ਇੱਕਤੀ ਅਕਤੂਬਰ ੧੯੮੪ ਦੇ ਦਿਨ ਜੋ ਕਿ ਹੁਣ ਦੇ ਇਤਿਹਾਸ ਦਾ ਇੱਕ ਅਜਿਹਾ ਦਿਨ ਹੈ ਕਿ ਜਦੋਂ ਮੈਂ ਉਸ ਸਵੇਰ ਆਪਣੇ ਕਾਲਜ ਗਿਆ ਤਾਂ ਨੋ ਵਜੇ ਤੋਂ ਬਾਅਦ ਇਹ ਗੱਲ ਸੁਣਨ ਵਿੱਚ ਆਈ ਕਿ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗੋਲੀ ਮਾਰ ਦਿੱਤੀ ਗਈ ਹੈ। ਜਿਸ ਵਿਦਿਆਲੇ ਵਿੱਚ ਮੈਂ ਪੜ੍ਹਦਾ ਸੀ ਉੱਥੇ ਬਹੁ ਗਿਣਤੀ ਸਿੱਖਾਂ ਦੀ ਸੀ। ਜੂਨ ੧੯੮੪ ਦੇ ਹਰਿਮੰਦਰ ਸਾਹਿਬ ਤੇ ਹੋਏ ਹਮਲੇ ਤੋਂ ਬਾਅਦ ਬਣੇ ਦੁਖਦਾਈ ਮਹੌਲ ਵਿੱਚ ਇੰਦਰਾ ਗਾਂਧੀ ਦੀ ਮੌਤ ਦੀ ਖਬਰ ਇੱਕ ਦਿਲੀ ਸਕੂਨ ਅਤੇ ਖੁਸ਼ੀ ਦੀ ਖਬਰ ਵਾਂਗੂ ਅਸੀਂ ਆਪਸ ਵਿੱਚ ਚਾਅ ਨਾਲ ਵਿਚਾਰੀ। ਦੁਪਿਹਰ ਤੱਕ ਇਹ ਪੱਕਾ ਹੋ ਗਿਆ ਸੀ ਕਿ ਇੰਦਰਾ ਗਾਂਧੀ ਨੂੰ ਉਸਦੇ ਹੀ ਦੋ ਸਿੱਖ ਸੁਰੱਖਿਆ ਕਰਮਚਾਰੀਆ ਨੇ ਦਰਬਾਰ ਸਾਹਿਬ ਤੇ ਹੋਏ ਹਮਲੇ ਕਰਕੇ ਮਾਰਿਆ ਹੈ। ਸਾਡਾ ਸਾਰਿਆਂ ਦਾ ਸ਼ਹੀਦ ਭਾਈ ਬੇਅੰਤ ਸਿੰਘ ਤੇ ਸਤਵੰਤ ਸਿੰਘ ਪ੍ਰਤੀ ਬੜੇ ਮਾਣ-ਸਤਿਕਾਰ ਨਾਲ ਉਹਨਾਂ ਦੀ ਕੁਰਬਾਨੀ ਅੱਗੇ ਸਿਰ ਝੁਕ ਗਿਆ। ਉਸ ਵਕਤ ਮੇਰੇ ਆਪਣੇ ਕਦਮ ਬਾਗੀ ਸੁਰਾਂ ਵਿੱਚ ਰਲਣ ਲਈ ਹੌਲੀ-ਹੌਲੀ ਚੱਲ ਪਏ ਸਨ। ਇਸ ਵਾਕਿਆ ਨੇ ਮੈਨੂੰ ਤੇ ਮੇਰੇ ਸਾਥੀਆਂ ਨੂੰ ਹੋਰ ਪ੍ਰੇਰਤ ਕੀਤਾ ਕਿ ਅਸੀਂ ਵੀ ਸਿੱਖ ਕੌਮ ਦੇ ਮਾਣ ਲਈ ਬਾਗੀ ਕਾਫਲੇ ਵਿੱਚ ਸ਼ਾਮਲ ਹੋਵਾਂਗੇ।
੩੧ ਅਕਤੂਬਰ ਵਾਲਾ ਸਾਰਾ ਦਿਨ ਬੜਾ ਹੀ ਖੁਸ਼ੀ ਅਤੇ ਚਾਅ ਵਾਲਾ ਦਿਨ ਸੀ। ਉਸ ਦਿਨ ਕਈ ਥਾਵਾਂ ਤੇ ਨੌਜਵਾਨ ਸਿੱਖ ਮੁੰਡਿਆ ਨੇ ਆਪਣੇ ਕਾਲਜਾਂ ਸਾਹਮਣੇ ਬੱਸਾਂ ਰੋਕ ਕੇ ਸਵਾਰੀਆਂ ਖਾਸ ਕਰਕੇ ਹਿੰਦੂ ਸਵਾਰੀਆਂ ਨੂੰ ਧੱਕੇ ਨਾਲ ਲੱਡੂ ਖਵਾਏ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨਾਂ ਵਿੱਚ ਸਾਡੀ ਯੂਨਾਵਰਸਿਟੀ ਵਿਚ ਵੀ ਫੌਜ ਅਤੇ ਸੁਰੱਖਿਆ ਦੇ ਕਰਮਚਾਰੀ ਵੱਡੀ ਗਿਣਤੀ ਵਿੱਚ ਮੌਜੂਦ ਹੁੰਦੇ ਸਨ। ਉਸ ਦਿਨ ਪਹਿਲੀ ਵਾਰ ਇੰਨਾ ਸੁਰੱਖਿਆ ਕਰਮਚਾਰੀਆਂ ਦੇ ਚਿਹਰਿਆਂ ਤੇ ਨਮੋਸ਼ੀ ਸਾਫ ਪੜੀ ਜਾ ਸਕਦੀ ਸੀ ਤੇ ਹਮ-ਖਿਆਲੀ ਸਿੱਖ ਉਨਾਂ ਦੇ ਸਾਹਮਣੇ ਇੱਕ ਦੂਜੇ ਨੂੰ ਹੱਸ-ਹੱਸ ਕੇ ਵਧਾਈਆਂ ਦੇ ਰਹੇ ਸਨ। ਇੰਜ ਜਾਪਦਾ ਸੀ ਕਿ ਸਿੱਖਾਂ ਦਾ ਇਤਹਾਸ ਅੱਜ ਪ੍ਰਤੱਖ ਰੂਪ ਵਿੱਚ ਸਾਡੇ ਸਾਹਮਣੇ ਆ ਖਲੌਤਾ ਹੈ। ਅਗਲੇ ਹੀ ਦਿਨ ਹੌਲੀ-ਹੌਲੀ ਇਹ ਖਬਰਾਂ ਵੀ ਆਉਣ ਲੱਗ ਪਈਆਂ ਕਿ ਦਿੱਲੀ ਅਤੇ ਹੋਰ ਸੂਬਿਆਂ ਵਿੱਚ ਸਿੱਖਾਂ ਤੇ ਨਸਲੀ ਹਮਲੇ ਹੋਣ ਲੱਗ ਪਏ ਹਨ। ਉਹਨਾਂ ਦਿਨਾਂ ਵਿੱਚ ਖਬਰਾਂ ਦਾ ਇਕੋ ਇੱਕ ਜ਼ਰੀਆਂ ਬੀ.ਬੀ.