਿੱਚ ਰਹਿ ਰਹੀ ਹੈ।
ਹੁਣੇ ਜਿਹੇ ਅੰਮ੍ਰਿਤਸਰ ਸਾਹਿਬ ਤੋਂ ਭਾਜਪਾ ਦੇ ਮੈਂਬਰ ਪਾਰਲੀਮੈਂਟ ਰਹੇ ਨਵਜੋਤ ਸਿੰਘ ਸਿੱਧੂ ਵੱਲੋਂ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਸਿੱਧੂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਜਾਵੇਗਾ। ਭਾਰਤੀ ਮੀਡੀਆ ਨੇ ਤਾਂ ਉਸ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਵੀ ਐਲਾਨ ਦਿੱਤਾ ਹੈ।
ਇਸੇ ਤਰ੍ਹਾਂ ਪਾਰਟੀ ਵੱਲੋਂ ਜਾਰੀ ਕੀਤੇ ਗਏ ਮੈਨੀਫੈਸਟੋ ਨੂੰ ਧਾਰਮਕ ਗਰੰਥਾਂ ਨਾਲ ਤੁਲਨਾ ਕਰਨ ਦੇ ਮੁੱਦੇ ਤੇ ਵੀ ਪਾਰਟੀ ਕੁਝ ਦਿਨ ਚਰਚਾ ਵਿੱਚ ਰਹੀ ਹੈ। ਜਿਸ ਕਾਰਨ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਪ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਲਈ ਆਉਣਾਂ ਪਿਆ।
ਜਿਸ ਤੇਜੀ ਨਾਲ ਅੱਜਕੱਲ਼੍ਹ ਪਾਰਟੀ ਵਿੱਚ ਹੋਰਨਾ ਪਾਰਟੀਆਂ ਦੇ ਮੈਬਰਾਂ ਨੂੰ ਸ਼ਾਮਲ ਕਰਨ ਦੀ ਕਸਰਤ ਚੱਲ ਰਹੀ ਹੈ ਉਸ ਤੇਜ਼ੀ ਅਤੇ ਤੱਤਪਰਤਾ ਤੋਂ ਲਗਦਾ ਹੈ ਕਿ ਆਉਂਦੇ ਸਮੇਂ ਵਿੱਚ ਪਾਰਟੀ ਦੀ ਪੰਜਾਬ ਇਕਾਈ ਵਿੱਚ ਅਜਿਹਾ ਘੜਮੱਸ ਪੈਣ ਦੀ ਸੰਭਾਵਨਾ ਹੈ ਜੋ ਮੁੜਕੇ ਪਾਰਟੀ ਦੀ ਪਕੜ ਤੋਂ ਬਾਹਰ ਹੋ ਸਕਦਾ ਹੈ। ਹਰ ਰੋਜ਼ ਆਮ ਆਦਮੀ ਪਾਰਟੀ ਵਿੱਚ ਅਜਿਹੇ ਲੋਕ ਸ਼ਾਮਲ ਹੋ ਰਹੇ ਹਨ ਜੋ ਜਾਂ ਤਾਂ ਸਰਕਾਰ ਵਿੱਚ ਵੱਡੇ ਅਫਸਰ ਰਹੇ ਹਨ ਜਾਂ ਹੋਰਨਾ ਪਾਰਟੀਆਂ ਤੋਂ ਟਿਕਟ ਦੀ ਉਮੀਦ ਗਵਾ ਚੁੱਕੇ ਹਨ।
ਅਸੀਂ ਸਮਝਦੇ ਹਾਂ ਕਿ ਇਹ ਜੋ ਭੀੜ ਆਮ ਆਦਮੀ ਪਾਰਟੀ ਵਿੱਚ ਲਗਾਤਾਰ ਆ ਰਹੀ ਹੈ ਇਹ ਕੋਈ ਸੇਵਾ ਕਰਨ ਵਾਲੇ ਲੋਕ ਨਹੀ ਹਨ। ਹੋ ਸਕਦਾ ਹੈ ਕਿ ਉਹ ਅਕਾਲੀ ਦਲ ਜਾਂ ਕਾਂਗਰਸ ਦੀ ਕਠੋਰ ਰਾਜਨੀਤੀ ਤੋਂ ਬਦਜ਼ਨ ਹੋਣ ਪਰ ਮਹਿਜ਼ ਸੇਵਾ ਦੀ ਭਾਵਨਾ ਨਾਲ ਕੋਈ ਵੀ ਪਾਰਟੀ ਵਿੱਚ ਨਹੀ ਆ ਰਿਹਾ। ਹਰ ਕੋਈ ਰਾਜਸੀ ਲਾਲਚ ਦੇ ਅਧੀਨ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਹੈ। ਹਰ ਕੋਈ ਚਲਦੀ ਗੰਗਾ ਵਿੱਚ ਹੱਥ ਧੋ ਕੇ ਮੁੜਕੇ ਰਵਾਇਤੀ ਪਾਰਟੀਆਂ ਤੋਂ ਕਰੋੜਾਂ ਰੁਪਏ ਲੈ ਕੇ ਆਪਣੀ ਜਮੀਰ ਤੇ ਸੀਟ ਵੇਚਣ ਦੇ ਮਨਸ਼ੇ ਨਾਲ ਹੀ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਹੈ।
ਪੰਜਾਬ ਨੂੰ ਪਿਛਲੇ ੨੦ ਸਾਲਾਂ ਵਿੱਚ ਬਣਾ ਹੀ ਏਨਾ ਹਲਕਾ ਦਿੱਤਾ ਗਿਆ ਹੈ ਕਿ ਰਾਜਨੀਤੀ ਹੁਣ ਬੱਸਾਂ ਦੇ ਮਾਲਕ ਬਣਨ ਅਤੇ ਰੇਤੇ ਦੇ ਠੇਕੇ ਲੈਣ ਦਾ ਹੀ ਨਾਅ ਬਣ ਗਈ ਹੈ। ਕਿਸੇ ਘੱਟ ਗਿਣਤੀ ਕੌਮ ਦੀਆਂ ਰਾਜਸੀ ਆਸਾਂ ਅਤੇ ਰੀਝਾਂ ਦੀ ਤਾਂ ਕੋਈ ਗੱਲ ਹੀ ਨਹੀ ਰਹਿ ਗਈ ਪੰਜਾਬ ਵਿੱਚ। ਉਹ ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣ ਲਈ ਬੰਦ ਬੰਦ ਕਟਵਾਇਆ ਅਤੇ ਅੱਜ ਵੀ ਉਸ ਦੌਰ ਦੇ ਤਸ਼ੱਦਦ ਨੂੰ ਭੋਗ ਰਹੇ ਹਨ ਉਹ ਪੰਜਾਬ ਦੇ ਰਾਜਸੀ ਸੀਨ ਤੋਂ ੨੦ ਸਾਲ ਪਹਿਲਾਂ ਮਨਫੀ ਕਰ ਦਿੱਤੇ ਗਏ ਸਨ।
ਆਮ ਆਦਮੀ ਪਾਰਟੀ ਦਾ ਹਿੱਸਾ ਵੀ ਉਹ ਹੀ ਲੋਕ ਬਣ ਰਹੇ ਹਨ ਜੋ ਪੰਜਾਬ ਦੇ ਨਵੇਂ ਤਜਰਬੇ ਵਿੱਚੋਂ ਜਨਮੇ ਹਨ। ਕੋਈ ਗਾਉਣ ਵਾਲਾ ਹੈ ਜੀ, ਕੋਈ ਟੀਵੀ ਤੇ ਬਹੁਤ ਹਸਾਉਂਦਾ ਹੈ ਜੀ, ਕੋਈ ਰਵਾਇਤੀ ਸਿਸਟਮ ਤੋਂ ਬਦਜ਼ਨ ਹੈ। ਸਭ ਟਿਕਟਾਂ ਦੇ ਚਾਹਵਾਨ ਹਨ। ਸਾਡੀ ਜਾਣਕਾਰੀ ਮੁਤਾਬਿਕ ਹਰ ਸੀਟ ਤੋਂ ਲਗਭਗ ਦੋ ਦਰਜਨ ਲੋਕ ਉਮੀਦਵਾਰਾਂ ਦੀ ਲਿਸਟ ਵਿੱਚ ਹਨ। ਟਿਕਟ ਸਿਰਫ ਇੱਕ ਨੂੰ ਮਿਲੇਗੀ, ਬਾਕੀ ਦੇ ੨੩ ਟਿਕਟ ਨਾ ਮਿਲਣ ਦੀ ਸੂਰਤ ਵਿੱਚ ਜੋ ਗੁੱਲ ਖਿਲਾਉਣਗੇ ਉਸਦਾ ਸ਼ਾਇਦ ਪਾਰਟੀ ਨੂੰ ਅੰਦਾਜ਼ਾ ਨਹੀ ਹੈ।
ਇਹ ਗੱਲ ਠਕਿ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਵਰਗੀਆਂ ਵੱਡੇ ਬਜਟ ਵਾਲੀਆਂ ਪਾਰਟੀਆਂ ਨੂੰ ਟੱਕਰ ਦੇਣ ਲਈ ਜਿਸ ਕਿਸਮ ਦੇ ਧੱਕੜ ਵਾਤਾਵਰਨ ਦੀ ਲੋੜ ਸੀ ਉਹ ਪਾਰਟੀ ਨੇ ਪੈਦਾ ਕਰ ਲਿਆ ਹੈ ਪਰ ਸੀਟਾਂ ਦੀ ਗਿਣਤੀ ਵਿੱਚ ਹਾਲੇ ਵੀ ਪਾਰਟੀ ਰਵਾਇਤੀ ਦਲਾਂ ਤੋਂ ਬਹੁਤ ਬਹੁਤ ਪਛੜ ਰਹੀ ਹੈ। ਆਪਣੇ ਹੀ ਕਿਸਮ ਦੇ ਸਰਵੇ ਕਰਵਾਕੇ ਪਾਰਟੀ ਆਪਣੀ ਪਿੱਠ ਤਾਂ ਥਾਪੜ ਸਕਦੀ ਹੈ ਪਰ ਪੰਜਾਬ ਦੀ ਗੁੰਝਲਦਾਰ ਹਕੀਕਤ ਨੂੰ ਸਮਝਣ ਲਈ ਆਮ ਆਦਮੀ ਪਾਰਟੀ ਨੂੰ ਹਾਲੇ ਵਕਤ ਲੱਗੇਗਾ।
ਪੰਜਾਬ ਦੇ ਸਿਆਸੀ ਸੀਨ ਬਾਰੇ ਅਸੀ ਜਿੰਨੀ ਕੁ ਜਾਣਕਾਰੀ ਰੱਖਦੇ ਹਾਂ ਉਸ ਮੁਤਾਬਿਕ ਆਮ ਆਦਮੀ ਪਾਰਟੀ ਨੂੰ ਮਾਲਵਾ ਬੈਲਟ ਵਿੱਚੋਂ ਤਾਂ ਕੁਝ ਪ੍ਰਾਪਤੀ ਹੋ ਸਕਦੀ ਹੈ ਪਰ ਅੱਜ ਦੀ ਤਰੀਕ ਵਿੱਚ ਦੁਆਬੇ ਅਤੇ ਮਾਝੇ ਵਿੱਚੋਂ ਪਾਰਟੀ ਸੀਟਾਂ ਜਿੱਤਣ ਦੀ ਸਥਿਤੀ ਵਿੱਚ ਨਹੀ ਹੈ। ਅਗਲੇ ਦਿਨਾਂ ਵਿੱਚ ਪਾਰਟੀ ਆਪਣੇ ਅੰਦਰਲੇ ਘੜਮੱਸ ਨੂੰ ਕਿੰਨਾ ਕੁ ਸਾਫ ਕਰ ਸਕਦੀ ਹੈ ਅਤੇ ਪੰਜਾਬ ਨੂੰ ਜਾਨਣ ਵਾਲੇ ਕੰਵਰ ਸੰਧੂ ਦੀਆਂ ਸੇਵਾਵਾਂ ਨੂੰ ਇਸ ਸੰਦਰਭ ਵਿੱਚ ਕਿੰਨਾ ਕੁ ਇਸਤੇਮਾਲ ਕਰ ਸਕਦੀ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ।
ਵਰਨਾ ਅਕਾਲੀ ਦਲ ਵੋਟਾਂ ਪੈਣ ਤੋਂ ਪਹਿਲੀ ਰਾਤ ਨੂੰ ਹੀ ਸਾਰੀ ਖੇਡ ਆਪਣੇ ਹੱਥ ਵਿੱਚ ਕਰ ਲੈਣ ਦੀ ਸਮਰਥਾ ਰੱਖਦਾ ਹੈ।