ਯੂਕਰੇਨ ਵਿੱਚ ਅੱਜਕੱਲ਼੍ਹ ਉਥੋਂ ਦੇ ਲੋਕਾਂ ਵੱਲੋਂ ਵੱਡੀ ਪੱਧਰ ਤੇ ਸਰਕਾਰ ਖਿਲਾਫ ਰੋਸ ਪਰਦਰਸ਼ਨ ਕੀਤੇ ਜਾ ਰਹੇ ਹਨ। ਮੁਲਕ ਦੇ ਨਵੇਂ ਚੁਣੇ ਗਏ ਰੂਸ ਪੱਖੀ ਰਾਸ਼ਟਰਪਤੀ ਵਿਕਟਰ ਯਾਨੂਕੋਵਿਚ ਵੱਲੋਂ ਪਿਛਲੇ ਨਵੰਬਰ ਵਿੱਚ ਮੁਲਕ ਦਾ ਭਵਿੱਖ ਯੂਰਪੀਨ ਯੂਨੀਅਨ ਤੋਂ ਹਟਾਕੇ ਰੂਸ ਨਾਲ ਜੋੜਨ ਦੇ ਫੈਸਲੇ ਤੋਂ ਬਾਅਦ ਆਮ ਜਨਤਾ ਸੜਕਾਂ ਤੇ ਆ ਗਈ ਹੈ। ਲੋਕ ਮੰਗ ਕਰ ਰਹੇ ਹਨ ਕਿ ਦੇਸ਼ ਨੂੰ ਯੂਰਪੀ ਯੂਨੀਅਨ ਨਾਲ ਜੋੜਿਆ ਜਾਵੇ ਤਾਂਕਿ ਮੁਲਕ ਦੇ ਲੋਕਾਂ ਨੂੰ ਰੋਜ਼ਗਾਰ ਅਤੇ ਵਪਾਰ ਦੇ ਵੱਡੇ ਮੌਕੇ ਹਾਸਲ ਹੋ ਸਕਣ। ਸ਼ਾਂਤਮਈ ਲੋਕ ਸੰਘਰਸ਼ ਹੁਣ ਪੁਲਿਸ ਦੀ ਸਖਤੀ ਅਤੇ ਮਾਰਕੁਟਾਈ ਤੋਂ ਬਾਅਦ ਹਿੰਸਕ ਹੁੰਦਾ ਨਜ਼ਰ ਆ ਰਿਹਾ ਹੈ। ਹੁਣ ਤੱਕ ੩ ਲੋਕ ਇਸ ਸੰਘਰਸ਼ ਵਿੱਚ ਆਪਣੀਆਂ ਜਾਨਾ ਗਵਾ ਚੁੱਕੇ ਹਨ।

ਯੂਰਪੀਨ ਯੂਨੀਅਨ ਅਤੇ ਰੂਸ ਨਾਲ ਭੁਗੋਲਿਕ ਸਾਂਝ ਰੱਖਦੇ ਮੁਲਕਾਂ ਦਾ ਭਵਿੱਖ ਕਾਫੀ ਸਖਤ ਕੁੜਿਕੀ ਵਿੱਚ ਫਸਿਆ ਹੋਇਆ ਨਜ਼ਰ ਆ ਰਿਹਾ ਹੈ। ਉਨ੍ਹਾਂ ਦੀ ਦੁਨੀਆਂ ਦੇ ਇਸ ਝਗੜੇ ਵਾਲੇ ਖੇਤਰ ਵਿੱਚ ਸਥਿਤ ਹੋਣ ਦੀ ਹੋਣੀ ਜਾਂ ਅਣਹੋਣੀ ਹੀ ਉਨ੍ਹਾਂ ਦੀ ਜਿੰਦਗੀ ਲਈ ਚਿੰਤਾਜਨਕ ਬਣੀ ਹੋਈ ਹੈ। ਯੂਕਰੇਨ, ਬੇਲਾਰੂਸ, ਲਿਥਵਾਨੀਆ, ਲਾਤਵੀਆ, ਇਸਤੋਨੀਆ,ਜਾਰਜੀਆ ਇਸ ਸਥਿਤੀ ਦੀ ਮਾਰ ਝੱਲ ਰਹੇ ਹਨ। ਇਨ੍ਹਾਂ ਮੁਲਕਾਂ ਦੀ ਹੋਣੀ ਬਾਰੇ ਫੈਸਲਾ ਲੈਣ ਦਾ ਹੱਕ ਸ਼ਾਇਦ ਹੁਣ ਇਨ੍ਹਾਂ ਦੇ ਲੋਕਾਂ ਦਾ ਨਹੀ ਰਿਹਾ ਬਲਕਿ ਵੱਡੀਆਂ ਤਾਕਤਾਂ ਦੀ ਖਿੱਚੋਤਾਣ ਵਿੱਚੋਂ ਨਿਕਲਣ ਵਾਲੇ ਨਤੀਜੇ ਹੀ ਇਨਾਂ ਦੇ ਸਿਆਸੀ ਅਤੇ ਆਰਥਿਕ ਭਵਿੱਖ ਦਾ ਫੈਸਲਾ ਕਰਨਗੇ। ਯੂਕਰੇਨ ਅਤੇ ਜਾਰਜੀਆ ਅੱਜਕੱਲ਼੍ਹ ਰੂਸੀ ਸਿਆਸਤ ਅਤੇ ਯੂਰਪੀ ਯੂਨੀਅਨ ਦੇ ਪੁੜਾਂ ਦਰਮਿਆਨ ਪਿਸ ਰਹੇ ਹਨ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਰਪੀਨ ਯੂਨੀਅਨ ਦੇ ਵਿਸਥਾਰ ਨੂੰ ਰੂਸ ਲਈ ਖਤਰੇ ਵੱਜੋਂ ਦੇਖ ਰਹੇ ਹਨ। ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਦੁਸ਼ਮਣ ਉਨ੍ਹਾਂ ਦੀਆਂ ਬਰੂਹਾਂ ਤੇ ਆਣ ਖੜ੍ਹਾ ਹੋਇਆ ਹੈ। ਯੂਰਪੀਨ ਯੂਨੀਅਨ ਦੇ ਵਿਸਥਾਰ ਨੂੰ ਉਹ ਨਾਟੋ ਦੇ ਵਿਸਥਾਰ ਵੱਜੋਂ ਦੇਖ ਰਹੇ ਹਨ। ਵਲਾਦੀਮੀਰ ਪੁਤਿਨ ਦੇ ਸਾਰੇ ਸੰਸੇ ਅਤੇ ਡਰ ਸਿਰਫ ਫੌਜੀ ਨੁਕਤਾਨਜ਼ਰ ਵਾਲੇ ਹਨ। ਇਸੇ ਲਈ ਉਹ ਪੂਰਬੀ ਯੂਰਪ ਨਾਲ ਲਗਦੇ ਇਨ੍ਹਾਂ ਸਾਬਕਾ ਸੋਵੀਅਤ ਗਣਰਾਜਾਂ ਨੂੰ ਰੂਸ ਨਾਲ ਜੋੜ ਕੇ ਰੱਖਣਾਂ ਚਾਹੁੰਦੇ ਹਨ ਤਾਂ ਕਿ ਉਹ ਇਸ ਖਿੱਤੇ ਵਿੱਚ ਆਪਣੀ ਫੌਜੀ ਪੈਂਠ ਬਰਕਰਾਰ ਰੱਖ ਸਕਣ। ਕੁਝ ਸਮਾਂ ਪਹਿਲਾਂ ਜਦੋਂ ਨਾਟੋ ਨੇ ਪੋਲ਼ੈਂਡ ਵਿੱਚ ਮਿਜ਼ਾਈਲ ਡਿਫੈਂਸ ਸਿਸਟਮ ਲਗਾਉਣ ਦੀ ਤਜ਼ਵੀਜ਼ ਬਣਾਈ ਸੀ ਤਾਂ ਇਸਦਾ ਸਭ ਤੋਂ ਵੱਡਾ ਵਿਰੋਧ ਰੂਸ ਨੇ ਹੀ ਕੀਤਾ ਸੀ। ਪੋਲ਼ੈਂਡ ਕਿਉਂਕਿ ੨੦੦੪ ਵਿੱਚ ਯੂਰਪੀ ਯੂਨੀਅਨ ਵਿੱਚ ਸ਼ਾਮਲ ਹੋ ਗਿਆ ਸੀ ਇਸ ਲਈ ਨਾਟੋ ਦਾ ਉਥੇ ਮਿਜ਼ਾਈਲ ਡਿਫੈਂਸ ਸਿਸਟਮ ਲਗਾਉਣ ਦਾ ਹੱਕ ਬਣਦਾ ਸੀ ਜੋ ਕਿ ਲਗਾ ਦਿੱਤਾ ਗਿਆ।

ਪੁਰਬੀ ਯੂਰਪ ਦੇ ਮੁਲਕਾਂ ਦੀ ਇਹ ਕਸ਼ਮਕਸ਼ ਰਾਜਨੀਤਿਕ, ਆਰਥਿਕ ਅਤੇ ਸੱਭਿਅਤਾ ਦੇ ਦਵੰਦ ਦਾ ਕਲਾਸੀਕਲ ਰੂਪ ਬਣ ਗਿਆ ਹੈ। ਆਮ ਲੋਕਾਂ ਲਈ ਹੁਣ ਸਭ ਤੋਂ ਵਧਕੇ ਜਰੂਰੀ ਰੁਜ਼ਗਾਰ ਦੇ ਮੌਕੇ ਹਨ। ਲੋਕ ਚੰਗਾ ਜੀਵਨ ਅਤੇ ਆਪਣੇ ਬੱਚਿਆਂ ਦਾ ਰੌਸ਼ਨ ਭਵਿੱਖ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਵਧੀਆ ਰੋਜ਼ਗਾਰ ਮਿਲੇ ਅਤੇ ਵਪਾਰ ਦੇ ਵੱਡੇ ਮੌਕੇ ਮਿਲਣ। ਇਸ ਦਿਸ਼ਾ ਵਿੱਚ ਯੂਰਪੀ ਯੂਨੀਅਨ ਨਾਲ ਮਜਬੂਤ ਰਿਸ਼ਤਾ ਲੋਕਾਂ ਦੀ ਖੁਸ਼ਹਾਲੀ ਦੇ ਰਾਹ ਖੋਲ਼੍ਹਦਾ ਹੈ। ਉਨ੍ਹਾਂ ਨੂੰ ਆਪਣੇ ਦਰਾਂ ਤੇ ਹੀ ਇੱਕ ਅਜਿਹਾ ਸੰਸਾਰ ਉਸਰਿਆ ਮਿਲ ਰਿਹਾ ਹੈ ਜਿੱਥੇ ਉਹ ਸਖਤ ਮਿਹਨਤ ਨਾਲ ਆਪਣੇ ਸੁਪਨੇ ਸੱਚ ਕਰ ਸਕਦੇ ਹਨ। ਰੂਸ ਨਾਲ ਮਿਲਕੇ ਉਨ੍ਹਾਂ ਨੂੰ ਅਜਿਹਾ ਕੁਝ ਨਹੀ ਮਿਲਣ ਵਾਲਾ। ਸਦੀਆਂ ਤੱਕ ਉਹ ਗੁਰਬਤ ਅਤੇ ਗਰੀਬੀ ਦੀ ਹਾਲਤ ਵਿੱਚ ਹੀ ਉਲਝੇ ਰਹਿਣਗੇ।

ਪਰ ਦੂਜੇ ਪਾਸੇ ਰੂਸ ਦੇ ਰਾਸ਼ਟਰਪਤੀ ਇਸ ਤਬਦੀਲੀ ਨੂੰ ਆਪਣੀ ਆਕੜ ਲਈ ਇੱਕ ਚੁਣੌਤੀ ਸਮਝ ਰਹੇ ਹਨ। ਉਹ ਸਾਰੀ ਤਬਦੀਲੀ ਨੂੰ ਸਿਰਫ ਫੌਜੀ ਨੁਕਤਾ ਨਜ਼ਰ ਤੋਂ ਹੀ ਦੇਖ ਰਹੇ ਹਨ। ਪੁਰਾਤਨ ਮਹਾਰਾਜਿਆਂ ਵਾਂਗ ਉਹ ਬਸ ਆਪਣੇ ਇਲਾਕੇ ਦਾ ਵਿਸਥਾਰ ਚਾਹੁੰਦੇ ਹਨ, ਲੋਕਾਂ ਦੇ ਚੰਗੇ ਜੀਵਨ ਦਾ ਉਨ੍ਹਾਂ ਨੂੰ ਕੋਈ ਫਿਕਰ ਨਹੀ ਹੈ। ਕੇ.ਜੀ.ਬੀ. ਦਾ ਇਹ ਸਾਬਕਾ ਅਫਸਰ ਸਭ ਕੁਝ ਫੌਜੀ ਨੁਕਤੇ ਤੋਂ ਹੀ ਦੇਖਦਾ ਅਤੇ ਸੋਚਦਾ ਹੈ। ਪਿਛਲੇ ਦਿਨੀ ਰੂਸੀ ਪਾਰਲੀਮੈਂਟ ਵਿੱਚ ਆਪਣੇ Ḕਸਟੇਟ ਆਫ ਦਾ ਨੇਸ਼ਨ ਐਡਰੈਸḙ ਵਿੱਚ ਵਲਾਦੀਮੀਰ ਪੁਤਿਨ ਨੇ ਆਖਿਆ ਕਿ ਇਸ ਖਿੱਤੇ ਵਿੱਚ ਅਮਰੀਕਾ, ਚੀਨ ਅਤੇ ਯੂਰਪ ਆਪਣੇ ਪੈਰ ਪਸਾਰਨੇ ਚਾਹੁੰਦੇ ਹਨ। ਯੂਰਪ ਹਾਲੇ ਪੂਰੀ ਤਰ੍ਹਾਂ ਉਸਰਿਆ ਰਣਨੀਤਕ ਖਿਡਾਰੀ ਨਹੀ ਹੈ। ਰੂਸ ਇਸ ਖਿੱਤੇ ਵਿੱਚ ਇੱਕ ਅਜ਼ਾਦ ਅਤੇ ਮਜਬੂਤ ਐਕਟਰ ਵੱਜੋਂ ਉਭਰ ਰਿਹਾ ਹੈ। ਇਸ ਲਈ ਰੂਸ ਨੂੰ ਬਾਕੀ ਮੁਲਕਾਂ ਨਾਲ ਮੁਕਾਬਲਾ ਕਰਨ ਲਈ ਯੂਰੇਸ਼ੀਆ ਦੇ ਇਸ ਖਿੱਤੇ ਵਿੱਚ ਆਪਣੀਆਂ ਜੜ੍ਹਾਂ ਮਜਬੂਤ ਕਰਨੀਆਂ ਚਾਹੀਦੀਆਂ ਹਨ ਅਤੇ ਆਪਣੇ ਪ੍ਰਭਾਵ ਦਾ ਵਿਸਥਾਰ ਕਰਨਾ ਚਾਹੀਦਾ ਹੈ।

ਇਸ ਸੰਦਰਭ ਵਿੱਚ ਪੁਤਿਨ ਯੂਰੇਸ਼ੀਆ ਦੇ ਮੁਲਕਾਂ ਨੂੰ ਸਾਂਝੇ ਅਤੀਤ ਅਤੇ ਸਾਂਝੀ ਸੱਭਿਅਤਾ ਦੀ ਦੁਹਾਈ ਦੇ ਕੇ ਰੂਸ ਦੀ ਅਗਵਾਈ ਵਾਲੀ ਯੂਨੀਅਨ ਵਿੱਚ ਸ਼ਾਮਲ ਕਰਨ ਦੀ ਲੋਚਾ ਰੱਖਦੇ ਹਨ। ਦੂਜੇ ਪਾਸੇ ਕੌਮਾਂਤਰੀ ਆਰਥਿਕਤਾ ਦਾ ਅਧਿਐਨ ਕਰਨ ਵਾਲੀਆਂ ਸੰਸਥਾਵਾਂ ਦਾ ਆਖਣਾਂ ਹੈ ਕਿ ਰੂਸ ਦੀਆਂ ਰਿਆਇਤਾਂ ਤੇ ਪਲਣ ਵਾਲੇ ਸਾਬਕ ਸੋਵੀਅਤ ਯੂਨੀਅਨ ਦੇ ਮੁਲਕ ਹੁਣ ਅਜ਼ਾਦ ਹੋਕੇ ਆਰਥਿਕ ਤੌਰ ਤੇ ਵੱਡੀਆਂ ਪੁਲਾਂਘਾਂ ਪੁੱਟ ਰਹੇ ਹਨ। ਇਸ ਸਬੰਧ ਵਿੱਚ ਕਜ਼ਾਕਿਸਤਾਨ ਅਤੇ ਤਾਜਿਕਸਤਾਨ ਦੀ ਉਦਾਹਰਨ ਦਿੱਤੀ ਜਾ ਰਹੀ ਹੈ ਜਿਨ੍ਹਾਂ ਦੀ ਆਰਥਿਕਤਾ ਪਿਛਲੇ ਸਾਲ ਅਚੰਭਾਜਨਕ ਹੱਦ ਤੱਕ ਮਜਬੂਤ ਹੋਈ ਹੈ।

ਇਸ ਸੰਦਰਭ ਵਿੱਚ ਰੂਸ ਦੀ ਫੌਜੀ ਨਜ਼ਰ ਅਤੇ ਯੂਰਪੀਨ ਯੂਨੀਅਨ ਦੀ ਆਰਥਿਕ ਖੁਸ਼ਹਾਲੀ ਦਰਮਿਆਨ ਚੱਲ ਰਹੇ ਸੰਘਰਸ਼ ਦੀ ਕਹਾਣੀ ਬਣ ਗਿਆ ਹੈ ਯੂਕਰੇਨ। ਲੋਕ ਆਪਣੇ ਭਵਿੱਖ ਬਾਰੇ ਚਿੰਤਿਤ ਹਨ ਪਰ ਵਲਾਦੀਮੀਰ ਪੁਤਿਨ ਆਪਣੇ ਰਾਜ ਦੇ ਵਿਸਥਾਰ ਬਾਰੇ ਹੀ ਚਿੰਤਿਤ ਹੈ।