ਸੀ. ਰੇਡੀਉ ਦੇ ਸਮਾਚਾਰ ਸੀ। ਇੰਨਾਂ ਖਬਰਾਂ ਰਾਹੀਂ ਅਗਲੇ ਤਿੰਨ ਦਿਨਾਂ ਤੱਕ ਸਿੱਖਾਂ ਦੇ ਕਤਲੇਆਮ ਦੀਆਂ ਲਗਾਤਾਰ ਖਬਰਾਂ ਆਉਂਦੀਆਂ ਰਹੀਆਂ ਜਿਸਨੂੰ ਸੁਣ ਕੇ ਮਨ ਖੋਲਦਾ ਤਾਂ ਸੀ ਨਾਲੇ ਇਹ ਅਹਿਸਾਸ ਹੋ ਰਿਹਾ ਸੀ ਕਿ ਇਹ ਘਟਨਾ, ਸਿੱਖਾਂ ਦਾ ਕਤਲੇਆਮ ਭਾਰਤ ਅੰਦਰ ਸਿੱਖਾਂ ਦੀ ਬੇਬਸੀ ਤੇ ਲਾਚਾਰੀ ਦੀ ਤਸਵੀਰ ਦਰਸਾਉਂਦਾ ਸੀ। ਉਹਨਾਂ ਤਿੰਨ ਦਿਨਾਂ ਵਿੱਚ ਮਨ ਪੂਰੀ ਤਰਾਂ ਇਹ ਤਹਿ ਕਰ ਬੈਠਾ ਸੀ ਕਿ ਭਾਰਤ ਤੋਂ ਸਿੱਖ ਹੋਣ ਦੇ ਨਾਤੇ ਨਾਲ ਰਹਿਣ ਦਾ ਮੋਹ ਭੰਗ ਹੋ ਚੁੱਕਿਆ ਹੈ।
ਇਹ ਤੀਹ ਸਾਲ ਪੁਰਾਣੇ ਇਤਿਹਾਸ ਦੇ ਪੰਨੇ ਸਿੱਖਾਂ ਦੇ ਆਪਸੀ ਵੈਰ ਵਿਰੋਧ ਅਤੇ ਰਾਜਨੀਤਿਕ ਪ੍ਰਣਾਲੀ ਵਿੱਚ ਸਮਝ ਦੀ ਪੂਰਨ ਤੌਰ ਤੇ ਘਾਟ ਦੀ ਵੀ ਇੱਕ ਤਸਵੀਰ ਹੈ। ਅੱਜ ਜੇ ਤੀਹ ਸਾਲਾਂ ਬਾਅਦ ਆਪਾਂ ਦੇਖੀਏ ਕਿ ਭਾਰਤ ਦੀ ਨਿਆਂ ਪ੍ਰਣਾਲੀ ਹਜ਼ਾਰਾਂ ਕਤਲਾਂ ਲਈ ਸਿਰਫ ੪੨ ਬੰਦਿਆਂ ਨੂੰ ਹੀ ਉਮਰ ਕੈਦ ਦੀ ਸਜਾ ਸੁਣਾ ਚੁੱਕੀ ਹੈ। ਉਹ ਵੀ ਉਨਾਂ ਵਿਚੋਂ ਤਕਰੀਬਨ ਕੁਝ ਨੂੰ ਛੱਡ ਕੇ ਸਾਰੇ ਰਿਹਾਅ ਹੋ ਚੁੱਕੇ ਹਨ। ਅੱਜ ਤੱਕ ਸਿੱਖ ਕੌਮ ਇਹ ਤਹਿ ਨਹੀਂ ਕਰ ਸਕੀ ਕਿ ਕਿੰਨੀ ਗਿਣਤੀ ਵਿੱਚ ਉਨਾਂ ਦਿਨਾਂ ਵਿੱਚ ਸਿੱਖ ਕਤਲ ਹੋਏ ਹਨ ਕਿੰਨੀਆਂ ਔਰਤਾਂ ਬੇਪੱਤ ਹੋਈਆਂ ਹਨ, ਕਿੰਨੀਆਂ ਔਰਤਾਂ ਲਾਪਤਾ ਹਨ ਅਤੇ ਕਿੰਨੀ ਜਾਇਦਾਦ ਤਬਾਹ ਹੋਈ ਹੈ। ਇਸ ਬਾਰੇ ਵੱਖ-ਵੱਖ ਅੰਕੜੇ ਹਨ। ਹੁਣ ਵੀ ਇੰਨਾ ਦਿਨਾਂ ਪ੍ਰਤੀ ਸਿੱਖ ਕੌਮ ਇੱਕ ਮੰਚ ਤੇ ਇੱਕਠੀ ਹੋ ਕੇ ਆਪਣੇ ਰੋਹ ਦਾ ਮੁਜ਼ਾਹਰਾ ਕਰਨ ਵਿੱਚ ਵੀ ਅਸਮਰਥ ਹੈ। ਇਹੀ ਵੱਡਾ ਕਾਰਨ ਹੈ ਕਿ ਇੰਨਾਂ ਤੀਹਾਂ ਸਾਲਾਂ ਵਿੱਚ ਦੋ ਪੰਜਾਬੀ ਅਤੇ ਇੰਨਾਂ ਵਿਚੋਂ ਇੱਕ ਸਿੱਖ ਭਾਰਤ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਇਸ ਦੇ ਬਾਵਜੂਦ ਅੱਜ ਤਾਈਂ ਭਾਰਤ ਦੀ ਪਾਰਲੀਮੈਂਟ ਇੱਕਠਿਆਂ ਹੋ ਕਿ ਅਫਸੋਸ ਦਾ ਮਤਾ ਵੀ ਨਹੀਂ ਪਾ ਸਕੀ। ਹੁਣ ਤੀਹਾਂ ਸਾਲਾਂ ਬਾਅਦ ਗੱਲਾਂ ਤਾਂ ਬਹੁਤ ਹੋ ਰਹੀਆਂ ਹਨ, ਸਿੱਖਾਂ ਦੀ ਨਸਲਕੁਸ਼ੀ ਬਾਰੇ, ਦਿੱਲੀ ਵਿੱਚ ਯਾਦਗਾਰ ਬਣਾਉਣ ਦੇ ਉਪਰਾਲੇ ਵੀ ਹੋ ਰਹੇ ਹਨ ਨਾਲ ਹੀ ਇਹ ਤਸਵੀਰ ਵੀ ਸਾਹਮਣੇ ਆਉਂਦੀ ਹੈ ਕਿ ਉਸ ਸਿੱਖ ਕਤਲੇਆਮ ਦੇ ਸ਼ਿਕਾਰ ਪਰਿਵਾਰ ੧੯੮੪ ਦੀ ਜ਼ਿੰਦਗੀ ਨਾਲੋਂ ਵੀ ਨਿਰਾਸ਼ਾਜਨਕ ਤੇ ਬੇਵੱਸੀ ਵਾਲੀ ਭੁੱਖਮਾਰੀ ਦਾ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ।
ਪਿਛਲੇ ਕੁਝ ਸਮੇਂ ਵਿੱਚ ਕਸ਼ਮੀਰ ਵਾਦੀ ਵਿੱਚ ਜਦੋਂ ਕੁਦਰਤੀ ਤ੍ਰਾਸਦੀ ਦਾ ਕਹਿਰ ਹੋਇਆ ਤਾਂ ਸਿੱਖ ਕੌਮ ਦੀਆਂ ਸਿਰਮੌਰ ਸੰਸਥਾਵੇਂ ਅਤੇ ਕਈ ਵਿਦੇਸ਼ੀ ਸਿੱਖ ਸੰਸਥਾਵਾਂ ਅਗਲੀ ਕਤਾਰ ਵਿੱਚ ਹੋ ਕੇ ਕੁਦਰਤੀ ਤ੍ਰਾਸਂਦੀ ਦੇ ਸ਼ਿਕਾਰ ਹੋਏ ਕਸ਼ਮੀਰੀਆਂ ਨਾਲ ਸਹਾਇਤਾ ਲਈ ਜਾ ਖੜੇ ਹੋਏ ਪਰ ਅਜਿਹੀ ਹੀ ਸਾਜਗਾਰ ਪਹੁੰਚ ਅਤੇ ਸਹਾਇਤਾ ਵਾਲੀ ਬਾਂਹ ਕਦੀ ਇੰਨਾ ਸੰਸਥਾਵਾਂ ਨੇ ਤੀਹ ਸਾਲ ਪਹਿਲਾਂ ਹੋਏ ਕਤਲੋਗਾਰਤ ਦੇ ਸ਼ਿਕਾਰ ਸਿੱਖਾਂ ਲਈ ਅੱਜ ਤੱਕ ਸਾਹਮਣੇ ਨਹੀਂ ਆਈ। ਇਸ ਕਤਲੋਗਾਰਤ ਦੇ ਪੀੜਤ ਸਿੱਖ ਜਦੋਂ ਟੁੱਟੇ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ ਅਤੇ ਲੋਕਾਂ ਦਾ ਕੂੜਾ-ਕਰਕਟ ਚੁੱਕ ਆਪਣੀ ਰੋਜੀ ਰੋਟੀ ਬਿਖਰੇ ਪਰਿਵਾਰਾਂ ਵਿੱਚ ਰਹਿ ਕੇ ਕਮਾ ਰਹੇ ਹਨ ਤਾਂ ਇਹ ਇੱਕ ਬੜਾ ਵੱਡਾ ਸਵਾਲ ਹੈ ਸਿੱਖਾਂ ਦੀਆਂ ਮਹਾਨ ਸੰਸਥਾਵਾਂ ਅੱਗੇ। ਇਹੀ ਸੰਸਥਾਵਾਂ ਦੂਰ-ਦੁਰਾਡੇ ਲੋਕਾਂ ਜਿਵੇਂ ਹੁਣ ਚੱਲ ਰਹੀ ਇਰਾਕ ਦੀ ਲੜਾਈ ਵਿੱਚ ਬੇਘਰ ਹੋਏ ਲੋਕਾਂ ਦੇ ਘਰ ਬਣਾਉਣ ਲਈ ਤਾਂ ਬਹੁਤ ਫਿਕਰਮੰਦ ਹੈ ਪਰ ਆਪਣੇ ਸਿੱਖ ਜੋ ਐਨੀ ਵੱਡੀ ਕਤਲੋਗਾਰਤ ਸਿੱਖ ਹੋ ਦੇ ਨਾਤੇ ਝੱਲ ਚੁੱਕੇ ਹਨ ਉਨਾਂ ਪ੍ਰਤੀ ਉਨਾਂ ਦੇ ਦੁੱਖੜੇ ਇਨਸਾਫ ਲਈ ਅੱਜ ਵੀ ਚੰਗੀ ਕਨੂੰਨੀ ਲੜਾਈ ਲੜਨ ਤੋਂ ਅਸਮਰਥ ਹਨ। ਇਹ ਵੀ ਇੱਕ ਮੁਢਲਾ ਕਾਰਨ ਹੈ ਕਿ ਇਨਸਾਫ ਅੱਜ ਵੀ ਬੂਹੇ ਬੰਦ ਕਰੀ ਬੈਠਾ ਹੈ। ਕੱਲ ਹੀ ਮੈਂ ਟੀ.ਵੀ ਉੱਤੇ ਸਾਬਕਾ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ (ਭਾਰਤ) ਜੋ ਕਿ ਪਹਿਲਾਂ ਮੈਂਬਰ ਪਾਰਲੀਮੈਂਟ ਵੀ ਰਹੇ ਹਨ ਬੜੀ ਉੱਚੀ ਸੁਰ ਵਿੱਚ ਸਿੱਖ ਸੰਗਤ ਨੂੰ ਇਹ ਕਹਿ ਰਹੇ ਸਨ ਕਿ ਸਾਨੂੰ ਆਹ ਕਦਮ ਪੁੱਟਣੇ ਚਾਹੀਦੇ ਸਨ ਜਾ ਇਨਸਾਫ ਲੈਣ ਲਈ ਹੋਰ ਤਰੀਕੇ ਅਪਨਾਉਣੇ ਚਾਹੀਦੇ ਸਨ ਅਤੇ ਭਾਰਤੀ ਲੋਕਤੰਤਰ ਤੇ ਸਵਾਲ ਉਠਾ ਰਹੇ ਸਨ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅਜਿਹੇ ਸੂਝਵਾਨ ਸਿੱਖ ੧੯੮੪ ਦੇ ਸਿੱਖ ਕਤਲੋਗਾਰਤ ਵੇਲੇ ਭਾਰਤ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੋ ਕਿ ਆਪਇੱਕ ਸਿੱਖ ਸਨ ਦੇ ਨੇੜਲੇ ਸਹਿਯੋਗੀ ਅਫਸਰ ਸਨ। ਇਹ ਉਸ ਸਮੇਨ ਕਿਉਂ ਚੁੱਪ ਰਹੇ? ਅੱਜ ਵੱਡੇ-ਵੱਡੇ ਹੋਕੇ ਦੇ ਰਹੇ ਹਨ। ਇਹ ਸਿੱਖਾਂ ਦੀ ਤ੍ਰਾਸਦੀ ਹੈ। ਇਸੇ ਤਰਾਂ ਸਿੱਖਾਂ ਦੀ ਇੱਕ ਜੱਥੇਬੰਦੀ ਅੱਜ ਵੀ ਉਸ ਦੁਖਾਂਤ ਦਾ ਲਾਹਾ ਲੈਣ ਲਈ ਰੇਲਾਂ ਤੇ ਸੜਕਾਂ ਰੋਕ ਰਹੀ ਹੈ ਅਤੇ ਇੱਕ ਧਿਰ ਸਿੱਖਾਂ ਦੇ ਦੁਖੜੇ ਆਪਣੇ ਹਿੱਤਾਂ ਦੀ ਪੂਰਤੀ ਲਈ ਯੁਨਾਈਟਡ ਨੈਸ਼ਨਜ ਦੇ ਦਫਤਰ ਦੇ ਦਰਵਾਜੇ ਅੱਗੇ ਲੈ ਜਾ ਰਹੀ ਹੈ ਅਤੇ ਸਿੱਖਾਂ ਦੀ ਪ੍ਰਮੁੱਖ ਸਿਆਸੀ ਜਮਾਤ ਸਿੱਖ ਕਤਲੋਗਾਰਤ ਦਾ ਦੁੱਖ ਕੰਧਾਂ ਵਿੱਚ ਸਮੇਟਣ ਦਾ ਉਪਰਾਲਾ ਸ਼ੁਰੂ ਕਰ ਰਹੀ ਹੈ।
ਹੋਰ ਵੀ ਵਿਦੇਸ਼ਾਂ ਵਿੱਚ ਸਿੱਖ ਕਤਲੋਗਾਰਤ ਬਾਰੇ ਆਪੋ ਆਪਣੇ ਖਿਆਲਾਂ ਤੇ ਪੂਰਤੀਆਂ ਲਈ ਇੱਕਠ ਹੋ ਨਿੱਬੜਨਗੇ। ਇਸ ਸਿੱਖ ਕਤਲੋਗੈਰਤ ਦਾ ਸੰਤਾਪ ਪੀੜਤ ਪਰਿਵਾਰਾਂ ਨੇ ਤਾਂ ਹੰਢਾਇਆ ਹੀ ਹੈ ਪਰ ਉਸ ਤੋਂ ਵੀ ਕਿਤੇ ਵੱਧ ਇਸ ਦੁਖਾਂਤ ਦੀ ਪੀੜਾ ਅਤੇ ਮਾਰ ਉਸ ਸਮੇਂ ਦੀ ਸਿੱਖ ਨੌਜਵਾਨੀ (ਮੇਰੇ ਹਾਣ ਦੀ) ਪੀੜ੍ਹੀ ਨੇ ਆਪਣੇ ਪਿੰਡੇ ਤੇ ਹੰਢਾਏ ਹਨ ਅਤੇ ਹਸਦੇ-ਵਸਦੇ ਘਰਾਂ ਵਿਚੋਂ ਉੱਜੜ ਕੇ ਇਸ ਕਤਲੋਗਾਰਤ ਦਾ ਸਿੱਖ ਰਵਾਇਤਾਂ ਮੁਤਾਬਕ ਮੁੱਲ ਤਾਰਨ ਲਈ ਦਹਾਕਿਆਂ ਬੱਧੀ ਕਾਲ-ਕੋਠੜੀਆਂ ਵਿੱਚ ਉਮਰਾਂ ਗੁਜ਼ਾਰੀਆਂ ਅਤੇ ਕਈਆਂ ਨੇ ਹੱਸ-ਹੱਸ ਕੇ ਸ਼ਹੀਦੀਆਂ ਦਿੱਤੀਆਂ ਤਾਂ ਜੋ ਸਿੱਖਾਂ ਦੇ ਕਾਤਲ ਇਹ ਨਾ ਸੋਚ ਬੈਠਣ ਕਿ ਸਿੱਖ ਕੌਮ ਆਪਣਾ ਇਤਿਹਾਸ ਭੁੱਲ ਗਈ ਹੈ। ਵੱਡੀ ਤਰਾਸਦੀ ਪੰਜਾਬ ਦੀ ਇਸ ਸਿੱਖ ਨੌਜਵਾਨ ਪੀੜ੍ਹੀ ਦੀ ਇਹ ਹੈ ਕਿ ਇਹਨਾਂ ਦੀਆਂ ਕੁਰਬਾਨੀਆਂ ਅਤੇ ਦਾਸਤਾਨਾਂ ਦਾ ਅੱਜ ਤੱਕ ਦਾ ਪੰਨਾ ਅਣਗੋਲਿਆ ਹੀ ਰਿਹਾ ਹੈ। ਨਵੰਬਰ ੧੯੮੪ ਦਾ ਇਕ ਇਹ ਵੀ ਹੁਣ ਪੱਖ ਸਾਹਮਣੇ ਆਇਆ ਹੈ ਕਿ ੩੦ ਸਾਲਾਂ ਬਾਅਦ ਵਖਰੇ ਅਤੇ ਪਹਿਲਾਂ ਨਾਲੋਂ ਵਖਰੇ ਸਬੂਤ ਉਜਾਗਰ ਹੋ ਰਹੇ ਹਨ। ੧੯੮੪ ਦੇ ਦੁਖਾਂਤ ਤੋਂ ਥੋੜਾ ਸਮਾਂ ਬਾਅਦ ਭਾਰਤ ਦੇ ਲੋਕਾਂ ਨੇ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਵਡੇ ਫਰਕ ਨਾਲ ਜਿਤਾ ਕੇ ਸਿਖਾਂ ਦੇ ਕਾਤਲੇਆਮ ਨੂੰ ਸਹੀ ਮਾਨਤਾ ਦਿਤੀ ਸੀ। ਪਰ ਹੁਣ ੩੦ ਆਂ ਸਾਲਾਂ ਬਾਅਦ ਲਗਦਾ ਹੈ ਕਿ ਕਾਂਗਰਸ ਪਾਰਟੀ ਕਾਫੀ ਹਦ ਤੱਕ ਹਾਸ਼ੀਏ ਤੇ ਪਹੁੰਚ ਗਈ ਹੈ। ਇਹ ਇੱਕ ਹਾਂ ਪੱਖੀ ਦੁਲਾਸਾ ਹੈ ਸਿੱਖ ਕੌਮ ਲਈ।