ਪੰਜਾਬ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਵਿੱਚ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਦੇਸੀ ਮਹੀਨਾ ਪੋਹ ਦੀ ਆਖਰੀ ਰਾਤ ਨੂੰ ਮਨਾਇਆ ਜਾਂਦਾ ਹੈ। ਰੁੱਤਾਂ ਦੇ ਹਿਸਾਬ ਨਾਲ ਇਹ ਸਰਦ ਰੁੱਤ ਦਾ ਇੱਕ ਤਰ੍ਹਾਂ ਨਾਲ ਅੰਤ ਮੰਨਿਆ ਜਾਂਦਾ ਹੈ ਅਤੇ ਦਿਨ ਖੁੱਲਣ ਲੱਗ ਜਾਂਦੇ ਹਨ। ਇਹ ਤਿਉਹਾਰ ਮਰਦ ਪ੍ਰਧਾਨ ਸਮਾਜ ਦੀ ਪ੍ਰਤੀਨਿਧਤਾ ਕਰਦਾ ਹੈ ਕਿਉਂਕਿ ਇਹ ਦਿਨ ਘਰ ਵਿੱਚ ਜਨਮੇਂ ਮੁੰਡੇ ਦੀ ਲੋਹੜੀ ਵਜੋਂ ਮਨਾਇਆ ਜਾਂਦਾ ਹੈ ਜਾਂ ਮੁੰਡੇ ਦੇ ਵਿਆਹ ਨੂੰ ਵੀ ਇਸ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਇਹ ਜ਼ਾਹਰ ਕੀਤਾ ਜਾਂਦਾ ਹੈ ਕਿ ਲੜਕੀ ਦਾ ਜਨਮ ਅਸ਼ੁੱਭ ਹੈ। ਇਸ ਦਿਨ ਕਈ ਲੋਕ ਗਾਥਾਵਾਂ ਤੇ ਲੋਕ ਗੀਤ ਪ੍ਰਚਲਤ ਹਨ ਜੋ ਲੋਹੜੀ ਦੀ ਰਾਤ ਨੂੰ ਅੱਗ ਬਾਲ ਕੇ ਗਾਇਨ ਕੀਤੇ ਜਾਂਦੇ ਹਨ। ਸਭ ਤੋਂ ਮੁੱਖ ਲੋਕ ਗਾਥਾ ਦੁੱਲਾ ਭੱਟੀ ਦੀ ਮੰਨੀ ਜਾਂਦੀ ਹੈ। ਇਸ ਨਾਲ ਸਬੰਧਤ ਲੋਕ ਗੀਤ ਦੁੱਲਾ ਭੱਟੀ ਵਾਲਾ ਹੋ …… ਬਹੁਤ ਹੀ ਪ੍ਰਚਲਤ ਹੈ। ਦੁੱਲਾ ਭੱਟੀ ਦੇ ਨਾਲ ਇੱਕ ਮਸ਼ਹੂਰ ਲੋਕ ਗਾਥਾ ਜੁੜੀ ਹੋਈ ਹੈ। ਦੁੱਲਾ ਭੱਟੀ ਇੱਕ ਬਗਾਵਤ ਦਾ ਪ੍ਰਤੀਕ ਹੈ। ਬਚਪਨ ਵਿੱਚ ਇਸਦਾ ਪਿਉ ਫਰੀਦ ਵੀ ਬਾਗੀ ਸੀ ਅਤੇ ਉਸਨੇ ਅਕਬਰ ਮੁਗਲ ਬਦਸ਼ਾਹ ਦੇ ਖਿਲਾਫ ਬਗਾਵਤ ਦਾ ਝੰਡਾ ਚੁੱਕਿਆ ਸੀ ਜਿਸ ਕਰਕੇ ਉਸਨੂੰ ਤਸੀਹੇ ਦੇ ਕੇ ਅਤੇ ਉਸ ਦੇ ਸਰੀਰ ਵਿੱਚ ਤੂੜੀ ਭਰ ਕੇ ਲਾਹੋਰ ਦੇ ਦਰਵਾਜ਼ੇ ਵਿੱਚ ਲਟਕਾ ਦਿੱਤਾ ਸੀ। ਬਚਪਨ ਤੋਂ ਹੀ ਦੁੱਲਾ ਭੱਟੀ ਨੂੰ ਆਪਣੇ ਪਿਉ ਦੇ ਕਤਲ ਦਾ ਅਹਿਸਾਸ ਸੀ ਇਸ ਕਰਕੇ ਉਸਨੇ ਵੀ ਵੱਡੇ ਹੋ ਕੇ ਹਾਕਮਾਂ ਦੇ ਖਿਲਾਫ ਬਗਾਵਤ ਦਾ ਝੰਡਾ ਚੁੱਕਿਆ ਅਤੇ ਇੱਕ ਸੁਮੰਦਰੀ ਨਾਮ ਦੀ ਕੁੜੀ ਵੀ ਸਮੇਂ ਦੇ ਹਾਕਮ ਤੋਂ ਛੁਡਵਾਈ ਤੇ ਉਸਦਾ ਵਿਆਹ ਕੀਤਾ। ਬਾਅਦ ਵਿੱਚ ਦੁੱਲਾ ਵੀ ਹਾਕਮਾਂ ਦੀ ਗ੍ਰਿਫਤ ਵਿੱਚ ਆ ਗਿਆ ਪਰ ਉਸਨੇ ਹਾਕਮਾਂ ਦੀ ਈਨ ਨਹੀਂ ਮੰਨੀ ਜਿਸ ਕਰਕੇ ਉਸਨੂੰ ਵੀ ਫਾਹੇ ਲਾ ਦਿੱਤਾ ਗਿਆ ਸੀ। ਇਹ ਬਗਾਵਤ ਦਾ ਪਹਿਲਾ ਪ੍ਰਤੀਕ ਸੀ। ਉਸਤੋਂ ਬਾਅਦ ਦੁੱਲੇ ਭੱਟੀ ਉਪਰ ਕਈ ਕਿੱਸੇ ਲਿਖੇ ਗਏ। ਜੋ ਸਮੇਂ ਨਾਲ ਬਹੁਤ ਮਸ਼ਹੂਰ ਹੋਏ। ਲਹਿੰਦੇ ਪੰਜਾਬ ਵਿੱਚ ਦੁੱਲੇ ਦੀ ਗਾਥਾ ਨਾਟਕੀ ਰੂਪ ਵਿੱਚ ਪੇਸ਼ ਕੀਤੀ ਤੇ ਚੜਦੇ ਪੰਜਾਬ ਵਿੱਚ ਨਾਟਕਕਾਰ ਗੁਰਸ਼ਰਨ ਸਿੰਘ ਨੇ ਦੁੱਲੇ ਦੀ ਲੋਕ ਗਾਥਾ ‘ਧਮਕ ਨਗਾਰੇ’ ਨਾਟਕ ਰਾਹੀਂ ਪੇਸ਼ ਕੀਤੀ। ਇਹ ਲੋਹੜੀ ਦਾ ਤਿਉਹਾਰ ਅਗਨੀ ਚਿੰਨ ਵਜੋਂ ਵੀ ਮਨਾਇਆ ਜਾਂਦਾ ਹੈ ਕਿਉਂਕਿ ਅੱਗ ਨੂੰ ਮਨੁੱਖ ਦੀ ਵੱਡੀ ਕਾਢ ਸਮਝਿਆ ਜਾਂਦਾ ਹੈ ਅਤੇ ਹਿੰਦੂ ਸਿੱਖ ਮੁਤਾਬਕ ਅੱਗ ਤਿੰਨ ਪ੍ਰਮੁੱਖ ਦੇਵਤਿਆਂ ਵਿੱਚ ਆਉਂਦੀ ਹੈ ਜਿਵੇਂ ਕਿ ਅਗਨੀ, ਵਾਯੂ ਤੇ ਸੂਰਜ। ਅਗਨੀ ਪੂਜਾ ਪੁਰਾਤਨ ਸਮਿਆਂ ਤੋਂ ਇਰਾਨ ਮੁਲਕ ਵਿੱਚ ਵੀ ਪ੍ਰਚਲਤ ਹੈ। ਇਰਾਨ ਭਾਵੇਂ ਇਸਲਾਮਕ ਦੇਸ਼ ਹੈ ਤਾਂ ਵੀ ਇਹ ਤਿਉਹਾਰ ਅਗਨੀ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਪੱਛਮੀ ਮੁਲਕਾਂ ਵਿੱਚ ਯੂਨਾਨੀ ਸੱਭਿਅਤਾ ਨਾਲ ਸਬੰਧਤ ਇੱਕ ਲੋਕ ਗਾਥਾ ਮਸ਼ਹੂਰ ਹੈ ਜਿਸ ਮੁਤਾਬਕ ਪ੍ਰੋਮੇਥੀਅਸ ਜੋ ਕਿ ਆਪ ਖੁਦ ਦੇਵਤਾ ਸੀ, ਨੇ ਲੋਕਾਂ ਲਈ ਅਗਨੀ ਨੂੰ ਦੇਵਤਿਆਂ ਕੋਲੋਂ ਚੋਰੀ ਕੀਤਾ ਤੇ ਲੋਕਾਂ ਨੂੰ ਅਗਨੀ ਵੰਡ ਦਿੱਤੀ। ਇਸ ਕਰਕੇ ਉਹ ਵੀ ਯੂਨਾਨ ਵਿੱਚ ਬਗਾਵਤ ਦਾ ਚਿੰਨ ਮੰਨਿਆਂ ਜਾਂਦਾ ਹੈ। ਜਿਵੇਂ ਦੁੱਲਾ ਭੱਟੀ ਸਾਡੀਆਂ ਗਾਥਾਵਾਂ ਵਿੱਚ ਮੰਨਿਆ ਜਾਂਦਾ ਹੈ। ਸਮੇਂ ਨਾਲ ਪੰਜਾਬ ਵਿੱਚ ਵੀ ਹੌਲੀ ਹੌਲੀ ਤਬਦੀਲੀ ਆ ਰਹੀ ਹੈ ਤੇ ਲੋਹੜੀ ਨੂੰ ਕੁੜੀਆਂ ਦੇ ਜਨਮ ਦੀ ਖੁਸ਼ੀ ਵਿੱਚ ਵੀ ਇੱਕਾ ਦੁੱਕਾ ਥਾਵਾਂ ਤੇ ਮਨਾਇਆ ਜਾਂਦਾ ਹੈ। ਅੱਜ ਦੇ ਦਿਨ ਵਿੱਚ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਭਾਰਤ ਦੀਆਂ ਔਰਤਾਂ ਤੇ ਕੁੜੀਆਂ ਨੇ ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਲੰਮੇ ਤੋਂ ਮੋਰਚਾ ਲਾਇਆ ਹੋਇਆ ਹੈ ਅਤੇ ਉਹ ਲੋਹੜੀ ਮੌਕੇ ਬਗਾਵਤ ਦੇ ਦ੍ਰਿਸ਼ ਵਜੋਂ ਦੇਖੀਆ ਜਾ ਰਹੀਆਂ ਹਨ।