ਦੁਨੀਆ ਦੇ ਵੱਖ ਵੱਖ 204 ਦੇਸ਼ ਆਪਣੇ ਆਪਣੇ ਢੰਗ ਨਾਲ ਕਰੋਨਾ ਵਾਇਰਸ ਦੇ ਸੰਕਟ ਨਾਲ ਨਜਿੱਠਣ ਲਈ ਆਪਣੀ ਵਿੱਤ ਮੁਤਾਬਕ ਉਪਰਾਲੇ ਕਰ ਰਹੇ ਹਨ। ਸਾਰੇ ਦੇਸ਼ਾਂ ਨੇ ਜੋ ਮੁੱਖ ਜ਼ਰੀਆ ਇਸ ਬੀਮਾਰੀ ਨਾਲ ਲੜਨ ਲਈ ਅਪਣਾਇਆ ਹੈ, ਉਹ ਹੈ ਤਾਲਾਬੰਦੀ। ਇਹ ਤਾਲਾਬੰਦੀ ਸਭ ਦੇਸ਼ਾਂ ਨੇ ਆਪਣੇ ਆਪਣੇ ਢੰਗ ਨਾਲ ਲਾਗੂ ਕੀਤੀ ਹੈ। ਕਈ ਦੇਸ਼ਾਂ ਨੇ ਸਟੇਟ ਦੀ ਪੂਰੀ ਸ਼ਕਤੀ ਵਰਤ ਕੇ ਤਾਲਾਬੰਦੀ ਦਾ ਨਿਯਮ ਅਖਤਿਆਰ ਕੀਤਾ ਹੈ। ਕਈ ਮੁਲਕਾਂ ਨੇ ਲੋਕਾਂ ਨੂੰ ਵਿਸ਼ਵਾਸ਼ ਵਿੱਚ ਲੈ ਕੇ ਲੋਕਤੰਤਰਕ ਢੰਗ ਨਾਲ ਸਮਝਾ ਕੇ ਗੈਰ ਰਸਮੀ ਪੱਧਰ ਤੇ ਉਨਾਂ ਨੂੰ ਬੁਨਿਆਦੀ ਖੁੱਲਾ ਦੇ ਕੇ ਤਾਲਾਬੰਦੀ ਦਾ ਉਪਯੋਗ ਕੀਤਾ ਹੈ। ਤਾਲਾਬੰਦੀ ਕੋਈ ਸਿਹਤ ਨਾਲ ਜੁੜਿਆ ਹੋਇਆ ਸ਼ਬਦ ਨਹੀਂ ਹੈ। ਇਹ ਲਾਜ਼ਮੀ ਇਕਾਂਤਵਾਸ ਤੋ ਲੈ ਕੇ ਨਾਂ-ਲਾਜ਼ਮੀ ਇਕਾਂਤਵਾਸ ਵਿੱਚ ਵੰਡਿਆ ਗਿਆ ਹੈ। ਜਿਵੇਂ ਕਿ ਆਪਣੇ ਘਰਾਂ ਵਿੱਚ ਰਹਿਣਾ ਕੁਝ ਤਰਾਂ ਦੇ ਵਪਾਰਕ ਅਦਾਰੇ ਬੰਦ ਕਰ ਦੇਣਾ। ਹਰ ਤਰਾਂ ਦੇ ਸਮਾਜਿਕ ਤੇ ਧਾਰਮਿਕ ਇਕੱਠਾਂ ਤੋਂ ਰੋਕ ਲਾ ਦੇਣਾ। ਵੱਖ ਵੱਖ ਮੁਲਕਾਂ ਨੇ ਕਰੋਨਾ ਸੁੰਕਟ ਨਾਲ ਨਜਿੱਠਣ ਲਈ ਆਪਣੇ ਲੋਕਾਂ ਲਈ ਤਾਲਾਬੰਦੀ ਦਾ ਉਪਯੋਗ ਕੀਤਾ ਹੈ ਜਿਵੇਂ ਕਿ ਚੀਨ ਜਿੱਥੇ ਇਹ ਸੰਕਟ ਸਭ ਤੋਂ ਪਹਿਲਾ ਉਠਿਆ ਸੀ, ਉਨਾਂ ਨੇ ਇਸ ਸੰਕਟ ਨਾਲ ਨਜਿੱਠਣ ਲਈ ਆਪਣਾ ਤਾਨਾਸ਼ਾਹੀ ਵਡੀਰਾ ਅਖਤਿਆਰ ਕਰਦਿਆਂ ਲੋਕਾਂ ਨੂੰ ਆਪਣੀ ਆਪਣੀ ਜਗ੍ਹਾ ਤੇ ਪੂਰੀ ਤਰਾਂ ਕੈਦ ਕਰ ਦਿੱਤਾ ਸੀ। ਕਿਸੇ ਨੂੰ ਵੀ ਸਰਕਾਰ ਵੱਲੋਂ ਪ੍ਰਸਾਰਤ ਕੀਤੀ ਜਾ ਰਹੀ ਜਾਣਕਾਰੀ ਤੋਂ ਇਲਾਵਾ ਹੋਰ ਸਭ ਤਰਾਂ ਦੀ ਜਾਣਕਾਰੀ ਤੋਂ ਵਾਂਝੇ ਕਰ ਦਿੱਤਾ ਗਿਆ ਸੀ। ਇੱਥੋਂ ਤੱਕ ਕੇ ਜਿਸ ਡਾਕਟਰ ਨੇ ਪਹਿਲਾਂ ਇਸ ਬੀਮਾਰੀ ਦੀ ਜਾਣਕਾਰੀ ਲੋਕਾਂ ਸਾਹਮਣੇ ਲਿਆਂਦੀ ਸੀ, ਨੂੰ ਵੀ ਸਰਕਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਤਰਾਂ ਦੋ ਪੱਤਰਕਾਰ ਜਿਨਾਂ ਨੇ ਚੀਨ ਵਿੱਚ ਕਰੋਨਾ ਦੇ ਸੰਕਟ ਬਾਰੇ ਦੱਸਣਾ ਚਾਹਿਆ ਸੀ ਉਨਾਂ ਨੂੰ ਫਰਵਰੀ ਮਹੀਨੇ ਵਿੱਚ ਲਾਪਤਾ ਹੀ ਕਰ ਦਿੱਤਾ ਗਿਆ। ਇਸ ਤੋਂ ਵੱਖਰਾ ਪੱਖ ਤਾਈਵਾਨ ਜੋ ਕਦੇ ਚੀਨ ਦਾ ਹੀ ਹਿੱਸੀ ਸੀ ਤੇ ਅੱਜ ਵਖਰਾ ਮੁਲਕ ਹੈ, ਉਥੇ ਲੋਕਤੰਤਰਕ ਸਰਕਾਰ ਹੈ ਨੇ ਵੀ ਕਰੋਨਾ ਸੰਕਟ ਨਾਲ ਪੂਰੀ ਤਰਾਂ ਨਜਿੱਠਣ ਲਈ ਆਪਣੇ ਲੋਕਾਂ ਨੂੰ ਵਿਸ਼ਵਾਸ਼ ਵਿਚ ਲਿਆ। ਛੋਟੀ ਤੋਂ ਛੋਟੀ ਜਾਣਕਾਰੀ ਲੋਕਾਂ ਨਾਲ ਸਾਂਝ ਕੀਤੀ। ਸਿਵਲ ਸਮਾਜ ਨੂੰ ਨਾਲ ਲੈ ਕੇ ਆਪਣੇ ਲੋਕਾਂ ਦੇ ਵਿਸ਼ਵਾਸ਼ ਤੇ ਪੂਰਾ ਉਤਰਦਿਆਂ ਹੋਏ ਇਸ ਬੀਮਾਰੀ ਦਾ ਕਾਫੀ ਹੱਦ ਤੱਕ ਹੱਲ ਲੱਭਿਆ। ਇੱਥੇ ਕਿਸੇ ਤਰਾਂ ਦੀ ਕੋਈ ਵੀ ਲਾਜ਼ਮੀ ਤਾਲਾਬੰਦੀ ਨਹੀਂ ਕੀਤੀ ਗਈ ਸੀ। ਰੂਸ ਵਿੱਚ ਵੀ ਕਰੋਨਾ ਸੰਕਟ ਨਾਲ ਅਤੇ ਕਿਸੇ ਤਰਾਂ ਦੇ ਸਰਕਾਰ ਤੋਂ ਵੱਖ ਵਿਚਾਰ ਰੱਖਣ ਤੇ ਸਖਤ ਕਨੂੰਨ ਬਣਾਏ ਗਏ ਹਨ। ਨਿੂਜ਼ੀਲੈਂਡ ਮੁਲਕ ਨੇ ਵੀ ਤਾਲਾਬੰਦੀ ਦਾ ਉਪਯੋਗ ਸ਼ੁਰੂ ਵਿੱਚ ਕੀਤਾ ਸੀ। ਪਰ ਆਪਣੇ ਲੋਕਾਂ ਨੂੰ ਪੂਰਨ ਤੌਰ ਤੇ ਵਿਸ਼ਵਾਸ਼ ਵਿੱਚ ਲਿਆ ਸੀ। ਭਾਰਤ ਨੇ ਕਰੋਨਾ ਸੰਕਟ ਨਾਲ ਨਜਿੱਠਣ ਲਈ ਆਪਣਾ ਤਾਨਾਸ਼ਾਹੀ ਵਤੀਰਾ ਵਰਤਦਿਆਂ ਹੋਇਆਂ ਕੇਂਦਰੀ ਸਰਕਾਰ ਨੇ ਆਪਣੇ ਲੋਕਾਂ ਨੂੰ ਵਿਸ਼ਵਾਸ਼ ਵਿੱਚ ਲਏ ਬਿਨਾਂ ਸਖਤ ਤਾਲਾਬੰਦੀ ਦਾ ਹੁਕਮ ਦਿੱਤਾ ਸੀ। ਲੋਕਾਂ ਨੂੰ ਘਰਾਂ ਅੰਦਰ ਹੀ ਮਹਫਿੂਜ਼ ਹੋਣ ਲਈ ਮਜਬੂਰ ਕੀਤਾ ਗਿਆ। ਇਸ ਤੋਂ ਇਨਕਾਰੀ ਹੋਣ ਤੇ ਲੋਕਾਂ ਨੂੰ ਸਰਕਾਰ ਦੀ ਮਾਰ ਝੱਲਣੀ ਪਈ। ਭਾਰਤ ਸਰਕਾਰ ਤੇ ਇਸਦੀਆਂ ਸੂਬਾ ਸਰਕਾਰਾਂ ਨੇ ਲੋਕਾਂ ਦੇ ਰੁਜ਼ਗਾਰ, ਰਹਿਣ-ਸਹਿਣ, ਬੁਨਿਆਦੀ ਲੋੜਾਂ, ਸਵੈਮਾਨ ਦੀ ਕਦਰ ਨਾ ਕਰਦਿਆਂ ਰੋਜ਼ੀ-ਰੋਟੀ ਤੇ ਬੁਨਿਆਦੀ ਜਰੂਰਤਾਂ ਤੋਂ ਸੱਖਣੇ ਕਰ ਦਿੱਤਾ। ਨਿਊਜ਼ੀਲੈਂਡ ਤੇ ਭਾਰਤ ਦੀ ਤਾਲਾਬੰਦੀ ਵਿੱਚ ਐਨਾ ਹੀ ਫਰਕ ਹੈ ਕਿ ਨਿਊਜ਼ੀਲੈਂਡ ਨੇ ਆਪਣੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਜਿੰਮੇਵਾਰੀ ਸਰਕਾਰ ਨੇ ਆਪ ਚੁੱਕੀ ਹੈ ਤਾਂ ਕਿ ਔਖੀ ਘਰੀ ਵਿਚੋਂ ਨਿਕਲਿਆ ਜਾ ਸਕੇ ਤੇ ਆਪਣੇ ਲੋਕਾਂ ਦਾ ਵਿਸ਼ਵਾਸ਼ ਵੀ ਟੁੱਟਣ ਨਾ ਦਿੱਤਾ ਜਾਵੇ। ਇਸੇ ਤਰਾਂ ਪੱਛਮੀ ਮੁਲਕਾਂ ਵਿੱਚ ਵੀ ਕਾਫੀ ਹੱਦ ਤੱਕ ਆਪਣੇ ਨਾਗਰਿਕਾਂ ਦੀਆਂ ਬੁਨਿਆਦੀ ਲੋੜਾਂ ਦਾ ਖਿਆਲ ਰੱਖਿਆ ਹੈ। ਤਾਲਾਬੰਦੀ ਦਾ ਇਹ ਮਤਲਬ ਨਹੀਂ ਹੈ ਕਿ ਲੋਕਤੰਤਰਕ ਸਰਕਾਰਾਂ ਤਾਨਾਸ਼ਾਹੀ ਵਤੀਰੇ ਰਾਹੀਂ ਆਪਣੇ ਹੀ ਦੇਸ਼ ਵਾਸੀਆਂ ਨੂੰ ਹਰ ਇੱਕ ਤਰਾਂ ਦੀ ਕਰੋਨਾ ਵਾਇਰਸ ਸੰਕਟ ਬਾਰੇ ਪੂਰੀ ਜਾਣਕਾਰੀ; ਅੰਕੜੇ ਤੇ ਹੋਰ ਕਿਸੇ ਤਰਾਂ ਦੀ ਇਸ ਨਾਲ ਜੁੜੀ ਜਾਣਕਾਰੀ ਤੋਂ ਵਾਂਕਿਆ ਰੱਖਿਆ ਜਾਵੇ ਤਾਂ ਜੋ ਚੀਨ ਵਾਂਗੂੰ ਕਰੋਨਾ ਸੰਕਟ ਨਾਲ ਜਾੜੀ ਹੋਈ ਪੂਰੀ ਸਮੀਖਿਆਂ ਦੁਨੀਆਂ ਤੋਂ ਲੁਕੀ ਹੀ ਰਹਿ ਜਾਵੇ। ਇਹ ਬੀਮਾਰੀ ਦੀਵੇ ਬਾਲ ਤੇ ਭਾਂਡੇ ਖੜਕਾ ਕੇ ਨਹੀਂ ਖਤਮ ਜਾ ਸਕਦੀ। ਪੂਰਨ ਤਾਲਾਬੰਦੀ ਵੀ ਇਸਦਾ ਹੱਲ ਨਹੀਂ।